Skip to content

Skip to table of contents

ਮੁਲਾਕਾਤ | ਵੈਨਲੌਂਗ ਹਿਖ਼

ਇਕ ਭੌਤਿਕ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਇਕ ਭੌਤਿਕ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਵੈਨਲੌਂਗ ਹਿਖ਼ ਨੇ ਫਿਜ਼ਿਕਸ ਦੀ ਪੜ੍ਹਾਈ ਸੂਜੋ ਸ਼ਹਿਰ ਵਿਚ ਕੀਤੀ ਸੀ ਜੋ ਕਿ ਚੀਨ ਦੇ ਜੈਂਗਸੂ ਰਾਜ ਵਿਚ ਹੈ। ਉਹ ਤਕਨਾਲੋਜੀ ਬਾਰੇ ਇਕ ਮਸ਼ਹੂਰ ਮੈਗਜ਼ੀਨ ਲਿਖਣ ਵਿਚ ਮਦਦ ਕਰਦਾ ਹੈ ਅਤੇ ਉਸ ਦੇ ਲਿਖੇ ਦਰਜਨਾਂ ਹੀ ਰਿਸਰਚ ਲੇਖ ਸਾਇੰਸ ਦੀਆਂ ਕਿਤਾਬਾਂ-ਰਸਾਲਿਆਂ ਵਿਚ ਛਪੇ ਹਨ। ਅੱਜ ਉਹ ਸਕਾਟਲੈਂਡ ਦੀ ਸਟ੍ਰੈਥਕਲਾਇਡ ਯੂਨੀਵਰਸਿਟੀ ਵਿਚ ਕੰਮ ਕਰਦਾ ਹੈ। ਬਚਪਨ ਵਿਚ ਉਹ ਵਿਕਾਸਵਾਦ ਨੂੰ ਮੰਨਦਾ ਸੀ, ਪਰ ਬਾਅਦ ਵਿਚ ਉਸ ਨੇ ਮੰਨਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ। ਜਾਗਰੂਕ ਬਣੋ! ਨੇ ਉਸ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਪੁੱਛਿਆ।

ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।

ਮੇਰਾ ਜਨਮ 1963 ਵਿਚ ਚੀਨ ਦੇ ਇਕ ਪਿੰਡ ਵਿਚ ਹੋਇਆ ਜੋ ਕਿ ਜੈਂਗਸੂ ਰਾਜ ਦੀ ਯਾਂਗਸੀ ਨਦੀ ਦੇ ਦੱਖਣ ਵੱਲ ਹੈ। ਇਹ ਇਲਾਕਾ ਖਾਣ-ਪੀਣ ਦੀਆਂ ਚੀਜ਼ਾਂ ਲਈ ਬਹੁਤ ਮਸ਼ਹੂਰ ਹੈ ਕਿਉਂਕਿ ਇੱਥੇ ਹਮੇਸ਼ਾ ਬਰਸਾਤ ਅਤੇ ਗਰਮੀ ਦਾ ਮੌਸਮ ਰਹਿੰਦਾ ਹੈ। ਇਸ ਕਾਰਨ ਇਸ ਨੂੰ ਚੌਲ ਤੇ ਮੱਛੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਛੋਟੇ ਹੁੰਦਿਆਂ ਮੈਂ ਅਕਸਰ ਸੋਚਦਾ ਹੁੰਦਾ ਸੀ: ‘ਕੁਦਰਤ ਸਾਨੂੰ ਇੰਨੀਆਂ ਮਜ਼ੇਦਾਰ ਖਾਣ-ਪੀਣ ਦੀਆਂ ਚੀਜ਼ਾਂ ਕਿਉਂ ਦਿੰਦੀ ਹੈ? ਕੀ ਇਹ ਚੀਜ਼ਾਂ ਆਪਣੇ ਆਪ ਬਣ ਗਈਆਂ? ਆਂਡਾ ਪਹਿਲਾਂ ਆਇਆ ਜਾਂ ਮੁਰਗੀ?’ ਚੀਨ ਵਿਚ ਜ਼ਿਆਦਾਤਰ ਲੋਕ ਰੱਬ ’ਤੇ ਵਿਸ਼ਵਾਸ ਨਹੀਂ ਕਰਦੇ, ਇਸ ਲਈ ਮੈਨੂੰ ਸਕੂਲ ਵਿਚ ਵਿਕਾਸਵਾਦ ਦੀ ਸਿੱਖਿਆ ਦਿੱਤੀ ਗਈ।

ਤੁਹਾਡੇ ਪਰਿਵਾਰ ਬਾਰੇ ਕੀ?

ਮੇਰੇ ਮੰਮੀ-ਡੈਡੀ ਵੀ ਰੱਬ ਨੂੰ ਨਹੀਂ ਮੰਨਦੇ ਸਨ। ਮੇਰੇ ਮੰਮੀ ਜੀ ਖੇਤੀ-ਬਾੜੀ ਦਾ ਕੰਮ ਕਰਦੇ ਸਨ ਅਤੇ ਮੇਰੇ ਪਿਤਾ ਜੀ ਇਕ ਆਰਕੀਟੈਕਟ ਸਨ ਅਤੇ ਉਨ੍ਹਾਂ ਦੀ ਆਪਣੀ ਕੰਸਟ੍ਰਕਸ਼ਨ ਕੰਪਨੀ ਸੀ। ਅਸੀਂ ਪੰਜ ਭਰਾ ਹਾਂ ਅਤੇ ਮੈਂ ਸਭ ਤੋਂ ਵੱਡਾ ਹਾਂ। ਪਰ ਦੁੱਖ ਦੀ ਗੱਲ ਹੈ ਕਿ ਮੇਰੇ ਦੋ ਭਰਾਵਾਂ ਦੀ ਛੋਟੀ ਹੀ ਉਮਰੇ ਮੌਤ ਹੋ ਗਈ। ਇਸ ਗੱਲ ਦਾ ਮੈਨੂੰ ਇੰਨਾ ਦੁੱਖ ਸੀ ਕਿ ਮੈਂ ਸੋਚਦਾ ਸੀ: ‘ਲੋਕ ਕਿਉਂ ਮਰਦੇ ਹਨ? ਕੀ ਮੈਂ ਆਪਣੇ ਭਰਾਵਾਂ ਨੂੰ ਕਦੀ ਦੁਬਾਰਾ ਦੇਖ ਸਕਾਂਗਾਂ?’

ਤੁਸੀਂ ਸਾਇੰਸ ਦੀ ਪੜ੍ਹਾਈ ਕਿਉਂ ਕੀਤੀ?

ਮੈਂ ਫਿਜ਼ਿਕਸ ਦੀ ਸਟੱਡੀ ਕਰਨੀ ਚਾਹੁੰਦਾ ਸੀ ਕਿਉਂਕਿ ਮੈਨੂੰ ਕੁਦਰਤ ਦੀਆਂ ਚੀਜ਼ਾਂ ਵਿਚ ਬੜੀ ਦਿਲਚਸਪੀ ਸੀ। ਨਾਲੇ ਮੈਂ ਸੋਚਿਆ ਕਿ ਫਿਜ਼ਿਕਸ ਰਾਹੀਂ ਹੀ ਮੈਨੂੰ ਸਵਾਲਾਂ ਦੇ ਜਵਾਬ ਮਿਲ ਸਕਣਗੇ ਜਿਨ੍ਹਾਂ ਬਾਰੇ ਮੈਂ ਬਚਪਨ ਤੋਂ ਸੋਚਦਾ ਆਇਆ ਹਾਂ।

ਤੁਸੀਂ ਫਿਜ਼ਿਕਸ ਦੇ ਕਿਹੜੇ ਵਿਸ਼ੇ ਦੀ ਸਟੱਡੀ ਕੀਤੀ?

ਮੈਂ ਚਾਰਜਡ ਅਣੂਆਂ ਦੀ ਰਿਸਰਚ ਕਰਦਾ ਹਾਂ ਕਿ ਕਿਨ੍ਹਾਂ ਤਰੀਕਿਆਂ ਨਾਲ ਇਨ੍ਹਾਂ ਨੂੰ ਰੋਸ਼ਨੀ ਦੀ ਸਪੀਡ ਤਕ ਵਧਾਇਆ ਜਾ ਸਕੇ। ਮੈਂ ਇਹ ਰਿਸਰਚ ਇਸ ਲਈ ਕਰਦਾ ਹਾਂ ਤਾਂਕਿ ਮੈਂ ਅਣੂਆਂ ਦੀ ਬਣਤਰ ਬਾਰੇ ਜਾਣ ਸਕਾਂ। ਨਾਲੇ ਮੈਂ ਛਾਣ-ਬੀਣ ਕਰਦਾ ਹਾਂ ਕਿ ਮਾਈਕ੍ਰੋਵੇਵ ਅਤੇ ਇਨਫ੍ਰਾਰੈੱਡ ਤਰੰਗਾਂ ਦੀ ਫ੍ਰੀਕੁਐਂਸੀ ਵਿਚਕਾਰ ਹਾਈ ਊਰਜਾ ਰੇਡੀਏਸ਼ਨ ਕਿੱਦਾਂ ਪੈਦਾ ਕੀਤੀ ਜਾ ਸਕਦੀ ਹੈ। ਭਾਵੇਂ ਕਿ ਇਹ ਰਿਸਰਚ ਕਰਨ ਦੀ ਮੈਨੂੰ ਤਨਖ਼ਾਹ ਮਿਲਦੀ ਹੈ, ਪਰ ਮੈਂ ਨਾਲ-ਨਾਲ ਇਹ ਵੀ ਖੋਜ ਕਰਦਾ ਹਾਂ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿੱਦਾਂ ਹੋਈ।

ਤੁਸੀਂ ਬਾਈਬਲ ਪੜ੍ਹਨੀ ਕਿਉਂ ਸ਼ੁਰੂ ਕੀਤੀ?

ਸਾਲ 1998 ਵਿਚ ਸਾਡੇ ਘਰ ਦੋ ਯਹੋਵਾਹ ਦੇ ਗਵਾਹ ਆਏ। ਉਨ੍ਹਾਂ ਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ। ਮੇਰੀ ਪਤਨੀ ਖ਼ੁਆਬੀ ਇਕ ਰਿਸਰਚ ਸਾਇੰਟਿਸਟ ਹੈ ਅਤੇ ਉਹ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਬੈਠੀ। ਅਸੀਂ ਇਸ ਤੋਂ ਪਹਿਲਾਂ ਕਦੇ ਵੀ ਬਾਈਬਲ ਨਹੀਂ ਸੀ ਦੇਖੀ, ਪਰ ਜ਼ਿੰਦਗੀ ਬਾਰੇ ਬਾਈਬਲ ਵਿੱਚੋਂ ਸਲਾਹਾਂ ਪੜ੍ਹ ਕੇ ਸਾਨੂੰ ਬਹੁਤ ਚੰਗਾ ਲੱਗਾ। ਅਸੀਂ ਗੌਰ ਕੀਤਾ ਕਿ ਉਸ ਪਤੀ-ਪਤਨੀ ਨੂੰ ਆਪ ਬਾਈਬਲ ਦੀਆਂ ਸਲਾਹਾਂ ’ਤੇ ਚੱਲਣ ਨਾਲ ਬਹੁਤ ਫ਼ਾਇਦਾ ਹੋਇਆ ਸੀ। ਉਹ ਦੋਵੇਂ ਖ਼ੁਸ਼ ਸਨ ਅਤੇ ਬੜੀ ਸਾਦੀ ਜ਼ਿੰਦਗੀ ਜੀਉਂਦੇ ਸਨ। ਪਰ ਜੋ ਕੁਝ ਬਾਈਬਲ ਰੱਬ ਬਾਰੇ ਕਹਿੰਦੀ ਹੈ, ਉਸ ਬਾਰੇ ਪੜ੍ਹ ਕੇ ਅਜੇ ਵੀ ਮੇਰੇ ਮਨ ਵਿਚ ਸਵਾਲ ਸੀ ਕਿ ਉਸ ਨੇ ਬ੍ਰਹਿਮੰਡ ਨੂੰ ਬਣਾਇਆ ਹੈ ਜਾਂ ਨਹੀਂ। ਭੌਤਿਕ-ਵਿਗਿਆਨੀ ਹੋਣ ਦੇ ਨਾਤੇ ਮੇਰਾ ਕੰਮ ਹੈ ਕੁਦਰਤ ਨੂੰ ਸਮਝਣਾ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਕੁਝ ਸਬੂਤਾਂ ਦੀ ਜਾਂਚ ਕਰਾਂਗਾ।

ਭੌਤਿਕ-ਵਿਗਿਆਨੀ ਹੋਣ ਦੇ ਨਾਤੇ ਮੇਰਾ ਕੰਮ ਹੈ ਕੁਦਰਤ ਨੂੰ ਸਮਝਣਾ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਕੁਝ ਸਬੂਤਾਂ ਦੀ ਜਾਂਚ ਕਰਾਂਗਾ

ਤੁਸੀਂ ਕਿਹੜੇ ਸਬੂਤਾਂ ਦੀ ਜਾਂਚ ਕੀਤੀ?

ਪਹਿਲੀ ਗੱਲ, ਮੈਨੂੰ ਇਹ ਪਤਾ ਸੀ ਕਿ ਕਿਸੇ ਵੀ ਚੀਜ਼ ਦਾ ਸਿਸਟਮ ਆਪਣੇ ਆਪ ਹੋਰ ਬਿਹਤਰ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਅਤੇ ਨਾ ਹੀ ਇਹ ਹਮੇਸ਼ਾ ਲਈ ਵਧੀਆ ਢੰਗ ਨਾਲ ਚੱਲਦਾ ਰਹਿ ਸਕਦਾ ਹੈ। ਕਿਉਂ? ਕਿਉਂਕਿ ਹਰ ਸਿਸਟਮ ਨੂੰ ਚਲਾਉਣ ਲਈ ਕੋਈ-ਨਾ-ਕੋਈ ਚਾਹੀਦਾ ਹੈ। ਥਰਮੋਡਾਇਨੈਮਿਕਸ ਦਾ ਇਹ ਦੂਜਾ ਨਿਯਮ ਹੈ। ਸੋ ਬ੍ਰਹਿਮੰਡ ਅਤੇ ਧਰਤੀ ਉੱਤੇ ਜੀਵਨ ਦੀ ਹਰ ਚੀਜ਼ ਸਹੀ ਢੰਗ ਨਾਲ ਕੰਮ ਕਰਦਿਆਂ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਇਸ ਨੂੰ ਬਣਾਉਣ ਵਾਲਾ ਇਕ ਸ੍ਰਿਸ਼ਟੀਕਰਤਾ ਹੈ। ਦੂਜੀ ਗੱਲ, ਜੀਵਨ ਨੂੰ ਬਰਕਰਾਰ ਰੱਖਣ ਲਈ ਬ੍ਰਹਿਮੰਡ ਅਤੇ ਧਰਤੀ ਬਣਾਈ ਗਈ ਹੈ।

ਤਾਂ ਫਿਰ ਤੁਹਾਨੂੰ ਸ੍ਰਿਸ਼ਟੀ ਵਿਚ ਕੀ ਦੇਖਣ ਨੂੰ ਮਿਲਿਆ?

ਧਰਤੀ ਉੱਤੇ ਰਹਿਣ ਵਾਲੇ ਤਕਰੀਬਨ ਹਰ ਜੀਵ-ਜੰਤੂ ਨੂੰ ਜੀਉਣ ਲਈ ਸੂਰਜ ਦੀ ਊਰਜਾ ਚਾਹੀਦੀ ਹੈ। ਸੂਰਜ ਦੀ ਊਰਜਾ ਯਾਨੀ ਰੇਡੀਏਸ਼ਨ ਅਲੱਗ-ਅਲੱਗ ਵੇਵਲੈਂਥਸ ਵਿਚ ਧਰਤੀ ਤਕ ਪਹੁੰਚਦੀ ਹੈ। ਇਸ ਦੀ ਸਭ ਤੋਂ ਛੋਟੀ ਵੇਵਲੈਂਥ ਖ਼ਤਰਨਾਕ ਗਾਮਾ ਕਿਰਨਾਂ ਹਨ। ਇਸ ਤੋਂ ਬਾਅਦ ਐਕਸ-ਰੇ, ਅਲਟ੍ਰਾ ਵਾਇਲੈੱਟ, ਰੌਸ਼ਨੀ, ਇਨਫ੍ਰਾਰੈੱਡ, ਮਾਈਕ੍ਰੋਵੇਵ ਅਤੇ ਸਭ ਤੋਂ ਲੰਮੀਆਂ ਵੇਵਲੈਂਥਾਂ ਰੇਡੀਓ ਤਰੰਗਾਂ ਹਨ। ਹੈਰਾਨੀ ਦੀ ਗੱਲ ਹੈ ਕਿ ਸਾਡਾ ਵਾਯੂਮੰਡਲ ਜ਼ਿਆਦਾਤਰ ਨੁਕਸਾਨਦੇਹ ਰੇਡੀਏਸ਼ਨ ਨੂੰ ਰੋਕ ਕੇ ਲੋੜੀਂਦੀ ਰੇਡੀਏਸ਼ਨ ਨੂੰ ਧਰਤੀ ਤਕ ਆਉਣ ਦਿੰਦਾ ਹੈ।

ਇਸ ਗੱਲ ਨੇ ਤੁਹਾਨੂੰ ਪ੍ਰਭਾਵਿਤ ਕਿਉਂ ਕੀਤਾ?

ਬਾਈਬਲ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਅਤੇ ਰੌਸ਼ਨੀ ਦੇ ਜ਼ਿਕਰ ਬਾਰੇ ਪੜ੍ਹ ਕੇ ਮੇਰੀ ਦਿਲਚਸਪੀ ਜਾਗੀ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ।” * ਜਿੰਨੀ ਵੀ ਊਰਜਾ ਸੂਰਜ ਤੋਂ ਧਰਤੀ ਤਕ ਪਹੁੰਚਦੀ ਹੈ, ਅਸੀਂ ਉਸ ਦਾ ਸਿਰਫ਼ ਛੋਟਾ ਜਿਹਾ ਅੰਸ਼ ਦੇਖ ਸਕਦੇ ਹਾਂ, ਪਰ ਇਹ ਰੌਸ਼ਨੀ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਪੇੜ-ਪੌਦੇ ਇਹ ਰੌਸ਼ਨੀ ਲੈ ਕੇ ਭੋਜਨ ਬਣਾਉਂਦੇ ਹਨ ਅਤੇ ਦੇਖਣ ਲਈ ਸਾਨੂੰ ਰੌਸ਼ਨੀ ਦੀ ਲੋੜ ਪੈਂਦੀ ਹੈ। ਇਹ ਇਤਫ਼ਾਕ ਦੀ ਗੱਲ ਨਹੀਂ ਕਿ ਰੌਸ਼ਨੀ ਸਾਡੇ ਵਾਯੂਮੰਡਲ ਨੂੰ ਪਾਰ ਕਰਦੀ ਹੈ। ਇਸ ਤੋਂ ਵੀ ਚੌਂਕਾ ਦੇਣ ਵਾਲੀ ਗੱਲ ਇਹ ਹੈ ਕਿ ਭਾਵੇਂ ਵਾਯੂਮੰਡਲ ਖ਼ਤਰਨਾਕ ਤਰੰਗਾਂ ਨੂੰ ਰੋਕ ਦਿੰਦਾ ਹੈ, ਪਰ ਅਲਟ੍ਰਾ ਵਾਇਲੈੱਟ ਕਿਰਨਾਂ ਦਾ ਛੋਟਾ ਜਿਹਾ ਅੰਸ਼ ਧਰਤੀ ’ਤੇ ਪਹੁੰਚਦਾ ਹੈ।

ਇਸ ਵਿਚ ਕਮਾਲ ਦੀ ਕਿਹੜੀ ਗੱਲ ਹੈ?

ਕੁਝ ਅਲਟ੍ਰਾ ਵਾਇਲੈੱਟ ਕਿਰਨਾਂ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ। ਪਰ ਸਾਨੂੰ ਇਨ੍ਹਾਂ ਕਿਰਨਾਂ ਦਾ ਥੋੜ੍ਹਾ ਜਿਹਾ ਹਿੱਸਾ ਚਾਹੀਦਾ ਹੈ ਤਾਂਕਿ ਜਦ ਇਹ ਸਾਡੀ ਚਮੜੀ ’ਤੇ ਪਵੇ, ਤਾਂ ਸਾਡੇ ਸਰੀਰ ਵਿਚ ਵਿਟਾਮਿਨ ਡੀ ਪੈਦਾ ਹੋ ਸਕੇ। ਵਿਟਾਮਿਨ ਡੀ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਕਿਹਾ ਜਾਂਦਾ ਹੈ ਕਿ ਇਹ ਕੈਂਸਰ ਅਤੇ ਹੋਰ ਬੀਮਾਰੀਆਂ ਤੋਂ ਵੀ ਸਾਡਾ ਬਚਾਅ ਕਰਦਾ ਹੈ। ਪਰ ਇਸ ਦੀ ਜ਼ਿਆਦਾ ਰੇਡੀਏਸ਼ਨ ਨਾਲ ਸਾਨੂੰ ਚਮੜੀ ਦਾ ਕੈਂਸਰ ਅਤੇ ਮੋਤੀਆਬਿੰਦ ਦੀ ਬੀਮਾਰੀ ਹੋ ਸਕਦੀ ਹੈ। ਜਿਨ੍ਹਾਂ ਥਾਵਾਂ ’ਤੇ ਪ੍ਰਦੂਸ਼ਣ ਕਰਕੇ ਵਾਯੂਮੰਡਲ ਦਾ ਨੁਕਸਾਨ ਨਹੀਂ ਹੋਇਆ, ਉੱਥੇ ਸਿਰਫ਼ ਥੋੜ੍ਹੀ ਜਿਹੀ ਮਾਤਰਾ ਵਿਚ ਅਲਟ੍ਰਾ ਵਾਇਲੈੱਟ ਕਿਰਨਾਂ ਧਰਤੀ ਤਕ ਪਹੁੰਚਦੀਆਂ ਹਨ। ਰੇਡੀਏਸ਼ਨ ਦੀ ਇਹ ਮਾਤਰਾ ਸਾਡੇ ਜੀਉਣ ਲਈ ਬਿਲਕੁਲ ਸਹੀ ਹੈ। ਇਸ ਤੋਂ ਮੈਨੂੰ ਠੋਸ ਸਬੂਤ ਮਿਲ ਗਿਆ ਕਿ ਕਿਸੇ ਨੇ ਧਰਤੀ ਨੂੰ ਇਸ ਲਈ ਬਣਾਇਆ ਤਾਂਕਿ ਇਹ ਜੀਵਨ ਨੂੰ ਬਰਕਰਾਰ ਰੱਖੇ।

ਹੌਲੀ-ਹੌਲੀ ਮੈਨੂੰ ਤੇ ਖ਼ੁਆਬੀ ਨੂੰ ਯਕੀਨ ਹੋ ਗਿਆ ਕਿ ਇਕ ਸਿਰਜਣਹਾਰ ਹੈ ਜਿਸ ਨੇ ਬਾਈਬਲ ਲਿਖਵਾਈ ਹੈ। ਸਾਲ 2005 ਵਿਚ ਅਸੀਂ ਯਹੋਵਾਹ ਦੇ ਗਵਾਹ ਬਣ ਗਏ ਅਤੇ ਹੁਣ ਅਸੀਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਂਦੇ ਹਾਂ। ▪ (g14 07-E)