Skip to content

Skip to table of contents

ਦੁਨੀਆਂ ਤਬਾਹੀ ਦੇ ਰਾਹ ʼਤੇ

1 | ਆਪਣੀ ਸਿਹਤ ਦਾ ਧਿਆਨ ਰੱਖੋ

1 | ਆਪਣੀ ਸਿਹਤ ਦਾ ਧਿਆਨ ਰੱਖੋ

ਇਹ ਜ਼ਰੂਰੀ ਕਿਉਂ ਹੈ?

ਕਿਸੇ ਬਿਪਤਾ ਜਾਂ ਕੁਦਰਤੀ ਆਫ਼ਤ ਦਾ ਲੋਕਾਂ ਦੀ ਜ਼ਿੰਦਗੀ ʼਤੇ ਕਿਸੇ-ਨਾ-ਕਿਸੇ ਤਰੀਕੇ ਨਾਲ ਅਸਰ ਪੈਂਦਾ ਹੈ।

  • ਬਿਪਤਾਵਾਂ ਕਰਕੇ ਲੋਕ ਤਣਾਅ ਵਿਚ ਆ ਜਾਂਦੇ ਹਨ। ਪਰ ਜੇ ਕੋਈ ਵਿਅਕਤੀ ਲੰਬੇ ਸਮੇਂ ਤਕ ਤਣਾਅ ਵਿਚ ਰਹੇ, ਤਾਂ ਉਸ ਦੀ ਸਿਹਤ ਖ਼ਰਾਬ ਹੋਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

  • ਕਿਸੇ ਵੱਡੀ ਬਿਪਤਾ ਜਾਂ ਆਫ਼ਤ ਦੌਰਾਨ ਡਾਕਟਰਾਂ ਲਈ ਇੱਕੋ ਸਮੇਂ ʼਤੇ ਬਹੁਤ ਸਾਰੇ ਲੋਕਾਂ ਦਾ ਇਲਾਜ ਕਰਨਾ ਸ਼ਾਇਦ ਮੁਮਕਿਨ ਨਾ ਹੋਵੇ ਤੇ ਦਵਾਈਆਂ ਵਗੈਰਾ ਵੀ ਨਾ ਮਿਲਣ।

  • ਕਿਸੇ ਬਿਪਤਾ ਕਰਕੇ ਲੋਕ ਸ਼ਾਇਦ ਰੋਜ਼ਮੱਰਾ ਦੀਆਂ ਚੀਜ਼ਾਂ ਨਾ ਖ਼ਰੀਦ ਸਕਣ, ਜਿਵੇਂ ਖਾਣ-ਪੀਣ ਦੀਆਂ ਚੀਜ਼ਾਂ ਤੇ ਦਵਾਈਆਂ ਵਗੈਰਾ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  • ਗੰਭੀਰ ਬੀਮਾਰੀ ਅਤੇ ਤਣਾਅ ਕਰਕੇ ਸ਼ਾਇਦ ਤੁਸੀਂ ਸਹੀ ਤਰ੍ਹਾਂ ਸੋਚ ਨਾ ਸਕੋ ਤੇ ਨਾ ਹੀ ਆਪਣੀ ਸਿਹਤ ਦਾ ਧਿਆਨ ਰੱਖ ਸਕੋ। ਇਸ ਕਰਕੇ ਤੁਸੀਂ ਹੋਰ ਵੀ ਜ਼ਿਆਦਾ ਬੀਮਾਰ ਹੋ ਸਕਦੇ ਹੋ।

  • ਇਲਾਜ ਨਾ ਕਰਵਾਉਣ ਕਰਕੇ ਤੁਹਾਡੀ ਬੀਮਾਰੀ ਹੋਰ ਵੀ ਵਧ ਸਕਦੀ ਹੈ ਤੇ ਇੱਥੋਂ ਤਕ ਕਿ ਤੁਹਾਡੀ ਜਾਨ ਵੀ ਜਾ ਸਕਦੀ ਹੈ।

  • ਚੰਗੀ ਸਿਹਤ ਹੋਣ ਕਰਕੇ ਤੁਸੀਂ ਮੁਸ਼ਕਲਾਂ ਦੌਰਾਨ ਵੀ ਸਹੀ ਫ਼ੈਸਲੇ ਲੈ ਸਕੋਗੇ।

  • ਚਾਹੇ ਤੁਸੀਂ ਅਮੀਰ ਹੋ ਜਾਂ ਗ਼ਰੀਬ, ਫਿਰ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕੁਝ-ਨਾ-ਕੁਝ ਕਰ ਸਕਦੇ ਹੋ।

ਤੁਸੀਂ ਹੁਣ ਕੀ ਕਰ ਸਕਦੇ ਹੋ?

ਜਿੰਨਾ ਹੋ ਸਕੇ, ਸਮਝਦਾਰ ਇਨਸਾਨ ਖ਼ਤਰਿਆਂ ਤੋਂ ਖ਼ਬਰਦਾਰ ਰਹਿੰਦਾ ਹੈ ਤੇ ਉਨ੍ਹਾਂ ਤੋਂ ਬਚਣ ਲਈ ਕੁਝ ਕਦਮ ਚੁੱਕਦਾ ਹੈ। ਇਹ ਗੱਲ ਸਿਹਤ ਦੇ ਮਾਮਲੇ ʼਤੇ ਵੀ ਲਾਗੂ ਹੁੰਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ। ਇਸ ਕਰਕੇ ਸਾਫ਼-ਸਫ਼ਾਈ ਰੱਖ ਕੇ ਤੁਸੀਂ ਬੀਮਾਰੀ ਲੱਗਣ ਦੇ ਖ਼ਤਰੇ ਨੂੰ ਘਟਾ ਸਕਦੇ ਹੋ ਜਾਂ ੲਸ ਨੂੰ ਹੋਰ ਵਧਣ ਤੋਂ ਰੋਕ ਸਕਦੇ ਹੋ।

“ਅਸੀਂ ਆਪਣੀ ਤੇ ਆਪਣੇ ਘਰ ਦੀ ਸਾਫ਼-ਸਫ਼ਾਈ ਦਾ ਬਹੁਤ ਧਿਆਨ ਰੱਖਦੇ ਹਾਂ। ਇਸ ਕਰਕੇ ਸਾਨੂੰ ਇਲਾਜ ਤੇ ਦਵਾਈਆਂ ʼਤੇ ਜ਼ਿਆਦਾ ਪੈਸੇ ਨਹੀਂ ਖ਼ਰਚਣੇ ਪੈਂਦੇ।”​—ਆਂਡਰੇਸ। *

^ ਇਸ ਰਸਾਲੇ ਵਿਚ ਕੁਝ ਨਾਂ ਬਦਲੇ ਗਏ ਹਨ।