Skip to content

Skip to table of contents

ਨੌਕਰੀ ਬਾਰੇ ਸਹੀ ਰਵੱਈਆ ਰੱਖਣਾ

ਨੌਕਰੀ ਬਾਰੇ ਸਹੀ ਰਵੱਈਆ ਰੱਖਣਾ

ਨੌਕਰੀ ਬਾਰੇ ਸਹੀ ਰਵੱਈਆ ਰੱਖਣਾ

ਇਕ ਮਿਹਨਤੀ ਫ਼ੌਜੀ ਅਫ਼ਸਰ ਦੁਪਹਿਰ ਦੀ ਰੋਟੀ ਖਾਣ ਦੀ ਬਜਾਇ ਆਪਣੇ ਤੋਂ ਇਕ ਵੱਡੇ ਅਫ਼ਸਰ ਲਈ ਕੋਈ ਜ਼ਰੂਰੀ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਸ ਦੇ ਸਾਥੀ ਰੋਟੀ ਖਾ ਕੇ ਵਾਪਸ ਆਏ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਮੇਜ਼ ਤੇ ਮੂੰਹ ਪਰਨੇ ਪਿਆ ਹੋਇਆ ਦੇਖਿਆ​—ਉਹ ਮਰ ਚੁੱਕਾ ਸੀ।

ਦੋ ਕੁ ਘੰਟਿਆਂ ਬਾਅਦ ਉਸ ਦੇ ਸੰਗੀ ਅਫ਼ਸਰ ਹੈਰਾਨ ਹੋਏ ਜਦੋਂ ਉਨ੍ਹਾਂ ਦੇ ਵੱਡੇ ਅਫ਼ਸਰ ਦਾ ਟੈਲੀਫ਼ੋਨ ਆਇਆ ਅਤੇ ਉਸ ਨੇ ਕਿਹਾ: “ਫਲਾਨੇ-ਫਲਾਨੇ ਅਫ਼ਸਰ ਬਾਰੇ ਸੁਣ ਕੇ ਬੜਾ ਅਫ਼ਸੋਸ ਹੋਇਆ, ਪਰ ਕੱਲ੍ਹ ਸਵੇਰ ਤਕ ਮੈਨੂੰ ਉਸ ਦੀ ਥਾਂ ਤੇ ਇਕ ਹੋਰ ਬੰਦਾ ਚਾਹੀਦਾ ਹੈ!” ਇਸ ਗੱਲ ਨੂੰ ਸੁਣਨ ਵਾਲੇ ਇਹ ਸੋਚਣ ਲੱਗ ਪਏ ਕਿ ਕੀ ਵੱਡੇ ਅਫ਼ਸਰ ਨੂੰ ਸਿਰਫ਼ ਇਸ ਅਫ਼ਸਰ ਦੇ ਕੰਮ ਦੀ ਹੀ ਕਦਰ ਸੀ?

ਇਹ ਅਸਲੀ ਕਹਾਣੀ ਇਸ ਗੱਲ ਦੀ ਸੱਚਾਈ ਪ੍ਰਗਟ ਕਰਦੀ ਹੈ ਕਿ ਇਕ ਵਿਅਕਤੀ ਦੀ ਕਦਰ ਅਕਸਰ ਉੱਨੇ ਹੀ ਚਿਰ ਲਈ ਕੀਤੀ ਜਾਂਦੀ ਹੈ ਜਿੰਨੇ ਚਿਰ ਲਈ ਉਸ ਦਾ ਮਾਲਕ ਉਸ ਨੂੰ ਕਾਬਲ ਸਮਝਦਾ ਹੈ। ਤਾਂ ਫਿਰ ਅਸੀਂ ਸ਼ਾਇਦ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ: ਕੀ ਕੰਮ ਹੀ ਮੇਰੀ ਜ਼ਿੰਦਗੀ ਹੈ, ਜਾਂ ਕੀ ਮੈਂ ਜ਼ਿੰਦਾ ਰਹਿਣ ਲਈ ਕੰਮ ਕਰਦਾ ਹਾਂ? ਆਪਣੀ ਨੌਕਰੀ ਲਈ ਮੈਂ ਆਪਣੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਕੁਰਬਾਨ ਕਰ ਰਿਹਾ ਹਾਂ?

ਚੰਗੇ ਫ਼ੈਸਲੇ ਕਰਨੇ

ਕੁਝ ਲੋਕਾਂ ਦੇ ਵਿਚਾਰ ਵਿਚ ਜ਼ਿੰਦਗੀ ਦੇ ਦੋ ਸਭ ਤੋਂ ਮਹੱਤਵਪੂਰਣ ਫ਼ੈਸਲੇ ਹਨ ਜੀਵਨ ਸਾਥੀ ਚੁਣਨਾ ਅਤੇ ਚੰਗੀ ਨੌਕਰੀ ਦੀ ਚੋਣ ਕਰਨੀ ਅਤੇ ਇਹ ਦੋਵੇਂ ਫ਼ੈਸਲੇ ਅਕਸਰ ਬਿਨਾਂ ਸੋਚੇ ਸਮਝੇ ਕੀਤੇ ਜਾਂਦੇ ਹਨ। ਪਿਛਲਿਆਂ ਸਮਿਆਂ ਵਿਚ ਨੌਕਰੀ ਅਤੇ ਵਿਆਹ-ਬੰਧਨ ਪੱਕੀਆਂ ਚੀਜ਼ਾਂ ਸਮਝੀਆਂ ਜਾਂਦੀਆਂ ਸਨ। ਇਸ ਲਈ ਇਨ੍ਹਾਂ ਦੀ ਚੋਣ ਬੜੀ ਸਾਵਧਾਨੀ ਨਾਲ ਕੀਤੀ ਜਾਂਦੀ ਸੀ। ਅਕਸਰ, ਸਿਆਣਿਆਂ ਜਾਂ ਮਾਪਿਆਂ ਦੀ ਰਾਇ ਲਈ ਜਾਂਦੀ ਸੀ।

ਲੇਕਿਨ ਅੱਜ-ਕੱਲ੍ਹ ਕਈ ਲੋਕ ਜੀਵਨ ਸਾਥੀ ਸਿਰਫ਼ ਚੰਗੀ ਸ਼ਕਲ-ਸੂਰਤ ਦੇਖ ਕੇ ਚੁਣਦੇ ਹਨ ਅਤੇ ਪਹਿਲਾਂ ਹੀ ਸਲਾਹ ਕਰ ਲੈਂਦੇ ਹਨ ਕਿ ਜੇ ਗੱਲ ਨਾ ਬਣੀ ਤਾਂ ਉਹ ਹੋਰ ਸਾਥੀ ਲੱਭ ਲੈਣਗੇ। ਇਸੇ ਤਰ੍ਹਾਂ ਕਈ ਲੋਕ ਨੌਕਰੀ ਦੀ ਚਮਕ-ਦਮਕ ਦੇਖ ਕੇ ਕੰਮ ਸ਼ੁਰੂ ਕਰ ਲੈਂਦੇ ਹਨ ਅਤੇ ਇਹ ਨਹੀਂ ਸੋਚਦੇ ਕਿ ਉਸ ਦੇ ਬੁਰੇ ਅਸਰ ਵੀ ਹੋ ਸਕਦੇ ਹਨ। ਜਾਂ ਉਹ ਨੌਕਰੀ ਦੀਆਂ ਬੁਰੀਆਂ ਗੱਲਾਂ ਨੂੰ ਇਹ ਸੋਚ ਕੇ ਰੱਦ ਕਰ ਦਿੰਦੇ ਹਨ ਕਿ ‘ਮੈਂ ਇਨ੍ਹਾਂ ਬਾਰੇ ਕੁਝ ਕਰ ਲਵਾਂਗਾ।’

ਅਫ਼ਸੋਸ ਦੀ ਗੱਲ ਹੈ ਕਿ ਗ਼ਰੀਬ ਦੇਸ਼ਾਂ ਤੋਂ ਔਰਤਾਂ ਚਮਕ-ਦਮਕ ਵਾਲੀ ਬਿਹਤਰ ਜ਼ਿੰਦਗੀ ਦੀ ਖ਼ਾਹਸ਼ ਵਿਚ ਅਕਸਰ ਭਰਮਾਈਆਂ ਜਾਂਦੀਆਂ ਹਨ। ਉਹ ਇਸ਼ਤਿਹਾਰਾਂ ਦੇ ਮਗਰ ਲੱਗ ਕੇ ਪਰਦੇਸ ਪਹੁੰਚ ਜਾਂਦੀਆਂ ਹਨ। ਪਰ ਉੱਥੇ ਪਹੁੰਚਦਿਆਂ ਹੀ ਅਕਸਰ ਉਨ੍ਹਾਂ ਨੂੰ ਕੋਠਿਆਂ ਤੇ ਬਿਠਾਇਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਵੇਸਵਾ ਦੀ ਜ਼ਿੰਦਗੀ ਜੀਉਣੀ ਪੈਂਦੀ ਹੈ। ਉਨ੍ਹਾਂ ਦਾ ਜੀਵਨ ਉਸ ਨਾਲੋਂ ਵੀ ਘਟੀਆ ਬਣ ਜਾਂਦਾ ਹੈ ਜੋ ਉਹ ਪਿੱਛੇ ਛੱਡ ਆਈਆਂ ਸਨ। ਵਰਲਡ ਪ੍ਰੈੱਸ ਰਿਵਿਊ ਦੇ ਇਕ ਲੇਖ ਅਨੁਸਾਰ ਇਸ ਤਰ੍ਹਾਂ ਦੀ ਘਿਣਾਉਣੀ ਗ਼ੁਲਾਮੀ ਇਕ ਅਜਿਹਾ “ਕਸ਼ਟ ਹੈ ਜੋ ਮਿਟਦਾ ਹੀ ਨਹੀਂ।”

ਪਰ ਕੀ ਲੋਕ ਅਜਿਹਾ ਕੰਮ ਕਰਨ ਲਈ ਭਰਮਾਏ ਜਾ ਸਕਦੇ ਹਨ ਜੋ ਪਹਿਲਾਂ ਤਾਂ ਠੀਕ ਲੱਗਦਾ ਹੋਵੇ ਪਰ ਫਿਰ ਬਾਅਦ ਵਿਚ ਗ਼ੁਲਾਮੀ ਦੀ ਤਰ੍ਹਾਂ ਲੱਗੇ? ਹਾਂ, ਇਸ ਤਰ੍ਹਾਂ ਅਕਸਰ ਹੁੰਦਾ ਹੈ! ਮਿਸਾਲ ਲਈ, ਕੁਝ ਕੰਪਨੀਆਂ ਕਾਮਿਆਂ ਦੇ ਫ਼ਾਇਦੇ ਲਈ ਕਈ ਐਸ਼ੋ-ਆਰਾਮ ਵਾਲੀਆਂ ਚੀਜ਼ਾਂ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਸ਼ਾਇਦ ਪਰਿਵਾਰ ਅਤੇ ਦੋਸਤਾਂ ਨੂੰ ਦਾਅਵਤ ਦੇਣ ਲਈ ਕਮਰੇ ਹੋਣ, ਮੁਫ਼ਤ ਵਿਚ ਆਉਣ-ਜਾਣ ਲਈ ਕਾਰ ਹੋਵੇ, ਕੱਪੜੇ ਧੁਲਵਾਉਣ ਦੀ ਸੇਵਾ ਹੋਵੇ, ਦੰਦਸਾਜ਼ ਦਾ ਪ੍ਰਬੰਧ ਹੋਵੇ, ਮੁਫ਼ਤ ਵਿਚ ਖੇਡ ਅਤੇ ਕਸਰਤ ਘਰ ਦੀ ਵਰਤੋਂ, ਅਤੇ ਕੰਪਨੀ ਵੱਲੋਂ ਮਹਿੰਗਿਆਂ-ਮਹਿੰਗਿਆਂ ਹੋਟਲਾਂ ਵਿਚ ਖਾਣਾ ਹੋਵੇ।

ਰਿਚਰਡ ਰੀਵਜ਼ ਨਾਂ ਦਾ ਇਕ ਪੱਤਰਕਾਰ ਰਿਪੋਰਟ ਕਰਦਾ ਹੈ ਕਿ “ਇਕ ਕੰਪਨੀ ਨੇ ਆਪਣੇ ਮਿਹਨਤੀ ਕਾਮਿਆਂ ਲਈ ਇਕ ਡੇਟਿੰਗ ਏਜੰਸੀ ਦਾ ਵੀ ਖ਼ਰਚਾ ਉਠਾਇਆ ਹੈ।” ਪਰ ਖ਼ਬਰਦਾਰ ਰਹੋ! ਉਹ ਸਮਝਾਉਂਦਾ ਹੈ: “ਅਜਿਹੀਆਂ ਕੰਪਨੀਆਂ ਤੁਹਾਡੀ ਜ਼ਿੰਦਗੀ ਸੌਖੀ ਬਣਾਉਣ ਲਈ ਅਜਿਹੀਆਂ ਸਕੀਮਾਂ ਸਿਰਫ਼ ਇਕ ਸ਼ਰਤ ਤੇ ਸ਼ੁਰੂ ਕਰਦੀਆਂ ਹਨ—ਕਿ ਤੁਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਸੌਂਪੋ; ਕਿ ਤੁਸੀਂ ਹਰ ਦਿਨ 18 ਘੰਟੇ ਕੰਮ ਕਰੋ ਅਤੇ ਕਿ ਤੁਸੀਂ ਸਿਨੱਚਰਵਾਰ-ਐਤਵਾਰ ਨੂੰ ਵੀ ਉਨ੍ਹਾਂ ਦੀ ਕੰਪਨੀ ਦੇ ਫ਼ਾਇਦੇ ਲਈ ਦਫ਼ਤਰ ਵਿਚ ਹੀ ਖਾਓ-ਪੀਓ, ਕਸਰਤ ਕਰੋ, ਖੇਡੋ, ਅਤੇ ਇੱਥੋਂ ਤਕ ਸੌਵੋਂ ਵੀ।”

ਬਿਹਤਰ ਚੋਣ ਕਰਨੀ

ਇਕ ਪ੍ਰਾਚੀਨ ਕਹਾਵਤ ਕਹਿੰਦੀ ਹੈ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 9:4) ਅਜਿਹੀ ਕਹਾਵਤ ਕਾਰਨ ਇਹ ਸਵਾਲ ਉੱਠਦਾ ਹੈ ਕਿ ਕੀ ਮੇਰੀ ਨੌਕਰੀ ਮੇਰੀ ਜਾਨ ਜਾਂ ਸਿਹਤ ਨਾਲੋਂ ਜ਼ਿਆਦਾ ਪਿਆਰੀ ਹੈ? ਇਸ ਦੇ ਜਵਾਬ ਵਿਚ ਕਈਆਂ ਨੇ ਆਪਣੇ ਹਾਲਾਤਾਂ ਤੇ ਫਿਰ ਤੋਂ ਗੌਰ ਕੀਤਾ ਹੈ ਅਤੇ ਉਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਤਰੀਕਾ ਲੱਭਿਆ ਹੈ ਅਤੇ ਉਹ ਖ਼ੁਸ਼ੀ ਵਾਲੀ ਅਤੇ ਮਕਸਦ-ਭਰੀ ਜ਼ਿੰਦਗੀ ਵੀ ਜੀਉਂਦੇ ਹਨ।

ਸੱਚ ਹੈ ਕਿ ਇਸ ਤਰ੍ਹਾਂ ਕਰਨ ਲਈ ਨਿਮਰਤਾ ਦੀ ਜ਼ਰੂਰਤ ਹੈ ਅਤੇ ਇਸ ਬਾਰੇ ਫ਼ੈਸਲਾ ਕਰਨਾ ਪੈਂਦਾ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਚਾਹੁੰਦੇ ਹਾਂ ਜਾਂ ਕਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ। ਜਿਹੜੇ ਲੋਕ ਸ਼ਾਨੋ-ਸ਼ੌਕਤ ਭਾਲਦੇ ਹਨ ਸ਼ਾਇਦ ਮਾਮੂਲੀ ਨੌਕਰੀਆਂ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਵੀ ਮੂਰਖ ਸਮਝਣ ਜੋ ਇਨ੍ਹਾਂ ਨੂੰ ਚੁਣਦੇ ਹਨ। ਪਰ ਜ਼ਿੰਦਗੀ ਵਿਚ ਕਿਹੜੀ ਚੀਜ਼ ਸਭ ਤੋਂ ਮਹੱਤਵਪੂਰਣ ਹੈ? ਕੀ ਤੁਸੀਂ ਹਾਲ ਹੀ ਵਿਚ ਇਕ ਪਲ ਲਈ ਰੁਕ ਕੇ ਇਸ ਬਾਰੇ ਸੋਚਿਆ ਹੈ?

ਬੁੱਧੀਮਾਨ ਰਾਜਾ ਸੁਲੇਮਾਨ ਨੇ ਉਪਰਲੀ ਕਹਾਵਤ ਲਿਖੀ ਸੀ ਅਤੇ ਸ਼ਾਇਦ ਉਸ ਨੇ ਹੋਰ ਕਿਸੇ ਵੀ ਇਨਸਾਨ ਨਾਲੋਂ ਜ਼ਿਆਦਾ ਧਨ-ਦੌਲਤ ਕਮਾਈ ਸੀ। ਪਰ ਸਭ ਤੋਂ ਜ਼ਰੂਰੀ ਚੀਜ਼ ਬਾਰੇ ਗੱਲ ਕਰਦੇ ਹੋਏ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖਿਆ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,​—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”​—ਉਪਦੇਸ਼ਕ ਦੀ ਪੋਥੀ 12:13.

ਇਸ ਦੇ ਨਾਲ-ਨਾਲ ਸੁਲੇਮਾਨ ਨੇ ਕੰਮ ਦੀ ਬਹੁਤ ਕਦਰ ਕੀਤੀ। ਉਸ ਨੇ ਲਿਖਿਆ “ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ [ਇਕ ਮਨੁੱਖ] ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪਦੇਸ਼ਕ ਦੀ ਪੋਥੀ 2:24) ਵੱਡਾ ਸੁਲੇਮਾਨ, ਯਾਨੀ ਯਿਸੂ ਮਸੀਹ ਵੀ ਕੰਮ ਦੀ ਕਦਰ ਕਰਦਾ ਹੈ ਜਿਵੇਂ ਉਸ ਦਾ ਸਵਰਗੀ ਪਿਤਾ ਕਰਦਾ ਹੈ। ਯਿਸੂ ਨੇ ਸਮਝਾਇਆ ਕਿ “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।”​—ਯੂਹੰਨਾ 5:17; ਮੱਤੀ 12:42.

ਲੇਕਿਨ, ਅੱਜ ਇਨਸਾਨਾਂ ਦੀ ਜ਼ਿੰਦਗੀ ਪਲ ਭਰ ਦੀ ਹੈ। (ਜ਼ਬੂਰ 90:10) ਪਰ ਮਸੀਹ ਜਾਣਦਾ ਸੀ ਕਿ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਿਆ ਜਾਵੇਗਾ। ਜੀ ਹਾਂ, ਉਸ ਰਾਜ ਅਧੀਨ ਜਿਸ ਲਈ ਉਸ ਨੇ ਆਪਣੇ ਪੈਰੋਕਾਰਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। ਇਸੇ ਲਈ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਇਸ ਗੱਲ ਉੱਤੇ ਜ਼ੋਰ ਪਾਇਆ ਸੀ ਕਿ “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”​—ਮੱਤੀ 6:9, 10, 33.

ਇਸ ਰਾਜ ਦੇ ਅਧੀਨ ਜ਼ਿੰਦਗੀ ਦੇ ਸੰਬੰਧ ਵਿਚ ਬਾਈਬਲ ਵਾਅਦਾ ਕਰਦੀ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, . . . ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”​—ਯਸਾਯਾਹ 65:21, 22.

ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਇਹ ਕਿੰਨੀ ਵਧੀਆ ਉਮੀਦ ਹੈ ਜਿਸ ਵਿਚ ਕੰਮ ਬਹੁਤ ਹੀ ਚੰਗਾ ਅਤੇ ਲਾਭਦਾਇਕ ਹੋਵੇਗਾ! ਗੰਭੀਰਤਾ ਨਾਲ ਆਪਣੇ ਹਾਲਾਤਾਂ ਬਾਰੇ ਸੋਚਣ ਦੁਆਰਾ ਸਾਨੂੰ ਸ਼ਾਇਦ ਪਤਾ ਲੱਗੇਗਾ ਕਿ ਸਾਨੂੰ ਆਪਣੀ ਨੌਕਰੀ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਅਸੀਂ ਉਨ੍ਹਾਂ ਖ਼ਤਰਿਆਂ ਤੋਂ ਬਚ ਸਕਾਂਗੇ ਜੋ ਸ਼ਾਇਦ “ਅਸਲ ਜੀਵਨ,” ਯਾਨੀ ਪਰਮੇਸ਼ੁਰ ਦੇ ਰਾਜ ਅਧੀਨ ਜ਼ਿੰਦਗੀ ਹਾਸਲ ਕਰਨ ਦੀ ਸਾਡੀ ਉਮੀਦ ਉੱਤੇ ਅਸਰ ਪਾਉਣ। (1 ਤਿਮੋਥਿਉਸ 6:19) ਤਾਂ ਫਿਰ ਆਓ ਆਪਾਂ ਆਪਣੀ ਨੌਕਰੀ, ਜਾਂ ਹੋਰ ਕਿਸੇ ਵੀ ਕੰਮ ਵਿਚ ਦਿਖਾਈਏ ਕਿ ਅਸੀਂ ਉਸ ਦੀ ਕਦਰ ਕਰਦੇ ਹਾਂ ਜਿਸ ਨੇ ਸਾਨੂੰ ਜ਼ਿੰਦਗੀ ਬਖ਼ਸ਼ੀ ਹੈ।​—ਕੁਲੁੱਸੀਆਂ 3:23.

[ਸਫ਼ੇ 8, 9 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਰਾਜ ਅਧੀਨ ਲੋਕ ਸੁਰੱਖਿਅਤ ਅਤੇ ਲਾਭਦਾਇਕ ਕੰਮ ਦਾ ਆਨੰਦ ਮਾਣਨਗੇ