Skip to content

Skip to table of contents

ਕੀ ਕਿਸੇ ਚਰਚ ਦਾ ਮੈਂਬਰ ਬਣਨਾ ਜ਼ਰੂਰੀ ਹੈ?

ਕੀ ਕਿਸੇ ਚਰਚ ਦਾ ਮੈਂਬਰ ਬਣਨਾ ਜ਼ਰੂਰੀ ਹੈ?

ਕੀ ਕਿਸੇ ਚਰਚ ਦਾ ਮੈਂਬਰ ਬਣਨਾ ਜ਼ਰੂਰੀ ਹੈ?

ਕਈ ਲੋਕ ਕਹਿੰਦੇ ਹਨ: ‘ਰੱਬ ਵਿਚ ਵਿਸ਼ਵਾਸ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਚਰਚ ਜਾਵਾਂ।’ ਉਹ ਮੰਨਦੇ ਹਨ ਕਿ ਕਿਸੇ ਵੀ ਧਰਮ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ। ਕਈ ਲੋਕ ਕਹਿੰਦੇ ਹਨ ਕਿ ਉਹ ਚਰਚ ਦੇ ਅੰਦਰ ਨਹੀਂ, ਸਗੋਂ ਬਾਹਰ ਕੁਦਰਤ ਦੀ ਸੁੰਦਰਤਾ ਦੇਖ ਕੇ ਰੱਬ ਬਾਰੇ ਜ਼ਿਆਦਾ ਸੋਚਦੇ ਹਨ। ਅੱਜ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ।

ਪਰ ਦੂਜੇ ਲੋਕ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਨ। ਉਹ ਕਹਿੰਦੇ ਹਨ ਕਿ ਰੱਬ ਨੂੰ ਖ਼ੁਸ਼ ਕਰਨ ਲਈ ਕਿਸੇ ਧਰਮ ਦਾ ਮੈਂਬਰ ਹੋਣਾ ਅਤੇ ਚਰਚ ਜਾਣਾ ਬਹੁਤ ਜ਼ਰੂਰੀ ਹੈ। ਤਾਂ ਫਿਰ, ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਕਿਹੜੀ ਰਾਇ ਸਹੀ ਹੈ। ਧਰਮ ਦੇ ਮਾਮਲੇ ਵਿਚ ਰੱਬ ਦੀ ਮਰਜ਼ੀ ਜਾਣਨੀ ਬਹੁਤ ਜ਼ਰੂਰੀ ਹੈ। ਇਸ ਲਈ, ਆਓ ਆਪਾਂ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਦੇਖੀਏ ਕਿ ਇਸ ਬਾਰੇ ਰੱਬ ਦੀ ਕੀ ਰਾਇ ਹੈ।

ਪੁਰਾਣੇ ਜ਼ਮਾਨੇ ਵਿਚ ਰੱਬ ਆਪਣੇ ਸੇਵਕਾਂ ਨੂੰ ਕਿਵੇਂ ਸੇਧ ਦਿੰਦਾ ਸੀ?

ਲਗਭਗ 4,400 ਸਾਲ ਪਹਿਲਾਂ ਸਾਰੀ ਧਰਤੀ ਉੱਤੇ ਜਲ-ਪਰਲੋ ਆਈ ਸੀ। ਅੱਜ ਲੋਕ ਜਿੱਥੇ ਮਰਜ਼ੀ ਰਹਿੰਦੇ ਹੋਣ, ਉਨ੍ਹਾਂ ਦੇ ਇਤਿਹਾਸ ਵਿਚ ਜਲ-ਪਰਲੋ ਬਾਰੇ ਕਹਾਣੀਆਂ ਹਨ। ਭਾਵੇਂ ਇਨ੍ਹਾਂ ਕਹਾਣੀਆਂ ਦੇ ਕੁਝ ਪਹਿਲੂ ਵੱਖਰੇ ਹਨ, ਫਿਰ ਵੀ ਕਈ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਮਿਸਾਲ ਲਈ, ਸਾਰੀਆਂ ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਬਹੁਤ ਥੋੜ੍ਹੇ ਇਨਸਾਨ ਅਤੇ ਕੁਝ ਹੀ ਜਾਨਵਰ ਜਲ-ਪਰਲੋ ਵਿੱਚੋਂ ਬਚੇ ਸਨ।

ਕੀ ਜਲ-ਪਰਲੋ ਵਿੱਚੋਂ ਕੁਝ ਲੋਕਾਂ ਦਾ ਬਚ ਨਿਕਲਣਾ ਇਤਫ਼ਾਕ ਸੀ? ਬਾਈਬਲ ਦੱਸਦੀ ਹੈ ਕਿ ਇਹ ਗੱਲ ਨਹੀਂ ਸੀ। ਇਹ ਧਿਆਨ ਦੇਣ ਦੇ ਜੋਗ ਹੈ ਕਿ ਰੱਬ ਨੇ ਸਿਰਫ਼ ਨੂਹ ਨੂੰ ਹੀ ਦੱਸਿਆ ਸੀ ਕਿ ਜਲ-ਪਰਲੋ ਆਉਣ ਵਾਲੀ ਹੈ। ਫਿਰ ਨੂਹ ਨੇ ਅੱਗੋਂ ਬਾਕੀ ਸਾਰੇ ਲੋਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ। ਇਸ ਤਰ੍ਹਾਂ ਰੱਬ ਨੇ ਹਰ ਇਨਸਾਨ ਨੂੰ ਨਹੀਂ, ਸਗੋਂ ਇਕ ਇਨਸਾਨ ਦੇ ਜ਼ਰੀਏ ਸਾਰਿਆਂ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਸੀ।—ਉਤਪਤ 6:13-16; 2 ਪਤਰਸ 2:5.

ਜਲ-ਪਰਲੋ ਵਿੱਚੋਂ ਬਚਣ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਸੀ? ਉਨ੍ਹਾਂ ਨੂੰ ਨੂਹ ਨਾਲ ਮਿਲ ਕੇ ਰੱਬ ਦੀ ਸੇਧ ਵਿਚ ਚੱਲਣ ਦੀ ਲੋੜ ਸੀ। ਨੂਹ ਨੂੰ ਇਹ ਵੀ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਜਾਨਵਰਾਂ ਦੀਆਂ ਜਾਨਾਂ ਬਚਾਉਣ ਲਈ ਬੰਦੋਬਸਤ ਕਰੇ। ਸੋ ਕਿਹਾ ਜਾ ਸਕਦਾ ਹੈ ਕਿ ਇਸ ਤਬਾਹੀ ਵਿੱਚੋਂ ਸਿਰਫ਼ ਉਹੀ ਜਾਨਵਰ ਬਚੇ ਸਨ ਜੋ ਨੂਹ ਅਤੇ ਉਸ ਦੇ ਪਰਿਵਾਰ ਦੇ ਨਾਲ ਸਨ।—ਉਤਪਤ 6:17–7:8.

ਜਲ-ਪਰਲੋ ਤੋਂ ਕਈ ਸਦੀਆਂ ਬਾਅਦ ਨੂਹ ਦੇ ਪੁੱਤਰ ਸ਼ੇਮ ਦੀ ਔਲਾਦ ਨੂੰ ਮਿਸਰ ਵਿਚ ਗ਼ੁਲਾਮ ਬਣਾਇਆ ਗਿਆ ਸੀ। ਪਰ ਰੱਬ ਦਾ ਇਹ ਮਕਸਦ ਸੀ ਕਿ ਉਹ ਇਨ੍ਹਾਂ ਲੋਕਾਂ ਨੂੰ ਗ਼ੁਲਾਮੀ ਤੋਂ ਛੁਡਾ ਕੇ ਉਸ ਦੇਸ਼ ਵਿਚ ਲਿਆਵੇ ਜਿਸ ਦਾ ਵਾਅਦਾ ਉਸ ਨੇ ਉਨ੍ਹਾਂ ਦੇ ਵੱਡ-ਵਡੇਰੇ ਅਬਰਾਹਾਮ ਨਾਲ ਕੀਤਾ ਸੀ। ਇਹ ਗੱਲ ਵੀ ਸਾਰਿਆਂ ਨੂੰ ਨਹੀਂ ਦੱਸੀ ਗਈ ਸੀ, ਸਗੋਂ ਪਹਿਲਾਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਦੱਸੀ ਗਈ ਸੀ, ਜਿਨ੍ਹਾਂ ਨੂੰ ਰੱਬ ਨੇ ਆਗੂ ਬਣਨ ਲਈ ਚੁਣਿਆ ਸੀ। (ਕੂਚ 3:7-10; 4:27-31) ਜਦੋਂ ਇਨ੍ਹਾਂ ਲੋਕਾਂ ਨੂੰ ਇਕ ਸਮੂਹ ਵਜੋਂ ਮਿਸਰ ਵਿੱਚੋਂ ਛੁਡਾਇਆ ਗਿਆ, ਤਾਂ ਉਨ੍ਹਾਂ ਨੂੰ ਸੀਨਈ ਪਹਾੜ ਨੇੜੇ ਰੱਬ ਦੀ ਬਿਵਸਥਾ ਦਿੱਤੀ ਗਈ ਸੀ ਅਤੇ ਉਹ ਇਸਰਾਏਲ ਦੀ ਕੌਮ ਬਣੇ।—ਕੂਚ 19:1-6.

ਗ਼ੁਲਾਮੀ ਤੋਂ ਮੁਕਤ ਹੋਣ ਵਾਲਾ ਹਰ ਇਸਰਾਏਲੀ ਸਿਰਫ਼ ਇਸ ਲਈ ਮੁਕਤੀ ਹਾਸਲ ਕਰ ਸਕਿਆ ਕਿਉਂਕਿ ਉਹ ਰੱਬ ਦੇ ਚੁਣੇ ਹੋਏ ਸਮੂਹ ਦਾ ਹਿੱਸਾ ਬਣ ਕੇ ਇਸ ਸਮੂਹ ਦੇ ਆਗੂਆਂ ਦੀ ਸੇਧ ਵਿਚ ਚੱਲਣ ਲਈ ਤਿਆਰ ਸੀ। ਕਈ ਮਿਸਰੀ ਲੋਕ ਵੀ ਸਾਫ਼-ਸਾਫ਼ ਦੇਖ ਸਕੇ ਸਨ ਕਿ ਇਸ ਸਮੂਹ ਉੱਤੇ ਰੱਬ ਦੀ ਮਿਹਰ ਸੀ। ਇਸ ਸਮੂਹ ਨਾਲ ਮੇਲ-ਜੋਲ ਰੱਖਣ ਲਈ ਰੱਬ ਨੇ ਉਨ੍ਹਾਂ ਲਈ ਵੀ ਇੰਤਜ਼ਾਮ ਕੀਤਾ ਸੀ। ਜਦ ਇਸਰਾਏਲੀ ਮਿਸਰ ਵਿੱਚੋਂ ਨਿਕਲੇ, ਤਾਂ ਇਹ ਮਿਸਰੀ ਵੀ ਉਨ੍ਹਾਂ ਦੇ ਨਾਲ ਗਏ ਸਨ। ਇਸ ਤਰ੍ਹਾਂ ਉਹ ਵੀ ਰੱਬ ਵੱਲੋਂ ਅਸੀਸਾਂ ਪਾ ਸਕੇ ਸਨ।—ਕੂਚ 12:37, 38.

ਫਿਰ ਪਹਿਲੀ ਸਦੀ ਵਿਚ ਯਿਸੂ ਨੇ ਪ੍ਰਚਾਰ ਕਰ ਕੇ ਚੇਲੇ ਬਣਾਏ ਅਤੇ ਉਨ੍ਹਾਂ ਨੂੰ ਇਕ ਸਮੂਹ ਦੇ ਤੌਰ ਤੇ ਇਕੱਠਾ ਕੀਤਾ। ਹਾਲਾਂਕਿ ਉਹ ਵੱਖ-ਵੱਖ ਚੇਲਿਆਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਨੂੰ ਨਿੱਜੀ ਸਲਾਹ ਦਿੰਦਾ ਸੀ, ਪਰ ਉਸ ਨੇ ਹਮੇਸ਼ਾ ਆਪਣੇ ਚੇਲਿਆਂ ਨੂੰ ਇਕ ਸਮੂਹ ਵਜੋਂ ਸੇਧ ਦਿੱਤੀ ਸੀ। ਯਿਸੂ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨੂੰ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:28, 29) ਬਾਅਦ ਵਿਚ ਜਦ ਯਿਸੂ ਦੇ ਚੇਲੇ ਇਕ ਸਮੂਹ ਦੇ ਤੌਰ ਤੇ ਇਕੱਠੇ ਸਨ, ਤਾਂ ਰੱਬ ਦੀ ਪਵਿੱਤਰ ਆਤਮਾ ਉਨ੍ਹਾਂ ਉੱਤੇ ਆਈ ਸੀ।—ਰਸੂਲਾਂ ਦੇ ਕਰਤੱਬ 2:1-4.

ਇਨ੍ਹਾਂ ਸਾਰੀਆਂ ਉਦਾਹਰਣਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੂਰੇ ਇਤਿਹਾਸ ਦੌਰਾਨ ਰੱਬ ਹਮੇਸ਼ਾ ਆਪਣੇ ਲੋਕਾਂ ਨੂੰ ਇਕ ਸਮੂਹ ਵਜੋਂ ਸੇਧ ਦਿੰਦਾ ਆਇਆ ਹੈ। ਜਦ ਰੱਬ ਨੇ ਨੂਹ, ਮੂਸਾ, ਯਿਸੂ ਅਤੇ ਹੋਰਨਾਂ ਨਾਲ ਗੱਲ ਕੀਤੀ ਸੀ, ਤਾਂ ਉਸ ਦਾ ਇਹੀ ਮਕਸਦ ਸੀ ਕਿ ਉਨ੍ਹਾਂ ਰਾਹੀਂ ਉਹ ਆਪਣੇ ਚੁਣੇ ਹੋਏ ਲੋਕਾਂ ਨੂੰ ਸੇਧ ਦੇਵੇ। ਤਾਂ ਫਿਰ, ਕੀ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਅੱਜ ਵੀ ਰੱਬ ਆਪਣੇ ਸੇਵਕਾਂ ਨਾਲ ਇਸੇ ਤਰ੍ਹਾਂ ਪੇਸ਼ ਆਉਂਦਾ ਹੈ? ਪਰ ਜੇ ਇਹ ਗੱਲ ਸੱਚ ਹੈ, ਤਾਂ ਇਸ ਨਾਲ ਇਕ ਹੋਰ ਸਵਾਲ ਪੈਦਾ ਹੁੰਦਾ ਹੈ: ਕੀ ਅਸੀਂ ਕਿਸੇ ਵੀ ਧਰਮ ਦਾ ਮੈਂਬਰ ਬਣ ਕੇ ਰੱਬ ਦੀ ਮਿਹਰ ਪਾ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

[ਸਫ਼ੇ 4 ਉੱਤੇ ਤਸਵੀਰ]

ਰੱਬ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਇਕ ਸਮੂਹ ਵਜੋਂ ਸੇਧ ਦਿੱਤੀ ਹੈ