Skip to content

Skip to table of contents

ਆਪਣੇ ਸਿਰਜਣਹਾਰ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਆਪਣੇ ਸਿਰਜਣਹਾਰ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਜੀਵਨੀ

ਆਪਣੇ ਸਿਰਜਣਹਾਰ ਦੀ ਸੇਵਾ ਕਰਨ ਦਾ ਪੱਕਾ ਇਰਾਦਾ

ਕੌਂਸਟੰਸ ਬੇਨਾਨਤੀ ਦੀ ਜ਼ਬਾਨੀ

ਇਹ ਸਭ ਬਹੁਤ ਜਲਦੀ ਹੋਇਆ! ਸਾਡੀ 22 ਮਹੀਨਿਆਂ ਦੀ ਧੀ ਕਮੀਲ ਨੂੰ ਤੇਜ਼ ਬੁਖ਼ਾਰ ਚੜ੍ਹਿਆ ਤੇ ਉਹ ਮੌਤ ਦੀ ਨੀਂਦ ਸੌਂ ਗਈ। ਇਹ ਛੇ ਦਿਨਾਂ ਦੇ ਵਿਚ-ਵਿਚ ਹੀ ਹੋਇਆ। ਮੇਰੇ ਤੋਂ ਦੁੱਖ ਸਹਾਰਿਆ ਨਹੀਂ ਜਾਂਦਾ ਸੀ। ਇਸ ਲਈ ਮੈਂ ਵੀ ਮਰ ਜਾਣਾ ਚਾਹੁੰਦੀ ਸੀ। ਰੱਬ ਇਹ ਸਭ ਕਿਉਂ ਹੋਣ ਦਿੰਦਾ ਹੈ? ਮੈਂ ਉਲਝਣ ਵਿਚ ਪਈ ਹੋਈ ਸੀ।

ਮੇਰੇ ਮਾਤਾ-ਪਿਤਾ ਇਟਲੀ ਦੇ ਸਿਸਲੀ ਟਾਪੂ ਦੇ ਕਸਬੇ ਕਾਸਤਲਾਮਾਰੇ ਡੇਲ ਗੋਲਫੋ ਤੋਂ ਆ ਕੇ ਨਿਊਯਾਰਕ ਸ਼ਹਿਰ ਵਿਚ ਵੱਸ ਗਏ। ਉੱਥੇ 8 ਦਸੰਬਰ 1908 ਨੂੰ ਮੇਰਾ ਜਨਮ ਹੋਇਆ। ਪਰਿਵਾਰ ਵਿਚ ਮੇਰੇ ਮਾਤਾ-ਪਿਤਾ ਤੇ ਅਸੀਂ ਅੱਠ ਭੈਣ-ਭਰਾ ਸਾਂ। ਅਸੀਂ ਤਿੰਨ ਭੈਣਾਂ ਤੇ ਪੰਜ ਭਰਾ ਸਾਂ। *

ਮੇਰੇ ਪਿਤਾ ਜੀ ਸਾਂਟੋ ਕਾਟਾਂਡਜ਼ਾਰੋ 1927 ਵਿਚ ਬਾਈਬਲ ਵਿਦਿਆਰਥੀਆਂ (ਜੋ ਅੱਜ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਨ) ਦੇ ਇਕ ਛੋਟੇ ਜਿਹੇ ਗਰੁੱਪ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਉਸ ਸਮੇਂ ਅਸੀਂ ਨਿਊ ਜਰਸੀ ਵਿਚ ਰਹਿੰਦੇ ਸੀ। ਨਿਊਯਾਰਕ ਵਿਚ ਬਰੁਕਲਿਨ ਹੈੱਡ-ਕੁਆਰਟਰ (ਬੈਥਲ) ਵਿਚ ਸੇਵਾ ਕਰ ਰਿਹਾ ਇਕ ਇਤਾਲਵੀ ਭਰਾ ਜੋਵਾਨੀ ਡਚੇਕਾ ਨਿਊ ਜਰਸੀ ਵਿਚ ਸਭਾਵਾਂ ਚਲਾਉਣ ਲਈ ਆਇਆ ਕਰਦਾ ਸੀ। ਸਮੇਂ ਦੇ ਬੀਤਣ ਨਾਲ ਪਿਤਾ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪੂਰੇ ਸਮੇਂ ਦੀ ਸੇਵਕਾਈ ਵਿਚ ਜੁੱਟ ਗਏ। ਉਹ 1953 ਵਿਚ ਆਪਣੀ ਮੌਤ ਤਕ ਇਹ ਸੇਵਾ ਕਰਦੇ ਰਹੇ।

ਛੋਟੇ ਹੁੰਦਿਆਂ ਮਾਤਾ ਜੀ ਨਨ ਬਣਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਮਾਪਿਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸ਼ੁਰੂ-ਸ਼ੁਰੂ ਵਿਚ ਮੇਰੇ ਉੱਤੇ ਮਾਤਾ ਜੀ ਦਾ ਬਹੁਤ ਪ੍ਰਭਾਵ ਸੀ ਜੋ ਚਾਹੁੰਦੇ ਸਨ ਕਿ ਮੈਂ ਪਿਤਾ ਜੀ ਨਾਲ ਬਾਈਬਲ ਦੀ ਸਟੱਡੀ ਨਾ ਕਰਾਂ। ਪਰ ਮੈਂ ਪਿਤਾ ਜੀ ਵਿਚ ਆਈਆਂ ਤਬਦੀਲੀਆਂ ਤੇ ਗਹੁ ਕੀਤਾ। ਉਹ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਤੇ ਨਿਮਰ ਹੋ ਗਏ ਸਨ ਤੇ ਪਰਿਵਾਰ ਵਿਚ ਹੋਰ ਸ਼ਾਂਤੀ ਹੋ ਗਈ। ਮੈਨੂੰ ਇਹ ਤਬਦੀਲੀਆਂ ਚੰਗੀਆਂ ਲੱਗੀਆਂ।

ਇਸੇ ਦੌਰਾਨ ਮੈਂ ਆਪਣੇ ਹਾਣ ਦੇ ਇਕ ਮੁੰਡੇ ਚਾਰਲਸ ਨੂੰ ਮਿਲੀ ਜੋ ਬਰੁਕਲਿਨ ਦਾ ਜੰਮਪਲ ਸੀ। ਮੇਰੇ ਪਰਿਵਾਰ ਦੀ ਤਰ੍ਹਾਂ ਉਸ ਦਾ ਪਰਿਵਾਰ ਵੀ ਸਿਸਲੀ ਤੋਂ ਆਇਆ ਸੀ। ਜਲਦੀ ਹੀ ਸਾਡੀ ਕੁੜਮਾਈ ਹੋ ਗਈ ਤੇ ਜਦੋਂ ਪਿਤਾ ਜੀ 1931 ਵਿਚ ਕੋਲੰਬਸ, ਓਹੀਓ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਤੋਂ ਵਾਪਸ ਆਏ, ਤਾਂ ਅਸੀਂ ਵਿਆਹ ਕਰਾ ਲਿਆ। ਇਕ ਸਾਲ ਦੇ ਅੰਦਰ ਹੀ ਸਾਡੀ ਧੀ ਕਮੀਲ ਦਾ ਜਨਮ ਹੋਇਆ। ਉਸ ਦੀ ਮੌਤ ਹੋਣ ਤੇ ਮੇਰੇ ਦਿਲ ਨੂੰ ਬਹੁਤ ਧੱਕਾ ਲੱਗਾ। ਮੈਂ ਦਿਨ-ਰਾਤ ਰੋਂਦੀ ਰਹੀ। ਇਕ ਦਿਨ ਚਾਰਲਸ ਨੇ ਰੋਂਦੇ ਹੋਏ ਮੈਨੂੰ ਕਿਹਾ: “ਇੱਦਾਂ ਕਦੋਂ ਤਕ ਚੱਲੂ? ਕਮੀਲ ਮੇਰੀ ਵੀ ਧੀ ਸੀ। ਅਸੀਂ ਕਿਉਂ ਨਾ ਇਕ-ਦੂਜੇ ਦੇ ਸਹਾਰੇ ਜ਼ਿੰਦਗੀ ਨੂੰ ਅੱਗੇ ਤੋਰੀਏ?”

ਅਸੀਂ ਸੱਚਾਈ ਅਪਣਾ ਲਈ

ਚਾਰਲਸ ਨੇ ਮੈਨੂੰ ਚੇਤੇ ਕਰਾਇਆ ਕਿ ਪਿਤਾ ਜੀ ਨੇ ਕਮੀਲ ਦੇ ਅੰਤਿਮ-ਸੰਸਕਾਰ ਵੇਲੇ ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਦਾ ਜ਼ਿਕਰ ਕੀਤਾ ਸੀ। “ਕੀ ਤੂੰ ਇਸ ਗੱਲ ਨੂੰ ਮੰਨਦਾ ਹੈਂ?” ਮੈਂ ਪੁੱਛਿਆ।

“ਹਾਂ ਬਿਲਕੁਲ ਮੰਨਦਾ ਹਾਂ!” ਚਾਰਲਸ ਨੇ ਕਿਹਾ। “ਕਿਉਂ ਨਾ ਆਪਾਂ ਬਾਈਬਲ ਵਿੱਚੋਂ ਇਸ ਬਾਰੇ ਹੋਰ ਜਾਣਕਾਰੀ ਲਈਏ?”

ਉਸ ਰਾਤ ਮੈਨੂੰ ਨੀਂਦ ਨਹੀਂ ਆਈ। ਪਿਤਾ ਜੀ ਦੇ ਕੰਮ ਤੇ ਜਾਣ ਤੋਂ ਪਹਿਲਾਂ ਮੈਂ ਸਵੇਰੇ ਛੇ ਵਜੇ ਉਨ੍ਹਾਂ ਕੋਲ ਜਾ ਕੇ ਕਿਹਾ ਕਿ ਮੈਂ ਤੇ ਚਾਰਲਸ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੇ ਸਾਂ। ਉਹ ਬਹੁਤ ਖ਼ੁਸ਼ ਹੋਏ ਤੇ ਮੈਨੂੰ ਕਲਾਵੇ ਵਿਚ ਲੈ ਲਿਆ। ਮਾਤਾ ਜੀ ਅਜੇ ਵੀ ਬਿਸਤਰ ਤੇ ਪਏ ਸਨ ਤੇ ਉਨ੍ਹਾਂ ਨੇ ਸਾਨੂੰ ਗੱਲ ਕਰਦਿਆਂ ਸੁਣ ਲਿਆ। ਉਨ੍ਹਾਂ ਨੇ ਪੁੱਛਿਆ ਕਿ ਕੀ ਗੱਲ ਹੋਈ। “ਕੁਝ ਨਹੀਂ,” ਮੈਂ ਕਿਹਾ। “ਚਾਰਲਸ ਤੇ ਮੈਂ ਬਸ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੇ ਹਾਂ।”

“ਸਾਨੂੰ ਸਾਰਿਆਂ ਨੂੰ ਹੀ ਬਾਈਬਲ ਦੀ ਸਟੱਡੀ ਕਰਨ ਦੀ ਲੋੜ ਹੈ,” ਮਾਤਾ ਜੀ ਨੇ ਕਿਹਾ। ਸੋ ਮੇਰੇ ਭੈਣਾਂ-ਭਰਾਵਾਂ ਸਮੇਤ ਅਸੀਂ ਕੁੱਲ 11 ਜਣੇ ਮਿਲ ਕੇ ਬਾਈਬਲ ਦੀ ਸਟੱਡੀ ਕਰਨ ਲੱਗ ਪਏ।

ਬਾਈਬਲ ਦੀ ਸਟੱਡੀ ਕਰਨ ਨਾਲ ਮੈਨੂੰ ਦਿਲਾਸਾ ਮਿਲਿਆ ਤੇ ਹੌਲੀ-ਹੌਲੀ ਮੇਰੀ ਮਾਨਸਿਕ ਉਲਝਣ ਤੇ ਦੁੱਖ ਉਮੀਦ ਵਿਚ ਬਦਲ ਗਏ। ਇਕ ਸਾਲ ਬਾਅਦ 1935 ਵਿਚ ਮੈਂ ਤੇ ਚਾਰਲਸ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਦੱਸਣ ਲੱਗ ਪਏ। ਫਰਵਰੀ 1937 ਵਿਚ ਬਰੁਕਲਿਨ ਹੈੱਡ-ਕੁਆਰਟਰ ਵਿਚ ਇਕ ਭਾਸ਼ਣ ਦਿੱਤਾ ਗਿਆ ਜਿਸ ਵਿਚ ਬਾਈਬਲ ਵਿੱਚੋਂ ਪਾਣੀ ਨਾਲ ਬਪਤਿਸਮਾ ਲੈਣ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਹ ਭਾਸ਼ਣ ਸੁਣਨ ਤੋਂ ਬਾਅਦ ਅਸੀਂ ਨੇੜੇ ਹੀ ਇਕ ਹੋਟਲ ਵਿਚ ਹੋਰਨਾਂ ਦੇ ਨਾਲ ਬਪਤਿਸਮਾ ਲੈ ਲਿਆ। ਇਹ ਕਦਮ ਮੈਂ ਸਿਰਫ਼ ਇਸ ਲਈ ਨਹੀਂ ਚੁੱਕਿਆ ਕਿ ਮੈਂ ਇਕ ਦਿਨ ਆਪਣੀ ਧੀ ਨੂੰ ਫਿਰ ਮਿਲ ਸਕਾਂਗੀ, ਸਗੋਂ ਇਸ ਲਈ ਵੀ ਚੁੱਕਿਆ ਕਿਉਂਕਿ ਮੈਂ ਆਪਣੇ ਸਿਰਜਣਹਾਰ ਦੀ ਸੇਵਾ ਕਰਨੀ ਚਾਹੁੰਦੀ ਸੀ ਜਿਸ ਬਾਰੇ ਮੈਂ ਗਿਆਨ ਲਿਆ ਸੀ ਤੇ ਜਿਸ ਨੂੰ ਮੈਂ ਦਿਲੋਂ ਪਿਆਰ ਕਰਨ ਲੱਗ ਪਈ ਸੀ।

ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ

ਸਿੱਖੀਆਂ ਗੱਲਾਂ ਹੋਰਨਾਂ ਨੂੰ ਦੱਸਣ ਨਾਲ ਮੈਨੂੰ ਬਹੁਤ ਉਤਸ਼ਾਹ ਤੇ ਖ਼ੁਸ਼ੀ ਮਿਲੀ ਕਿਉਂਕਿ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਰਾਜ ਦਾ ਸੰਦੇਸ਼ ਕਬੂਲ ਕੀਤਾ ਤੇ ਉਹ ਅੱਗੋਂ ਹੋਰਨਾਂ ਨੂੰ ਦੱਸਦੇ ਸਨ। (ਮੱਤੀ 9:37) ਸੰਨ 1941 ਵਿਚ ਮੈਂ ਤੇ ਚਾਰਲਸ ਪਾਇਨੀਅਰ ਬਣ ਗਏ ਅਤੇ ਪੂਰਾ ਸਮਾਂ ਪ੍ਰਚਾਰ ਕਰਨ ਲੱਗ ਪਏ। ਕੁਝ ਸਮੇਂ ਬਾਅਦ ਅਸੀਂ ਘਰਨੁਮਾ ਟ੍ਰੇਲਰ ਖ਼ਰੀਦ ਲਿਆ ਤੇ ਚਾਰਲਸ ਨੇ ਪੈਂਟਾਂ ਸੀਣ ਦੀ ਫੈਕਟਰੀ ਮੇਰੇ ਭਰਾ ਫਰੈਂਕ ਨੂੰ ਸੰਭਾਲ ਦਿੱਤੀ। ਕੁਝ ਸਮੇਂ ਬਾਅਦ ਸਾਨੂੰ ਇਕ ਚਿੱਠੀ ਆਈ ਜਿਸ ਵਿਚ ਲਿਖਿਆ ਸੀ ਕਿ ਸਾਨੂੰ ਵਿਸ਼ੇਸ਼ ਪਾਇਨੀਅਰ ਨਿਯੁਕਤ ਕੀਤਾ ਗਿਆ ਸੀ। ਸ਼ੁਰੂ-ਸ਼ੁਰੂ ਵਿਚ ਅਸੀਂ ਨਿਊ ਜਰਸੀ ਵਿਚ ਸੇਵਾ ਕੀਤੀ ਤੇ ਫਿਰ ਸਾਨੂੰ ਨਿਊਯਾਰਕ ਰਾਜ ਭੇਜ ਦਿੱਤਾ ਗਿਆ।

ਸੰਨ 1946 ਵਿਚ ਅਸੀਂ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ਵਿਚ ਸੰਮੇਲਨ ਵਾਸਤੇ ਗਏ ਜਿੱਥੇ ਸਾਨੂੰ ਕਿਹਾ ਗਿਆ ਕਿ ਅਸੀਂ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਪ੍ਰਤਿਨਿਧਾਂ ਨੂੰ ਮਿਲੀਏ। ਅਸੀਂ ਨੇਥਨ ਐੱਚ. ਨੌਰ ਅਤੇ ਮਿਲਟਨ ਜੀ. ਹੈੱਨਸ਼ਲ ਨੂੰ ਮਿਲੇ। ਉਨ੍ਹਾਂ ਨੇ ਸਾਡੇ ਨਾਲ ਮਿਸ਼ਨਰੀ ਸੇਵਾ ਬਾਰੇ ਗੱਲ ਕੀਤੀ, ਖ਼ਾਸਕਰ ਇਟਲੀ ਵਿਚ ਪ੍ਰਚਾਰ ਦਾ ਕੰਮ ਕਰਨ ਬਾਰੇ। ਉਨ੍ਹਾਂ ਨੇ ਸਾਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਜਾਣ ਵਾਸਤੇ ਸੋਚ-ਵਿਚਾਰ ਕਰਨ ਲਈ ਕਿਹਾ।

“ਇਸ ਬਾਰੇ ਸੋਚ ਕੇ ਸਾਨੂੰ ਦੱਸੋ,” ਉਨ੍ਹਾਂ ਨੇ ਕਿਹਾ। ਦਫ਼ਤਰ ਤੋਂ ਬਾਹਰ ਆ ਕੇ ਮੈਂ ਤੇ ਚਾਰਲਸ ਨੇ ਇਕ-ਦੂਜੇ ਵੱਲ ਦੇਖਿਆ ਤੇ ਮੁੜ ਦਫ਼ਤਰ ਅੰਦਰ ਚਲੇ ਗਏ। “ਅਸੀਂ ਸੋਚ ਲਿਆ,” ਅਸੀਂ ਕਿਹਾ। “ਅਸੀਂ ਗਿਲਿਅਡ ਜਾਣ ਲਈ ਤਿਆਰ ਹਾਂ।” ਦਸ ਦਿਨਾਂ ਬਾਅਦ ਅਸੀਂ ਗਿਲਿਅਡ ਦੀ ਸੱਤਵੀਂ ਕਲਾਸ ਵਿਚ ਸਿਖਲਾਈ ਲੈ ਰਹੇ ਸੀ।

ਸਿਖਲਾਈ ਦੇ ਉਨ੍ਹਾਂ ਮਹੀਨਿਆਂ ਨੂੰ ਅਸੀਂ ਕਦੇ ਨਹੀਂ ਭੁਲਾ ਸਕੇ। ਜਿਸ ਗੱਲ ਨੇ ਖ਼ਾਸਕਰ ਸਾਨੂੰ ਪ੍ਰਭਾਵਿਤ ਕੀਤਾ, ਉਹ ਸੀ ਇੰਸਟ੍ਰਕਟਰਾਂ ਦਾ ਧੀਰਜ ਤੇ ਪਿਆਰ। ਉਨ੍ਹਾਂ ਨੇ ਸਾਨੂੰ ਵਿਦੇਸ਼ਾਂ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ। ਜੁਲਾਈ 1946 ਵਿਚ ਗ੍ਰੈਜੂਏਟ ਹੋਣ ਤੋਂ ਬਾਅਦ ਸਾਨੂੰ ਥੋੜ੍ਹੇ ਚਿਰ ਵਾਸਤੇ ਨਿਊਯਾਰਕ ਸ਼ਹਿਰ ਵਿਚ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਗਿਆ ਜਿੱਥੇ ਬਹੁਤ ਸਾਰੇ ਇਟਾਲੀਅਨ ਲੋਕ ਰਹਿੰਦੇ ਸਨ। ਫਿਰ ਉਹ ਖ਼ੁਸ਼ੀ ਦਾ ਦਿਨ ਵੀ ਆ ਗਿਆ! ਅਸੀਂ 25 ਜੂਨ 1947 ਨੂੰ ਮਿਸ਼ਨਰੀ ਸੇਵਾ ਵਾਸਤੇ ਇਟਲੀ ਚਲੇ ਗਏ।

ਜ਼ਿੰਦਗੀ ਨੂੰ ਉੱਥੇ ਦੇ ਰਹਿਣ-ਸਹਿਣ ਮੁਤਾਬਕ ਢਾਲ਼ਣਾ

ਅਸੀਂ ਉਸ ਜਹਾਜ਼ ਰਾਹੀਂ ਸਫ਼ਰ ਕੀਤਾ ਜੋ ਪਹਿਲਾਂ ਜੰਗੀ ਜਹਾਜ਼ ਹੋਇਆ ਕਰਦਾ ਸੀ। ਚੌਦਾਂ ਦਿਨਾਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਅਸੀਂ ਇਟਲੀ ਦੀ ਬੰਦਰਗਾਹ ਜੇਨੋਆ ਪਹੁੰਚ ਗਏ। ਦੋ ਸਾਲ ਪਹਿਲਾਂ ਖ਼ਤਮ ਹੋਏ ਦੂਜੇ ਵਿਸ਼ਵ ਯੁੱਧ ਕਾਰਨ ਹੋਈ ਤਬਾਹੀ ਦੇ ਨਿਸ਼ਾਨ ਇਸ ਸ਼ਹਿਰ ਵਿਚ ਸਾਫ਼ ਨਜ਼ਰ ਆ ਰਹੇ ਸਨ। ਮਿਸਾਲ ਲਈ, ਰੇਲਵੇ ਸਟੇਸ਼ਨ ਦੀ ਖ਼ਸਤਾ ਹਾਲਤ ਸੀ। ਉੱਥੇ ਖਿੜਕੀਆਂ ਦੇ ਸ਼ੀਸ਼ੇ ਹੀ ਨਹੀਂ ਸਨ ਜੋ ਬੰਬਾਰੀ ਦੇ ਕਾਰਨ ਟੁੱਟ ਚੁੱਕੇ ਸਨ। ਜੇਨੋਆ ਤੋਂ ਅਸੀਂ ਟ੍ਰੇਨ ਫੜ ਕੇ ਮਿਲਾਨ ਗਏ ਜਿੱਥੇ ਬ੍ਰਾਂਚ ਆਫ਼ਿਸ ਤੇ ਮਿਸ਼ਨਰੀ ਘਰ ਸਨ।

ਯੁੱਧ ਤੋਂ ਬਾਅਦ ਇਟਲੀ ਦੀ ਹਾਲਤ ਬਹੁਤ ਮਾੜੀ ਸੀ। ਭਾਵੇਂ ਕਿ ਸ਼ਹਿਰਾਂ ਦੀ ਮੁੜ ਉਸਾਰੀ ਹੋ ਰਹੀ ਸੀ, ਪਰ ਗ਼ਰੀਬੀ ਨੇ ਆਪਣਾ ਕਹਿਰ ਢਾਹਿਆ ਹੋਇਆ ਸੀ। ਕੁਝ ਚਿਰ ਬਾਅਦ ਮੈਂ ਗੰਭੀਰ ਰੂਪ ਨਾਲ ਬੀਮਾਰ ਹੋ ਗਈ। ਇਕ ਡਾਕਟਰ ਨੇ ਕਿਹਾ ਕਿ ਮੇਰੇ ਦਿਲ ਦੀ ਹਾਲਤ ਬਹੁਤ ਗੰਭੀਰ ਸੀ, ਇਸ ਲਈ ਅਮਰੀਕਾ ਵਾਪਸ ਚਲੇ ਜਾਣਾ ਹੀ ਮੇਰੇ ਲਈ ਬਿਹਤਰ ਹੋਵੇਗਾ। ਮੈਂ ਖ਼ੁਸ਼ ਹਾਂ ਕਿ ਉਸ ਦਾ ਅੰਦਾਜ਼ਾ ਗ਼ਲਤ ਨਿਕਲਿਆ। ਅਠਵੰਜਾ ਸਾਲ ਬਾਅਦ ਵੀ ਮੈਂ ਇਟਲੀ ਵਿਚ ਸੇਵਾ ਕਰ ਰਹੀ ਹਾਂ।

ਸਾਨੂੰ ਇਟਲੀ ਗਿਆਂ ਕੁਝ ਹੀ ਸਾਲ ਹੋਏ ਸਨ ਜਦੋਂ ਅਮਰੀਕਾ ਵਿਚ ਰਹਿੰਦੇ ਮੇਰੇ ਭਰਾਵਾਂ ਨੇ ਸਾਨੂੰ ਕਾਰ ਦੇਣੀ ਚਾਹੀ। ਪਰ ਚਾਰਲਸ ਨੇ ਨਰਮਾਈ ਨਾਲ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਤੇ ਇਹ ਗੱਲ ਮੈਨੂੰ ਵੀ ਚੰਗੀ ਲੱਗੀ। ਜਿੱਥੋਂ ਤਕ ਅਸੀਂ ਜਾਣਦੇ ਸਾਂ, ਉਸ ਵੇਲੇ ਇਟਲੀ ਵਿਚ ਕਿਸੇ ਵੀ ਗਵਾਹ ਕੋਲ ਕਾਰ ਨਹੀਂ ਸੀ ਤੇ ਚਾਰਲਸ ਨੇ ਸੋਚਿਆ ਕਿ ਆਪਣੇ ਮਸੀਹੀ ਭਰਾਵਾਂ ਦੇ ਰਹਿਣ-ਸਹਿਣ ਦੇ ਮਿਆਰਾਂ ਅਨੁਸਾਰ ਜੀਣਾ ਹੀ ਸਾਡੇ ਲਈ ਚੰਗਾ ਹੋਵੇਗਾ। ਅਸੀਂ ਸੰਨ 1961 ਵਿਚ ਛੋਟੀ ਜਿਹੀ ਕਾਰ ਲਈ।

ਮਿਲਾਨ ਵਿਚ ਸਾਡਾ ਪਹਿਲਾ ਕਿੰਗਡਮ ਹਾਲ ਇਕ ਤਹਿਖ਼ਾਨੇ ਵਿਚ ਸੀ ਜਿਸ ਦਾ ਕੱਚਾ ਫ਼ਰਸ਼ ਸੀ। ਉੱਥੇ ਨਾ ਪਖਾਨਾ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ, ਸਿਵਾਇ ਮੀਂਹ ਦੇ ਪਾਣੀ ਦਾ। ਕਿੰਗਡਮ ਹਾਲ ਵਿਚ ਚੂਹੇ ਵੀ ਸਨ ਜੋ ਇੱਧਰ-ਉੱਧਰ ਭੱਜਦੇ ਸਨ। ਰੌਸ਼ਨੀ ਲਈ ਦੋ ਬਲਬ ਸਨ। ਪਰ ਇਨ੍ਹਾਂ ਦਿੱਕਤਾਂ ਦੇ ਬਾਵਜੂਦ ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਸੀ ਕਿ ਨੇਕਦਿਲ ਲੋਕ ਸਾਡੀਆਂ ਸਭਾਵਾਂ ਵਿਚ ਆਉਂਦੇ ਸਨ ਤੇ ਫਿਰ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਲੱਗ ਜਾਂਦੇ ਸਨ।

ਮਿਸ਼ਨਰੀ ਤਜਰਬੇ

ਇਕ ਵਾਰ ਅਸੀਂ ਇਕ ਘਰ ਦੇ ਮਾਲਕ ਨੂੰ ਪੁਸਤਿਕਾ ਸ਼ਾਂਤੀ—ਕੀ ਇਹ ਸਦਾ ਕਾਇਮ ਰਹੇਗੀ? (ਅੰਗ੍ਰੇਜ਼ੀ) ਦਿੱਤੀ। ਜਦੋਂ ਅਸੀਂ ਜਾਣ ਲੱਗੇ, ਤਾਂ ਸਾਨੂੰ ਉਸ ਆਦਮੀ ਦੀ ਪਤਨੀ ਸਾਨਟੀਨਾ ਮਿਲੀ ਜੋ ਸੌਦਾ-ਪੱਤਾ ਲੈ ਕੇ ਆਈ ਸੀ। ਉਸ ਨੇ ਥੋੜ੍ਹਾ ਚਿੜ ਕੇ ਕਿਹਾ ਕਿ ਉਸ ਨੇ ਆਪਣੀਆਂ ਅੱਠਾਂ ਧੀਆਂ ਦੀ ਦੇਖ-ਭਾਲ ਕਰਨੀ ਹੁੰਦੀ ਹੈ ਤੇ ਉਸ ਕੋਲ ਵਿਹਲ ਨਹੀਂ। ਜਦੋਂ ਮੈਂ ਦੂਸਰੀ ਵਾਰ ਸਾਨਟੀਨਾ ਨੂੰ ਮਿਲਣ ਗਈ, ਤਾਂ ਉਸ ਦਾ ਪਤੀ ਘਰ ਨਹੀਂ ਸੀ ਤੇ ਉਹ ਕੁਝ ਬੁਣ ਰਹੀ ਸੀ। “ਮੇਰੇ ਕੋਲ ਗੱਲ ਸੁਣਨ ਦੀ ਵਿਹਲ ਨਹੀਂ,” ਉਸ ਨੇ ਕਿਹਾ। “ਨਾਲੇ ਮੈਨੂੰ ਪੜ੍ਹਨਾ ਨਹੀਂ ਆਉਂਦਾ।”

ਮੈਂ ਦਿਲ ਵਿਚ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਸਾਨਟੀਨਾ ਨੂੰ ਕਿਹਾ ਕਿ ਉਹ ਮੇਰੇ ਪਤੀ ਲਈ ਸਵੈਟਰ ਬੁਣੇ ਤੇ ਮੈਂ ਉਸ ਦੇ ਪੈਸੇ ਦੇਵਾਂਗੀ। ਦੋ ਹਫ਼ਤਿਆਂ ਬਾਅਦ ਮੈਨੂੰ ਸਵੈਟਰ ਮਿਲ ਗਿਆ ਤੇ ਇਸ ਦੇ ਨਾਲ ਹੀ ਮੈਂ ਸਾਨਟੀਨਾ ਨਾਲ “ਸਚਿਆਈ ਤੁਹਾਨੂੰ ਅਜ਼ਾਦ ਕਰੇਗੀ” ਨਾਂ ਦੀ ਅੰਗ੍ਰੇਜ਼ੀ ਕਿਤਾਬ ਤੋਂ ਬਾਕਾਇਦਾ ਸਟੱਡੀ ਕਰਨ ਲੱਗ ਪਈ। ਸਾਨਟੀਨਾ ਨੇ ਪੜ੍ਹਨਾ ਸਿੱਖਿਆ ਤੇ ਆਪਣੇ ਪਤੀ ਦੇ ਵਿਰੋਧ ਦੇ ਬਾਵਜੂਦ ਚੰਗੀ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। ਉਸ ਦੀਆਂ ਪੰਜ ਕੁੜੀਆਂ ਵੀ ਗਵਾਹ ਬਣ ਗਈਆਂ ਤੇ ਸਾਨਟੀਨਾ ਨੇ ਬਾਈਬਲ ਦੀ ਸੱਚਾਈ ਸਵੀਕਾਰ ਕਰਨ ਵਿਚ ਹੋਰਨਾਂ ਦੀ ਵੀ ਮਦਦ ਕੀਤੀ ਹੈ।

ਮਾਰਚ 1951 ਵਿਚ ਦੋ ਹੋਰ ਮਿਸ਼ਨਰੀਆਂ ਰੂਥ ਕੈਨਨ * ਤੇ ਲੋਇਸ ਕਲਹਾਨ (ਬਾਅਦ ਵਿਚ ਜੋ ਬਿਲ ਵੈਂਗਰਟ ਨਾਲ ਵਿਆਹੀ ਗਈ) ਨਾਲ ਸਾਨੂੰ ਬ੍ਰਾਸ਼ਾ ਨਾਂ ਦੇ ਸ਼ਹਿਰ ਘੱਲਿਆ ਗਿਆ ਜਿੱਥੇ ਕੋਈ ਗਵਾਹ ਨਹੀਂ ਸੀ। ਸਾਨੂੰ ਇਕ ਚੰਗਾ ਅਪਾਰਟਮੈਂਟ ਮਿਲ ਗਿਆ, ਪਰ ਦੋ ਮਹੀਨਿਆਂ ਬਾਅਦ ਮਾਲਕ ਨੇ ਸਾਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ। ਉਸ ਇਲਾਕੇ ਵਿਚ ਗਵਾਹ ਨਾ ਹੋਣ ਕਰਕੇ ਅਸੀਂ ਕਿਸੇ ਦੇ ਘਰ ਠਹਿਰ ਨਹੀਂ ਸਕਦੇ ਸੀ, ਇਸ ਲਈ ਸਾਨੂੰ ਹੋਟਲ ਜਾ ਕੇ ਰਹਿਣਾ ਪਿਆ ਜਿੱਥੇ ਅਸੀਂ ਲਗਭਗ ਦੋ ਮਹੀਨੇ ਰਹੇ।

ਹੋਟਲ ਵਿਚ ਖਾਣਾ ਬਣਾਉਣ ਦੀ ਸੁਵਿਧਾ ਨਾ ਹੋਣ ਕਰਕੇ ਅਸੀਂ ਸਾਦਾ ਜਿਹਾ ਭੋਜਨ ਕਰਦੇ ਸੀ। ਸਵੇਰੇ ਅਸੀਂ ਡਬਲਰੋਟੀ ਖ਼ਰੀਦ ਕੇ ਕੌਫ਼ੀ ਨਾਲ ਖਾਂਦੇ ਸੀ ਤੇ ਦੁਪਹਿਰ ਤੇ ਰਾਤ ਨੂੰ ਰਸ ਦੇ ਨਾਲ ਪਨੀਰ ਤੇ ਫਲ ਖਾਂਦੇ ਸੀ। ਦਿੱਕਤਾਂ ਦੇ ਬਾਵਜੂਦ ਸਾਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਦੋ ਮਹੀਨਿਆਂ ਬਾਅਦ ਸਾਨੂੰ ਇਕ ਛੋਟਾ ਜਿਹਾ ਅਪਾਰਟਮੈਂਟ ਮਿਲ ਗਿਆ ਤੇ ਇਸ ਦੇ ਇਕ ਕਮਰੇ ਵਿਚ ਅਸੀਂ ਸਭਾਵਾਂ ਕਰਦੇ ਸੀ। ਸੰਨ 1952 ਵਿਚ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 35 ਲੋਕ ਹਾਜ਼ਰ ਹੋਏ।

ਚੁਣੌਤੀਆਂ ਦਾ ਸਾਮ੍ਹਣਾ ਕਰਨਾ

ਉਸ ਸਮੇਂ ਪਾਦਰੀਆਂ ਦਾ ਲੋਕਾਂ ਉੱਤੇ ਬਹੁਤ ਦਬਦਬਾ ਸੀ। ਮਿਸਾਲ ਲਈ, ਜਦੋਂ ਅਸੀਂ ਬ੍ਰਾਸ਼ਾ ਵਿਚ ਪ੍ਰਚਾਰ ਕਰ ਰਹੇ ਸਾਂ, ਤਾਂ ਪਾਦਰੀਆਂ ਦੀ ਚੁੱਕ ਵਿਚ ਆ ਕੇ ਕੁਝ ਮੁੰਡੇ ਸਾਡੇ ਪੱਥਰ ਮਾਰਨ ਲੱਗ ਪਏ। ਫਿਰ ਵੀ ਕੁਝ ਸਮੇਂ ਬਾਅਦ 16 ਲੋਕ ਸਾਡੇ ਨਾਲ ਬਾਈਬਲ ਦੀ ਸਟੱਡੀ ਕਰਨ ਲੱਗ ਪਏ ਤੇ ਥੋੜ੍ਹੇ ਹੀ ਸਮੇਂ ਵਿਚ ਉਹ ਗਵਾਹ ਬਣ ਗਏ। ਇਨ੍ਹਾਂ ਲੋਕਾਂ ਵਿਚ ਇਕ ਉਹ ਮੁੰਡਾ ਵੀ ਸੀ ਜਿਸ ਨੇ ਸਾਡੇ ਪੱਥਰ ਮਾਰਨ ਦਾ ਡਰਾਵਾ ਦਿੱਤਾ ਸੀ! ਉਹ ਹੁਣ ਬ੍ਰਾਸ਼ਾ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਸੰਨ 1955 ਵਿਚ ਜਦੋਂ ਅਸੀਂ ਬ੍ਰਾਸ਼ਾ ਨੂੰ ਛੱਡਿਆ, ਉਸ ਵੇਲੇ 40 ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਸਨ।

ਉਸ ਤੋਂ ਬਾਅਦ ਅਸੀਂ ਲੇਗਹਾਰਨ (ਲੀਵੋਰਨੋ) ਵਿਚ ਤਿੰਨ ਸਾਲ ਸੇਵਾ ਕੀਤੀ ਜਿੱਥੇ ਕਲੀਸਿਯਾ ਵਿਚ ਜ਼ਿਆਦਾਤਰ ਭੈਣਾਂ ਹੀ ਸਨ। ਇਸ ਦਾ ਮਤਲਬ ਸੀ ਕਿ ਸਾਨੂੰ ਭੈਣਾਂ ਨੂੰ ਹੀ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ ਸਨ ਜੋ ਆਮ ਤੌਰ ਤੇ ਭਰਾਵਾਂ ਨੂੰ ਦਿੱਤੀਆਂ ਜਾਂਦੀਆਂ ਹਨ। ਫਿਰ ਅਸੀਂ ਜੇਨੋਆ ਚਲੇ ਗਏ ਜਿੱਥੇ ਅਸੀਂ ਗਿਆਰਾਂ ਸਾਲ ਪਹਿਲਾਂ ਇਟਲੀ ਵਿਚ ਕਦਮ ਰੱਖਿਆ ਸੀ। ਹੁਣ ਉੱਥੇ ਇਕ ਕਲੀਸਿਯਾ ਬਣ ਚੁੱਕੀ ਸੀ। ਕਿੰਗਡਮ ਹਾਲ ਸਾਡੀ ਹੀ ਅਪਾਰਟਮੈਂਟ ਬਿਲਡਿੰਗ ਦੀ ਪਹਿਲੀ ਮੰਜ਼ਲ ਉੱਤੇ ਸੀ।

ਜੇਨੋਆ ਪਹੁੰਚਦਿਆਂ ਹੀ ਮੈਂ ਇਕ ਔਰਤ ਨੂੰ ਸਟੱਡੀ ਕਰਾਉਣੀ ਸ਼ੁਰੂ ਕੀਤੀ ਜਿਸ ਦਾ ਪਤੀ ਪਹਿਲਾਂ ਮੁੱਕੇਬਾਜ਼ ਤੇ ਬਾਕਸਿੰਗ ਜਿਮਨੇਜ਼ੀਅਮ ਦਾ ਮੈਨੇਜਰ ਹੁੰਦਾ ਸੀ। ਉਸ ਔਰਤ ਨੇ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਤੇ ਜਲਦੀ ਹੀ ਸਾਡੀ ਮਸੀਹੀ ਭੈਣ ਬਣ ਗਈ। ਉਸ ਦਾ ਪਤੀ ਕਾਫ਼ੀ ਸਾਲ ਉਸ ਦਾ ਵਿਰੋਧ ਕਰਦਾ ਰਿਹਾ। ਫਿਰ ਉਹ ਆਪਣੀ ਪਤਨੀ ਨਾਲ ਸਭਾਵਾਂ ਤੇ ਆਉਣ ਲੱਗ ਪਿਆ। ਪਰ ਉਹ ਕਿੰਗਡਮ ਹਾਲ ਦੇ ਅੰਦਰ ਜਾਣ ਦੀ ਬਜਾਇ ਬਾਹਰ ਬੈਠ ਕੇ ਪ੍ਰੋਗ੍ਰਾਮ ਸੁਣਦਾ ਸੀ। ਸਾਡੇ ਜੇਨੋਆ ਛੱਡਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਸ ਨੇ ਬਾਈਬਲ ਸਟੱਡੀ ਕਰਨ ਬਾਰੇ ਖ਼ੁਦ ਪੁੱਛਿਆ। ਕੁਝ ਸਮੇਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ ਤੇ ਮਸੀਹੀ ਨਿਗਾਹਬਾਨ ਬਣ ਕੇ ਪਿਆਰ ਨਾਲ ਭੈਣਾਂ-ਭਰਾਵਾਂ ਦੀ ਸੇਵਾ ਕੀਤੀ। ਉਹ ਮੌਤ ਤਕ ਵਫ਼ਾਦਾਰ ਰਿਹਾ।

ਮੈਂ ਇਕ ਹੋਰ ਔਰਤ ਨੂੰ ਸਟੱਡੀ ਕਰਾਈ ਜੋ ਇਕ ਪੁਲਸੀਏ ਨਾਲ ਮੰਗੀ ਹੋਈ ਸੀ। ਸ਼ੁਰੂ-ਸ਼ੁਰੂ ਵਿਚ ਇਸ ਪੁਲਸੀਏ ਨੇ ਦਿਲਚਸਪੀ ਦਿਖਾਈ, ਪਰ ਵਿਆਹ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ। ਉਸ ਨੇ ਆਪਣੀ ਪਤਨੀ ਦਾ ਵਿਰੋਧ ਕੀਤਾ ਤੇ ਬਾਈਬਲ ਸਟੱਡੀ ਬੰਦ ਹੋ ਗਈ। ਬਾਅਦ ਵਿਚ ਜਦੋਂ ਪਤਨੀ ਫਿਰ ਬਾਈਬਲ ਦੀ ਸਟੱਡੀ ਕਰਨ ਲੱਗ ਪਈ, ਤਾਂ ਉਸ ਦੇ ਪਤੀ ਨੇ ਉਸ ਨੂੰ ਇਹ ਕਹਿੰਦੇ ਹੋਏ ਧਮਕੀ ਦਿੱਤੀ ਕਿ ਜੇ ਉਸ ਨੇ ਸਾਨੂੰ ਦੋਹਾਂ ਨੂੰ ਸਟੱਡੀ ਕਰਦਿਆਂ ਵੇਖਿਆ, ਤਾਂ ਉਹ ਸਾਨੂੰ ਦੋਹਾਂ ਨੂੰ ਗੋਲੀ ਮਾਰ ਦੇਵੇਗਾ। ਇਸ ਔਰਤ ਨੇ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। ਉਸ ਦੇ ਪਤੀ ਨੇ ਸਾਨੂੰ ਗੋਲੀ ਨਹੀਂ ਮਾਰੀ। ਕਈ ਸਾਲਾਂ ਬਾਅਦ ਜਦੋਂ ਮੈਂ ਜੇਨੋਆ ਵਿਚ ਅਸੈਂਬਲੀ ਵਾਸਤੇ ਗਈ, ਤਾਂ ਉੱਥੇ ਕਿਸੇ ਨੇ ਪਿੱਛਿਓਂ ਦੀ ਆ ਕੇ ਮੇਰੀਆਂ ਅੱਖਾਂ ਤੇ ਹੱਥ ਰੱਖ ਕੇ ਪੁੱਛਿਆ ਕਿ ਮੈਂ ਉਸ ਨੂੰ ਪਛਾਣ ਸਕਦੀ ਸੀ ਕਿ ਨਹੀਂ। ਉਸ ਪੁਲਸੀਏ ਨੂੰ ਦੇਖ ਕੇ ਮੈਂ ਆਪਣੇ ਹੰਝੂ ਨਾ ਰੋਕ ਸਕੀ। ਮੈਨੂੰ ਕਲਾਵੇ ਵਿਚ ਲੈਣ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਉਸੇ ਦਿਨ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ ਸੀ।

ਸੰਨ 1964 ਤੋਂ 1972 ਤਕ ਚਾਰਲਸ ਨੇ ਕਲੀਸਿਯਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਾਸਤੇ ਵੱਖ-ਵੱਖ ਕਲੀਸਿਯਾਵਾਂ ਦਾ ਦੌਰਾ ਕੀਤਾ ਤੇ ਮੈਨੂੰ ਵੀ ਉਸ ਨਾਲ ਜਾਣ ਦਾ ਸਨਮਾਨ ਮਿਲਿਆ। ਅਸੀਂ ਲਗਭਗ ਸਾਰੀ ਉੱਤਰੀ ਇਟਲੀ ਵਿਚ ਸੇਵਾ ਕੀਤੀ—ਪੀਡਮਾਟ, ਲੋਂਬਾਰਡੀ ਤੇ ਲਿਗੂਰੀਆ ਵਿਚ। ਫਿਰ ਅਸੀਂ ਫਲੋਰੈਂਸ ਨੇੜੇ ਤੇ ਬਾਅਦ ਵਿਚ ਵਰਚੇਲੀ ਵਿਚ ਦੁਬਾਰਾ ਪਾਇਨੀਅਰੀ ਕਰਨ ਲੱਗ ਪਏ। ਵਰਚੇਲੀ ਵਿਚ 1977 ਵਿਚ ਸਿਰਫ਼ ਇਕ ਕਲੀਸਿਯਾ ਸੀ, ਪਰ 1999 ਵਿਚ ਉੱਥੇ ਤਿੰਨ ਕਲੀਸਿਯਾਵਾਂ ਸਨ ਜਦੋਂ ਅਸੀਂ ਉੱਥੋਂ ਆ ਗਏ। ਉਸ ਸਾਲ ਮੈਂ 91ਵੇਂ ਸਾਲਾਂ ਦੀ ਹੋ ਗਈ ਅਤੇ ਸਾਨੂੰ ਰੋਮ ਵਿਚ ਮਿਸ਼ਨਰੀ ਘਰ ਵਿਚ ਰਹਿਣ ਲਈ ਕਿਹਾ ਗਿਆ। ਮਿਸ਼ਨਰੀ ਘਰ ਦੀ ਛੋਟੀ ਜਿਹੀ ਇਮਾਰਤ ਖੂਬਸੂਰਤ ਹੈ ਜੋ ਇਕ ਸ਼ਾਂਤ ਇਲਾਕੇ ਵਿਚ ਬਣਾਈ ਗਈ ਹੈ।

ਇਕ ਹੋਰ ਦੁਖਦਾਈ ਘੜੀ

ਚਾਰਲਸ ਦੀ ਸਿਹਤ ਕਦੇ ਖ਼ਰਾਬ ਨਹੀਂ ਹੋਈ ਸੀ, ਪਰ ਮਾਰਚ 2002 ਵਿਚ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ 11 ਮਈ 2002 ਨੂੰ ਉਸ ਦੀ ਮੌਤ ਹੋ ਗਈ। ਇਕਹੱਤਰ ਸਾਲਾਂ ਤਕ ਦੁੱਖਾਂ ਦੀਆਂ ਘੜੀਆਂ ਵਿਚ ਅਸੀਂ ਇਕੱਠੇ ਰੋਏ ਤੇ ਬਰਕਤਾਂ ਮਿਲਣ ਤੇ ਇਕੱਠਿਆਂ ਨੇ ਖ਼ੁਸ਼ੀਆਂ ਮਨਾਈਆਂ। ਚਾਰਲਸ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਹੈ।

ਮੈਂ ਅਕਸਰ ਚਾਰਲਸ ਨੂੰ ਸੂਟ-ਪੈਂਟ ਪਾਏ ਤੇ ਸਿਰ ਤੇ 1930 ਦੇ ਦਹਾਕੇ ਦਾ ਹੈਟ ਪਹਿਨੇ ਹੋਏ ਮਨ ਵਿਚ ਕਲਪਨਾ ਕਰ ਕੇ ਦੇਖਦੀ ਹਾਂ। ਮੈਂ ਉਸ ਦੀ ਮੁਸਕਾਨ ਦੀ ਕਲਪਨਾ ਕਰਦੀ ਹਾਂ ਜਾਂ ਮੈਨੂੰ ਇੱਦਾਂ ਲੱਗਦਾ ਹੈ ਜਿੱਦਾਂ ਕਿ ਮੈਂ ਉਸ ਨੂੰ ਹੱਸਦਿਆਂ ਸੁਣ ਰਹੀ ਹੋਵਾਂ। ਯਹੋਵਾਹ ਦੀ ਮਦਦ ਅਤੇ ਕਈ ਅਜ਼ੀਜ਼ ਭੈਣਾਂ-ਭਰਾਵਾਂ ਦੇ ਪਿਆਰ ਸਦਕਾ ਮੈਂ ਇਸ ਦੁੱਖ ਦੀ ਘੜੀ ਨੂੰ ਝੱਲ ਸਕੀ ਹਾਂ। ਮੈਂ ਬੇਸਬਰੀ ਨਾਲ ਉਸ ਘੜੀ ਦੀ ਉਡੀਕ ਕਰ ਰਹੀ ਹਾਂ ਜਦ ਚਾਰਲਸ ਨੂੰ ਮੈਂ ਦੁਬਾਰਾ ਮਿਲਾਂਗੀ।

ਮੈਂ ਅੱਜ ਤਕ ਸੇਵਾ ਕਰ ਰਹੀ ਹਾਂ

ਆਪਣੇ ਸਿਰਜਣਹਾਰ ਦੀ ਸੇਵਾ ਕਰਨੀ ਮੇਰੀ ਜ਼ਿੰਦਗੀ ਵਿਚ ਸਭ ਤੋਂ ਵਧੀਆ ਗੱਲ ਰਹੀ ਹੈ। ਸਾਲਾਂ ਤੋਂ ਮੈਂ ‘ਚੱਖਿਆ ਤੇ ਵੇਖਿਆ ਭਈ ਯਹੋਵਾਹ ਭਲਾ ਹੈ।’ (ਜ਼ਬੂਰਾਂ ਦੀ ਪੋਥੀ 34:8) ਮੈਂ ਉਸ ਦੇ ਪਿਆਰ ਤੇ ਪਰਵਾਹ ਨੂੰ ਮਹਿਸੂਸ ਕੀਤਾ ਹੈ। ਭਾਵੇਂ ਕਿ ਮੌਤ ਨੇ ਮੇਰੀ ਬੱਚੀ ਨੂੰ ਮੇਰੇ ਤੋਂ ਖੋਹ ਲਿਆ, ਪਰ ਯਹੋਵਾਹ ਨੇ ਮੈਨੂੰ ਕਈ ਅਧਿਆਤਮਿਕ ਪੁੱਤਰ-ਧੀਆਂ ਦਿੱਤੇ ਹਨ ਜੋ ਪੂਰੀ ਇਟਲੀ ਵਿਚ ਹਨ ਤੇ ਜਿਨ੍ਹਾਂ ਨੇ ਮੇਰੇ ਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਹੈ।

ਆਪਣੇ ਸਿਰਜਣਹਾਰ ਬਾਰੇ ਦੂਜਿਆਂ ਨੂੰ ਦੱਸਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਸੇ ਕਰਕੇ ਮੈਂ ਅਜੇ ਵੀ ਪ੍ਰਚਾਰ ਕਰਦੀ ਹਾਂ ਤੇ ਬਾਈਬਲ ਸਟੱਡੀਆਂ ਕਰਾਉਂਦੀ ਹਾਂ। ਕਦੇ-ਕਦੇ ਮੈਨੂੰ ਇਸ ਗੱਲ ਤੇ ਅਫ਼ਸੋਸ ਹੁੰਦਾ ਹੈ ਕਿ ਮੈਂ ਸਿਹਤ ਠੀਕ ਨਾ ਰਹਿਣ ਕਰਕੇ ਜ਼ਿਆਦਾ ਨਹੀਂ ਕਰ ਪਾਉਂਦੀ। ਪਰ ਮੈਂ ਜਾਣਦੀ ਹਾਂ ਕਿ ਯਹੋਵਾਹ ਮੇਰੀਆਂ ਸੀਮਾਵਾਂ ਨੂੰ ਜਾਣਦਾ ਹੈ ਤੇ ਉਹ ਮੈਨੂੰ ਪਿਆਰ ਕਰਦਾ ਹੈ ਤੇ ਜਿੰਨਾ ਮੈਂ ਕਰ ਸਕਦੀ ਹਾਂ, ਉਸ ਦੀ ਉਹ ਕਦਰ ਕਰਦਾ ਹੈ। (ਮਰਕੁਸ 12:42) ਮੈਂ ਜ਼ਬੂਰਾਂ ਦੀ ਪੋਥੀ 146:2 ਦੇ ਸ਼ਬਦਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੀ ਹਾਂ: ‘ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗੀ, ਜਿੰਨਾ ਚਿਰ ਮੈਂ ਰਹਾਂਗੀ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗੀ।’ *

[ਫੁਟਨੋਟ]

^ ਪੈਰਾ 5 ਮੇਰੇ ਭਰਾ ਆਨਜੇਲੋ ਕਾਟਾਂਡਜ਼ਾਰੋ ਦਾ ਤਜਰਬਾ 1 ਅਪ੍ਰੈਲ 1975 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 205-7 ਵਿਚ ਛਪਿਆ ਸੀ।

^ ਪੈਰਾ 28 ਉਸ ਦੀ ਜੀਵਨੀ ਪੜ੍ਹਨ ਲਈ 1 ਮਈ 1971 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 277-80 ਦੇਖੋ।

^ ਪੈਰਾ 41 ਇਸ ਲੇਖ ਦੇ ਲਿਖੇ ਜਾਣ ਦੌਰਾਨ ਭੈਣ ਬੇਨਾਨਤੀ 16 ਜੁਲਾਈ 2005 ਨੂੰ ਗੁਜ਼ਰ ਗਈ। ਉਹ 96 ਸਾਲ ਦੀ ਸੀ।

[ਸਫ਼ੇ 13 ਉੱਤੇ ਤਸਵੀਰ]

ਕਮੀਲ

[ਸਫ਼ੇ 14 ਉੱਤੇ ਤਸਵੀਰ]

1931 ਵਿਚ ਸਾਡੇ ਵਿਆਹ ਵਾਲੇ ਦਿਨ

[ਸਫ਼ੇ 14 ਉੱਤੇ ਤਸਵੀਰ]

ਮਾਤਾ ਜੀ ਨੂੰ ਪਹਿਲਾਂ ਸੱਚਾਈ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਬਾਅਦ ਵਿਚ ਉਨ੍ਹਾਂ ਨੇ ਮੰਨਿਆ ਕਿ ਸਾਨੂੰ ਸਾਰਿਆਂ ਨੂੰ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਸੀ

[ਸਫ਼ੇ 15 ਉੱਤੇ ਤਸਵੀਰ]

1946 ਵਿਚ ਗਿਲਿਅਡ ਗ੍ਰੈਜੂਏਸ਼ਨ ਤੇ ਭਰਾ ਨੌਰ ਨਾਲ

[ਸਫ਼ੇ 17 ਉੱਤੇ ਤਸਵੀਰ]

ਮੌਤ ਹੋਣ ਤੋਂ ਕੁਝ ਸਮਾਂ ਪਹਿਲਾਂ ਚਾਰਲਸ ਨਾਲ