Skip to content

Skip to table of contents

‘ਯਹੋਵਾਹ ਮੇਰਾ ਛੁਟਕਾਰਾ ਹੈ’

‘ਯਹੋਵਾਹ ਮੇਰਾ ਛੁਟਕਾਰਾ ਹੈ’

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

‘ਯਹੋਵਾਹ ਮੇਰਾ ਛੁਟਕਾਰਾ ਹੈ’

ਮਿਸਰ ਵਿਚ ਗ਼ੁਲਾਮ ਯਹੋਵਾਹ ਦੇ ਲੋਕਾਂ ਨੂੰ ਇਕ ਵੱਡਾ ਫ਼ੈਸਲਾ ਕਰਨਾ ਪਿਆ ਸੀ। ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਉਸ ਦਾ ਕਹਿਣਾ ਮੰਨਣ, ਤਾਂ ਉਹ ਉਨ੍ਹਾਂ ਨੂੰ ਛੁਡਾ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਵੇਗਾ। ਉਹ ਜਾਂ ਤਾਂ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਗ਼ੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ਜਾਂ ਮਿਸਰੀ ਰਾਜੇ ਦੇ ਖ਼ੌਫ਼ ਕਾਰਨ ਉਸ ਦੇ ਕਬਜ਼ੇ ਵਿਚ ਰਹਿ ਸਕਦੇ ਸਨ। ਫ਼ੈਸਲਾ ਇਸਰਾਏਲੀ ਲੋਕਾਂ ਦੇ ਹੱਥਾਂ ਵਿਚ ਸੀ।

ਮਿਸਰ ਦਾ ਫ਼ਿਰਊਨ ਬਹੁਤ ਹੀ ਅੱਖੜ ਸੁਭਾਅ ਦਾ ਸੀ ਅਤੇ ਉਸ ਨੇ ਯਹੋਵਾਹ ਦੇ ਲੋਕਾਂ ਨੂੰ ਜਾਣ ਨਾ ਦਿੱਤਾ। ਨਤੀਜੇ ਵਜੋਂ ਯਹੋਵਾਹ ਨੇ ਮਿਸਰ ਉੱਤੇ ਦਸ ਬਿਪਤਾਵਾਂ ਲਿਆਂਦੀਆਂ। ਮਿਸਰੀ ਦੇਵੀ-ਦੇਵਤੇ ਇਨ੍ਹਾਂ ਬਿਪਤਾਵਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਪਾਏ। ਵਾਕਈ, ਪਰਮੇਸ਼ੁਰ ਦੀ ਤਾਕਤ ਦਾ ਕਿੰਨਾ ਵੱਡਾ ਸਬੂਤ!

ਜਦ ਫ਼ਿਰਊਨ ਨੂੰ ਕਿਹਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਵੇ, ਤਾਂ ਉਸ ਨੇ ਘਮੰਡ ਵਿਚ ਆ ਕੇ ਜਵਾਬ ਦਿੱਤਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।” (ਕੂਚ 5:2) ਨਤੀਜੇ ਵਜੋਂ ਪਰਮੇਸ਼ੁਰ ਨੇ ਮਿਸਰ ਉੱਤੇ ਦਸ ਬਿਪਤਾਵਾਂ ਲਿਆਂਦੀਆਂ: (1) ਪਾਣੀ ਨੂੰ ਲਹੂ ਵਿਚ ਬਦਲ ਦਿੱਤਾ, (2) ਡੱਡੂ, (3) ਮੱਛਰ, (4) ਵੱਡੀਆਂ ਮੱਖੀਆਂ, (5) ਡੰਗਰਾਂ ਉੱਤੇ ਮਰੀ, (6) ਲੋਕਾਂ ਅਤੇ ਜਾਨਵਰਾਂ ਉੱਤੇ ਛਾਲੇ, (7) ਗੜੇ, (8) ਟਿੱਡੀਆਂ, (9) ਅਨ੍ਹੇਰਾ ਅਤੇ (10) ਮਨੁੱਖਾਂ ਤੇ ਜਾਨਵਰਾਂ ਦੋਹਾਂ ਦੇ ਪਲੋਠਿਆਂ ਦੀ ਮੌਤ, ਜਿਸ ਵਿਚ ਰਾਜੇ ਦੇ ਜੇਠੇ ਮੁੰਡੇ ਦੀ ਮੌਤ ਵੀ ਹੋਈ। ਅਖ਼ੀਰ ਵਿਚ ਫ਼ਿਰਊਨ ਨੇ ਇਸਰਾਏਲੀਆਂ ਨੂੰ ਫ਼ੌਰਨ ਮਿਸਰ ਛੱਡਣ ਲਈ ਕਿਹਾ।​—ਕੂਚ 12:31, 32.

ਉਸ ਸਮੇਂ ਲਗਭਗ 30 ਲੱਖ ਲੋਕ ਮਿਸਰ ਵਿੱਚੋਂ ਨਿਕਲੇ। ਇਨ੍ਹਾਂ ਵਿਚ ਆਦਮੀ, ਔਰਤਾਂ, ਬੱਚੇ ਅਤੇ ਉਹ ਮਿਸਰੀ ਲੋਕ ਵੀ ਸਨ ਜੋ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਲੱਗ ਪਏ ਸਨ। (ਕੂਚ 12:37, 38) ਲੇਕਿਨ ਫ਼ਿਰਊਨ ਦਾ ਮਨ ਬਦਲ ਗਿਆ ਅਤੇ ਉਸ ਨੇ ਆਪਣੀ ਫ਼ੌਜ ਨੂੰ ਨਾਲ ਲੈ ਕੇ ਇਸਰਾਏਲੀਆਂ ਦਾ ਪਿੱਛਾ ਕੀਤਾ। ਜਦ ਇਸਰਾਏਲੀਆਂ ਨੇ ਫ਼ਿਰਊਨ ਅਤੇ ਉਸ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਂਦਿਆਂ ਦੇਖਿਆ, ਤਾਂ ਉਹ ਬਹੁਤ ਡਰ ਗਏ। ਇਕ ਪਾਸੇ ਲਾਲ ਸਮੁੰਦਰ ਤੇ ਉਜਾੜ ਅਤੇ ਦੂਜੇ ਪਾਸੇ ਮਿਸਰੀ ਫ਼ੌਜਾਂ ਸਨ। ਲੱਗਦਾ ਸੀ ਕਿ ਉਨ੍ਹਾਂ ਕੋਲ ਕਿਸੇ ਪਾਸੇ ਭੱਜਣ ਦਾ ਕੋਈ ਰਾਹ ਨਹੀਂ ਸੀ। ਪਰ ਮੂਸਾ ਨੇ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ।”​—ਕੂਚ 14:8-14.

ਯਹੋਵਾਹ ਨੇ ਚਮਤਕਾਰ ਕਰ ਕੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਦੋ ਹਿੱਸਿਆਂ ਵਿਚ ਚੀਰ ਦਿੱਤਾ ਅਤੇ ਇਸਰਾਏਲੀ ਸੁੱਕੀ ਧਰਤੀ ਉੱਤੇ ਚੱਲ ਕੇ ਬਚ ਗਏ। ਪਰ ਜਦ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਪਾਣੀ ਦੀਆਂ ਕੰਧਾਂ ਉਨ੍ਹਾਂ ਉੱਤੇ ਢਹਿ ਪਈਆਂ। “ਫ਼ਿਰਊਨ ਦੇ ਰਥ ਅਤੇ ਉਸ ਦੀ ਫੌਜ [ਯਹੋਵਾਹ] ਨੇ ਸਮੁੰਦਰ ਵਿੱਚ ਸੁੱਟ ਦਿੱਤੀ।” (ਕੂਚ 14:26-28; 15:4) ਯਹੋਵਾਹ ਦਾ ਆਦਰ ਕਰਨ ਤੋਂ ਇਨਕਾਰ ਕਰਨ ਵਾਲੇ ਉਸ ਹੰਕਾਰੀ ਫ਼ਿਰਊਨ ਦਾ ਕਿੰਨਾ ਭਿਆਨਕ ਅੰਜਾਮ ਹੋਇਆ!

ਲਾਲ ਸਮੁੰਦਰ ਤੇ ਚਮਤਕਾਰ ਕਰ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਹ ਇਕ “ਜੋਧਾ ਪੁਰਸ਼ ਹੈ।” (ਕੂਚ 15:3) ਬਾਈਬਲ ਦੱਸਦੀ ਹੈ ਕਿ ‘ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਰ ਉਨ੍ਹਾਂ ਨੇ ਯਹੋਵਾਹ ਉੱਤੇ ਪਰਤੀਤ ਕੀਤੀ।’ (ਕੂਚ 14:31; ਜ਼ਬੂਰਾਂ ਦੀ ਪੋਥੀ 136:10-15) ਇਸਰਾਏਲੀਆਂ ਨੇ ਮੂਸਾ ਨਾਲ ਮਿਲ ਕੇ ਫਤਹ ਦਾ ਗੀਤ ਗਾ ਕੇ ਦਿਲੋਂ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਮੂਸਾ ਦੀ ਭੈਣ ਮਿਰਯਮ ਤੇ ਦੂਸਰੀਆਂ ਤੀਵੀਆਂ ਖ਼ੁਸ਼ੀ ਵਿਚ ਨੱਚੀਆਂ। *

ਯਹੋਵਾਹ ਅੱਜ ਵੀ ਆਪਣੇ ਲੋਕਾਂ ਦਾ ਮੁਕਤੀਦਾਤਾ ਹੈ

ਅੱਜ ਵੀ ਯਹੋਵਾਹ ਦੇ ਵਫ਼ਾਦਾਰ ਸੇਵਕ ਇਸ ਅਨੋਖੀ ਘਟਨਾ ਤੋਂ ਕਈ ਸਬਕ ਸਿੱਖ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋ ਸਕਦੀ ਹੈ। ਪਹਿਲਾ ਸਬਕ ਇਹ ਹੈ ਕਿ ਯਹੋਵਾਹ ਕੋਲ ਅਸੀਮ ਸ਼ਕਤੀ ਹੈ ਅਤੇ ਉਹ ਆਪਣੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰ ਸਕਦਾ ਹੈ। ਮੂਸਾ ਅਤੇ ਇਸਰਾਏਲੀਆਂ ਨੇ ਗੀਤ ਗਾਉਂਦੇ ਹੋਏ ਕਿਹਾ: “ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਿਕਨਾ ਚੂਰ ਕਰ ਸੁੱਟਦਾ ਹੈ।”​—ਕੂਚ 15:6.

ਦੂਜਾ ਸਬਕ ਇਹ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਲੋਕਾਂ ਦੀ ਰਾਖੀ ਕਰਨੀ ਚਾਹੁੰਦਾ ਹੈ। ਇਸਰਾਏਲੀਆਂ ਨੇ ਗਾਇਆ: “ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ।” ਤੀਜਾ ਸਬਕ ਇਹ ਹੈ ਕਿ ਕੋਈ ਵੀ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਟਾਲਣ ਵਿਚ ਸਫ਼ਲ ਨਹੀਂ ਹੋ ਸਕਦਾ। ਯਹੋਵਾਹ ਦੇ ਲੋਕਾਂ ਨੇ ਫਤਹ ਦੇ ਗੀਤ ਵਿਚ ਅੱਗੇ ਗਾਇਆ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?”​—ਕੂਚ 15:2, 11.

ਮਿਸਰ ਦੇ ਫ਼ਿਰਊਨ ਵਾਂਗ ਅੱਜ ਵੀ ਦੁਨੀਆਂ ਦੇ ਹਾਕਮ ਯਹੋਵਾਹ ਦੇ ਲੋਕਾਂ ਨੂੰ ਬਹੁਤ ਸਤਾਉਂਦੇ ਹਨ। ਅਜਿਹੇ ਹਾਕਮ ਸ਼ਾਇਦ ‘ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲਣ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖੀ ਕਰਨ।’ (ਦਾਨੀਏਲ 7:25; 11:36) ਪਰ ਯਹੋਵਾਹ ਆਪਣੇ ਹਰ ਇਕ ਸੇਵਕ ਨੂੰ ਇਹ ਹੌਸਲਾ ਦਿੰਦਾ ਹੈ: ‘ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗਾ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ।’​—ਯਸਾਯਾਹ 54:17.

ਫ਼ਿਰਊਨ ਅਤੇ ਉਸ ਦੀ ਫ਼ੌਜ ਵਾਂਗ ਪਰਮੇਸ਼ੁਰ ਦਾ ਵਿਰੋਧ ਕਰਨ ਵਾਲੇ ਅਸਫ਼ਲ ਹੋਣਗੇ। ਜਿਸ ਤਰ੍ਹਾਂ ਯਹੋਵਾਹ ਨੇ ਮਿਸਰ ਵਿੱਚੋਂ ਆਪਣੇ ਲੋਕਾਂ ਦਾ ਬਚਾਅ ਕੀਤਾ ਸੀ, ਉਸੇ ਤਰ੍ਹਾਂ ਉਹ ਸਾਡਾ ਵੀ ਜ਼ਰੂਰ ਬਚਾਅ ਕਰੇਗਾ। ਇਸ ਲਈ ਅਸੀਂ ਵੀ ਯਿਸੂ ਦੇ ਰਸੂਲਾਂ ਵਾਂਗ ਕਹਿ ਸਕਦੇ ਹਾਂ ਕਿ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”​—ਰਸੂਲਾਂ ਦੇ ਕਰਤੱਬ 5:29.

[ਫੁਟਨੋਟ]

^ ਪੈਰਾ 8 ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਜਨਵਰੀ ਤੇ ਫਰਵਰੀ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ਾ 9 ਉੱਤੇ ਡੱਬੀ/​ਤਸਵੀਰ]

ਕੀ ਤੁਹਾਨੂੰ ਪਤਾ?

• ਯਹੋਵਾਹ ਨੇ ਸਾਰੀ ਰਾਤ ਤੇਜ਼ ਹਵਾ ਵਗਾ ਕੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਦੋ ਹਿੱਸਿਆਂ ਵਿਚ ਚੀਰ ਦਿੱਤਾ ਤਾਂਕਿ ਇਸਰਾਏਲੀ ਸੁੱਕੀ ਧਰਤੀ ਉੱਤੇ ਚੱਲ ਕੇ ਸਮੁੰਦਰ ਪਾਰ ਕਰ ਸਕਣ।​—ਕੂਚ 14:21, 22.

• ਇੰਨੇ ਥੋੜ੍ਹੇ ਸਮੇਂ ਵਿਚ ਲੱਖਾਂ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਨ ਲਈ ਤਕਰੀਬਨ 1.5 ਕਿਲੋਮੀਟਰ ਚੌੜੇ ਰਸਤੇ ਦੀ ਲੋੜ ਸੀ।

[ਸਫ਼ਾ 9 ਉੱਤੇ ਤਸਵੀਰ]

ਮਿਸਰੀ ਦੇਵੀ-ਦੇਵਤੇ ਯਹੋਵਾਹ ਵੱਲੋਂ ਆਈਆਂ ਦਸ ਬਿਪਤਾਵਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੇ

[ਕ੍ਰੈਡਿਟ ਲਾਈਨ]

All three figurines: Photograph taken by courtesy of the British Museum