ਲੂਕਾ 19:1-48
19 ਅਤੇ ਯਿਸੂ ਯਰੀਹੋ ਵਿਚ ਆਇਆ ਅਤੇ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ।
2 ਸ਼ਹਿਰ ਵਿਚ ਜ਼ੱਕੀ ਨਾਂ ਦਾ ਇਕ ਅਮੀਰ ਆਦਮੀ ਰਹਿੰਦਾ ਸੀ ਜਿਹੜਾ ਟੈਕਸ ਵਸੂਲਣ ਵਾਲਿਆਂ ਦਾ ਇਕ ਮੁਖੀ ਸੀ।
3 ਉਹ ਦੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਸੀ, ਪਰ ਭੀੜ ਲੱਗੀ ਹੋਣ ਕਰਕੇ ਦੇਖ ਨਾ ਸਕਿਆ ਕਿਉਂਕਿ ਉਹ ਮਧਰਾ ਸੀ।
4 ਇਸ ਲਈ ਉਹ ਭੱਜ ਕੇ ਅੱਗੇ ਨਿਕਲ ਗਿਆ ਅਤੇ ਯਿਸੂ ਨੂੰ ਦੇਖਣ ਲਈ ਅੰਜੀਰ ਦੇ ਦਰਖ਼ਤ ਉੱਤੇ ਚੜ੍ਹ ਗਿਆ ਕਿਉਂਕਿ ਉਸ ਨੇ ਉੱਧਰੋਂ ਦੀ ਲੰਘਣਾ ਸੀ।
5 ਜਦੋਂ ਯਿਸੂ ਉੱਥੇ ਪਹੁੰਚਿਆ, ਤਾਂ ਉਸ ਨੇ ਉੱਪਰ ਦੇਖ ਕੇ ਉਸ ਨੂੰ ਕਿਹਾ: “ਜ਼ੱਕੀ, ਛੇਤੀ-ਛੇਤੀ ਥੱਲੇ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਘਰ ਰਹਾਂਗਾ।”
6 ਇਹ ਸੁਣ ਕੇ ਜ਼ੱਕੀ ਫਟਾਫਟ ਥੱਲੇ ਉੱਤਰਿਆ ਅਤੇ ਆਪਣੇ ਘਰ ਵਿਚ ਖ਼ੁਸ਼ੀ-ਖ਼ੁਸ਼ੀ ਉਸ ਦਾ ਸੁਆਗਤ ਕੀਤਾ।
7 ਪਰ ਇਹ ਦੇਖ ਕੇ ਸਾਰੇ ਲੋਕ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ: “ਦੇਖੋ ਤਾਂ ਸਹੀ, ਇਹ ਆਦਮੀ ਇਸ ਪਾਪੀ ਦੇ ਘਰ ਮਹਿਮਾਨ ਬਣ ਕੇ ਆਇਆ ਹੈ।”
8 ਪਰ ਜ਼ੱਕੀ ਨੇ ਉੱਠ ਕੇ ਪ੍ਰਭੂ ਨੂੰ ਕਿਹਾ: “ਸੁਣੋ! ਪ੍ਰਭੂ, ਮੈਂ ਆਪਣੀ ਅੱਧੀ ਧਨ-ਦੌਲਤ ਗ਼ਰੀਬਾਂ ਨੂੰ ਦੇ ਰਿਹਾ ਹਾਂ ਅਤੇ ਮੈਂ ਜਿਨ੍ਹਾਂ ਨੂੰ ਝੂਠਾ ਦੋਸ਼ ਲਾ ਕੇ ਲੁੱਟਿਆ ਹੈ, ਉਨ੍ਹਾਂ ਨੂੰ ਚਾਰ ਗੁਣਾ ਵਾਪਸ ਦੇ ਰਿਹਾ ਹਾਂ।”
9 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਅੱਜ ਤੇਰੇ ਪਰਿਵਾਰ ਨੂੰ ਮੁਕਤੀ ਮਿਲੀ ਹੈ ਕਿਉਂਕਿ ਤੂੰ ਵੀ ਅਬਰਾਹਾਮ ਦਾ ਹੀ ਪੁੱਤਰ ਹੈਂ।
10 ਮਨੁੱਖ ਦਾ ਪੁੱਤਰ ਗੁਆਚੇ ਲੋਕਾਂ ਨੂੰ ਲੱਭਣ ਅਤੇ ਬਚਾਉਣ ਆਇਆ ਹੈ।”
11 ਜਦੋਂ ਚੇਲੇ ਇਹ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਇਕ ਮਿਸਾਲ ਦਿੱਤੀ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਚੇਲੇ ਸੋਚ ਰਹੇ ਸਨ ਕਿ ਪਰਮੇਸ਼ੁਰ ਦਾ ਰਾਜ ਇਕਦਮ ਪ੍ਰਗਟ ਹੋ ਜਾਵੇਗਾ।
12 ਇਸ ਲਈ ਉਸ ਨੇ ਕਿਹਾ: “ਇਕ ਉੱਚੇ ਖ਼ਾਨਦਾਨ ਦਾ ਆਦਮੀ ਕਿਸੇ ਦੂਰ ਦੇਸ਼ ਜਾਣ ਵਾਲਾ ਸੀ ਤਾਂਕਿ ਉੱਥੋਂ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਵੇ।
13 ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਚਾਂਦੀ ਦੇ ਦਸ ਟੁਕੜੇ* ਦਿੰਦਿਆਂ ਕਿਹਾ, ‘ਮੇਰੇ ਵਾਪਸ ਆਉਣ ਤਕ ਵਪਾਰ ਕਰੋ।’
14 ਪਰ ਉਸ ਦੇ ਆਪਣੇ ਦੇਸ਼ ਦੇ ਲੋਕ ਉਸ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੇ ਇਹ ਸੰਦੇਸ਼ ਦੇਣ ਲਈ ਉਸ ਦੇ ਪਿੱਛੇ-ਪਿੱਛੇ ਰਾਜਦੂਤ ਘੱਲੇ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’
15 “ਫਿਰ ਜਦੋਂ ਉਹ ਰਾਜ ਕਰਨ ਦਾ ਅਧਿਕਾਰ ਲੈ ਕੇ ਵਾਪਸ ਆਇਆ, ਤਾਂ ਉਸ ਨੇ ਉਨ੍ਹਾਂ ਨੌਕਰਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਉਸ ਨੇ ਚਾਂਦੀ ਦੇ ਟੁਕੜੇ ਦਿੱਤੇ ਸਨ। ਉਸ ਨੇ ਉਨ੍ਹਾਂ ਤੋਂ ਹਿਸਾਬ ਮੰਗਿਆ ਕਿ ਉਨ੍ਹਾਂ ਨੇ ਵਪਾਰ ਕਰ ਕੇ ਕਿੰਨੇ ਪੈਸੇ ਕਮਾਏ ਸਨ।
16 ਪਹਿਲੇ ਨੇ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਦਸ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’
17 ਇਸ ਲਈ ਉਸ ਨੇ ਨੌਕਰ ਨੂੰ ਕਿਹਾ, ‘ਸ਼ਾਬਾਸ਼, ਚੰਗੇ ਨੌਕਰਾ! ਤੂੰ ਇਸ ਬਹੁਤ ਹੀ ਛੋਟੇ ਕੰਮ ਵਿਚ ਭਰੋਸੇਮੰਦ ਨਿਕਲਿਆ ਹੈਂ, ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’
18 ਫਿਰ ਦੂਸਰੇ ਨੌਕਰ ਨੇ ਆ ਕੇ ਕਿਹਾ, ‘ਸੁਆਮੀ ਜੀ, ਤੇਰੇ ਚਾਂਦੀ ਦੇ ਟੁਕੜੇ ਨਾਲ ਮੈਂ ਪੰਜ ਹੋਰ ਚਾਂਦੀ ਦੇ ਟੁਕੜੇ ਕਮਾਏ ਹਨ।’
19 ਉਸ ਨੇ ਇਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਮੁਖਤਿਆਰ ਬਣਾਉਂਦਾ ਹਾਂ।’
20 ਪਰ ਇਕ ਹੋਰ ਨੌਕਰ ਨੇ ਆ ਕੇ ਕਿਹਾ, ‘ਸੁਆਮੀ, ਆਹ ਲੈ ਆਪਣਾ ਚਾਂਦੀ ਦਾ ਟੁਕੜਾ। ਇਸ ਨੂੰ ਮੈਂ ਰੁਮਾਲ ਵਿਚ ਲਪੇਟ ਕੇ ਰੱਖ ਲਿਆ ਸੀ।
21 ਮੈਨੂੰ ਤੇਰੇ ਤੋਂ ਡਰ ਲੱਗਦਾ ਹੈ ਕਿਉਂਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ; ਤੂੰ ਉਹ ਪੈਸਾ ਕਢਾਉਂਦਾ ਹੈਂ ਜੋ ਤੂੰ ਜਮ੍ਹਾ ਨਹੀਂ ਕਰਾਇਆ ਅਤੇ ਤੂੰ ਉਹ ਫ਼ਸਲ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ।’
22 ਉਸ ਨੇ ਇਸ ਨੌਕਰ ਨੂੰ ਕਿਹਾ, ‘ਓਏ ਦੁਸ਼ਟ ਨੌਕਰਾ, ਤੇਰੇ ਮੂੰਹੋਂ ਨਿਕਲੀ ਇਸੇ ਗੱਲ ਨਾਲ ਹੀ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਜੇ ਤੈਨੂੰ ਪਤਾ ਸੀ ਕਿ ਮੈਂ ਬੜੇ ਸਖ਼ਤ ਸੁਭਾਅ ਦਾ ਬੰਦਾ ਹਾਂ, ਮੈਂ ਉਹ ਪੈਸਾ ਕਢਾਉਂਦਾ ਹਾਂ ਜੋ ਮੈਂ ਜਮ੍ਹਾ ਨਹੀਂ ਕਰਾਇਆ ਅਤੇ ਮੈਂ ਉਹ ਫ਼ਸਲ ਹੜੱਪ ਲੈਂਦਾ ਹਾਂ ਜੋ ਮੈਂ ਨਹੀਂ ਬੀਜੀ,
23 ਤਾਂ ਤੂੰ ਮੇਰਾ ਚਾਂਦੀ ਦਾ ਟੁਕੜਾ ਸ਼ਾਹੂਕਾਰਾਂ ਨੂੰ ਕਿਉਂ ਨਹੀਂ ਦਿੱਤਾ? ਫਿਰ ਮੈਂ ਆ ਕੇ ਵਿਆਜ ਸਮੇਤ ਇਸ ਨੂੰ ਵਾਪਸ ਲੈ ਲੈਂਦਾ।’
24 “ਇਸ ਤੋਂ ਬਾਅਦ ਉਸ ਨੇ ਕੋਲ ਖੜ੍ਹੇ ਆਦਮੀਆਂ ਨੂੰ ਕਿਹਾ, ‘ਇਸ ਤੋਂ ਚਾਂਦੀ ਦਾ ਟੁਕੜਾ ਲੈ ਕੇ ਉਸ ਨੂੰ ਦੇ ਦਿਓ ਜਿਸ ਕੋਲ ਚਾਂਦੀ ਦੇ ਦਸ ਟੁਕੜੇ ਹਨ।’
25 ਪਰ ਉਨ੍ਹਾਂ ਨੇ ਉਸ ਨੂੰ ਕਿਹਾ, ‘ਸੁਆਮੀ ਜੀ, ਉਸ ਕੋਲ ਤਾਂ ਪਹਿਲਾਂ ਹੀ ਚਾਂਦੀ ਦੇ ਦਸ ਟੁਕੜੇ ਹਨ!’ ਉਸ ਨੇ ਜਵਾਬ ਦਿੱਤਾ:
26 ‘ਮੈਂ ਤੁਹਾਨੂੰ ਕਹਿੰਦਾ ਹਾਂ: ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।
27 ਨਾਲੇ, ਜਿਹੜੇ ਮੇਰੇ ਦੁਸ਼ਮਣ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦਾ ਰਾਜਾ ਬਣਾ, ਉਨ੍ਹਾਂ ਨੂੰ ਇੱਥੇ ਲਿਆ ਕੇ ਮੇਰੇ ਸਾਮ੍ਹਣੇ ਵੱਢ ਸੁੱਟੋ।’”
28 ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਯਰੂਸ਼ਲਮ ਵੱਲ ਨੂੰ ਆਪਣਾ ਸਫ਼ਰ ਜਾਰੀ ਰੱਖਿਆ।
29 ਜਦੋਂ ਉਹ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਤੇ ਬੈਥਨੀਆ ਪਿੰਡਾਂ ਦੇ ਲਾਗੇ ਪਹੁੰਚਿਆ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਘੱਲਿਆ:
30 “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਗਧੀ ਦਾ ਬੱਚਾ ਬੱਝਾ ਹੋਇਆ ਦੇਖੋਗੇ ਜਿਸ ’ਤੇ ਅਜੇ ਤਕ ਕੋਈ ਵੀ ਸਵਾਰ ਨਹੀਂ ਹੋਇਆ ਹੈ। ਉਸ ਨੂੰ ਖੋਲ੍ਹ ਕੇ ਲੈ ਆਓ।
31 ਪਰ ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਤੁਸੀਂ ਕਹਿਣਾ: ‘ਪ੍ਰਭੂ ਨੂੰ ਇਸ ਦੀ ਲੋੜ ਹੈ।’”
32 ਉਨ੍ਹਾਂ ਚੇਲਿਆਂ ਨੇ ਜਾ ਕੇ ਉਹੀ ਦੇਖਿਆ ਜੋ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ।
33 ਪਰ ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?”
34 ਉਨ੍ਹਾਂ ਨੇ ਕਿਹਾ: “ਪ੍ਰਭੂ ਨੂੰ ਇਸ ਦੀ ਲੋੜ ਹੈ।”
35 ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਤੇ ਬੈਠ ਗਿਆ।
36 ਅਤੇ ਜਿੱਦਾਂ-ਜਿੱਦਾਂ ਉਹ ਅੱਗੇ ਵਧ ਰਿਹਾ ਸੀ, ਲੋਕ ਆਪਣੇ ਕੱਪੜੇ ਰਾਹ ਵਿਚ ਵਿਛਾਉਂਦੇ ਰਹੇ।
37 ਅਤੇ ਜਦੋਂ ਉਹ ਉਸ ਰਾਹ ’ਤੇ ਪਹੁੰਚਿਆ ਜਿਹੜਾ ਜ਼ੈਤੂਨ ਪਹਾੜ ਤੋਂ ਥੱਲੇ ਨੂੰ ਜਾਂਦਾ ਸੀ, ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀਆਂ ਮਨਾਉਣ ਲੱਗ ਪਈ। ਲੋਕਾਂ ਨੇ ਜੋ ਚਮਤਕਾਰ ਦੇਖੇ ਸਨ, ਉਨ੍ਹਾਂ ਕਰਕੇ ਉਹ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ
38 ਕਹਿਣ ਲੱਗੇ: “ਧੰਨ ਹੈ ਇਹ ਜਿਹੜਾ ਯਹੋਵਾਹ ਦੇ ਨਾਂ ’ਤੇ ਰਾਜੇ ਵਜੋਂ ਆ ਰਿਹਾ ਹੈ! ਸਵਰਗ ਵਿਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਹੜਾ ਸਭ ਤੋਂ ਉੱਚੀਆਂ ਥਾਵਾਂ ਉੱਤੇ ਵੱਸਦਾ ਹੈ!”
39 ਪਰ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ ਕੇ ਚੁੱਪ ਕਰਾ।”
40 ਪਰ ਉਸ ਨੇ ਕਿਹਾ: “ਮੈਂ ਤੁਹਾਨੂੰ ਕਹਿੰਦਾ ਹਾਂ: ਜੇ ਇਹ ਚੁੱਪ ਰਹੇ, ਤਾਂ ਪੱਥਰ ਬੋਲ ਉੱਠਣਗੇ।”
41 ਅਤੇ ਜਦੋਂ ਉਹ ਯਰੂਸ਼ਲਮ ਦੇ ਨੇੜੇ ਪਹੁੰਚਿਆ, ਤਾਂ ਉਹ ਸ਼ਹਿਰ ਨੂੰ ਦੇਖ ਕੇ ਰੋਇਆ,
42 ਅਤੇ ਉਸ ਨੇ ਕਿਹਾ: “ਕਾਸ਼, ਤੂੰ ਉਨ੍ਹਾਂ ਗੱਲਾਂ ਨੂੰ ਸਮਝ ਗਿਆ ਹੁੰਦਾ ਜਿਨ੍ਹਾਂ ਰਾਹੀਂ ਸ਼ਾਂਤੀ ਮਿਲਣੀ ਸੀ . . . ਪਰ ਹੁਣ ਇਹ ਗੱਲਾਂ ਤੇਰੀਆਂ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।
43 ਕਿਉਂਕਿ ਤੇਰੇ ਉੱਤੇ ਉਹ ਦਿਨ ਆਉਣਗੇ ਜਦੋਂ ਤੇਰੇ ਦੁਸ਼ਮਣ ਤੇਰੇ ਆਲੇ-ਦੁਆਲੇ ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਹਰ ਪਾਸਿਓਂ ਤੇਰੇ ਉੱਤੇ ਦਬਾਅ ਪਾਉਣਗੇ,
44 ਅਤੇ ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ ਅਤੇ ਉਹ ਤੇਰੇ ਵਿਚ ਪੱਥਰ ’ਤੇ ਪੱਥਰ ਨਹੀਂ ਛੱਡਣਗੇ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”
45 ਫਿਰ ਉਹ ਮੰਦਰ ਵਿਚ ਆਇਆ ਅਤੇ ਉਸ ਨੇ ਚੀਜ਼ਾਂ ਵੇਚਣ ਵਾਲਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ
46 ਅਤੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੋਇਆ ਹੈ: ‘ਮੇਰਾ ਘਰ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ,’ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾ ਦਿੱਤਾ ਹੈ।”
47 ਇਸ ਤੋਂ ਇਲਾਵਾ, ਉਹ ਰੋਜ਼ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦਿੰਦਾ ਸੀ। ਪਰ ਮੁੱਖ ਪੁਜਾਰੀ, ਗ੍ਰੰਥੀ ਅਤੇ ਯਹੂਦੀਆਂ ਦੇ ਵੱਡੇ-ਵੱਡੇ ਲੋਕ ਉਸ ਨੂੰ ਮਾਰਨਾ ਚਾਹੁੰਦੇ ਸਨ,
48 ਪਰ ਉਨ੍ਹਾਂ ਨੂੰ ਉਸ ਨੂੰ ਮਾਰਨ ਦਾ ਕੋਈ ਤਰੀਕਾ ਨਹੀਂ ਮਿਲ ਰਿਹਾ ਸੀ, ਕਿਉਂਕਿ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਉਸ ਦੇ ਨਾਲ-ਨਾਲ ਰਹਿੰਦੇ ਸਨ।
ਫੁਟਨੋਟ
^ ਯੂਨਾਨੀ ਵਿਚ, “ਮਾਇਨਾ।” ਇਕ ਮਾਇਨਾ 340 ਗ੍ਰਾਮ ਦਾ ਹੁੰਦਾ ਸੀ ਅਤੇ ਲਗਭਗ 3 ਮਹੀਨਿਆਂ ਦੀ ਮਜ਼ਦੂਰੀ ਹੁੰਦੀ ਸੀ।