Skip to content

Skip to table of contents

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

JW ਸੈਟਾਲਾਈਟ ਚੈਨਲ ਪਹੁੰਚੇ ਉੱਥੇ ਜਿੱਥੇ ਇੰਟਰਨੈੱਟ ਨਾ ਪਹੁੰਚੇ

JW ਸੈਟਾਲਾਈਟ ਚੈਨਲ ਪਹੁੰਚੇ ਉੱਥੇ ਜਿੱਥੇ ਇੰਟਰਨੈੱਟ ਨਾ ਪਹੁੰਚੇ

1 ਅਪ੍ਰੈਲ 2021

 ਅਸੀਂ ਹਰ ਮਹੀਨੇ JW ਬ੍ਰਾਡਕਾਸਟਿੰਗ ਵਿਚ ਹੌਸਲਾ ਦੇਣ ਵਾਲੀਆਂ ਵੀਡੀਓਜ਼ ਅਤੇ ਪ੍ਰੋਗ੍ਰਾਮ ਦੇਖਣ ਲਈ ਬੇਤਾਬ ਰਹਿੰਦੇ ਹਾਂ। ਪਰ ਅਫ਼ਰੀਕਾ ਵਿਚ ਸਾਡੇ ਕਈ ਭੈਣ-ਭਰਾ ਇੰਟਰਨੈੱਟ ਰਾਹੀਂ ਇਹ ਪ੍ਰੋਗ੍ਰਾਮ ਨਹੀਂ ਦੇਖ ਸਕਦੇ। ਇੱਦਾਂ ਕਿਉਂ?

 ਅਫ਼ਰੀਕਾ ਵਿਚ ਘੱਟ ਥਾਵਾਂ ʼਤੇ ਹੀ ਇੰਟਰਨੈੱਟ ਪਹੁੰਚਦਾ ਹੈ ਅਤੇ ਜਿਨ੍ਹਾਂ ਥਾਵਾਂ ʼਤੇ ਇੰਟਰਨੈੱਟ ਪਹੁੰਚਦਾ ਹੈ, ਉੱਥੇ ਇੰਟਰਨੈੱਟ ਅਕਸਰ ਹੌਲੀ ਚੱਲਦਾ ਹੈ ਜਾਂ ਬਹੁਤ ਮਹਿੰਗਾ ਹੁੰਦਾ ਹੈ। ਮਿਸਾਲ ਲਈ, ਇਕ ਵਾਰ ਮੈਡਾਗਾਸਕਰ ਵਿਚ ਇਕ ਸਰਕਟ ਓਵਰਸੀਅਰ ਨੇ ਇੰਟਰਨੈੱਟ ਕੈਫੇ ਵਿਚ ਇਕ ਮਹੀਨੇ ਦਾ JW ਬ੍ਰਾਡਕਾਸਟਿੰਗ ਡਾਊਨਲੋਡ ਕੀਤਾ। ਉਸ ਨੂੰ 16 ਅਮਰੀਕੀ ਡਾਲਰ ਯਾਨੀ ਤਕਰੀਬਨ 1200 ਰੁਪਏ ਦੇਣੇ ਪਏ ਜੋ ਕਿ ਕੁਝ ਲੋਕਾਂ ਦੀ ਇਕ ਹਫ਼ਤੇ ਦੀ ਕਮਾਈ ਹੈ।

 ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਅਫ਼ਰੀਕਾ ਵਿਚ ਲੱਖਾਂ ਹੀ ਭੈਣ-ਭਰਾ ਬਿਨਾਂ ਇੰਟਰਨੈੱਟ ਤੋਂ ਹੀ JW ਬ੍ਰਾਡਕਾਸਟਿੰਗ ਦਾ ਮਜ਼ਾ ਲੈ ਰਹੇ ਹਨ। ਕਿਵੇਂ?

 2017 ਵਿਚ ਸੈਟਾਲਾਈਟ ਟੀ. ਵੀ. ਚੈਨਲ ਦੇ ਜ਼ਰੀਏ ਅਫ਼ਰੀਕਾ ਦੇ ਕੁਝ ਦੇਸ਼ਾਂ ਵਿਚ JW ਬ੍ਰਾਡਕਾਸਟਿੰਗ ਉਪਲਬਧ ਕਰਵਾਇਆ ਗਿਆ। ਇਹ ਚੈਨਲ 16 ਭਾਸ਼ਾਵਾਂ ਵਿਚ ਸੱਤੇ ਦਿਨ 24 ਘੰਟੇ ਮੁਫ਼ਤ ਵਿਚ ਚੱਲਦਾ ਹੈ।

2018 ਵਿਚ ਮੋਜ਼ਾਮਬੀਕ ਦੇ ਭਰਾ ਕਿੰਗਡਮ ਹਾਲ ਵਿਚ JW ਸੈਟਾਲਾਈਟ ਚੈਨਲ ਲਈ ਡਿਸ਼ ਸੈੱਟ ਕਰਦੇ ਹੋਏ

 ਇੱਦਾਂ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਟੈਲੀਵਿਯਨ ਬ੍ਰਾਡਕਾਸਟ ਨੂੰ ਪੈਸੇ ਦਿੱਤੇ ਤਾਂਕਿ ਸੈਟਾਲਾਈਟ ਦੇ ਜ਼ਰੀਏ ਇਹ ਪ੍ਰੋਗ੍ਰਾਮ ਦਿਖਾਇਆ ਜਾ ਸਕੇ। ਇਹ ਸੈਟਾਲਾਈਟ ਚੈਨਲ ਅਫ਼ਰੀਕਾ ਦੇ ਲਗਭਗ 35 ਦੇਸ਼ਾਂ ਵਿਚ ਚੱਲਦਾ ਹੈ। ਹਰ ਮਹੀਨੇ 12,000 ਅਮਰੀਕੀ ਡਾਲਰ ਤੋਂ ਜ਼ਿਆਦਾ ਯਾਨੀ ਨੌਂ ਲੱਖ ਤੋਂ ਜ਼ਿਆਦਾ ਰੁਪਏ ਭਰੇ ਜਾਂਦੇ ਹਨ। ਇਸ ਦੇ ਜ਼ਰੀਏ ਹਜ਼ਾਰਾਂ ਹੀ ਭੈਣ-ਭਰਾ ਵੱਡੇ ਸੰਮੇਲਨ ਅਤੇ ਬ੍ਰਾਂਚ ਆਫ਼ਿਸ ਤੋਂ ਆਏ ਭਰਾਵਾਂ ਦੇ ਖ਼ਾਸ ਭਾਸ਼ਣ ਸੁਣ ਸਕਦੇ ਹਨ।

2018 ਵਿਚ ਮਲਾਵੀ ਦੇ ਸਥਾਨਕ ਡੀਜ਼ਾਈਨ/ਉਸਾਰੀ ਵਿਭਾਗ ਦੇ ਭੈਣ-ਭਰਾ JW ਸੈਟਾਲਾਈਟ ਚੈਨਲ ਦੇਖਦੇ ਹੋਏ

 ਯਹੋਵਾਹ ਦੇ ਗਵਾਹਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਵਿਚ ਟੀ. ਵੀ. ʼਤੇ JW ਸੈਟਾਲਾਈਟ ਚੈਨਲ ਦੇਖਦੇ ਹਨ। ਪਰ ਸਾਡੇ ਬਹੁਤ ਸਾਰੇ ਭੈਣ-ਭਰਾ ਉਹ ਸਾਮਾਨ ਨਹੀਂ ਖ਼ਰੀਦ ਸਕਦੇ ਜੋ JW ਸੈਟਾਲਾਈਟ ਚੈਨਲ ਦੇਖਣ ਲਈ ਚਾਹੀਦਾ ਹੈ। ਇਸ ਲਈ 3,670 ਤੋਂ ਜ਼ਿਆਦਾ ਕਿੰਗਡਮ ਹਾਲਾਂ ਵਿਚ ਇਹ ਚੈਨਲ ਉਪਲਬਧ ਕਰਵਾਇਆ ਗਿਆ ਹੈ ਤਾਂਕਿ ਭੈਣ-ਭਰਾ ਉੱਥੇ ਆ ਕੇ JW ਬ੍ਰਾਡਕਾਸਟਿੰਗ ਦੇਖ ਸਕਣ। ਜੇਕਰ ਕਿੰਗਡਮ ਹਾਲ ਵਿਚ ਟੈਲੀਵਿਯਨ ਅਤੇ ਪ੍ਰੋਜੈਕਟਰ ਹੈ, ਤਾਂ ਸਾਮਾਨ ਅਤੇ ਇਸ ਨੂੰ ਪਹੁੰਚਾਉਣ ਦੇ ਲਗਭਗ 70 ਅਮਰੀਕੀ ਡਾਲਰ ਯਾਨੀ 5,250 ਰੁਪਏ ਲੱਗਦੇ ਹਨ। ਜੇ ਟੈਲੀਵਿਯਨ ਅਤੇ ਪ੍ਰੋਜੈਕਟਰ ਨਹੀਂ ਹਨ, ਤਾਂ ਤਕਰੀਬਨ 530 ਅਮਰੀਕੀ ਡਾਲਰ ਯਾਨੀ 39,750 ਰੁਪਏ ਲੱਗਦੇ ਹਨ।

 ਸਾਡੇ ਭੈਣ-ਭਰਾ ਇਸ ਚੈਨਲ ਦੀ ਬਹੁਤ ਕਦਰ ਕਰਦੇ ਹਨ। ਕੈਮਰੂਨ ਤੋਂ ਇਕ ਬਜ਼ੁਰਗ ਕਹਿੰਦਾ ਹੈ: “ਇਹ ਸਾਡੇ ਪਰਿਵਾਰ ਲਈ ਰੇਗਿਸਤਾਨ ਵਿਚ ਮੰਨੇ ਵਾਂਗ ਹੈ।” ਨਾਈਜੀਰੀਆ ਤੋਂ ਅਦੀਬੋਦ ਦੱਸਦਾ ਹੈ: “ਅਸੀਂ ਪੂਰਾ ਪਰਿਵਾਰ ਹਫ਼ਤੇ ਵਿਚ ਤਿੰਨ ਵਾਰ ਇਹ ਚੈਨਲ ਦੇਖਦੇ ਹਾਂ। ਮੇਰੇ ਬੱਚੇ ਇਸ ਸਮੇਂ ਦਾ ਇੰਤਜ਼ਾਰ ਕਰਦੇ ਹਨ। ਉਹ ਉੱਦਾਂ ਵੀ ਇਸ ਚੈਨਲ ਨੂੰ ਦੇਖਣ ਲਈ ਕਹਿੰਦੇ ਹਨ।” ਨਾਈਜੀਰੀਆ ਵਿਚ ਰਹਿਣ ਵਾਲੀ ਰੋਜ਼ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ 24 ਘੰਟੇ ਖ਼ਬਰਾਂ ਵਾਲਾ ਚੈਨਲ ਦੇਖਣ ਦੀ ਬਜਾਇ ਹੁਣ ਮੈਂ JW ਸੈਟਾਲਾਈਟ ਚੈਨਲ ਦੇਖਦੀ ਹਾਂ। ਜਦੋਂ ਮੈਂ ਖ਼ਬਰਾਂ ਦੇਖਦੀ ਸੀ, ਤਾਂ ਸੌਖਿਆਂ ਹੀ ਮੈਂ ਖਿੱਝ ਜਾਂਦੀ ਸੀ ਤੇ ਮੇਰਾ ਬਲੱਡ ਪ੍ਰੈਸ਼ਰ ਵਧ ਜਾਂਦਾ ਸੀ। ਪਰ JW ਬ੍ਰਾਡਕਾਸਟਿੰਗ ਦੇਖ ਕੇ ਮੈਨੂੰ ਬਹੁਤ ਹੌਸਲਾ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਇਹ ਮੇਰਾ ਪਸੰਦੀਦਾ ਚੈਨਲ ਹੈ। ਇਹ ਯਹੋਵਾਹ ਵੱਲੋਂ ਬਹੁਤ ਵੱਡੀ ਬਰਕਤ ਹੈ।”

ਮਲਾਵੀ ਵਿਚ ਇਕ ਪਰਿਵਾਰ ਸੈਟਾਲਾਈਟ ਚੈਨਲ ʼਤੇ ਬੱਚਿਆਂ ਵਾਲੀ ਇਕ ਵੀਡੀਓ ਦੇਖਦਾ ਹੋਇਆ

 ਮੋਜ਼ਾਮਬੀਕ ਦੇ ਇਕ ਸਰਕਟ ਓਵਰਸੀਅਰ ਨੇ ਦੱਸਿਆ ਕਿ ਉਸ ਦੇ ਸਰਕਟ ਦੇ ਕਿੰਗਡਮ ਹਾਲਾਂ ਵਿਚ ਸੈਟਾਲਾਈਟ ਚੈਨਲ ਚਲਾਉਣ ਲਈ ਸੈੱਟ-ਅਪ ਕੀਤਾ ਗਿਆ ਹੈ। ਇਨ੍ਹਾਂ ਮੰਡਲੀਆਂ ਦੇ ਭੈਣ-ਭਰਾ ਮੀਟਿੰਗ ਸ਼ੁਰੂ ਹੋਣ ਤੋਂ ਇਕ ਘੰਟਾ ਜਾਂ ਇਸ ਤੋਂ ਪਹਿਲਾਂ ਪਹੁੰਚ ਜਾਂਦੇ ਹਨ ਤਾਂਕਿ ਸੈਟਾਲਾਈਟ ਚੈਨਲ ਦੇ ਜ਼ਰੀਏ ਉਹ JW ਬ੍ਰਾਡਕਾਸਟਿੰਗ ਦੇਖ ਸਕਣ।

2018 ਵਿਚ ਇਥੋਪੀਆ ਦੀ ਮੰਡਲੀ ਦੇ ਭੈਣ-ਭਰਾ ਬਿਨਾਂ ਇੰਟਰਨੈੱਟ ਤੋਂ JW ਬ੍ਰਾਡਕਾਸਟਿੰਗ ਦੇਖਦੇ ਹੋਏ

 2019 ਵਿਚ ਅਫ਼ਰੀਕਾ ਦੇ ਜੋਹਾਨਸਬਰਗ ਸ਼ਹਿਰ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਇਸ ਚੈਨਲ ਰਾਹੀਂ ਭਾਸ਼ਣ ਸੁਣਾਏ ਗਏ ਜਿਨ੍ਹਾਂ ਵਿਚ ਪ੍ਰਬੰਧਕ ਸਭਾ ਦੇ ਭਰਾਵਾਂ ਵੱਲੋਂ ਦਿੱਤੇ ਭਾਸ਼ਣ ਵੀ ਸ਼ਾਮਲ ਸਨ। ਇਹ ਸੰਮੇਲਨ ਨੌਂ ਥਾਵਾਂ ʼਤੇ ਚੱਲਿਆ। ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਦੇ ਬ੍ਰਾਡਕਾਸਟਿੰਗ ਵਿਭਾਗ ਦਾ ਭਰਾ ਸਪੂਮੀਲੀਲੀ ਦੱਸਦਾ ਹੈ: “ਪਹਿਲਾਂ ਸਾਨੂੰ ਇੰਟਰਨੈੱਟ ਰਾਹੀਂ ਭਾਸ਼ਣ ਸੁਣਾਉਣੇ ਪੈਂਦੇ ਸਨ। ਪਰ ਇਸ ਤਰ੍ਹਾਂ ਕਰਨ ਲਈ ਵਧੀਆ ਇੰਟਰਨੈੱਟ ਦੀ ਲੋੜ ਹੁੰਦੀ ਹੈ ਅਤੇ ਪੈਸੇ ਭਰਨੇ ਪੈਂਦੇ ਹਨ। JW ਸੈਟਾਲਾਈਟ ਚੈਨਲ ਲਈ ਥੋੜ੍ਹੇ ਪੈਸੇ ਭਰਨੇ ਪੈਂਦੇ ਹਨ ਤੇ ਇਹ ਵਧੀਆ ਚੱਲਦਾ ਹੈ।”

 ਦੁਨੀਆਂ ਭਰ ਦੇ ਕੰਮਾਂ ਲਈ ਦਿਲੋਂ ਦਿੱਤੇ ਗਏ ਦਾਨ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਅਫ਼ਰੀਕਾ ਵਿਚ ਬਹੁਤ ਸਾਰੇ ਭੈਣ-ਭਰਾ ਸੈਟਾਲਾਈਟ ਚੈਨਲ ਰਾਹੀਂ JW ਬ੍ਰਾਡਕਾਸਟਿੰਗ ਦੇਖ ਸਕਦੇ ਹਨ। ਅਸੀਂ ਤੁਹਾਡੇ ਵੱਲੋਂ jw.donate.org ʼਤੇ ਵੱਖੋ-ਵੱਖ ਤਰੀਕਿਆਂ ਨਾਲ ਦਿੱਤੇ ਗਏ ਦਾਨ ਦੀ ਕਦਰ ਕਰਦੇ ਹਾਂ।