ਲੂਕਾ 10:1-42

10  ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਚੇਲਿਆਂ ਨੂੰ ਦੋ-ਦੋ ਕਰ ਕੇ ਆਪਣੇ ਅੱਗੇ-ਅੱਗੇ ਹਰ ਉਸ ਸ਼ਹਿਰ ਤੇ ਜਗ੍ਹਾ ਘੱਲਿਆ ਜਿੱਥੇ ਉਹ ਆਪ ਜਾ ਰਿਹਾ ਸੀ।  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਸੱਚ ਹੈ ਕਿ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਖੇਤ ਦੇ ਮਾਲਕ ਨੂੰ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਕਾਮੇ ਘੱਲ ਦੇਵੇ।  ਜਾਓ! ਅਤੇ ਯਾਦ ਰੱਖੋ ਤੁਸੀਂ ਲੇਲਿਆਂ ਵਰਗੇ ਹੋ ਤੇ ਮੈਂ ਤੁਹਾਨੂੰ ਬਘਿਆੜਾਂ ਵਰਗੇ ਲੋਕਾਂ ਵਿਚ ਘੱਲ ਰਿਹਾ ਹਾਂ।  ਤੁਸੀਂ ਆਪਣੇ ਨਾਲ ਨਾ ਪੈਸਿਆਂ ਦੀ ਗੁਥਲੀ, ਨਾ ਝੋਲ਼ਾ, ਨਾ ਜੁੱਤੀਆਂ ਦਾ ਜੋੜਾ ਲੈ ਕੇ ਜਾਓ, ਅਤੇ ਨਾ ਹੀ ਰਾਹ ਵਿਚ ਕਿਸੇ ਨਾਲ ਗਲ਼ੇ ਮਿਲਣ ਵਿਚ ਸਮਾਂ ਗੁਆਓ।  ਜਦੋਂ ਤੁਹਾਨੂੰ ਕੋਈ ਅੰਦਰ ਬੁਲਾਉਂਦਾ ਹੈ, ਤਾਂ ਪਹਿਲਾਂ ਕਹੋ: ‘ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।’  ਅਤੇ ਜੇ ਉਸ ਘਰ ਵਿਚ ਕੋਈ ਸ਼ਾਂਤੀ ਚਾਹੁਣ ਵਾਲਾ ਹੈ, ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਰਹੇਗੀ; ਪਰ ਜੇ ਨਹੀਂ ਹੈ, ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਹੀ ਰਹੇਗੀ।  ਇਸ ਲਈ, ਜਿਸ ਘਰ ਵਿਚ ਤੁਹਾਡਾ ਸੁਆਗਤ ਕੀਤਾ ਜਾਂਦਾ ਹੈ, ਉਸ ਘਰ ਵਿਚ ਰਹੋ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਓ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਉਸੇ ਘਰ ਵਿਚ ਠਹਿਰਿਓ, ਐਵੇਂ ਘਰ ਨਾ ਬਦਲਦੇ ਰਹਿਓ।  “ਨਾਲੇ, ਜਦੋਂ ਤੁਸੀਂ ਕਿਸੇ ਸ਼ਹਿਰ ਵਿਚ ਵੜਦੇ ਹੋ ਅਤੇ ਉੱਥੋਂ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਤੁਹਾਡੇ ਸਾਮ੍ਹਣੇ ਜੋ ਵੀ ਖਾਣ ਵਾਲੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਹਨ, ਖਾ ਲਓ,  ਉਸ ਸ਼ਹਿਰ ਵਿਚ ਬੀਮਾਰਾਂ ਨੂੰ ਠੀਕ ਕਰੋ ਅਤੇ ਉਨ੍ਹਾਂ ਨੂੰ ਦੱਸੋ: ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।’ 10  ਪਰ ਜਦੋਂ ਤੁਸੀਂ ਕਿਸੇ ਸ਼ਹਿਰ ਵਿਚ ਵੜਦੇ ਹੋ ਅਤੇ ਉੱਥੋਂ ਦੇ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਤਾਂ ਸ਼ਹਿਰ ਦੇ ਚੌਂਕ ਵਿਚ ਜਾ ਕੇ ਕਹੋ: 11  ‘ਤੁਹਾਡੇ ਸ਼ਹਿਰ ਦੀ ਜੋ ਧੂੜ ਸਾਡੇ ਪੈਰਾਂ ਨੂੰ ਲੱਗੀ ਹੈ, ਅਸੀਂ ਉਸ ਨੂੰ ਵੀ ਤੁਹਾਡੇ ਖ਼ਿਲਾਫ਼ ਗਵਾਹੀ ਦੇਣ ਲਈ ਝਾੜ ਰਹੇ ਹਾਂ। ਪਰ ਇਹ ਗੱਲ ਯਾਦ ਰੱਖੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।’ 12  ਮੈਂ ਤੁਹਾਨੂੰ ਦੱਸਦਾ ਹਾਂ, ਨਿਆਂ ਦੇ ਦਿਨ ਇਸ ਸ਼ਹਿਰ ਨੂੰ ਸਦੂਮ ਨਾਲੋਂ ਵੀ ਭਾਰੀ ਸਜ਼ਾ ਮਿਲੇਗੀ। 13  “ਲਾਹਨਤ ਹੈ ਤੇਰੇ ਉੱਤੇ, ਖੁਰਾਜ਼ੀਨ! ਲਾਹਨਤ ਹੈ ਤੇਰੇ ਉੱਤੇ, ਬੈਤਸੈਦਾ! ਕਿਉਂਕਿ ਜੇ ਤੁਹਾਡੇ ਵਿਚ ਕੀਤੀਆਂ ਗਈਆਂ ਕਰਾਮਾਤਾਂ ਸੋਰ ਤੇ ਸੀਦੋਨ* ਵਿਚ ਕੀਤੀਆਂ ਜਾਂਦੀਆਂ, ਤਾਂ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੇ ਬਹੁਤ ਚਿਰ ਪਹਿਲਾਂ ਤੱਪੜ ਪਾ ਕੇ ਅਤੇ ਸੁਆਹ ਵਿਚ ਬੈਠ ਕੇ ਤੋਬਾ ਕਰ ਲਈ ਹੁੰਦੀ। 14  ਇਸ ਲਈ, ਨਿਆਂ ਦੇ ਦਿਨ ਤੁਹਾਨੂੰ ਸੋਰ ਤੇ ਸੀਦੋਨ ਨਾਲੋਂ ਵੀ ਭਾਰੀ ਸਜ਼ਾ ਮਿਲੇਗੀ। 15  ਅਤੇ ਹੇ ਕਫ਼ਰਨਾਹੂਮ, ਕੀ ਤੂੰ ਆਕਾਸ਼ ਤਕ ਉੱਚਾ ਕੀਤਾ ਜਾਏਂਗਾ? ਨਹੀਂ, ਸਗੋਂ ਤੂੰ ਕਬਰ* ਵਿਚ ਜਾਏਂਗਾ! 16  “ਜਿਹੜਾ ਤੁਹਾਡੀ ਗੱਲ ਸੁਣਦਾ ਹੈ, ਉਹ ਮੇਰੀ ਵੀ ਗੱਲ ਸੁਣਦਾ ਹੈ। ਅਤੇ ਜਿਹੜਾ ਤੁਹਾਡੀ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਮੇਰੀ ਗੱਲ ਦੀ ਵੀ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ, ਜਿਹੜਾ ਮੇਰੀ ਪਰਵਾਹ ਨਹੀਂ ਕਰਦਾ, ਉਹ ਮੇਰੇ ਘੱਲਣ ਵਾਲੇ ਦੀ ਵੀ ਪਰਵਾਹ ਨਹੀਂ ਕਰਦਾ।” 17  ਫਿਰ ਸੱਤਰ ਚੇਲੇ ਖ਼ੁਸ਼ੀ-ਖ਼ੁਸ਼ੀ ਮੁੜੇ ਅਤੇ ਉਨ੍ਹਾਂ ਨੇ ਦੱਸਿਆ: “ਪ੍ਰਭੂ, ਜਦੋਂ ਅਸੀਂ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਹੁਕਮ ਦਿੰਦੇ ਹਾਂ, ਤਾਂ ਉਹ ਵੀ ਸਾਡਾ ਕਹਿਣਾ ਮੰਨਦੇ ਹਨ।” 18  ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਦੇਖ ਲਿਆ ਹੈ ਕਿ ਜਿਵੇਂ ਆਕਾਸ਼ੋਂ ਬਿਜਲੀ ਡਿਗਦੀ ਹੈ, ਉਸੇ ਤਰ੍ਹਾਂ ਸ਼ੈਤਾਨ ਉੱਪਰੋਂ ਡਿਗ ਚੁੱਕਾ ਹੈ। 19  ਦੇਖੋ! ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਪੈਰਾਂ ਹੇਠ ਮਿੱਧਣ ਅਤੇ ਦੁਸ਼ਮਣਾਂ ਦੀ ਸਾਰੀ ਤਾਕਤ ਨੂੰ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਰਤੀ ਭਰ ਨੁਕਸਾਨ ਨਹੀਂ ਕਰੇਗੀ। 20  ਫਿਰ ਵੀ, ਇਸ ਗੱਲ ’ਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ’ਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।” 21  ਉਸੇ ਵੇਲੇ ਯਿਸੂ ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਖ਼ੁਸ਼ੀ ਦੇ ਮਾਰੇ ਉਸ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰਾ ਗੁਣਗਾਨ ਕਰਦਾ ਹਾਂ, ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ। ਹੇ ਪਿਤਾ, ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ। 22  ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪਿਆ ਹੈ, ਅਤੇ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਸਿਰਫ਼ ਪਿਤਾ ਹੀ ਜਾਣਦਾ ਹੈ; ਅਤੇ ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਸਿਰਫ਼ ਪੁੱਤਰ ਹੀ ਜਾਣਦਾ ਹੈ ਅਤੇ ਉਹੀ ਇਨਸਾਨ ਜਿਸ ਨੂੰ ਪੁੱਤਰ ਆਪਣੇ ਪਿਤਾ ਬਾਰੇ ਦੱਸਣਾ ਚਾਹੁੰਦਾ ਹੈ।” 23  ਇਸ ਤੋਂ ਬਾਅਦ ਜਦੋਂ ਉਸ ਨਾਲ ਚੇਲਿਆਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਖ਼ੁਸ਼ ਹਨ ਉਹ ਲੋਕ ਜਿਹੜੇ ਉਹ ਚੀਜ਼ਾਂ ਦੇਖਦੇ ਹਨ ਜੋ ਤੁਸੀਂ ਦੇਖ ਰਹੇ ਹੋ। 24  ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਨ੍ਹਾਂ ਚੀਜ਼ਾਂ ਨੂੰ ਬਹੁਤ ਸਾਰੇ ਨਬੀ ਅਤੇ ਰਾਜੇ ਦੇਖਣਾ ਚਾਹੁੰਦੇ ਸਨ, ਪਰ ਦੇਖ ਨਹੀਂ ਸਕੇ, ਅਤੇ ਜੋ ਗੱਲਾਂ ਤੁਸੀਂ ਸੁਣਦੇ ਹੋ, ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ, ਪਰ ਸੁਣ ਨਹੀਂ ਸਕੇ।” 25  ਹੁਣ, ਦੇਖੋ! ਇਕ ਆਦਮੀ ਉੱਠਿਆ ਜਿਹੜਾ ਮੂਸਾ ਦੇ ਕਾਨੂੰਨ ਦਾ ਮਾਹਰ ਸੀ ਅਤੇ ਉਸ ਨੇ ਯਿਸੂ ਨੂੰ ਅਜ਼ਮਾਉਣ ਲਈ ਪੁੱਛਿਆ: “ਗੁਰੂ ਜੀ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕੀ ਕਰਾਂ?” 26  ਯਿਸੂ ਨੇ ਉਸ ਨੂੰ ਪੁੱਛਿਆ: “ਕਾਨੂੰਨ ਵਿਚ ਕੀ ਲਿਖਿਆ ਹੈ? ਇਸ ਤੋਂ ਤੂੰ ਕੀ ਸਮਝਿਆ ਹੈ?” 27  ਉਸ ਆਦਮੀ ਨੇ ਜਵਾਬ ਦਿੱਤਾ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸ਼ਕਤੀ ਨਾਲ ਅਤੇ ਆਪਣੀ ਪੂਰੀ ਬੁੱਧ ਨਾਲ ਪਿਆਰ ਕਰ,’ ਅਤੇ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਪਿਆਰ ਕਰਦਾ ਹੈਂ।’” 28  ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਜਵਾਬ ਦਿੱਤਾ ਹੈ; ‘ਇਸੇ ਤਰ੍ਹਾਂ ਕਰਦਾ ਰਹਿ ਅਤੇ ਤੈਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।’” 29  ਪਰ ਉਹ ਆਦਮੀ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਚਾਹੁੰਦਾ ਸੀ। ਉਸ ਨੇ ਯਿਸੂ ਨੂੰ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” 30  ਯਿਸੂ ਨੇ ਜਵਾਬ ਦਿੰਦਿਆਂ ਕਿਹਾ: “ਇਕ ਆਦਮੀ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ ਅਤੇ ਰਾਹ ਵਿਚ ਲੁਟੇਰਿਆਂ ਦੇ ਹੱਥ ਆ ਗਿਆ। ਉਨ੍ਹਾਂ ਨੇ ਉਸ ਦਾ ਸਭ ਕੁਝ ਲੁੱਟ ਲਿਆ ਅਤੇ ਮਾਰਿਆ-ਕੁੱਟਿਆ ਅਤੇ ਉਸ ਨੂੰ ਅਧਮੋਇਆ ਛੱਡ ਕੇ ਚਲੇ ਗਏ। 31  ਫਿਰ ਸਬੱਬੀਂ ਇਕ ਪੁਜਾਰੀ ਉਸ ਰਸਤਿਓਂ ਥੱਲੇ ਨੂੰ ਜਾ ਰਿਹਾ ਸੀ, ਪਰ ਉਸ ਆਦਮੀ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। 32  ਇਸੇ ਤਰ੍ਹਾਂ, ਇਕ ਲੇਵੀ ਵੀ ਥੱਲੇ ਨੂੰ ਜਾਂਦਾ ਹੋਇਆ ਉੱਥੇ ਪਹੁੰਚਿਆ ਤੇ ਉਸ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। 33  ਪਰ ਫਿਰ ਇਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੋਂ ਦੀ ਲੰਘ ਰਿਹਾ ਸੀ। ਜਦ ਉਸ ਨੇ ਉਸ ਆਦਮੀ ਨੂੰ ਦੇਖਿਆ, ਤਾਂ ਸਾਮਰੀ ਨੂੰ ਉਸ ’ਤੇ ਬੜਾ ਤਰਸ ਆਇਆ। 34  ਉਹ ਉਸ ਕੋਲ ਆਇਆ ਅਤੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ। ਫਿਰ ਉਸ ਨੂੰ ਆਪਣੇ ਗਧੇ ਉੱਤੇ ਬਿਠਾ ਕੇ ਮੁਸਾਫਰਖ਼ਾਨੇ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ। 35  ਅਗਲੇ ਦਿਨ ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਦੋ ਦੀਨਾਰ* ਦਿੰਦਿਆਂ ਕਿਹਾ, ‘ਇਸ ਦਾ ਖ਼ਿਆਲ ਰੱਖੀਂ। ਜੇ ਤੈਨੂੰ ਹੋਰ ਪੈਸੇ ਖ਼ਰਚਣੇ ਪਏ, ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਦੇ ਦਿਆਂਗਾ।’ 36  ਤੇਰੇ ਮੁਤਾਬਕ ਇਨ੍ਹਾਂ ਤਿੰਨਾਂ ਵਿੱਚੋਂ ਕਿਸ ਨੇ ਆਪਣੇ ਆਪ ਨੂੰ ਉਸ ਆਦਮੀ ਦਾ ਗੁਆਂਢੀ ਸਾਬਤ ਕੀਤਾ ਜੋ ਲੁਟੇਰਿਆਂ ਦੇ ਹੱਥ ਆ ਗਿਆ ਸੀ?” 37  ਉਸ ਨੇ ਕਿਹਾ: “ਉਹੀ ਜਿਸ ਨੇ ਉਸ ਆਦਮੀ ਉੱਤੇ ਦਇਆ ਕਰ ਕੇ ਉਸ ਦੀ ਮਦਦ ਕੀਤੀ ਸੀ।” ਫਿਰ ਯਿਸੂ ਨੇ ਉਸ ਨੂੰ ਕਿਹਾ: “ਜਾਹ ਅਤੇ ਤੂੰ ਵੀ ਇਸੇ ਤਰ੍ਹਾਂ ਕਰਦਾ ਰਹਿ।” 38  ਹੁਣ ਜਦੋਂ ਉਹ ਰਾਹ ਵਿਚ ਤੁਰੇ ਜਾ ਰਹੇ ਸਨ, ਤਾਂ ਯਿਸੂ ਇਕ ਪਿੰਡ ਵਿਚ ਗਿਆ। ਉੱਥੇ ਮਾਰਥਾ ਨਾਂ ਦੀ ਇਕ ਤੀਵੀਂ ਨੇ ਉਸ ਦਾ ਆਪਣੇ ਘਰ ਸੁਆਗਤ ਕੀਤਾ। 39  ਉਸ ਤੀਵੀਂ ਦੀ ਇਕ ਭੈਣ ਵੀ ਸੀ ਜਿਸ ਦਾ ਨਾਂ ਮਰੀਅਮ ਸੀ। ਮਰੀਅਮ ਪ੍ਰਭੂ ਦੇ ਚਰਨੀਂ ਬੈਠ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ। 40  ਪਰ ਮਾਰਥਾ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ। ਇਸ ਲਈ ਉਸ ਨੇ ਆ ਕੇ ਕਿਹਾ: “ਪ੍ਰਭੂ, ਤੈਨੂੰ ਜ਼ਰਾ ਵੀ ਖ਼ਿਆਲ ਨਹੀਂ ਆਇਆ ਕਿ ਮੇਰੀ ਭੈਣ ਨੇ ਸਾਰਾ ਕੰਮ ਮੇਰੇ ਸਿਰ ’ਤੇ ਛੱਡਿਆ ਹੋਇਆ ਹੈ? ਇਹ ਨੂੰ ਕਹਿ, ਆ ਕੇ ਮੇਰੀ ਮਦਦ ਕਰੇ।” 41  ਪ੍ਰਭੂ ਨੇ ਉਸ ਨੂੰ ਕਿਹਾ: “ਮਾਰਥਾ, ਮਾਰਥਾ, ਤੂੰ ਇੰਨੀਆਂ ਚੀਜ਼ਾਂ ਦੀ ਚਿੰਤਾ ਕਿਉਂ ਕਰ ਰਹੀ ਹੈਂ? 42  ਥੋੜ੍ਹੀਆਂ ਚੀਜ਼ਾਂ ਨਾਲ ਹੀ ਸਰ ਜਾਣਾ, ਸਗੋਂ ਇੱਕੋ ਬਥੇਰੀ ਹੈ। ਮਰੀਅਮ ਨੇ ਤਾਂ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।”

ਫੁਟਨੋਟ

ਗ਼ੈਰ-ਯਹੂਦੀਆਂ ਦੇ ਸ਼ਹਿਰ।
ਯੂਨਾਨੀ ਵਿਚ, “ਹੇਡੀਜ਼।” ਅਪੈਂਡਿਕਸ 8 ਦੇਖੋ।
ਦੀਨਾਰ ਚਾਂਦੀ ਦਾ ਇਕ ਰੋਮੀ ਸਿੱਕਾ ਸੀ ਜਿਸ ਦਾ ਭਾਰ 3.85 ਗ੍ਰਾਮ ਸੀ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ।