Skip to content

Skip to table of contents

ਪਾਠਕਾਂ ਦੇ ਸਵਾਲ . . .

ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?

ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?

ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਮੰਨਦੇ ਹਨ ਕਿ ਯਿਸੂ ਦਾ ਜਨਮ-ਦਿਨ ਮਨਾਉਣ ਲਈ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਕਿ ਰਸੂਲ ਅਤੇ ਚੇਲੇ, ਜੋ ਯਿਸੂ ਦੇ ਸਭ ਤੋਂ ਨੇੜੇ ਸਨ, ਕ੍ਰਿਸਮਸ ਮਨਾਉਂਦੇ ਸਨ ਜਾਂ ਨਹੀਂ? ਨਾਲੇ ਕੀ ਤੁਹਾਨੂੰ ਪਤਾ ਕਿ ਬਾਈਬਲ ਜਨਮ-ਦਿਨ ਮਨਾਉਣ ਬਾਰੇ ਕੀ ਕਹਿੰਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਤੁਸੀਂ ਸਮਝ ਸਕੋਗੇ ਕਿ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ ਜਾਂ ਨਹੀਂ।

ਪਹਿਲੀ ਗੱਲ, ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਯਿਸੂ ਜਾਂ ਰੱਬ ਦੇ ਕਿਸੇ ਹੋਰ ਸੇਵਕ ਨੇ ਜਨਮ-ਦਿਨ ਮਨਾਇਆ ਸੀ। ਬਾਈਬਲ ਵਿਚ ਸਿਰਫ਼ ਦੋ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣਾ ਜਨਮ-ਦਿਨ ਮਨਾਇਆ ਸੀ। ਇਨ੍ਹਾਂ ਵਿੱਚੋਂ ਕੋਈ ਵੀ ਜਣਾ ਬਾਈਬਲ ਵਿਚ ਦੱਸੇ ਪਰਮੇਸ਼ੁਰ ਯਹੋਵਾਹ ਦੇ ਸੇਵਕ ਨਹੀਂ ਸੀ। ਨਾਲੇ ਉਨ੍ਹਾਂ ਦੇ ਜਨਮ-ਦਿਨ ਦੇ ਮੌਕਿਆਂ ’ਤੇ ਕੁਝ ਬੁਰਾ ਹੋਇਆ ਸੀ। (ਉਤਪਤ 40:20; ਮਰਕੁਸ 6:21) ਇਕ ਕੋਸ਼ ਮੁਤਾਬਕ ਪਹਿਲੀ ਤੇ ਦੂਜੀ ਸਦੀ ਦੇ ਚੇਲੇ “ਜਨਮ-ਦਿਨ ਮਨਾਉਣ ਨੂੰ ਝੂਠੇ ਧਰਮਾਂ ਨਾਲ ਸੰਬੰਧਿਤ ਰੀਤ ਸਮਝਦੇ ਸਨ।” ਇਸ ਲਈ ਉਹ ਜਨਮ-ਦਿਨ ਨਹੀਂ ਮਨਾਉਂਦੇ ਸਨ।

ਯਿਸੂ ਦਾ ਜਨਮ ਕਿਹੜੀ ਤਾਰੀਖ਼ ਨੂੰ ਹੋਇਆ ਸੀ?

ਬਾਈਬਲ ਵਿਚ ਯਿਸੂ ਦੇ ਜਨਮ ਦੀ ਕੋਈ ਤਾਰੀਖ਼ ਨਹੀਂ ਦੱਸੀ ਗਈ। ਇਕ ਕੋਸ਼ ਦੱਸਦਾ ਹੈ: “ਮਸੀਹ ਦੇ ਜਨਮ-ਦਿਨ ਬਾਰੇ ਨਾ ਤਾਂ ਨਵੇਂ ਨੇਮ ਤੋਂ ਤੇ ਨਾ ਹੀ ਕਿਸੇ ਹੋਰ ਸਰੋਤ ਤੋਂ ਪਤਾ ਲਗਾਇਆ ਜਾ ਸਕਦਾ ਹੈ।” ਯਕੀਨਨ, ਜੇ ਯਿਸੂ ਚਾਹੁੰਦਾ ਕਿ ਉਸ ਦੇ ਚੇਲੇ ਉਸ ਦਾ ਜਨਮ-ਦਿਨ ਮਨਾਉਣ, ਤਾਂ ਉਹ ਉਨ੍ਹਾਂ ਨੂੰ ਆਪਣੇ ਜਨਮ ਦੀ ਤਾਰੀਖ਼ ਜ਼ਰੂਰ ਦੱਸਦਾ।

ਦੂਜੀ ਗੱਲ, ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਯਿਸੂ ਜਾਂ ਉਸ ਦੇ ਕਿਸੇ ਚੇਲੇ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਸੀ। ਇਕ ਕੋਸ਼ ਅਨੁਸਾਰ ਕ੍ਰਿਸਮਸ ਮਨਾਉਣ ਦਾ ਸਭ ਤੋਂ ਪਹਿਲਾ ਜ਼ਿਕਰ “ਰੋਮੀ ਲਿਖਾਰੀ ਫਿਲੋਕਾਲੂਸ ਦੀ ਲਿਖਤ ਵਿਚ ਆਉਂਦਾ ਹੈ। ਕਿਹਾ ਜਾ ਸਕਦਾ ਹੈ ਕਿ ਉਸ ਨੇ ਆਪਣੀ ਕਿਤਾਬ 336 [ਈਸਵੀ] ਵਿਚ ਲਿਖੀ ਸੀ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਬਾਈਬਲ ਲਿਖਣ ਤੋਂ ਕਾਫ਼ੀ ਦੇਰ ਬਾਅਦ ਦੀ ਅਤੇ ਯਿਸੂ ਦੇ ਧਰਤੀ ’ਤੇ ਆਉਣ ਤੋਂ ਸਦੀਆਂ ਬਾਅਦ ਦੀ ਗੱਲ ਹੈ। ਮੈਕਲਿਨਟੌਕ ਅਤੇ ਸਟਰੌਂਗ ਦੱਸਦੇ ਹਨ ਕਿ “ਕ੍ਰਿਸਮਸ ਦਾ ਤਿਉਹਾਰ ਨਾ ਤਾਂ ਰੱਬ ਨੇ ਮਨਾਉਣ ਨੂੰ ਕਿਹਾ ਹੈ ਅਤੇ ਨਾ ਹੀ ਇਸ ਬਾਰੇ ਨਵੇਂ ਨੇਮ ਵਿਚ ਕੁਝ ਦੱਸਿਆ ਗਿਆ ਹੈ।” *

ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਮਨਾਉਣ ਦਾ ਹੁਕਮ ਦਿੱਤਾ ਸੀ?

ਮਹਾਨ ਸਿੱਖਿਅਕ ਵਜੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਕਿ ਉਹ ਆਪਣੇ ਚੇਲਿਆਂ ਤੋਂ ਕੀ ਕਰਨ ਦੀ ਮੰਗ ਕਰਦਾ ਹੈ। ਇਹ ਹਿਦਾਇਤਾਂ ਬਾਈਬਲ ਵਿਚ ਦਰਜ ਹਨ। ਪਰ ਕ੍ਰਿਸਮਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। ਜਿੱਦਾਂ ਇਕ ਅਧਿਆਪਕ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਉਹ ਕੰਮ ਨਾ ਕਰਨ, ਜੋ ਉਸ ਨੇ ਉਨ੍ਹਾਂ ਨੂੰ ਕਰਨ ਲਈ ਨਹੀਂ ਕਹੇ, ਉਸੇ ਤਰ੍ਹਾਂ ਯਿਸੂ ਵੀ ਚਾਹੁੰਦਾ ਕਿ ਉਸ ਦੇ ਚੇਲੇ ‘ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ ਕਰਨ।’​—1 ਕੁਰਿੰਥੀਆਂ 4:6.

ਦੂਜੇ ਪਾਸੇ, ਪਹਿਲੀ ਸਦੀ ਦੇ ਮਸੀਹੀ ਇਕ ਅਹਿਮ ਘਟਨਾ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ, ਉਹ ਸੀ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣੀ। ਯਿਸੂ ਨੇ ਖ਼ੁਦ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਸ ਦੇ ਚੇਲੇ ਇਹ ਕਦੋਂ ਮਨਾਉਣ। ਨਾਲੇ ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਇਹ ਕਿਵੇਂ ਮਨਾਈ ਜਾਣੀ ਚਾਹੀਦੀ ਹੈ। ਇਸ ਬਾਰੇ ਬਾਈਬਲ ਵਿਚ ਸਾਫ਼-ਸਾਫ਼ ਹਿਦਾਇਤਾਂ ਦੇਣ ਦੇ ਨਾਲ-ਨਾਲ ਖ਼ਾਸ ਤਾਰੀਖ਼ ਵੀ ਦੱਸੀ ਗਈ ਹੈ।​—ਲੂਕਾ 22:19; 1 ਕੁਰਿੰਥੀਆਂ 11:25.

ਅਸੀਂ ਦੇਖਿਆ ਕਿ ਕ੍ਰਿਸਮਸ ਜਨਮ-ਦਿਨ ਮਨਾਉਣ ਦਾ ਤਿਉਹਾਰ ਹੈ ਅਤੇ ਪਹਿਲੀ ਸਦੀ ਦੇ ਮਸੀਹੀ ਇਸ ਝੂਠੇ ਤਿਉਹਾਰ ਨੂੰ ਨਹੀਂ ਮਨਾਉਂਦੇ ਸਨ। ਇਸ ਤੋਂ ਇਲਾਵਾ, ਬਾਈਬਲ ਵਿਚ ਕਿਤੇ ਨਹੀਂ ਦੱਸਿਆ ਗਿਆ ਕਿ ਯਿਸੂ ਜਾਂ ਕਿਸੇ ਹੋਰ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਹੋਵੇ। ਇਨ੍ਹਾਂ ਗੱਲਾਂ ਦੇ ਆਧਾਰ ’ਤੇ ਦੁਨੀਆਂ ਭਰ ਵਿਚ ਸੱਚੇ ਮਸੀਹੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਉਹ ਕ੍ਰਿਸਮਸ ਦਾ ਤਿਉਹਾਰ ਨਹੀਂ ਮਨਾਉਣਗੇ।

^ ਪੈਰਾ 6 ਕ੍ਰਿਸਮਸ ਦੇ ਬਹੁਤ ਸਾਰੇ ਰੀਤੀ-ਰਿਵਾਜਾਂ ਦੀ ਸ਼ੁਰੂਆਤ ਬਾਰੇ ਹੋਰ ਜਾਣਨ ਲਈ ਨੰ.1 2016 ਦੇ ਪਹਿਰਾਬੁਰਜ ਵਿੱਚੋਂ “ਪਾਠਕਾਂ ਦੇ ਸਵਾਲ . . . ਕ੍ਰਿਸਮਸ ਮਨਾਉਣ ਵਿਚ ਕੀ ਖ਼ਰਾਬੀ ਹੈ?” ਨਾਂ ਦਾ ਲੇਖ ਦੇਖੋ। ਇਹ www.jw.org/pa ’ਤੇ ਉਪਲਬਧ ਹੈ।