Skip to content

Skip to table of contents

ਦੂਸਰਿਆਂ ਵੱਲੋਂ ਦਬਾਅ—ਕੀ ਇਹ ਸੱਚ-ਮੁੱਚ ਸਾਡੇ ਉੱਤੇ ਪ੍ਰਭਾਵ ਪਾ ਸਕਦਾ ਹੈ?

ਦੂਸਰਿਆਂ ਵੱਲੋਂ ਦਬਾਅ—ਕੀ ਇਹ ਸੱਚ-ਮੁੱਚ ਸਾਡੇ ਉੱਤੇ ਪ੍ਰਭਾਵ ਪਾ ਸਕਦਾ ਹੈ?

ਨੌਜਵਾਨ ਪੁੱਛਦੇ ਹਨ . . .

ਦੂਸਰਿਆਂ ਵੱਲੋਂ ਦਬਾਅ​—ਕੀ ਇਹ ਸੱਚ-ਮੁੱਚ ਸਾਡੇ ਉੱਤੇ ਪ੍ਰਭਾਵ ਪਾ ਸਕਦਾ ਹੈ?

“ਮੇਰੇ ਖ਼ਿਆਲ ਵਿਚ ਮੇਰੇ ਹਾਣੀ ਮੇਰੇ ਉੱਤੇ ਕੋਈ ਦਬਾਅ ਨਹੀਂ ਪਾਉਂਦੇ।”​—ਪੈਮਲਾ, 12 ਸਾਲਾਂ ਦੀ ਵਿਦਿਆਰਥਣ।

“ਮੇਰੇ ਖ਼ਿਆਲ ਵਿਚ ਮੇਰੇ ਉੱਤੇ ਦੂਸਰਿਆਂ ਤੋਂ ਪਹਿਲਾਂ ਜਿੰਨਾ ਦਬਾਅ ਨਹੀਂ ਪੈਂਦਾ। ਮੇਰੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਮੈਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।”​—ਰੌਬੀ, 20 ਸਾਲਾਂ ਦਾ ਮੁੰਡਾ।

ਕੀਤੁਸੀਂ ਇਨ੍ਹਾਂ ਦੋ ਨੌਜਵਾਨਾਂ ਵਾਂਗ ਕਦੀ ਮਹਿਸੂਸ ਕੀਤਾ ਹੈ? ਤੁਸੀਂ ਸ਼ਾਇਦ ਬਾਈਬਲ ਵਿਚ ਇਹ ਗੱਲ ਪੜ੍ਹੀ ਹੋਵੇ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਪਰ ਤੁਸੀਂ ਸ਼ਾਇਦ ਸੋਚਦੇ ਹੋ ਕਿ ‘ਭਾਵੇਂ ਮੇਰੇ ਮਾਪੇ ਅਤੇ ਦੂਸਰੇ ਭੈਣ-ਭਰਾ ਕਹਿੰਦੇ ਹਨ ਕਿ ਹਾਣੀਆਂ ਦਾ ਦਬਾਅ ਖ਼ਤਰਨਾਕ ਹੋ ਸਕਦਾ ਹੈ, ਪਰ ਕੀ ਉਨ੍ਹਾਂ ਨੇ ਇਹ ਗੱਲ ਵਧਾਈ-ਚੜ੍ਹਾਈ ਤਾਂ ਨਹੀਂ?’

ਜੇ ਤੁਸੀਂ ਕਦੀ-ਕਦੀ ਇਸ ਤਰ੍ਹਾਂ ਸੋਚਦੇ ਹੋ, ਤਾਂ ਹੌਸਲਾ ਰੱਖੋ ਕਿਉਂਕਿ ਕਾਫ਼ੀ ਨੌਜਵਾਨ ਤੁਹਾਡੇ ਵਾਂਗ ਮਹਿਸੂਸ ਕਰਦੇ ਹਨ। ਲੇਕਿਨ ਇਸ ਸਵਾਲ ਵੱਲ ਜ਼ਰਾ ਧਿਆਨ ਦਿਓ। ਕੀ ਇਹ ਹੋ ਸਕਦਾ ਹੈ ਕਿ ਦੂਸਰਿਆਂ ਵੱਲੋਂ ਦਬਾਅ ਸਾਡੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਹੁੰਦਾ ਹੈ? ਕਾਫ਼ੀ ਨੌਜਵਾਨ ਇਹ ਦੇਖ ਕੇ ਹੈਰਾਨ ਹੋਏ ਹਨ ਕਿ ਹਾਣੀਆਂ ਵੱਲੋਂ ਦਬਾਅ ਕਿੰਨਾ ਸਖ਼ਤ ਹੋ ਸਕਦਾ ਹੈ। ਉਦਾਹਰਣ ਲਈ, ਐਂਜੀ ਨੇ ਕਬੂਲ ਕੀਤਾ ਕਿ ਉਹ ਸਮਾਜ ਦੇ ਲੋਕਾਂ ਨਾਲ ਰਲਣ-ਮਿਲਣ ਦੀ ਕੁਝ ਜ਼ਿਆਦਾ ਹੀ ਕੋਸ਼ਿਸ਼ ਕਰ ਰਹੀ ਸੀ। ਉਹ ਕਹਿੰਦੀ ਹੈ: “ਸਮਾਜ ਤੋਂ ਦਬਾਅ ਕਦੀ-ਕਦੀ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਦਬਾਅ ਹੈ। ਤੁਸੀਂ ਮੰਨਣ ਲੱਗ ਪੈਂਦੇ ਹੋ ਕਿ ਤੁਹਾਡੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।”

ਇਸੇ ਤਰ੍ਹਾਂ ਪਹਿਲਾਂ ਜ਼ਿਕਰ ਕੀਤੇ ਗਏ ਰੌਬੀ ਨੇ ਕਿਹਾ ਕਿ ਮੈਂ ਆਪਣੇ ਸੋਚਾਂ-ਵਿਚਾਰਾਂ ਕਰਕੇ ਸਭ ਤੋਂ ਜ਼ਿਆਦਾ ਪਰੇਸ਼ਾਨ ਹੁੰਦਾ ਹਾਂ। ਪਰ, ਉਹ ਮੰਨਦਾ ਹੈ ਕਿ ਸ਼ਹਿਰ ਲਾਗੇ ਰਹਿਣਾ ਔਖਾ ਹੈ। ਕਿਉਂ? ਕਿਉਂਕਿ ਅਜਿਹੇ ਮਾਹੌਲ ਵਿਚ ਰਹਿਣਾ ਜਿੱਥੇ ਲੋਕ ਧਨ-ਦੌਲਤ ਦੇ ਪਿੱਛੇ ਪਏ ਹੋਏ ਹਨ ਸੌਖਾ ਨਹੀਂ ਹੈ। ਰੌਬੀ ਕਹਿੰਦਾ ਹੈ: “ਇੱਥੇ ਲੋਕ ਅਮੀਰੀ ਅਤੇ ਧਨ-ਦੌਲਤ ਹਾਸਲ ਕਰਨ ਨੂੰ ਸਭ ਕੁਝ ਸਮਝਦੇ ਹਨ।” ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਦੂਸਰਿਆਂ ਦੇ ਦਬਾਅ ਦਾ ਕਿੰਨਾ ਅਸਰ ਹੋ ਸਕਦਾ ਹੈ। ਪਰ ਕਈ ਨੌਜਵਾਨ ਕਿਉਂ ਸੋਚਦੇ ਹਨ ਕਿ ਉਨ੍ਹਾਂ ਉੱਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ?

ਹੌਲੀ-ਹੌਲੀ ਪੈਣ ਵਾਲਾ ਡੂੰਘਾ ਅਸਰ

ਦੂਸਰਿਆਂ ਵੱਲੋਂ ਦਬਾਅ ਸ਼ਾਇਦ ਸਾਡੇ ਉੱਤੇ ਇੰਨਾ ਹੌਲੀ-ਹੌਲੀ ਅਸਰ ਪਾਵੇ ਕਿ ਸਾਨੂੰ ਇਸ ਦਾ ਪਤਾ ਵੀ ਨਾ ਲੱਗੇ। ਉਦਾਹਰਣ ਲਈ, ਜੇਕਰ ਅਸੀਂ ਸਮੁੰਦਰ ਦੇ ਕਿਨਾਰੇ ਖੜ੍ਹੇ ਹੋਈਏ ਤਾਂ ਹਵਾ ਦਾ ਸਾਡੇ ਉੱਤੇ 1 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਪ੍ਰੈਸ਼ਰ ਪੈਂਦਾ ਹੈ। * ਹਰ ਰੋਜ਼ ਅਜਿਹੀ ਹਵਾ ਮਹਿਸੂਸ ਕਰਨ ਕਰਕੇ ਤੁਹਾਨੂੰ ਸ਼ਾਇਦ ਇਸ ਦਾ ਦਬਾਅ ਮਾਲੂਮ ਨਾ ਹੋਵੇ। ਕਿਉਂ? ਕਿਉਂਕਿ ਤੁਸੀਂ ਇਸ ਦੇ ਆਦੀ ਹੋ ਗਏ ਹੋ।

ਇਹ ਗੱਲ ਸੱਚ ਹੈ ਕਿ ਹਵਾ ਦਾ ਦਬਾਅ ਸਾਡੇ ਲਈ ਖ਼ਤਰਨਾਕ ਨਹੀਂ ਹੈ। ਪਰ ਜਦੋਂ ਲੋਕ ਸਾਡੇ ਉੱਤੇ ਮੱਲੋ-ਮੱਲੀ ਦਬਾਅ ਪਾਉਂਦੇ ਹਨ, ਤਾਂ ਅਸੀਂ ਹੌਲੀ-ਹੌਲੀ ਬਦਲਣ ਲੱਗ ਸਕਦੇ ਹਾਂ। ਪੌਲੁਸ ਰਸੂਲ ਅਜਿਹੇ ਦਬਾਅ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਰੋਮ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ।” (ਰੋਮੀਆਂ 12:2) ਪਰ ਦੁਨੀਆਂ ਸਾਡੇ ਉੱਤੇ ਕਿੱਦਾਂ ਜ਼ੋਰ ਪਾ ਕੇ ਸਾਨੂੰ ਬਦਲ ਸਕਦੀ ਹੈ?

ਦੂਸਰਿਆਂ ਵੱਲੋਂ ਦਬਾਅ ਸਾਡੇ ਤੇ ਕਿਹੋ ਜਿਹਾ ਅਸਰ ਪਾਉਂਦਾ ਹੈ

ਕੀ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਲੋਕ ਤੁਹਾਨੂੰ ਪਸੰਦ ਕਰਨ? ਇਹ ਸਾਡੇ ਵਿਚ ਇਕ ਕੁਦਰਤੀ ਇੱਛਾ ਹੈ। ਲੇਕਿਨ ਅਜਿਹੀ ਕੁਦਰਤੀ ਇੱਛਾ ਕਾਰਨ ਸਾਡਾ ਫ਼ਾਇਦਾ ਵੀ ਹੋ ਸਕਦਾ ਹੈ ਅਤੇ ਨੁਕਸਾਨ ਵੀ। ਅਸੀਂ ਦੂਸਰਿਆਂ ਦੀ ਮਨਜ਼ੂਰੀ ਪਾਉਣ ਲਈ ਕਿਸ ਹੱਦ ਤਕ ਜਾਣ ਲਈ ਤਿਆਰ ਹਾਂ? ਭਾਵੇਂ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਖ਼ੁਦ ਬੁਰੇ ਦਬਾਅ ਹੇਠ ਨਹੀਂ ਆਵਾਂਗੇ, ਪਰ ਆਲੇ-ਦੁਆਲੇ ਦੇ ਲੋਕਾਂ ਬਾਰੇ ਕੀ? ਕੀ ਉਹ ਅਜਿਹੇ ਦਬਾਅ ਦਾ ਸਾਮ੍ਹਣਾ ਕਰ ਰਹੇ ਹਨ ਜਾਂ ਕੀ ਉਹ ਇਸ ਨੂੰ ਆਪਣੇ ਤੇ ਅਸਰ ਕਰਨ ਦਿੰਦੇ ਹਨ?

ਮਿਸਾਲ ਲਈ, ਅੱਜ-ਕੱਲ੍ਹ ਲੋਕ ਮੰਨਦੇ ਹਨ ਕਿ ਬਾਈਬਲ ਦੇ ਨੈਤਿਕ ਮਿਆਰ ਸਾਡੇ ਜ਼ਮਾਨੇ ਲਈ ਬਹੁਤ ਪੁਰਾਣੇ ਹਨ। ਦੂਜੇ ਲੋਕ ਮੰਨਦੇ ਹਨ ਕਿ ਸਾਨੂੰ ਉਸ ਤਰ੍ਹਾਂ ਪਰਮੇਸ਼ੁਰ ਦੀ ਉਪਾਸਨਾ ਕਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਉਸ ਨੇ ਆਪਣੇ ਬਚਨ ਵਿਚ ਦੱਸਿਆ ਹੈ। (ਯੂਹੰਨਾ 4:24) ਉਹ ਇਸ ਤਰ੍ਹਾਂ ਕਿਉਂ ਸੋਚਦੇ ਹਨ? ਹੋ ਸਕਦਾ ਹੈ ਕਿ ਉਹ ਦੂਸਰਿਆਂ ਦੇ ਦਬਾਅ ਹੇਠਾਂ ਆ ਗਏ ਹਨ। ਅਫ਼ਸੀਆਂ 2:2 ਵਿਚ ਪੌਲੁਸ ਰਸੂਲ ਨੇ ਇਸ ਦੁਨੀਆਂ ਦੀ “ਰੂਹ” ਜਾਂ ਰਵੱਈਏ ਬਾਰੇ ਗੱਲ ਕੀਤੀ ਸੀ। ਇਹ “ਰੂਹ” ਲੋਕਾਂ ਤੇ ਦਬਾਅ ਪਾਉਂਦੀ ਹੈ ਕਿ ਉਹ ਪਰਮੇਸ਼ੁਰ ਤੋਂ ਦੂਰ ਹੋਈ ਇਸ ਦੁਨੀਆਂ ਦੇ ਵਿਚਾਰਾਂ ਨੂੰ ਅਪਣਾਉਣ। ਸਾਡੇ ਉੱਤੇ ਇਸ ਦਾ ਅਸਰ ਕਿਵੇਂ ਪੈ ਸਕਦਾ ਹੈ?

ਸਾਨੂੰ ਰੋਜ਼ ਦੇ ਕੰਮਾਂ-ਕਾਰਾਂ ਵਿਚ ਯਾਨੀ ਸਕੂਲੇ, ਕਾਲਜ ਵਿਚ, ਕੰਮ ਤੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਅਜਿਹੇ ਲੋਕਾਂ ਨਾਲ ਮੇਲ-ਜੋਲ ਰੱਖਣਾ ਪੈਂਦਾ ਹੈ ਜੋ ਮਸੀਹੀ ਕਦਰਾਂ-ਕੀਮਤਾਂ ਤੇ ਨਹੀਂ ਚੱਲਦੇ। ਮਿਸਾਲ ਲਈ, ਸਕੂਲ ਵਿਚ ਕਾਫ਼ੀ ਨੌਜਵਾਨ ਇਹੀ ਚਾਹੁੰਦੇ ਹਨ ਕਿ ਦੂਸਰੇ ਬੱਚੇ ਉਨ੍ਹਾਂ ਨੂੰ ਪਸੰਦ ਕਰਨ ਅਤੇ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਜੀ ਹਾਂ, ਉਹ ਅਨੈਤਿਕ ਕੰਮਾਂ ਵਿਚ ਹਿੱਸਾ ਲੈਣ, ਨਸ਼ੇ ਕਰਨ ਅਤੇ ਸ਼ਰਾਬ ਪੀਣ ਲਈ ਵੀ ਰਾਜ਼ੀ ਹੋ ਜਾਂਦੇ ਹਨ। ਜੇ ਅਸੀਂ ਅਜਿਹੇ ਲੋਕਾਂ ਨਾਲ ਦੋਸਤੀ ਕਰਾਂਗੇ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਜਾਂ ਇਨ੍ਹਾਂ ਕੰਮਾਂ ਨੂੰ ਚੰਗਾ ਸਮਝਦੇ ਹਨ, ਤਾਂ ਸਾਡੇ ਉੱਤੇ ਇਸ ਦਾ ਕਿਹੋ ਜਿਹਾ ਅਸਰ ਪਵੇਗਾ? ਹੋ ਸਕਦਾ ਹੈ ਕਿ ਅਸੀਂ ਵੀ ਹੌਲੀ-ਹੌਲੀ ਉਨ੍ਹਾਂ ਵਰਗਾ ਰਵੱਈਆ ਅਪਣਾ ਬੈਠੀਏ। ਦੁਨੀਆਂ ਦੀ “ਰੂਹ” ਜਾਂ “ਹਵਾ” ਸਾਡੇ ਉੱਤੇ ਇੰਨਾ ਜ਼ੋਰਦਾਰ ਦਬਾਅ ਪਾਵੇਗੀ ਕਿ ਉਹ ਸਾਨੂੰ ਆਪਣੇ ਵਰਗਾ ਬਣਾ ਕੇ ਛੱਡੇਗੀ।

ਦਿਲਚਸਪੀ ਦੀ ਗੱਲ ਹੈ ਕਿ ਸਾਇੰਸਦਾਨਾਂ ਨੇ ਅਜਿਹੇ ਟੈੱਸਟ ਕੀਤੇ ਹਨ ਜੋ ਬਾਈਬਲ ਦੇ ਸਿਧਾਂਤਾਂ ਨੂੰ ਸੱਚ ਸਾਬਤ ਕਰਦੇ ਹਨ। ਮਿਸਾਲ ਲਈ, ਉਸ ਟੈੱਸਟ ਵੱਲ ਧਿਆਨ ਦਿਓ ਜੋ ਡਾਕਟਰ ਐੱਸ਼ ਨੇ ਕੀਤਾ ਸੀ। ਪਹਿਲਾਂ, ਇਕ ਵਿਅਕਤੀ ਨੂੰ ਇਕ ਗਰੁੱਪ ਵਿਚ ਬੈਠਣ ਲਈ ਬੁਲਾਇਆ ਜਾਂਦਾ ਹੈ। ਫਿਰ ਡਾਕਟਰ ਐੱਸ਼ ਉਨ੍ਹਾਂ ਸਾਰਿਆਂ ਨੂੰ ਇਕ ਕਾਰਡ ਦਿਖਾਉਂਦਾ ਹੈ ਜਿਸ ਉੱਤੇ ਇਕ ਸਿੱਧੀ ਲਕੀਰ ਵਾਹੀ ਹੁੰਦੀ ਹੈ। ਇਸ ਤੋਂ ਬਾਅਦ ਉਹ ਇਕ ਹੋਰ ਕਾਰਡ ਦਿਖਾਉਂਦਾ ਹੈ ਜਿਸ ਉੱਤੇ ਵੱਖ-ਵੱਖ ਲੰਬਾਈ ਦੀਆਂ ਤਿੰਨ ਲਕੀਰਾਂ ਵਾਹੀਆਂ ਹੁੰਦੀਆਂ ਹਨ। ਫਿਰ ਉਹ ਸਾਰਿਆਂ ਨੂੰ ਪੁੱਛਦਾ ਹੈ ਕਿ ਉਨ੍ਹਾਂ ਤਿੰਨਾਂ ਲਕੀਰਾਂ ਵਿੱਚੋਂ ਕਿਹੜੀ ਲਕੀਰ ਪਹਿਲੀ ਲਕੀਰ ਜਿੰਨੀ ਲੰਬੀ ਹੈ ਯਾਨੀ ਉਸ ਨਾਲ ਰਲਦੀ-ਮਿਲਦੀ ਹੈ। ਇਸ ਦਾ ਜਵਾਬ ਤਾਂ ਸੌਖਾ ਹੈ। ਪਹਿਲਾਂ-ਪਹਿਲਾਂ ਸਾਰੇ ਜਣੇ ਇਕ-ਦੂਜੇ ਨਾਲ ਸਹਿਮਤ ਹੁੰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਤੀਜੀ ਵਾਰ ਪੁੱਛਿਆ ਜਾਂਦਾ ਹੈ, ਤਾਂ ਉਹ ਸਹਿਮਤ ਨਹੀਂ ਹੁੰਦੇ। ਆਓ ਆਪਾਂ ਦੇਖੀਏ ਕਿਉਂ।

ਪਹਿਲਾਂ ਵਾਂਗ ਇਹ ਦੇਖਣਾ ਸੌਖਾ ਸੀ ਕਿ ਕਿਹੜੀਆਂ ਲਕੀਰਾਂ ਇਕ-ਦੂਜੇ ਨਾਲ ਰਲਦੀਆਂ-ਮਿਲਦੀਆਂ ਸਨ। ਪਰ ਜਿਸ ਵਿਅਕਤੀ ਕੋਲੋਂ ਸਵਾਲ ਪੁੱਛਿਆ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਾਕੀ ਦੇ ਗਰੁੱਪ ਨੂੰ ਗ਼ਲਤ ਜਵਾਬ ਦੇਣ ਲਈ ਪੈਸੇ ਦਿੱਤੇ ਗਏ ਸਨ। ਇਸ ਟੈੱਸਟ ਦਾ ਨਤੀਜਾ ਕੀ ਨਿਕਲਿਆ? ਪਰਖੇ ਗਏ ਵਿਅਕਤੀਆਂ ਵਿੱਚੋਂ ਸਿਰਫ਼ 25 ਫੀ ਸਦੀ ਲੋਕ ਹੀ ਸਹੀ ਜਵਾਬ ਤੇ ਪੱਕੇ ਰਹੇ। ਬਾਕੀ ਸਾਰੇ ਜਣੇ ਘੱਟੋ-ਘੱਟ ਇਕ ਵਾਰ ਗਰੁੱਪ ਨਾਲ ਸਹਿਮਤ ਹੋ ਕੇ ਗ਼ਲਤ ਜਵਾਬ ਦੇਣ ਲਈ ਮਜਬੂਰ ਹੋਏ, ਭਾਵੇਂ ਕਿ ਉਹ ਸਬੂਤ ਆਪਣੀ ਅੱਖੀਂ ਦੇਖ ਸਕਦੇ ਸਨ।

ਇਸ ਟੈੱਸਟ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਲੋਕ ਦੂਸਰਿਆਂ ਦੀ ਮਨਜ਼ੂਰੀ ਪਾਉਣ ਲਈ ਸੱਚਾਈ ਤੋਂ ਵੀ ਮੂੰਹ ਫੇਰ ਲੈਂਦੇ ਹਨ। ਕਈ ਨੌਜਵਾਨਾਂ ਨੇ ਖ਼ੁਦ ਅਜਿਹਾ ਦਬਾਅ ਮਹਿਸੂਸ ਕੀਤਾ ਹੈ। ਡੈਨੀਅਲ, ਇਕ 16 ਸਾਲਾਂ ਦਾ ਲੜਕਾ, ਦੱਸਦਾ ਹੈ: “ਦੂਸਰਿਆਂ ਵੱਲੋਂ ਦਬਾਅ ਤੁਹਾਨੂੰ ਬਦਲਣ ਲਈ ਮਜਬੂਰ ਕਰ ਸਕਦਾ ਹੈ ਅਤੇ ਜਿੰਨੇ ਜ਼ਿਆਦਾ ਲੋਕ ਹੁੰਦੇ ਹਨ ਉੱਨਾ ਜ਼ਿਆਦਾ ਦਬਾਅ ਦਾ ਅਸਰ ਪੈਂਦਾ ਹੈ। ਤੁਸੀਂ ਇਹ ਵੀ ਸੋਚਣ ਲੱਗ ਸਕਦੇ ਹੋ ਕਿ ਜੋ ਉਹ ਕਰਦੇ ਹਨ ਉਹ ਠੀਕ ਹੀ ਹੈ।”

ਪਹਿਲਾਂ ਜ਼ਿਕਰ ਕੀਤੀ ਗਈ ਐਂਜੀ ਸਕੂਲ ਵਿਚ ਆਉਂਦੇ ਅਜਿਹੇ ਦਬਾਅ ਬਾਰੇ ਦੱਸਦੀ ਹੈ: “ਜਦੋਂ ਮੈਂ ਛੋਟੇ ਸਕੂਲ ਵਿਚ ਹੁੰਦੀ ਸੀ, ਤਾਂ ਬੱਚੇ ਕੱਪੜਿਆਂ ਤੇ ਜ਼ਿਆਦਾ ਧਿਆਨ ਦਿੰਦੇ ਸੀ। ਡਿਜੈਨਦਾਰ ਕੱਪੜੇ ਪਹਿਨਣ ਦਾ ਬੜਾ ਹੀ ਦਬਾਅ ਸੀ। ਅਸੀਂ ਇਕ ਬਲਾਊਜ਼ ਖ਼ਰੀਦਣ ਲਈ 50 ਡਾਲਰ (2,400 ਰੁਪਏ) ਖ਼ਰਚਣੇ ਨਹੀਂ ਚਾਹੁੰਦੇ ਸੀ—ਵੈਸੇ ਹੀ ਇੰਨੇ ਪੈਸੇ ਕਿਹਦੇ ਕੋਲ ਹੁੰਦੇ ਹਨ?” ਐਂਜੀ ਦੱਸਦੀ ਹੈ ਕਿ ਅਸੀਂ ਸ਼ਾਇਦ ਇਸ ਦਬਾਅ ਨੂੰ ਪਛਾਣ ਨਾ ਸਕੀਏ ਜਦੋਂ ਇਸ ਦਾ ਸਾਡੇ ਉੱਤੇ ਅਸਰ ਪੈਂਦਾ ਹੈ। ਪਰ ਕੀ ਗੰਭੀਰ ਗੱਲਾਂ ਵਿਚ ਅਜਿਹਾ ਦਬਾਅ ਸਾਡੇ ਉੱਤੇ ਪੈ ਸਕਦਾ ਹੈ?

ਦੂਸਰਿਆਂ ਵੱਲੋਂ ਦਬਾਅ ਕਿਉਂ ਇੰਨਾ ਖ਼ਤਰਨਾਕ ਹੋ ਸਕਦਾ ਹੈ

ਕਲਪਨਾ ਕਰੋ ਕਿ ਤੁਸੀਂ ਸਮੁੰਦਰ ਵਿਚ ਤੈਰ ਰਹੇ ਹੋ। ਜਿਉਂ-ਜਿਉਂ ਤੁਸੀਂ ਤੈਰਦੇ ਹੋ ਅਤੇ ਸਮੁੰਦਰ ਦੀਆਂ ਲਹਿਰਾਂ ਨਾਲ ਟਕਰਾਉਂਦੇ ਹੋ, ਤਿਉਂ-ਤਿਉਂ ਤੁਹਾਨੂੰ ਹੋਰਨਾਂ ਜ਼ਬਰਦਸਤ ਤਾਕਤਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ। ਸਮੁੰਦਰ ਦੀਆਂ ਲਹਿਰਾਂ ਤੁਹਾਨੂੰ ਸਮੁੰਦਰ ਦੇ ਕਿਨਾਰੇ ਵੱਲ ਧੱਕ ਰਹੀਆਂ ਹਨ ਅਤੇ ਪਾਣੀ ਦਾ ਹੇਠਲਾ ਕਰੰਟ ਵੀ ਤੁਹਾਨੂੰ ਖਿੱਚ ਰਿਹਾ ਹੈ। ਹੌਲੀ-ਹੌਲੀ ਇਹ ਕਰੰਟ ਤੁਹਾਨੂੰ ਇਕ ਪਾਸੇ ਨੂੰ ਲੈ ਜਾ ਰਿਹਾ ਹੈ। ਜਦੋਂ ਤੁਸੀਂ ਕਿਨਾਰੇ ਵੱਲ ਨਿਗਾਹ ਮਾਰਦੇ ਹੋ, ਤਾਂ ਤੁਹਾਨੂੰ ਤੁਹਾਡਾ ਪਰਿਵਾਰ ਜਾਂ ਦੋਸਤ-ਮਿੱਤਰ ਨਹੀਂ ਦਿਖਾਈ ਦਿੰਦੇ। ਤੁਹਾਨੂੰ ਪਤਾ ਵੀ ਨਹੀਂ ਲੱਗਾ ਕਿ ਕਰੰਟ ਨੇ ਤੁਹਾਨੂੰ ਕਿੰਨਾ ਦੂਰ ਪਹੁੰਚਾ ਦਿੱਤਾ! ਇਸ ਤਰ੍ਹਾਂ, ਜਿਉਂ-ਜਿਉਂ ਅਸੀਂ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੁੰਦੇ ਹਾਂ, ਤਾਂ ਸਾਡੇ ਵਿਚਾਰਾਂ ਅਤੇ ਜਜ਼ਬਾਤਾਂ ਉੱਤੇ ਲਗਾਤਾਰ ਪ੍ਰਭਾਵ ਪੈਂਦਾ ਰਹਿੰਦਾ ਹੈ। ਸਾਨੂੰ ਪਤਾ ਵੀ ਨਹੀਂ ਲੱਗਦਾ ਕਦ ਇਹ ਪ੍ਰਭਾਵ ਸਾਨੂੰ ਉਨ੍ਹਾਂ ਮਿਆਰਾਂ ਤੋਂ ਦੂਰ ਖਿੱਚ ਲੈ ਜਾਂਦਾ ਹੈ ਜਿਨ੍ਹਾਂ ਉੱਤੇ ਚੱਲਣ ਦਾ ਅਸੀਂ ਪੱਕਾ ਇਰਾਦਾ ਕੀਤਾ ਸੀ।

ਰਸੂਲ ਪਤਰਸ ਦੀ ਉਦਾਹਰਣ ਵੱਲ ਧਿਆਨ ਦਿਓ ਜੋ ਕਿ ਇਕ ਨਿਡਰ ਬੰਦਾ ਸੀ। ਜਿਸ ਰਾਤ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪਤਰਸ ਨੇ ਨਿਡਰ ਹੋ ਕੇ ਇਕ ਵਿਰੋਧੀ ਭੀੜ ਦੇ ਸਾਮ੍ਹਣੇ ਆਪਣੀ ਤਲਵਾਰ ਚਲਾਈ। (ਮਰਕੁਸ 14:43-47; ਯੂਹੰਨਾ 18:10) ਪਰ ਕੁਝ ਸਾਲ ਬਾਅਦ ਯਹੂਦੀ ਲੋਕਾਂ ਦੇ ਦਬਾਅ ਹੇਠਾਂ ਆ ਕੇ ਪਤਰਸ ਨੇ ਗ਼ੈਰ-ਯਹੂਦੀ ਮਸੀਹੀਆਂ ਤੋਂ ਦੂਰ ਹੋ ਕੇ ਖੁੱਲ੍ਹੇ-ਆਮ ਪੱਖਪਾਤ ਕੀਤਾ। ਯਿਸੂ ਮਸੀਹ ਨੇ ਉਸ ਨੂੰ ਦਰਸ਼ਣ ਵਿਚ ਕਿਹਾ ਸੀ ਕਿ ਉਸ ਨੂੰ ਗ਼ੈਰ-ਯਹੂਦੀਆਂ ਨੂੰ ਅਸ਼ੁੱਧ ਨਹੀਂ ਸਮਝਣਾ ਚਾਹੀਦਾ। (ਰਸੂਲਾਂ ਦੇ ਕਰਤੱਬ 10:10-15, 28, 29) ਇਵੇਂ ਲੱਗਦਾ ਹੈ ਕਿ ਪਤਰਸ ਵਿਰੋਧੀਆਂ ਦੀ ਤਲਵਾਰ ਦਾ ਸਾਮ੍ਹਣਾ ਕਰ ਸਕਦਾ ਸੀ ਪਰ ਇਨਸਾਨਾਂ ਦੀਆਂ ਨਜ਼ਰਾਂ ਵਿਚ ਉਹ ਡਿੱਗਣਾ ਨਹੀਂ ਚਾਹੁੰਦਾ ਸੀ! (ਗਲਾਤੀਆਂ 2:11, 12) ਜੀ ਹਾਂ, ਦੂਸਰਿਆਂ ਵੱਲੋਂ ਦਬਾਅ ਖ਼ਤਰਨਾਕ ਹੋ ਸਕਦਾ ਹੈ।

ਦੂਸਰਿਆਂ ਵੱਲੋਂ ਦਬਾਅ ਦੀ ਤਾਕਤ ਸਮਝੋ

ਅਸੀਂ ਪਤਰਸ ਦੀ ਉਦਾਹਰਣ ਤੋਂ ਇਕ ਖ਼ਾਸ ਸਬਕ ਸਿੱਖ ਸਕਦੇ ਹਾਂ। ਭਾਵੇਂ ਕਿ ਸਾਡੇ ਵਿਚ ਕੁਝ ਗੱਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਰ ਗੱਲ ਦਾ ਸਾਮ੍ਹਣਾ ਕਰ ਸਕਾਂਗੇ। ਜਿਵੇਂ ਪਤਰਸ ਦੀਆਂ ਕਮਜ਼ੋਰੀਆਂ ਸਨ ਤਿਵੇਂ ਸਾਡੀਆਂ ਵੀ ਹਨ। ਸਾਨੂੰ ਸਾਰਿਆਂ ਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਸਚੇਤ ਰਹਿਣ ਦੀ ਲੋੜ ਹੈ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੇਰੀਆਂ ਕਿਹੜੀਆਂ ਕਮਜ਼ੋਰੀਆਂ ਹਨ? ਕੀ ਮੇਰੀ ਇਹ ਇੱਛਾ ਹੈ ਕਿ ਮੈਂ ਜ਼ਿਆਦਾ ਅਮੀਰ ਹੋਵਾਂ? ਕੀ ਮੈਂ ਆਪਣੇ ਆਪ ਉੱਤੇ ਘਮੰਡ ਕਰਦਾ ਹਾਂ? ਉੱਚੀ ਪਦਵੀ ਹਾਸਲ ਕਰਨ, ਦੂਸਰਿਆਂ ਕੋਲੋਂ ਵਡਿਆਈ ਕਰਾਉਣ ਅਤੇ ਉਨ੍ਹਾਂ ਵਿਚ ਮਸ਼ਹੂਰ ਹੋਣ ਲਈ ਮੈਂ ਕਿਸ ਹੱਦ ਤਕ ਜਾਣ ਲਈ ਤਿਆਰ ਹਾਂ?’

ਇਹ ਸੱਚ ਹੈ ਕਿ ਅਸੀਂ ਜਾਣ-ਬੁੱਝ ਕੇ ਉਨ੍ਹਾਂ ਵਿਅਕਤੀਆਂ ਨਾਲ ਸੰਗਤ ਨਹੀਂ ਰੱਖਾਂਗੇ ਜੋ ਨਸ਼ੇ ਜਾਂ ਅਨੈਤਿਕ ਕੰਮ ਕਰਦੇ ਹਨ। ਪਰ ਸਾਡੀਆਂ ਛੋਟੀਆਂ-ਮੋਟੀਆਂ ਕਮਜ਼ੋਰੀਆਂ ਬਾਰੇ ਕੀ? ਜੇਕਰ ਅਸੀਂ ਉਨ੍ਹਾਂ ਵਿਅਕਤੀਆਂ ਨਾਲ ਦੋਸਤੀ ਕਰਾਂਗੇ ਜਿਨ੍ਹਾਂ ਕਾਰਨ ਸਾਡੀਆਂ ਕਮਜ਼ੋਰੀਆਂ ਹੋਰ ਵੀ ਵਧ ਸਕਦੀਆਂ ਹਨ, ਤਾਂ ਅਸੀਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਰਹੇ ਹਾਂ—ਸਾਡਾ ਬਹੁਤ ਨੁਕਸਾਨ ਵੀ ਹੋ ਸਕਦਾ ਹੈ।

ਲੇਕਿਨ ਇਕ ਚੰਗੀ ਗੱਲ ਇਹ ਹੈ ਕਿ ਦੂਸਰਿਆਂ ਵੱਲੋਂ ਦਬਾਅ ਦਾ ਹਮੇਸ਼ਾ ਖ਼ਤਰਾ ਨਹੀਂ ਹੁੰਦਾ। ਕੀ ਅਸੀਂ ਅਜਿਹੇ ਦਬਾਅ ਦਾ ਸਾਮ੍ਹਣਾ ਕਰ ਕੇ ਇਸ ਤੋਂ ਫ਼ਾਇਦਾ ਉਠਾ ਸਕਦੇ ਹਾਂ? ਅਸੀਂ ਖ਼ਤਰਨਾਕ ਦਬਾਅ ਤੋਂ ਕਿਵੇਂ ਆਪਣਾ ਬਚਾ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ “ਨੌਜਵਾਨ ਪੁੱਛਦੇ ਹਨ . . .” ਦੇ ਇਕ ਭਵਿੱਖ ਵਿਚ ਛਪਣ ਵਾਲੇ ਅੰਗ੍ਰੇਜ਼ੀ ਲੇਖ ਵਿਚ ਮਿਲਣਗੇ।

[ਫੁਟਨੋਟ]

^ ਪੈਰਾ 9 ਇਸ ਸਾਧਾਰਣ ਜਿਹੇ ਟੈੱਸਟ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਵਾ ਦਾ ਪ੍ਰੈਸ਼ਰ ਕਿਹੋ ਜਿਹਾ ਹੁੰਦਾ ਹੈ। ਜੇ ਤੁਸੀਂ ਉੱਚੀ ਪਹਾੜੀ ਦੇ ਉੱਪਰ ਜਾ ਕੇ ਇਕ ਖਾਲੀ ਪਲਾਸਟਿਕ ਦੀ ਬੋਤਲ ਖੋਲ੍ਹ ਕੇ ਇਸ ਨੂੰ ਹਵਾ ਨਾਲ ਭਰ ਕੇ ਬੰਦ ਕਰੋ, ਤਾਂ ਜਿਉਂ-ਜਿਉਂ ਤੁਸੀਂ ਪਹਾੜੀ ਤੋਂ ਉਤਰੋਗੇ ਉਸ ਬੋਤਲ ਨੂੰ ਕੀ ਹੋਵੇਗਾ? ਉਹ ਸੁੰਗੜ ਜਾਵੇਗੀ। ਕਿਉਂ? ਕਿਉਂਕਿ ਬਾਹਰਲੀ ਹਵਾ ਦਾ ਪ੍ਰੈਸ਼ਰ ਬੋਤਲ ਦੇ ਅੰਦਰਲੀ ਹਵਾ ਦੇ ਪ੍ਰੈਸ਼ਰ ਨਾਲੋਂ ਕਿਤੇ ਜ਼ਿਆਦਾ ਹੈ।

[ਸਫ਼ਾ 14 ਉੱਤੇ ਤਸਵੀਰ]

ਅਜਿਹਾ ਮਾਹੌਲ ਸਾਡੇ ਉੱਤੇ ਵੱਡਾ ਦਬਾਅ ਪਾ ਸਕਦਾ ਹੈ ਜਿੱਥੇ ਲੋਕ ਧਨ-ਦੌਲਤ ਦੇ ਪਿੱਛੇ ਪਏ ਹੋਏ ਹਨ