ਲੂਕਾ 22:1-71

22  ਹੁਣ ਬੇਖਮੀਰੀ ਰੋਟੀ ਦਾ ਤਿਉਹਾਰ, ਜਿਸ ਨੂੰ ਪਸਾਹ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਨੇੜੇ ਆ ਰਿਹਾ ਸੀ।  ਨਾਲੇ, ਮੁੱਖ ਪੁਜਾਰੀ ਅਤੇ ਗ੍ਰੰਥੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ, ਪਰ ਲੋਕਾਂ ਤੋਂ ਡਰਦੇ ਸਨ। ਇਸ ਲਈ, ਉਹ ਉਸ ਨੂੰ ਮਾਰਨ ਦਾ ਕੋਈ ਵਧੀਆ ਤਰੀਕਾ ਲੱਭ ਰਹੇ ਸਨ।  ਫਿਰ ਸ਼ੈਤਾਨ ਨੇ ਯਹੂਦਾ ਇਸਕਰਿਓਤੀ ਨੂੰ ਆਪਣੇ ਵੱਸ ਵਿਚ ਕਰ ਲਿਆ, ਜਿਹੜਾ ਬਾਰਾਂ ਰਸੂਲਾਂ ਵਿਚ ਗਿਣਿਆ ਜਾਂਦਾ ਸੀ।  ਅਤੇ ਯਹੂਦਾ ਨੇ ਜਾ ਕੇ ਮੁੱਖ ਪੁਜਾਰੀਆਂ ਅਤੇ ਮੰਦਰ ਦੇ ਪਹਿਰੇਦਾਰਾਂ ਦੇ ਮੁਖੀਆਂ ਨਾਲ ਇਸ ਬਾਰੇ ਗੱਲ ਕੀਤੀ ਕਿ ਉਸ ਨੂੰ ਧੋਖੇ ਨਾਲ ਕਿਵੇਂ ਫੜਵਾਉਣਾ ਹੈ।  ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਉਸ ਨੂੰ ਚਾਂਦੀ ਦੇ ਸਿੱਕੇ ਦੇਣ ਦਾ ਵਾਅਦਾ ਕੀਤਾ।  ਯਹੂਦਾ ਮੰਨ ਗਿਆ ਅਤੇ ਸਹੀ ਮੌਕੇ ਦੀ ਭਾਲ ਕਰਨ ਲੱਗਾ ਕਿ ਉਹ ਉਸ ਨੂੰ ਉਦੋਂ ਫੜਵਾਏਗਾ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।  ਹੁਣ ਬੇਖਮੀਰੀ ਰੋਟੀ ਦੇ ਤਿਉਹਾਰ ਦਾ ਦਿਨ ਆ ਗਿਆ ਅਤੇ ਉਸ ਦਿਨ ਪਸਾਹ ਦੇ ਜਾਨਵਰ ਦੀ ਬਲ਼ੀ ਚੜ੍ਹਾਉਣੀ ਜ਼ਰੂਰੀ ਹੁੰਦੀ ਸੀ,  ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ: “ਜਾ ਕੇ ਸਾਡੇ ਲਈ ਪਸਾਹ ਦਾ ਖਾਣਾ ਤਿਆਰ ਕਰੋ।”  ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਇਹ ਖਾਣਾ ਤਿਆਰ ਕਰੀਏ?” 10  ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਤੁਸੀਂ ਸ਼ਹਿਰ ਵਿਚ ਵੜੋਗੇ, ਤਾਂ ਪਾਣੀ ਦਾ ਘੜਾ ਚੁੱਕੀ ਜਾਂਦਾ ਇਕ ਆਦਮੀ ਆ ਕੇ ਤੁਹਾਨੂੰ ਮਿਲੇਗਾ। ਤੁਸੀਂ ਉਸ ਦੇ ਪਿੱਛੇ-ਪਿੱਛੇ ਉਸ ਘਰ ਵਿਚ ਚਲੇ ਜਾਇਓ ਜਿਸ ਵਿਚ ਉਹ ਜਾਵੇਗਾ। 11  ਅਤੇ ਤੁਸੀਂ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਨੇ ਪੁੱਛਿਆ ਹੈ: “ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਖਾਣਾ ਖਾ ਸਕਦਾ ਹਾਂ?”’ 12  ਅਤੇ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਦਿਖਾਵੇਗਾ ਜੋ ਸਾਡੇ ਲਈ ਤਿਆਰ ਕੀਤਾ ਗਿਆ ਹੈ। ਉੱਥੇ ਤੁਸੀਂ ਪਸਾਹ ਦਾ ਖਾਣਾ ਤਿਆਰ ਕਰੋ।” 13  ਉਹ ਦੋਵੇਂ ਚਲੇ ਗਏ ਅਤੇ ਸ਼ਹਿਰ ਵਿਚ ਉਹੀ ਹੋਇਆ ਜੋ ਯਿਸੂ ਨੇ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਦੀ ਤਿਆਰੀ ਕੀਤੀ। 14  ਕੁਝ ਚਿਰ ਬਾਅਦ ਜਦੋਂ ਪਸਾਹ ਦਾ ਖਾਣਾ ਖਾਣ ਦਾ ਸਮਾਂ ਆਇਆ, ਤਾਂ ਉਹ ਅਤੇ ਉਸ ਦੇ ਰਸੂਲ ਮੇਜ਼ ਦੁਆਲੇ ਬੈਠੇ ਹੋਏ ਸਨ। 15  ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੀ ਬੜੀ ਤਮੰਨਾ ਸੀ ਕਿ ਦੁੱਖ ਝੱਲਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਪਸਾਹ ਦਾ ਖਾਣਾ ਖਾਵਾਂ, 16  ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ: ਮੈਂ ਦੁਬਾਰਾ ਪਸਾਹ ਦਾ ਖਾਣਾ ਉੱਨਾ ਚਿਰ ਨਹੀਂ ਖਾਵਾਂਗਾ ਜਿੰਨਾ ਚਿਰ ਇਸ ਨਾਲ ਸੰਬੰਧਿਤ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਰਾਜ ਵਿਚ ਪੂਰੀਆਂ ਨਹੀਂ ਹੋ ਜਾਂਦੀਆਂ।” 17  ਫਿਰ ਉਸ ਨੇ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ: “ਤੁਸੀਂ ਸਾਰੇ ਜਣੇ ਇਸ ਨੂੰ ਲਓ ਅਤੇ ਇਸ ਵਿੱਚੋਂ ਪੀਓ, 18  ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ: ਮੈਂ ਅੱਜ ਤੋਂ ਬਾਅਦ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਦੁਬਾਰਾ ਦਾਖਰਸ ਨਹੀਂ ਪੀਵਾਂਗਾ।” 19  ਨਾਲੇ, ਉਸ ਨੇ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ, ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” 20  ਇਸੇ ਤਰ੍ਹਾਂ, ਖਾਣਾ ਖਾਣ ਤੋਂ ਬਾਅਦ, ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਕਿਹਾ: “ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ।” 21  “ਪਰ ਦੇਖੋ! ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਬੈਠਾ ਹੋਇਆ ਹੈ। 22  ਮਨੁੱਖ ਦੇ ਪੁੱਤਰ ਨੇ ਤਾਂ ਮਰਨਾ ਹੀ ਹੈ, ਜਿਵੇਂ ਉਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ; ਪਰ ਅਫ਼ਸੋਸ ਉਸ ਆਦਮੀ ’ਤੇ ਜਿਹੜਾ ਉਸ ਨੂੰ ਧੋਖੇ ਨਾਲ ਫੜਵਾਉਂਦਾ ਹੈ!” 23  ਇਸ ਕਰਕੇ ਉਹ ਸਾਰੇ ਇਕ-ਦੂਜੇ ਨੂੰ ਪੁੱਛਣ ਲੱਗ ਪਏ ਕਿ ਉਨ੍ਹਾਂ ਵਿੱਚੋਂ ਕੌਣ ਹੋ ਸਕਦਾ ਹੈ ਜੋ ਉਸ ਨੂੰ ਫੜਵਾਏਗਾ। 24  ਪਰ ਉਹ ਤੈਸ਼ ਵਿਚ ਆ ਕੇ ਇਸ ਗੱਲ ’ਤੇ ਆਪਸ ਵਿਚ ਬਹਿਸਣ ਲੱਗ ਪਏ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ। 25  ਉਸ ਨੇ ਉਨ੍ਹਾਂ ਨੂੰ ਕਿਹਾ: “ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਲੋਕਾਂ ਉੱਤੇ ਅਧਿਕਾਰ ਰੱਖਣ ਵਾਲੇ ਆਦਮੀ ਦਾਤੇ ਕਹਾਉਂਦੇ ਹਨ। 26  ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਸਗੋਂ ਜਿਹੜਾ ਤੁਹਾਡੇ ਵਿਚ ਸਭ ਤੋਂ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ ਅਤੇ ਜਿਹੜਾ ਪ੍ਰਧਾਨ ਹੈ, ਉਹ ਸੇਵਾਦਾਰ ਬਣੇ। 27  ਕੌਣ ਵੱਡਾ ਹੁੰਦਾ ਹੈ, ਜਿਹੜਾ ਬੈਠ ਕੇ ਖਾਣਾ ਖਾਂਦਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜਿਹੜਾ ਬੈਠ ਕੇ ਖਾਣਾ ਖਾਂਦਾ ਹੈ? ਪਰ ਦੇਖੋ! ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਹਾਂ। 28  “ਪਰ ਤੁਸੀਂ ਹੀ ਮੇਰੀਆਂ ਅਜ਼ਮਾਇਸ਼ਾਂ ਦੌਰਾਨ ਮੇਰਾ ਸਾਥ ਨਿਭਾਇਆ, 29  ਅਤੇ ਮੈਂ ਤੁਹਾਨੂੰ ਰਾਜ ਦੇਣ ਦਾ ਇਕਰਾਰ ਕਰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ, 30  ਤਾਂਕਿ ਤੁਸੀਂ ਮੇਰੇ ਰਾਜ ਵਿਚ ਮੇਰੇ ਮੇਜ਼ ਦੁਆਲੇ ਬੈਠ ਕੇ ਖਾਓ-ਪੀਓ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋ। 31  “ਹੇ ਸ਼ਮਊਨ,* ਹੇ ਸ਼ਮਊਨ, ਸ਼ੈਤਾਨ ਨੇ ਕਿਹਾ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਕਣਕ ਵਾਂਗ ਛੱਟਣਾ ਚਾਹੁੰਦਾ ਹੈ। 32  ਪਰ ਮੈਂ ਤੇਰੇ ਲਈ ਅਰਦਾਸ ਕੀਤੀ ਹੈ ਕਿ ਤੂੰ ਨਿਹਚਾ ਕਰਨੀ ਨਾ ਛੱਡੇਂ, ਅਤੇ ਜਦੋਂ ਤੂੰ ਤੋਬਾ ਕਰ ਕੇ ਮੁੜ ਆਵੇਂ, ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ।” 33  ਫਿਰ ਪਤਰਸ ਨੇ ਉਸ ਨੂੰ ਕਿਹਾ: “ਪ੍ਰਭੂ, ਮੈਂ ਤੇਰੇ ਨਾਲ ਜੇਲ੍ਹ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ।” 34  ਪਰ ਉਸ ਨੇ ਕਿਹਾ: “ਪਤਰਸ, ਮੈਂ ਤੈਨੂੰ ਦੱਸਦਾ ਹਾਂ ਕਿ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।” 35  ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਜਦੋਂ ਮੈਂ ਤੁਹਾਨੂੰ ਪੈਸਿਆਂ ਦੀ ਗੁਥਲੀ, ਝੋਲ਼ੇ ਅਤੇ ਜੁੱਤੀਆਂ ਦੇ ਵਾਧੂ ਜੋੜੇ ਤੋਂ ਬਿਨਾਂ ਘੱਲਿਆ ਸੀ, ਤਾਂ ਕੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਈ ਸੀ?” ਉਨ੍ਹਾਂ ਨੇ ਕਿਹਾ: “ਨਹੀਂ!” 36  ਫਿਰ ਉਸ ਨੇ ਕਿਹਾ: “ਪਰ ਹੁਣ ਜਿਸ ਕੋਲ ਪੈਸਿਆਂ ਦੀ ਗੁਥਲੀ ਹੈ ਉਹ ਗੁਥਲੀ ਨਾਲ ਲੈ ਜਾਵੇ, ਇਸੇ ਤਰ੍ਹਾਂ ਝੋਲ਼ਾ ਵੀ ਨਾਲ ਲੈ ਜਾਵੇ; ਅਤੇ ਜਿਸ ਕੋਲ ਤਲਵਾਰ ਨਹੀਂ ਹੈ, ਉਹ ਆਪਣਾ ਚੋਗਾ ਵੇਚ ਕੇ ਇਕ ਤਲਵਾਰ ਖ਼ਰੀਦ ਲਵੇ। 37  ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਬਾਰੇ ਧਰਮ-ਗ੍ਰੰਥ ਵਿਚ ਜੋ ਵੀ ਲਿਖਿਆ ਗਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ, ਯਾਨੀ ‘ਉਹ ਅਪਰਾਧੀਆਂ ਵਿਚ ਗਿਣਿਆ ਗਿਆ।’ ਮੇਰੇ ਬਾਰੇ ਲਿਖੀਆਂ ਗੱਲਾਂ ਪੂਰੀਆਂ ਹੋ ਰਹੀਆਂ ਹਨ।” 38  ਫਿਰ ਉਨ੍ਹਾਂ ਨੇ ਕਿਹਾ: “ਪ੍ਰਭੂ, ਆਹ ਦੇਖ, ਸਾਡੇ ਕੋਲ ਦੋ ਤਲਵਾਰਾਂ ਹਨ।” ਉਸ ਨੇ ਉਨ੍ਹਾਂ ਨੂੰ ਕਿਹਾ: “ਇੰਨੀਆਂ ਕਾਫ਼ੀ ਹਨ।” 39  ਫਿਰ ਉਹ ਉੱਥੋਂ ਨਿਕਲ ਕੇ ਹਮੇਸ਼ਾ ਵਾਂਗ ਜ਼ੈਤੂਨ ਪਹਾੜ ਉੱਤੇ ਚਲਾ ਗਿਆ ਅਤੇ ਚੇਲੇ ਵੀ ਉਸ ਦੇ ਨਾਲ ਸਨ। 40  ਉੱਥੇ ਜਾ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਪਰੀਖਿਆ ਦੌਰਾਨ ਡਿਗ ਨਾ ਪਓ।” 41  ਅਤੇ ਉਹ ਉਨ੍ਹਾਂ ਤੋਂ ਥੋੜ੍ਹੀ ਦੂਰ* ਚਲਾ ਗਿਆ ਅਤੇ ਜ਼ਮੀਨ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹੋਏ 42  ਕਹਿਣ ਲੱਗਾ: “ਹੇ ਪਿਤਾ, ਜੇ ਤੂੰ ਚਾਹੇਂ, ਤਾਂ ਇਹ ਪਿਆਲਾ* ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।” 43  ਫਿਰ ਸਵਰਗੋਂ ਇਕ ਦੂਤ ਨੇ ਪ੍ਰਗਟ ਹੋ ਕੇ ਉਸ ਨੂੰ ਹੌਸਲਾ ਦਿੱਤਾ। 44  ਪਰ ਉਹ ਮਨੋਂ ਬੜਾ ਦੁਖੀ ਹੋਇਆ ਅਤੇ ਉਹ ਹੋਰ ਵੀ ਗਿੜਗਿੜਾ ਕੇ ਪ੍ਰਾਰਥਨਾ ਕਰਨ ਲੱਗਾ, ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿਗ ਰਿਹਾ ਸੀ। 45  ਫਿਰ ਉਹ ਪ੍ਰਾਰਥਨਾ ਕਰ ਕੇ ਖੜ੍ਹਾ ਹੋਇਆ ਅਤੇ ਜਾ ਕੇ ਆਪਣੇ ਚੇਲਿਆਂ ਨੂੰ ਦੇਖਿਆ ਕਿ ਉਹ ਗਮ ਦੇ ਮਾਰੇ ਚੂਰ ਹੋ ਕੇ ਸੁੱਤੇ ਪਏ ਸਨ, 46  ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਪਰੀਖਿਆ ਦੌਰਾਨ ਡਿਗ ਨਾ ਪਓ।” 47  ਜਦੋਂ ਅਜੇ ਉਹ ਗੱਲ ਕਰ ਹੀ ਰਿਹਾ ਸੀ, ਤਾਂ ਦੇਖੋ! ਇਕ ਭੀੜ ਆਈ ਅਤੇ ਉਨ੍ਹਾਂ ਦੇ ਅੱਗੇ-ਅੱਗੇ ਯਹੂਦਾ ਆਇਆ ਜਿਹੜਾ ਬਾਰਾਂ ਰਸੂਲਾਂ ਵਿੱਚੋਂ ਇਕ ਸੀ। ਉਹ ਯਿਸੂ ਨੂੰ ਚੁੰਮਣ ਲਈ ਕੋਲ ਆਇਆ। 48  ਪਰ ਯਿਸੂ ਨੇ ਉਸ ਨੂੰ ਕਿਹਾ: “ਯਹੂਦਾ, ਕੀ ਤੂੰ ਮਨੁੱਖ ਦੇ ਪੁੱਤਰ ਨੂੰ ਇਸ ਲਈ ਚੁੰਮ ਰਿਹਾ ਹੈਂ ਤਾਂਕਿ ਤੂੰ ਉਸ ਨੂੰ ਧੋਖੇ ਨਾਲ ਫੜਵਾ ਦੇਵੇਂ?” 49  ਜਦੋਂ ਯਿਸੂ ਦੇ ਨਾਲ ਆਏ ਚੇਲਿਆਂ ਨੇ ਦੇਖਿਆ ਕਿ ਕੀ ਹੋਣ ਵਾਲਾ ਸੀ, ਤਾਂ ਉਨ੍ਹਾਂ ਨੇ ਕਿਹਾ: “ਪ੍ਰਭੂ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ?” 50  ਉਨ੍ਹਾਂ ਵਿੱਚੋਂ ਇਕ ਨੇ ਤਾਂ ਤਲਵਾਰ ਦਾ ਵਾਰ ਕਰ ਕੇ ਮਹਾਂ ਪੁਜਾਰੀ ਦੇ ਨੌਕਰ ਦਾ ਸੱਜਾ ਕੰਨ ਵੱਢ ਸੁੱਟਿਆ। 51  ਪਰ ਇਹ ਦੇਖ ਕੇ ਯਿਸੂ ਨੇ ਕਿਹਾ: “ਬੱਸ! ਬਹੁਤ ਹੋ ਗਿਆ।” ਅਤੇ ਉਸ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। 52  ਫਿਰ ਜਿਹੜੇ ਮੁੱਖ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਬਜ਼ੁਰਗ ਉਸ ਨੂੰ ਫੜਨ ਆਏ ਸਨ, ਉਨ੍ਹਾਂ ਨੂੰ ਉਸ ਨੇ ਕਿਹਾ: “ਕੀ ਤੁਸੀਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਕਿਸੇ ਡਾਕੂ ਵਾਂਗ ਫੜਨ ਆਏ ਹੋ? 53  ਜਦੋਂ ਮੈਂ ਰੋਜ਼ ਮੰਦਰ ਵਿਚ ਤੁਹਾਡੇ ਨਾਲ ਹੁੰਦਾ ਸੀ, ਉਦੋਂ ਤਾਂ ਤੁਸੀਂ ਮੈਨੂੰ ਫੜਿਆ ਨਹੀਂ। ਪਰ ਇਹ ਸਮਾਂ ਤੁਹਾਡਾ ਹੈ ਅਤੇ ਹੁਣ ਹਨੇਰੇ ਦਾ ਰਾਜ ਚੱਲ ਰਿਹਾ ਹੈ।” 54  ਫਿਰ ਉਹ ਯਿਸੂ ਨੂੰ ਗਿਰਫ਼ਤਾਰ ਕਰ ਕੇ ਮਹਾਂ ਪੁਜਾਰੀ ਦੇ ਘਰ ਲੈ ਗਏ, ਪਰ ਪਤਰਸ ਥੋੜ੍ਹਾ ਦੂਰ ਰਹਿ ਕੇ ਪਿੱਛੇ-ਪਿੱਛੇ ਆ ਗਿਆ। 55  ਜਦੋਂ ਲੋਕ ਵਿਹੜੇ ਵਿਚ ਅੱਗ ਬਾਲ਼ ਕੇ ਇਸ ਦੇ ਆਲੇ-ਦੁਆਲੇ ਬੈਠੇ ਹੋਏ ਸਨ, ਤਾਂ ਪਤਰਸ ਵੀ ਉਨ੍ਹਾਂ ਨਾਲ ਬੈਠਾ ਹੋਇਆ ਸੀ। 56  ਪਰ ਇਕ ਨੌਕਰਾਣੀ ਨੇ ਉਸ ਨੂੰ ਅੱਗ ਲਾਗੇ ਬੈਠਾ ਦੇਖ ਲਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਕਿਹਾ: “ਇਹ ਆਦਮੀ ਵੀ ਉਸ ਦੇ ਨਾਲ ਸੀ।” 57  ਪਰ ਉਸ ਨੇ ਇਸ ਦਾ ਇਨਕਾਰ ਕਰਦੇ ਹੋਏ ਕਿਹਾ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ।” 58  ਅਤੇ ਕੁਝ ਸਮੇਂ ਬਾਅਦ ਇਕ ਹੋਰ ਆਦਮੀ ਨੇ ਉਸ ਨੂੰ ਦੇਖ ਕੇ ਕਿਹਾ: “ਤੂੰ ਵੀ ਉਸੇ ਦਾ ਚੇਲਾ ਹੈਂ।” ਪਰ ਪਤਰਸ ਨੇ ਕਿਹਾ: “ਮੈਂ ਨਹੀਂ ਉਸ ਦਾ ਚੇਲਾ।” 59  ਅਤੇ ਲਗਭਗ ਇਕ ਘੰਟੇ ਬਾਅਦ ਕਿਸੇ ਹੋਰ ਨੇ ਜ਼ੋਰ ਦੇ ਕੇ ਕਿਹਾ: “ਇਹ ਪੱਕਾ ਉਸ ਦੇ ਨਾਲ ਸੀ, ਕਿਉਂਕਿ ਇਹ ਵੀ ਗਲੀਲ ਦਾ ਰਹਿਣ ਵਾਲਾ ਹੈ!” 60  ਪਰ ਪਤਰਸ ਨੇ ਕਿਹਾ: “ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਿਹਾ ਹੈਂ।” ਅਤੇ ਜਦੋਂ ਅਜੇ ਉਹ ਇਹ ਗੱਲ ਕਹਿ ਹੀ ਰਿਹਾ ਸੀ, ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। 61  ਅਤੇ ਪ੍ਰਭੂ ਨੇ ਮੁੜ ਕੇ ਪਤਰਸ ਨੂੰ ਦੇਖਿਆ ਅਤੇ ਪਤਰਸ ਨੂੰ ਪ੍ਰਭੂ ਦੀ ਇਹ ਗੱਲ ਯਾਦ ਆਈ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।” 62  ਅਤੇ ਪਤਰਸ ਬਾਹਰ ਗਿਆ ਅਤੇ ਭੁੱਬਾਂ ਮਾਰ-ਮਾਰ ਕੇ ਰੋਇਆ। 63  ਹੁਣ ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ। 64  ਉਹ ਉਸ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਸ ਨੂੰ ਮਾਰਦੇ ਸਨ ਅਤੇ ਕਹਿੰਦੇ ਸਨ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” 65  ਅਤੇ ਉਹ ਉਸ ਨੂੰ ਹੋਰ ਵੀ ਬਹੁਤ ਬੁਰਾ-ਭਲਾ ਕਹਿੰਦੇ ਰਹੇ। 66  ਫਿਰ ਦਿਨ ਚੜ੍ਹੇ ਮੁੱਖ ਪੁਜਾਰੀਆਂ ਤੇ ਗ੍ਰੰਥੀਆਂ ਸਣੇ ਬਜ਼ੁਰਗਾਂ ਦੀ ਸਭਾ ਇਕੱਠੀ ਹੋਈ। ਉਹ ਉਸ ਨੂੰ ਮਹਾਸਭਾ ਦੇ ਹਾਲ ਵਿਚ ਲੈ ਕੇ ਆਏ ਅਤੇ ਉਨ੍ਹਾਂ ਨੇ ਕਿਹਾ: 67  “ਜੇ ਤੂੰ ਮਸੀਹ ਹੈਂ, ਤਾਂ ਸਾਨੂੰ ਦੱਸ।” ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਮੈਂ ਤੁਹਾਨੂੰ ਦੱਸ ਵੀ ਦੇਵਾਂ, ਤਾਂ ਤੁਸੀਂ ਕਿਹੜਾ ਮੇਰੀ ਗੱਲ ਦਾ ਵਿਸ਼ਵਾਸ ਕਰਨਾ। 68  ਇਸ ਤੋਂ ਇਲਾਵਾ, ਜੇ ਮੈਂ ਤੁਹਾਨੂੰ ਸਵਾਲ ਕਰਾਂ, ਤਾਂ ਤੁਸੀਂ ਮੈਨੂੰ ਕੋਈ ਜਵਾਬ ਨਹੀਂ ਦਿਓਗੇ। 69  ਪਰ, ਹੁਣ ਤੋਂ ਮਨੁੱਖ ਦਾ ਪੁੱਤਰ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਸੱਜੇ ਹੱਥ ਬੈਠੇਗਾ।” 70  ਇਹ ਸੁਣ ਕੇ ਉਨ੍ਹਾਂ ਸਾਰਿਆਂ ਨੇ ਕਿਹਾ: “ਤਾਂ ਫਿਰ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜੋ ਕਿਹਾ, ਸਹੀ ਕਿਹਾ।” 71  ਫਿਰ ਉਨ੍ਹਾਂ ਨੇ ਕਿਹਾ: “ਸਾਨੂੰ ਹੁਣ ਹੋਰ ਗਵਾਹੀ ਦੀ ਕੀ ਲੋੜ ਹੈ? ਅਸੀਂ ਆਪ ਇਹ ਦੇ ਮੂੰਹੋਂ ਸੁਣ ਲਿਆ ਹੈ।”

ਫੁਟਨੋਟ

ਪਤਰਸ ਰਸੂਲ ਦਾ ਇਕ ਹੋਰ ਨਾਂ।
ਜਾਂ, “ਜਿੰਨੀ ਕੁ ਦੂਰ ਪੱਥਰ ਸੁੱਟਿਆ ਜਾ ਸਕਦਾ ਹੈ, ਉੱਨੀ ਦੂਰ।”
ਮੱਤੀ 20:22, ਫੁਟਨੋਟ ਦੇਖੋ।