ਉਤਪਤ 40:1-23

  • ਯੂਸੁਫ਼ ਨੇ ਕੈਦੀਆਂ ਦੇ ਸੁਪਨਿਆਂ ਦਾ ਮਤਲਬ ਦੱਸਿਆ (1-19)

    • “ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ” (8)

  • ਫਿਰਊਨ ਦੇ ਜਨਮ-ਦਿਨ ਦੀ ਦਾਅਵਤ (20-23)

40  ਇਨ੍ਹਾਂ ਘਟਨਾਵਾਂ ਤੋਂ ਬਾਅਦ ਮਿਸਰ ਦੇ ਰਾਜੇ ਦੇ ਮੁੱਖ ਸਾਕੀ*+ ਅਤੇ ਮੁੱਖ ਰਸੋਈਏ ਨੇ ਰਾਜੇ ਦੇ ਖ਼ਿਲਾਫ਼ ਜੁਰਮ ਕੀਤਾ।  ਇਸ ਕਰਕੇ ਫ਼ਿਰਊਨ ਦਾ ਆਪਣੇ ਉਨ੍ਹਾਂ ਦੋਵੇਂ ਅਧਿਕਾਰੀਆਂ ਯਾਨੀ ਮੁੱਖ ਸਾਕੀ ਅਤੇ ਮੁੱਖ ਰਸੋਈਏ ’ਤੇ ਗੁੱਸਾ ਭੜਕ ਉੱਠਿਆ+  ਅਤੇ ਉਸ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਅੰਗ-ਰੱਖਿਅਕਾਂ ਦੇ ਪ੍ਰਧਾਨ ਦੀ ਨਿਗਰਾਨੀ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ+ ਜਿੱਥੇ ਯੂਸੁਫ਼ ਵੀ ਕੈਦ ਸੀ।+  ਫਿਰ ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਯੂਸੁਫ਼ ਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਕੰਮ ਸੌਂਪ ਦਿੱਤਾ+ ਅਤੇ ਉਹ ਦੋਵੇਂ ਕੁਝ ਸਮਾਂ* ਜੇਲ੍ਹ ਵਿਚ ਰਹੇ।  ਮਿਸਰ ਦੇ ਰਾਜੇ ਦੇ ਸਾਕੀ ਅਤੇ ਰਸੋਈਏ ਦੋਹਾਂ ਨੇ ਜੇਲ੍ਹ ਵਿਚ ਇਕ ਰਾਤ ਸੁਪਨਾ ਦੇਖਿਆ ਅਤੇ ਦੋਹਾਂ ਦੇ ਸੁਪਨਿਆਂ ਦਾ ਅਲੱਗ-ਅਲੱਗ ਮਤਲਬ ਸੀ।  ਅਗਲੇ ਦਿਨ ਸਵੇਰੇ ਜਦੋਂ ਯੂਸੁਫ਼ ਆਇਆ, ਤਾਂ ਉਸ ਨੇ ਦੇਖਿਆ ਕਿ ਉਹ ਪਰੇਸ਼ਾਨ ਲੱਗ ਰਹੇ ਸਨ।  ਇਸ ਲਈ ਉਸ ਨੇ ਫ਼ਿਰਊਨ ਦੇ ਅਧਿਕਾਰੀਆਂ ਨੂੰ ਪੁੱਛਿਆ: “ਤੁਹਾਡੇ ਚਿਹਰੇ ਕਿਉਂ ਉੱਤਰੇ ਹੋਏ ਹਨ?”  ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੋਹਾਂ ਨੂੰ ਸੁਪਨਾ ਆਇਆ, ਪਰ ਸਾਨੂੰ ਇਸ ਦਾ ਮਤਲਬ ਦੱਸਣ ਵਾਲਾ ਕੋਈ ਨਹੀਂ ਹੈ।” ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਸਿਰਫ਼ ਪਰਮੇਸ਼ੁਰ ਹੀ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ।+ ਕਿਰਪਾ ਕਰ ਕੇ ਤੁਸੀਂ ਮੈਨੂੰ ਆਪਣਾ-ਆਪਣਾ ਸੁਪਨਾ ਦੱਸੋ।”  ਮੁੱਖ ਸਾਕੀ ਨੇ ਯੂਸੁਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਕਿਹਾ: “ਮੈਂ ਸੁਪਨੇ ਵਿਚ ਇਕ ਅੰਗੂਰੀ ਵੇਲ ਦੇਖੀ। 10  ਉਸ ਵੇਲ ਦੀਆਂ ਤਿੰਨ ਟਾਹਣੀਆਂ ਸਨ। ਉਨ੍ਹਾਂ ’ਤੇ ਕਰੂੰਬਲਾਂ ਫੁੱਟੀਆਂ, ਫਿਰ ਉਨ੍ਹਾਂ ਨੂੰ ਫੁੱਲ ਲੱਗੇ ਅਤੇ ਇਸ ਤੋਂ ਬਾਅਦ ਅੰਗੂਰਾਂ ਦੇ ਗੁੱਛੇ ਲੱਗੇ ਜੋ ਪੱਕ ਗਏ। 11  ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿਚ ਸੀ। ਮੈਂ ਅੰਗੂਰ ਲੈ ਕੇ ਉਨ੍ਹਾਂ ਦਾ ਰਸ ਕੱਢਿਆ ਅਤੇ ਫ਼ਿਰਊਨ ਦੇ ਪਿਆਲੇ ਵਿਚ ਪਾ ਦਿੱਤਾ। ਫਿਰ ਮੈਂ ਪਿਆਲਾ ਫ਼ਿਰਊਨ ਨੂੰ ਫੜਾ ਦਿੱਤਾ।” 12  ਸੁਪਨਾ ਸੁਣਨ ਤੋਂ ਬਾਅਦ ਯੂਸੁਫ਼ ਨੇ ਉਸ ਨੂੰ ਕਿਹਾ: “ਇਸ ਦਾ ਮਤਲਬ ਇਹ ਹੈ: ਤਿੰਨ ਟਾਹਣੀਆਂ ਤਿੰਨ ਦਿਨ ਹਨ। 13  ਅੱਜ ਤੋਂ ਤਿੰਨਾਂ ਦਿਨਾਂ ਬਾਅਦ ਫ਼ਿਰਊਨ ਤੈਨੂੰ ਰਿਹਾ* ਕਰ ਕੇ ਤੈਨੂੰ ਤੇਰਾ ਅਹੁਦਾ ਵਾਪਸ ਦੇ ਦੇਵੇਗਾ+ ਅਤੇ ਤੂੰ ਫ਼ਿਰਊਨ ਨੂੰ ਉਸ ਦਾ ਪਿਆਲਾ ਫੜਾਵੇਂਗਾ, ਜਿਵੇਂ ਤੂੰ ਸਾਕੀ ਹੁੰਦਿਆਂ ਪਹਿਲਾਂ ਕਰਦਾ ਹੁੰਦਾ ਸੀ।+ 14  ਜਦੋਂ ਤੇਰੇ ਚੰਗੇ ਦਿਨ ਆਉਣ, ਤਾਂ ਤੂੰ ਮੈਨੂੰ ਯਾਦ ਰੱਖੀਂ। ਮੈਨੂੰ ਅਟੱਲ ਪਿਆਰ ਦਿਖਾਵੀਂ ਅਤੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਤਾਂਕਿ ਮੈਂ ਵੀ ਕੈਦ ਵਿੱਚੋਂ ਰਿਹਾ ਹੋ ਸਕਾਂ। 15  ਅਸਲ ਵਿਚ, ਮੈਨੂੰ ਇਬਰਾਨੀਆਂ ਦੇ ਦੇਸ਼ ਵਿੱਚੋਂ ਜ਼ਬਰਦਸਤੀ ਇੱਥੇ ਲਿਆਂਦਾ ਗਿਆ।+ ਨਾਲੇ ਮੈਂ ਇੱਥੇ ਕੋਈ ਜੁਰਮ ਨਹੀਂ ਕੀਤਾ, ਫਿਰ ਵੀ ਮੈਨੂੰ ਕੈਦ* ਵਿਚ ਸੁੱਟ ਦਿੱਤਾ ਗਿਆ।”+ 16  ਜਦੋਂ ਮੁੱਖ ਰਸੋਈਏ ਨੇ ਦੇਖਿਆ ਕਿ ਯੂਸੁਫ਼ ਨੇ ਸੁਪਨੇ ਦਾ ਚੰਗਾ ਮਤਲਬ ਦੱਸਿਆ ਸੀ, ਤਾਂ ਉਸ ਨੇ ਯੂਸੁਫ਼ ਨੂੰ ਕਿਹਾ: “ਮੈਂ ਵੀ ਇਕ ਸੁਪਨਾ ਦੇਖਿਆ। ਮੈਂ ਆਪਣੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਦੇਖੀਆਂ 17  ਅਤੇ ਸਭ ਤੋਂ ਉੱਪਰਲੀ ਟੋਕਰੀ ਵਿਚ ਫ਼ਿਰਊਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਰੋਟੀਆਂ ਸਨ ਅਤੇ ਪੰਛੀ ਉਸ ਟੋਕਰੀ ਵਿੱਚੋਂ ਰੋਟੀਆਂ ਖਾ ਰਹੇ ਸਨ।” 18  ਫਿਰ ਯੂਸੁਫ਼ ਨੇ ਉਸ ਨੂੰ ਦੱਸਿਆ: “ਸੁਪਨੇ ਦਾ ਮਤਲਬ ਇਹ ਹੈ: ਤਿੰਨ ਟੋਕਰੀਆਂ ਤਿੰਨ ਦਿਨ ਹਨ। 19  ਅੱਜ ਤੋਂ ਤਿੰਨਾਂ ਦਿਨਾਂ ਬਾਅਦ ਫ਼ਿਰਊਨ ਤੇਰਾ ਸਿਰ ਵੱਢ* ਕੇ ਤੈਨੂੰ ਸੂਲ਼ੀ ’ਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ।”+ 20  ਤੀਸਰੇ ਦਿਨ ਫ਼ਿਰਊਨ ਦਾ ਜਨਮ-ਦਿਨ ਸੀ+ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਦਾਅਵਤ ਦਿੱਤੀ। ਉਸ ਨੇ ਮੁੱਖ ਸਾਕੀ ਅਤੇ ਮੁੱਖ ਰਸੋਈਏ ਨੂੰ ਕੈਦ ਵਿੱਚੋਂ ਰਿਹਾ ਕੀਤਾ* ਅਤੇ ਆਪਣੇ ਅਧਿਕਾਰੀਆਂ ਸਾਮ੍ਹਣੇ ਲਿਆਂਦਾ। 21  ਉਸ ਨੇ ਮੁੱਖ ਸਾਕੀ ਨੂੰ ਉਸ ਦਾ ਅਹੁਦਾ ਵਾਪਸ ਦੇ ਦਿੱਤਾ ਅਤੇ ਸਾਕੀ ਪਹਿਲਾਂ ਵਾਂਗ ਫ਼ਿਰਊਨ ਨੂੰ ਪਿਆਲਾ ਫੜਾਉਣ ਦਾ ਕੰਮ ਕਰਨ ਲੱਗ ਪਿਆ। 22  ਪਰ ਫਿਰਊਨ ਨੇ ਮੁੱਖ ਰਸੋਈਏ ਨੂੰ ਸੂਲ਼ੀ ’ਤੇ ਟੰਗ ਦਿੱਤਾ,* ਜਿਵੇਂ ਯੂਸੁਫ਼ ਨੇ ਉਨ੍ਹਾਂ ਨੂੰ ਸੁਪਨਿਆਂ ਦਾ ਮਤਲਬ ਦੱਸਿਆ ਸੀ।+ 23  ਪਰ ਮੁੱਖ ਸਾਕੀ ਨੇ ਯੂਸੁਫ਼ ਨੂੰ ਯਾਦ ਨਹੀਂ ਰੱਖਿਆ; ਉਹ ਉਸ ਨੂੰ ਭੁੱਲ ਗਿਆ।+

ਫੁਟਨੋਟ

ਇਕ ਅਧਿਕਾਰੀ ਜੋ ਰਾਜੇ ਨੂੰ ਦਾਖਰਸ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਵਰਤਾਉਂਦਾ ਹੁੰਦਾ ਸੀ।
ਇਬ, “ਦਿਨ।”
ਇਬ, “ਤੇਰਾ ਸਿਰ ਉੱਚਾ ਕਰੇਗਾ।”
ਇਬ, “ਭੋਰਾ; ਟੋਆ।”
ਇਬ, “ਤੇਰੇ ਉੱਤੋਂ ਤੇਰਾ ਸਿਰ ਚੁੱਕ ਕੇ।”
ਇਬ, “ਦਾ ਸਿਰ ਉੱਚਾ ਚੁੱਕਿਆ।”
ਉਸ ਦਾ ਸਿਰ ਵੱਢਣ ਤੋਂ ਬਾਅਦ।