Skip to content

Skip to table of contents

‘ਬਚਨ ਦਾ ਪਰਚਾਰ ਕਰਨ’ ਨਾਲ ਆਰਾਮ ਮਿਲਦਾ ਹੈ

‘ਬਚਨ ਦਾ ਪਰਚਾਰ ਕਰਨ’ ਨਾਲ ਆਰਾਮ ਮਿਲਦਾ ਹੈ

“ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”

‘ਬਚਨ ਦਾ ਪਰਚਾਰ ਕਰਨ’ ਨਾਲ ਆਰਾਮ ਮਿਲਦਾ ਹੈ

ਯਿਸੂ ਮਸੀਹ ਇਕ ਸੰਪੂਰਣ ਮਨੁੱਖ ਸੀ ਜੋ ਬਹੁਤ ਜ਼ਰੂਰੀ ਕੰਮ ਕਰਨ ਆਇਆ ਸੀ। ਉਸ ਦੀ ਸਿੱਖਿਆ ਦੇਣ ਦੇ ਢੰਗ ਇੰਨੇ ਚੰਗੇ ਸਨ ਕਿ ‘ਭੀੜਾਂ ਉਹ ਦੇ ਉਪਦੇਸ਼ ਤੋਂ ਹੈਰਾਨ ਹੁੰਦੀਆਂ ਸਨ।’ (ਮੱਤੀ 7:28) ਉਹ ਪ੍ਰਚਾਰ ਕਰਦਾ ਥੱਕਦਾ ਨਹੀਂ ਸੀ। ਉਹ ਆਪਣਾ ਸਭ ਕੁਝ ਯਾਨੀ ਸਮਾਂ, ਤਾਕਤ, ਅਤੇ ਪੂਰਾ ਬਲ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਵਿਚ ਲਾਉਂਦਾ ਸੀ। ਵਾਕਈ ਯਿਸੂ ਮਸੀਹ ਨੇ ਇਕ ਲਾਜਵਾਬ ਪ੍ਰਚਾਰਕ ਅਤੇ ਸਿੱਖਿਅਕ ਵਜੋਂ ਪੂਰੇ ਦੇਸ਼ ਵਿਚ ਸਫ਼ਰ ਕੀਤਾ ਸੀ।—ਮੱਤੀ 9:35.

ਯਿਸੂ ਦਾ ਬਹੁਤ ਜ਼ਰੂਰੀ ਕੰਮ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨਾ ਅਤੇ ਆਪਣੇ ਚੇਲਿਆਂ ਨੂੰ ਇਹੀ ਕੰਮ ਸਾਰੀ ਦੁਨੀਆਂ ਵਿਚ ਕਰਨ ਲਈ ਤਿਆਰ ਕਰਨਾ ਸੀ। (ਮੱਤੀ 4:23; 24:14; 28:19, 20) ਕੀ ਪ੍ਰਚਾਰ ਕਰਨ ਦੇ ਵੱਡੇ ਕੰਮ ਦੀ ਭਾਰੀ ਜ਼ਿੰਮੇਵਾਰੀ ਅਤੇ ਉਸ ਦੀ ਮਹੱਤਤਾ ਯਿਸੂ ਦੇ ਅਪੂਰਣ ਚੇਲਿਆਂ ਲਈ ਇਕ ਬੋਝ ਸੀ ਜੋ ਉਹ ਚੁੱਕ ਨਹੀਂ ਸਕਦੇ ਸਨ?

ਬਿਲਕੁਲ ਨਹੀਂ! ਯਿਸੂ ਨੇ ਆਪਣੇ ਚੇਲਿਆਂ ਨੂੰ “ਖੇਤੀ ਦੇ ਮਾਲਕ” ਯਹੋਵਾਹ ਪਰਮੇਸ਼ੁਰ ਨੂੰ ਹੋਰ ਕਾਮਿਆਂ ਲਈ ਪ੍ਰਾਰਥਨਾ ਕਰਨ ਦੀ ਹਿਦਾਇਤ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਬਾਹਰ ਘੱਲਿਆ ਸੀ। (ਮੱਤੀ 9:38; 10:1) ਫਿਰ ਉਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਚੇਲੇ ਬਣਨ ਦੀ ਜ਼ਿੰਮੇਵਾਰੀ, ਜਿਸ ਵਿਚ ਪ੍ਰਚਾਰ ਕਰਨਾ ਵੀ ਸ਼ਾਮਲ ਸੀ, ਤਾਜ਼ਗੀ ਅਤੇ ਆਰਾਮ ਦੇਵੇਗੀ। ਯਿਸੂ ਨੇ ਕਿਹਾ: “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.

ਖ਼ੁਸ਼ੀ ਦਾ ਕਾਰਨ

ਇਸ ਸੱਦੇ ਵਿਚ ਕਿੰਨਾ ਪਿਆਰ ਜ਼ਾਹਰ ਹੁੰਦਾ ਹੈ! ਇਸ ਵਿਚ ਯਿਸੂ ਦੇ ਚੇਲਿਆਂ ਲਈ ਉਸ ਦੀ ਨਾਜ਼ੁਕ ਚਿੰਤਾ ਪ੍ਰਗਟ ਹੁੰਦੀ ਹੈ। ਉਸ ਦੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨਿਭਾ ਕੇ ਸੱਚ-ਮੁੱਚ ਆਰਾਮ ਮਿਲਦਾ ਹੈ। ਉਨ੍ਹਾਂ ਨੂੰ ਅਸਲੀ ਖ਼ੁਸ਼ੀ ਅਤੇ ਸੰਤੋਖ ਵੀ ਮਿਲਦਾ ਹੈ।—ਯੂਹੰਨਾ 4:36.

ਯਿਸੂ ਦੇ ਧਰਤੀ ਤੇ ਆਉਣ ਤੋਂ ਬਹੁਤ ਸਮਾਂ ਪਹਿਲਾਂ, ਸ਼ਾਸਤਰਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਆਨੰਦ ਨਾਲ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨੀ ਅਤਿ ਜ਼ਰੂਰੀ ਹੈ। ਇਹ ਗੱਲ ਸਾਫ਼ ਦੇਖੀ ਗਈ ਜਦੋਂ ਜ਼ਬੂਰਾਂ ਦੇ ਲਿਖਾਰੀ ਨੇ ਇਹ ਭਜਨ ਗਾਇਆ: “ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਲਲਕਾਰੋ, ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ ਜੈ ਕਾਰ ਕਰਦੇ ਹੋਏ ਉਹ ਦੀ ਹਜ਼ੂਰੀ ਵਿੱਚ ਆਓ।” (ਜ਼ਬੂਰ 100:1, 2) ਅੱਜ ਸਾਰੀਆਂ ਕੌਮਾਂ ਤੋਂ ਲੋਕ ਯਹੋਵਾਹ ਵਿਚ ਖ਼ੁਸ਼ੀ ਪਾਉਂਦੇ ਹਨ, ਅਤੇ ਉਹ ਇਕ ਜੇਤੂ ਫ਼ੌਜ ਵਾਂਗ ਉਸ ਦੇ ਜਸ ਗਾਉਂਦੇ ਹਨ। ਪਰਮੇਸ਼ੁਰ ਦੇ ਸੱਚੇ ਭਗਤ “ਜੈ ਜੈ ਕਾਰ ਕਰਦੇ ਹੋਏ” ਆਉਂਦੇ ਹਨ। ਇਹ ਢੁਕਵਾਂ ਹੈ ਕਿਉਂਕਿ ਯਹੋਵਾਹ ਪਰਮੇਸ਼ੁਰ ਖ਼ੁਸ਼ਦਿਲ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਪ੍ਰਤੀ ਆਪਣਾ ਸਮਰਪਣ ਪੂਰਾ ਕਰਨ ਤੋਂ ਖ਼ੁਸ਼ੀ ਪਾਉਣ।—1 ਤਿਮੋਥਿਉਸ 1:11.

ਉਹ ਸੇਵਕ ਜਿਨ੍ਹਾਂ ਨੇ ਆਰਾਮ ਪਾਇਆ ਹੈ

ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਮਿਹਨਤ ਕਰ ਕੇ ਵੀ ਅਸੀਂ ਥੱਕਦੇ ਨਹੀਂ ਬਲਕਿ ਤਾਜ਼ਗੀ ਪਾਉਂਦੇ ਹਾਂ? ਯਹੋਵਾਹ ਦਾ ਕੰਮ ਕਰਨਾ ਯਿਸੂ ਲਈ ਤਾਕਤ ਬਖ਼ਸ਼ਣ ਵਾਲੇ ਭੋਜਨ ਵਾਂਗ ਸੀ। ਉਸ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।”—ਯੂਹੰਨਾ 4:34.

ਇਸੇ ਤਰ੍ਹਾਂ ਅੱਜ ਵੀ ਜੋਸ਼ੀਲੇ ਮਸੀਹੀ ਪ੍ਰਚਾਰਕਾਂ ਨੂੰ “ਬਚਨ ਦਾ ਪਰਚਾਰ ਕਰ” ਕੇ ਬਹੁਤ ਖ਼ੁਸ਼ੀ ਮਿਲਦੀ ਹੈ। (2 ਤਿਮੋਥਿਉਸ 4:2) ਪੰਜਾਹਾਂ ਕੁ ਸਾਲਾਂ ਦੀ ਕੌਨੀ ਹਰ ਮਹੀਨੇ 70 ਘੰਟੇ ਤੋਂ ਜ਼ਿਆਦਾ ਪ੍ਰਚਾਰ ਦੇ ਕੰਮ ਵਿਚ ਲਾਉਂਦੀ ਹੈ। ਉਹ ਕਹਿੰਦੀ ਹੈ: “ਸੇਵਕਾਈ ਵਿਚ ਦਿਹਾੜੀ ਲਾਉਣ ਤੋਂ ਬਾਅਦ ਭਾਵੇਂ ਮੈਂ ਥੱਕੀ ਹੋਵਾਂ ਮੈਨੂੰ ਬੜਾ ਸੁਖ ਮਿਲਦਾ ਹੈ।”

ਉਦੋਂ ਕੀ ਜਦੋਂ ਕੋਈ ਜਣਾ ਰਾਜ ਦਾ ਸੰਦੇਸ਼ ਨਹੀਂ ਸੁਣਦਾ ਹੈ? ਕੌਨੀ ਅੱਗੇ ਕਹਿੰਦੀ ਹੈ: “ਭਾਵੇਂ ਲੋਕ ਸੁਣਨ ਜਾਂ ਨਾ, ਅਜਿਹਾ ਕੋਈ ਸਮਾਂ ਨਹੀਂ ਹੋਇਆ ਜਦੋਂ ਮੈਂ ਸੇਵਕਾਈ ਵਿਚ ਹਿੱਸਾ ਲੈਣ ਤੋਂ ਪਛਤਾਈ ਹਾਂ। ਮੈਂ ਜਾਣਦੀ ਹਾਂ ਕਿ ਜੋ ਕੁਝ ਮੈਂ ਕਰਾਂ ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਪਰ ਇਸ ਤੋਂ ਇਲਾਵਾ ਸੱਚਾਈ ਬਾਰੇ ਗੱਲਬਾਤ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਬਾਈਬਲ ਤੋਂ ਮਿਲੀ ਵਧੀਆ ਉਮੀਦ ਮੇਰੇ ਦਿਲ ਵਿਚ ਹੋਰ ਵੀ ਪੱਕੀ ਹੋ ਜਾਂਦੀ ਹੈ।”

ਦੂਸਰਿਆਂ ਲਈ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਉਹ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਹਾਸਲ ਕਰਨ ਦੀ ਮਦਦ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਮਕਸਦ ਮਿਲਦਾ ਹੈ। ਮੈਲਨੀ ਇਕ ਮੁਟਿਆਰ ਹੈ ਜੋ ਹਰ ਮਹੀਨੇ ਪ੍ਰਚਾਰ ਦੇ ਕੰਮ ਵਿਚ 50 ਘੰਟੇ ਲਾਉਂਦੀ ਹੈ। ਉਸ ਨੇ ਕਿਹਾ: “ਸੇਵਕਾਈ ਤੋਂ ਇਸ ਲਈ ਆਰਾਮ ਮਿਲਦਾ ਹੈ ਕਿਉਂਕਿ ਮੇਰੀ ਜ਼ਿੰਦਗੀ ਨੂੰ ਅਗਵਾਈ ਅਤੇ ਮਕਸਦ ਮਿਲਦੇ ਹਨ। ਜਦੋਂ ਮੈਂ ਸੇਵਕਾਈ ਵਿਚ ਹਿੱਸਾ ਲੈਂਦੀ ਹਾਂ ਤਾਂ ਮੇਰੀਆਂ ਮੁਸ਼ਕਲਾਂ ਅਤੇ ਰੋਜ਼ ਦੀਆਂ ਮੁਸੀਬਤਾਂ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ।”

ਯਹੋਵਾਹ ਦੀ ਇਕ ਹੋਰ ਗਵਾਹ ਮਿਲਿਸੈਂਟ ਕਹਿੰਦੀ ਹੈ: “ਜਿਸ ਦਿਨ ਮੈਂ ਹੋਰਨਾਂ ਨਾਲ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਗੱਲ ਕਰਦੀ ਹਾਂ ਅਤੇ ਉਨ੍ਹਾਂ ਨੂੰ ਸਮਝਾਉਂਦੀ ਹਾਂ ਕਿ ਇਹ ਧਰਤੀ ਦੁਬਾਰਾ ਫਿਰਦੌਸ ਬਣਾਈ ਜਾਵੇਗੀ ਉਹੀ ਦਿਨ ਮੇਰੇ ਲਈ ਚੰਗਾ ਹੁੰਦਾ ਹੈ। ਦਿਨ-ਬ-ਦਿਨ ਯਹੋਵਾਹ ਨਾਲ ਮੇਰਾ ਰਿਸ਼ਤਾ ਪੱਕਾ ਹੁੰਦਾ ਜਾਂਦਾ ਹੈ ਅਤੇ ਮੈਨੂੰ ਉਹ ਸਕੂਨ ਅਤੇ ਖ਼ੁਸ਼ੀ ਮਿਲਦੀ ਹੈ ਜੋ ਹੋਰ ਕਿਸੇ ਤਰ੍ਹਾਂ ਨਹੀਂ ਮਿਲ ਸਕਦੀ।”

ਤਾਜ਼ਗੀ ਪ੍ਰਾਪਤ ਕਰਨ ਵਾਲੇ ਲੋਕ

ਰਾਜ ਦੇ ਪ੍ਰਚਾਰਕਾਂ ਨੂੰ ਮਸੀਹੀ ਸੇਵਕਾਈ ਰਾਹੀਂ ਤਾਜ਼ਗੀ ਜ਼ਰੂਰ ਮਿਲਦੀ ਹੈ ਅਤੇ ਜਿਹੜੇ ਉਨ੍ਹਾਂ ਦਾ ਸੰਦੇਸ਼ ਸੁਣਦੇ ਹਨ ਉਨ੍ਹਾਂ ਨੂੰ ਸਦਾ ਲਈ ਜੀਉਣ ਦੀ ਆਸ ਅਤੇ ਦਿਲਾਸਾ ਮਿਲਦਾ ਹੈ। ਭਾਵੇਂ ਕਿ ਪੁਰਤਗਾਲ ਵਿਚ ਇਕ ਸਕੂਲ ਦੀ ਅਧਿਆਪਕ ਨੂੰ ਨਨਾਂ ਅਤੇ ਪਾਦਰੀਆਂ ਤੋਂ ਸਿੱਖਿਆ ਮਿਲੀ ਸੀ, ਉਸ ਨੂੰ ਲੱਗਾ ਕਿ ਉਹ ਦੇ ਮਜ਼ਹਬ ਨੇ ਉਸ ਦੀਆਂ ਰੂਹਾਨੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਸਨ। ਬਾਈਬਲ ਬਾਰੇ ਉਸ ਦੇ ਕਈਆਂ ਸਵਾਲਾਂ ਦੇ ਜਵਾਬ ਅਜੇ ਉਸ ਨੂੰ ਮਿਲੇ ਨਹੀਂ ਸਨ। ਯਹੋਵਾਹ ਦੇ ਗਵਾਹਾਂ ਨਾਲ ਲਗਾਤਾਰ ਸਟੱਡੀ ਕਰਨ ਦੁਆਰਾ ਉਸ ਨੇ ਬਾਈਬਲ ਤੋਂ ਕਈ ਗੱਲਾਂ ਸਿੱਖੀਆਂ। ਇਹ ਅਧਿਆਪਕ ਬੜੀ ਖ਼ੁਸ਼ ਹੋਈ। ਉਸ ਨੇ ਕਿਹਾ ਕਿ “ਹਰ ਬੁੱਧਵਾਰ ਨੂੰ ਮੈਂ ਬੇਚੈਨੀ ਨਾਲ ਆਪਣੀ ਸਟੱਡੀ ਦੀ ਉਡੀਕ ਕਰਦੀ ਸੀ ਕਿਉਂਕਿ ਇਕ-ਇਕ ਕਰ ਕੇ ਬਾਈਬਲ ਤੋਂ ਸਬੂਤ ਦੇਖ ਕੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਮਿਲੇ।” ਅੱਜ ਇਹ ਔਰਤ ਯਹੋਵਾਹ ਦੀ ਇਕ ਸੇਵਕ ਹੈ ਅਤੇ ਉਹ ਵੀ ਦੂਸਰਿਆਂ ਨੂੰ ਬਾਈਬਲ ਦੀ ਸੱਚਾਈ ਨਾਲ ਆਰਾਮ ਦੇ ਰਹੀ ਹੈ।

ਤਾਂ ਫਿਰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਯਹੋਵਾਹ ਦੇ ਗਵਾਹ ਪ੍ਰਚਾਰ ਦੇ ਕੰਮ ਦੀ ਗੰਭੀਰਤਾ ਅਤੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਤੋਂ ਦੱਬੇ ਨਹੀਂ ਗਏ ਹਨ। ਅਤੇ ਨਾ ਹੀ ਵਿਰੋਧਤਾ ਜਾਂ ਲੋਕਾਂ ਦੀ ਬੇਪਰਵਾਹੀ ਤੋਂ ਉਨ੍ਹਾਂ ਦਾ ਜੋਸ਼ ਠੰਢਾ ਪਿਆ ਹੈ। ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ ਹੈ। ਲੋਕ ਭਾਵੇਂ ਜਿੱਥੇ ਮਰਜ਼ੀ ਹੋਣ ਉਨ੍ਹਾਂ ਨੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦੱਸੀ ਹੈ—ਅਮਰੀਕਾ ਵਿਚ ਇਕ ਟੱਰਕ ਅੱਡੇ ਤੇ (1), ਕੋਰੀਆ ਦੇ ਇਕ ਹਵਾਈ ਅੱਡੇ ਤੇ (2), ਐਂਡੀਜ਼ ਵਿਚ (3), ਜਾਂ ਲੰਡਨ ਦੀ ਇਕ ਦੁਕਾਨ ਵਿਚ (4)। ਅੱਜ ਯਿਸੂ ਦੇ ਚੇਲੇ ਸਾਰੀ ਦੁਨੀਆਂ ਵਿਚ ਖ਼ੁਸ਼ੀ ਨਾਲ ਆਪਣਾ ਤਸੱਲੀਬਖ਼ਸ਼ ਕੰਮ ਕਰ ਰਹੇ ਹਨ। ਅਤੇ ਯਿਸੂ ਨੇ ਆਪਣਾ ਵਾਅਦਾ ਪੂਰਾ ਕਰ ਕੇ ਉਨ੍ਹਾਂ ਨੂੰ ਆਰਾਮ ਦਿੱਤਾ ਹੈ ਅਤੇ ਉਹ ਦੂਸਰਿਆਂ ਨੂੰ ਆਰਾਮ ਦੇਣ ਲਈ ਵੀ ਉਨ੍ਹਾਂ ਨੂੰ ਵਰਤ ਰਿਹਾ ਹੈ।—ਪਰਕਾਸ਼ ਦੀ ਪੋਥੀ 22:17.