Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਰੌਸ਼ਨੀ ਸੋਖਣ ਵਾਲੇ ਤਿਤਲੀ ਦੇ ਖੰਭ

ਰੌਸ਼ਨੀ ਸੋਖਣ ਵਾਲੇ ਤਿਤਲੀ ਦੇ ਖੰਭ

ਤੇਲ ਅਤੇ ਕੋਲੇ ਦੀ ਵਰਤੋਂ ਘਟਾਉਣ ਲਈ ਸਾਇੰਟਿਸਟ ਕਈ ਤਰ੍ਹਾਂ ਦੇ ਯੰਤਰ ਬਣਾ ਰਹੇ ਹਨ ਤਾਂਕਿ ਸੂਰਜ ਦੀ ਰੌਸ਼ਨੀ ਨੂੰ ਹੋਰ ਵੀ ਵਧੀਆ ਢੰਗ ਨਾਲ ਵਰਤ ਕੇ ਬਿਜਲੀ ਪੈਦਾ ਕੀਤੀ ਜਾ ਸਕੇ। ਇਕ ਵਿਗਿਆਨੀ ਨੇ ਕਿਹਾ: “ਸ਼ਾਇਦ ਇਸ ਮਸਲੇ ਦਾ ਹੱਲ ਸਾਡੀਆਂ ਅੱਖਾਂ ਸਾਮ੍ਹਣੇ ਸੀ, ਪਰ ਸਾਨੂੰ ਹੁਣ ਅਹਿਸਾਸ ਹੋਇਆ ਹੈ।”

ਤਿਤਲੀ ਦੇ ਖੰਭਾਂ ਦੀਆਂ ਪਰਤਾਂ ਵਿਚ ਛੇ-ਕੋਣੇ ਵਾਲੀਆਂ ਮੋਰੀਆਂ ਹਨ

ਜ਼ਰਾ ਸੋਚੋ: ਠੰਢ ਦੇ ਮੌਸਮ ਵਿਚ ਗਰਮ ਰਹਿਣ ਲਈ ਤਿਤਲੀ ਆਪਣੇ ਖੰਭ ਧੁੱਪ ਵਿਚ ਫੈਲਾ ਦਿੰਦੀ ਹੈ। ਇਕ ਕਿਸਮ ਦੀ ਤਿਤਲੀ ਦਾ ਨਾਂ ਹੈ ਸਵਾਲੋ-ਟੇਲ। ਕਈ ਸਵਾਲੋ-ਟੇਲ ਤਿਤਲੀਆਂ ਦੇ ਖੰਭ ਬਹੁਤ ਵਧੀਆ ਤਰੀਕੇ ਨਾਲ ਸੂਰਜ ਦੀ ਗਰਮੀ ਅਤੇ ਇਸ ਦੀਆਂ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੇ ਹਨ। ਕਿਵੇਂ? ਪਹਿਲੀ ਗੱਲ, ਉਨ੍ਹਾਂ ਦੇ ਖੰਭਾਂ ਦਾ ਰੰਗ ਕਾਲਾ ਹੁੰਦਾ ਹੈ। ਦੂਸਰੀ ਗੱਲ, ਉਨ੍ਹਾਂ ਦੇ ਖੰਭਾਂ ਉੱਤੇ ਉੱਚੀਆਂ-ਨੀਵੀਆਂ ਸੂਖਮ ਪਰਤਾਂ ਹੁੰਦੀਆਂ ਹਨ। ਇਨ੍ਹਾਂ ਪਰਤਾਂ ਵਿਚ ਛੇ-ਕੋਣੇ ਵਾਲੀਆਂ ਮੋਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੁੱਠੇ “V-ਰੂਪੀ” ਆਕਾਰ ਦੀਆਂ ਰੇਖਾਵਾਂ ਨਾਲ ਵੱਖ ਕੀਤਾ ਗਿਆ ਹੈ। ਇਨ੍ਹਾਂ ਰੇਖਾਵਾਂ ਦੀ ਮਦਦ ਨਾਲ ਰੌਸ਼ਨੀ ਮੋਰੀਆਂ ਵਿਚ ਆਸਾਨੀ ਨਾਲ ਚਲੀ ਜਾਂਦੀ ਹੈ। ਇਸ ਕਮਾਲ ਦੀ ਬਣਤਰ ਨਾਲ ਸੂਰਜ ਦੀ ਰੌਸ਼ਨੀ ਤਿਤਲੀ ਦੇ ਖੰਭਾਂ ਅੰਦਰ ਸਮਾ ਜਾਂਦੀ ਹੈ ਜਿਸ ਕਰਕੇ ਇਸ ਦੇ ਖੰਭ ਬਹੁਤ ਕਾਲੇ ਨਜ਼ਰ ਆਉਂਦੇ ਹਨ ਅਤੇ ਤਿਤਲੀ ਦਾ ਸਰੀਰ ਬਹੁਤ ਜਲਦੀ ਗਰਮ ਹੋ ਜਾਂਦਾ ਹੈ।

ਸਾਇੰਸ ਡੇਲੀ ਨਾਂ ਦੀ ਅਖ਼ਬਾਰ ਦੱਸਦੀ ਹੈ ਕਿ “ਕੁਦਰਤ ਵਿਚ ਤਿਤਲੀ ਦੇ ਖੰਭ ਸ਼ਾਇਦ ਸਭ ਤੋਂ ਨਾਜ਼ੁਕ ਹਨ। ਪਰ ਇਨ੍ਹਾਂ ਨਾਜ਼ੁਕ ਖੰਭਾਂ ਸਦਕਾ ਖੋਜਕਾਰਾਂ ਨੂੰ ਨਵੀਂ ਤਕਨਾਲੋਜੀ ਬਣਾਉਣ ਦੀ ਪ੍ਰੇਰਣਾ ਮਿਲੀ ਹੈ। ਇਸ ਤਕਨਾਲੋਜੀ ਨਾਲ ਸਾਇੰਟਿਸਟ ਪਾਣੀ ਤੇ ਰੌਸ਼ਨੀ ਤੋਂ ਬਣਨ ਵਾਲੀ ਹਾਈਡ੍ਰੋਜਨ ਗੈਸ ਦੀ ਮਾਤਰਾ ਦੁਗਣੀ ਕਰ ਸਕਣਗੇ। ਇਹ ਗੈਸ ਇਸ ਲਈ ਵਧੀਆ ਹੈ ਕਿਉਂਕਿ ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਸਾਨੂੰ ਉਮੀਦ ਹੈ ਕਿ ਭਵਿੱਖ ਵਿਚ ਤੇਲ ਅਤੇ ਕੋਲੇ ਦੀ ਜਗ੍ਹਾ ਇਸ ਦੀ ਵਰਤੋਂ ਕੀਤੀ ਜਾਵੇਗੀ।” ਸਾਇੰਟਿਸਟਾਂ ਨੂੰ ਉਮੀਦ ਹੈ ਕਿ ਇਸ ਗਿਆਨ ਸਦਕਾ ਉਹ ਲਾਈਟ ਸੈਂਸਰ ਅਤੇ ਸੋਲਰ ਸੈੱਲਾਂ ਦੇ ਡੀਜ਼ਾਈਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਸਕਣਗੇ।

ਤੁਹਾਡਾ ਕੀ ਖ਼ਿਆਲ ਹੈ? ਕੀ ਰੌਸ਼ਨੀ ਸੋਖਣ ਵਾਲੇ ਤਿਤਲੀ ਦੇ ਖੰਭਾਂ ਦਾ ਡੀਜ਼ਾਈਨ ਆਪਣੇ ਆਪ ਹੀ ਬਣ ਗਿਆ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g14 08-E)