ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਤੋਂ ਇਲਾਵਾ ਹੋਰ ਕੀ ਸਬੂਤ ਹੈ ਕਿ ਯਿਸੂ ਇਕ ਅਸਲੀ ਹਸਤੀ ਸੀ?

ਯਿਸੂ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਰਹਿਣ ਵਾਲੇ ਲੇਖਕਾਂ ਨੇ ਉਸ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਸੀ। ਉਨ੍ਹਾਂ ਵਿਚ ਇਕ ਸੀ ਕੋਰਨੀਲੀਅਸ ਟੈਸੀਟਸ ਜਿਸ ਨੇ ਸਮਰਾਟਾਂ ਦੀ ਹਕੂਮਤ ਅਧੀਨ ਰੋਮ ਦਾ ਇਤਿਹਾਸ ਲਿਖਿਆ ਸੀ। ਸੰਨ 64 ਵਿਚ ਰੋਮ ਸ਼ਹਿਰ ਨੂੰ ਤਬਾਹ ਕਰਨ ਵਾਲੀ ਅੱਗ ਦੇ ਸੰਬੰਧ ਵਿਚ ਟੈਸੀਟਸ ਨੇ ਲਿਖਿਆ ਕਿ ਅਫ਼ਵਾਹਾਂ ਅਨੁਸਾਰ ਕਿਹਾ ਜਾਂਦਾ ਸੀ ਕਿ ਇਸ ਤਬਾਹੀ ਲਈ ਖ਼ੁਦ ਸਮਰਾਟ ਨੀਰੋ ਹੀ ਜ਼ਿੰਮੇਵਾਰ ਸੀ। ਟੈਸੀਟਸ ਨੇ ਕਿਹਾ ਕਿ ਨੀਰੋ ਨੇ ਇਸ ਤਬਾਹੀ ਦਾ ਇਲਜ਼ਾਮ ‘ਮਸੀਹੀ’ ਅਖਵਾਉਣ ਵਾਲੇ ਲੋਕਾਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ। ਟੈਸੀਟਸ ਨੇ ਲਿਖਿਆ: ‘ਟਾਈਬੀਰੀਅਸ ਦੇ ਰਾਜ ਦੌਰਾਨ ਸਾਡੇ ਇਕ ਹਾਕਮ ਪੰਤਿਯੁਸ ਪਿਲਾਤੁਸ ਨੇ ਮਸੀਹੀ ਧਰਮ ਦੇ ਮੋਢੀ ਖ੍ਰਿਸਤੁਸ [ਮਸੀਹ] ਨੂੰ ਮੌਤ ਦੀ ਸਜ਼ਾ ਦਿੱਤੀ ਸੀ।’—ਸਾਲਨਾਮਾ, XV, 44.

ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਵੀ ਯਿਸੂ ਦਾ ਜ਼ਿਕਰ ਕੀਤਾ ਸੀ। ਲਗਭਗ 62 ਈਸਵੀ ਵਿਚ ਯਹੂਦਿਯਾ ਦੇ ਰੋਮੀ ਹਾਕਮ ਫ਼ੇਸਤੁਸ ਦੀ ਮੌਤ ਹੋਣ ਤੋਂ ਬਾਅਦ ਅਤੇ ਅਗਲੇ ਹਾਕਮ ਅਲਬੀਨਸ ਦੀ ਹਕੂਮਤ ਸ਼ੁਰੂ ਹੋਣ ਦੇ ਸਮੇਂ ਤਕ ਵਾਪਰੀਆਂ ਘਟਨਾਵਾਂ ਬਾਰੇ ਲਿਖਦਿਆਂ ਜੋਸੀਫ਼ਸ ਨੇ ਕਿਹਾ ਕਿ ਪ੍ਰਧਾਨ ਜਾਜਕ ਅੰਨਾਸ (ਹਨਾਨਿਯਾਹ) ਨੇ “ਮਹਾਸਭਾ ਦੇ ਨਿਆਂਕਾਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਸਾਮ੍ਹਣੇ ਯਾਕੂਬ ਨਾਂ ਦੇ ਬੰਦੇ ਨੂੰ ਅਤੇ ਹੋਰਨਾਂ ਨੂੰ ਪੇਸ਼ ਕੀਤਾ ਗਿਆ। ਯਾਕੂਬ ਉਸੇ ਯਿਸੂ ਦਾ ਭਰਾ ਸੀ ਜਿਸ ਨੂੰ ਮਸੀਹ ਕਿਹਾ ਜਾਂਦਾ ਸੀ।”—ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), XX, 200 (ix, 1). (w10-E 04/01)

ਯਿਸੂ ਨੂੰ ਮਸੀਹ ਕਿਉਂ ਕਿਹਾ ਗਿਆ?

ਇੰਜੀਲਾਂ ਵਿਚ ਦੱਸਿਆ ਗਿਆ ਹੈ ਕਿ ਜਦੋਂ ਜਬਰਾਏਲ ਦੂਤ ਨੇ ਆ ਕੇ ਮਰਿਯਮ ਨੂੰ ਦੱਸਿਆ ਸੀ ਕਿ ਉਹ ਗਰਭਵਤੀ ਹੋਵੇਗੀ, ਤਾਂ ਉਸ ਨੇ ਮਰਿਯਮ ਨੂੰ ਆਪਣੇ ਪੁੱਤਰ ਦਾ ਨਾਂ ਯਿਸੂ ਰੱਖਣ ਲਈ ਕਿਹਾ ਸੀ। (ਲੂਕਾ 1:31) ਬਾਈਬਲ ਦੇ ਜ਼ਮਾਨੇ ਵਿਚ ਯਹੂਦੀਆਂ ਵਿਚ ਇਹ ਨਾਂ ਬਹੁਤ ਆਮ ਸੀ। ਬਾਈਬਲ ਵਿਚ ਪਾਏ ਜਾਂਦੇ ਯਿਸੂ ਨਾਂ ਦੇ ਲੋਕਾਂ ਤੋਂ ਇਲਾਵਾ ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ 12 ਹੋਰਨਾਂ ਬਾਰੇ ਵੀ ਲਿਖਿਆ ਜਿਨ੍ਹਾਂ ਦਾ ਇਹੀ ਨਾਂ ਸੀ। ਮਰਿਯਮ ਦੇ ਪੁੱਤਰ ਨੂੰ ਯਿਸੂ “ਨਾਸਰੀ” ਕਿਹਾ ਜਾਂਦਾ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਨਾਸਰਤ ਸ਼ਹਿਰ ਦਾ ਰਹਿਣ ਵਾਲਾ ਸੀ। (ਮਰਕੁਸ 10:47) ਉਹ “ਮਸੀਹ” ਜਾਂ ਯਿਸੂ ਮਸੀਹ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। (ਮੱਤੀ 16:16) ਇਸ ਨਾਂ ਦਾ ਕੀ ਅਰਥ ਹੈ?

ਅੰਗ੍ਰੇਜ਼ੀ ਸ਼ਬਦ “ਕ੍ਰਾਇਸਟ” ਯੂਨਾਨੀ ਸ਼ਬਦ ਕ੍ਰਿਸਟੋਸ ਤੋਂ ਆਇਆ ਹੈ। ਇਬਰਾਨੀ ਵਿਚ ਇਹੀ ਸ਼ਬਦ ਮਾਸ਼ੀਅਖ (ਮਸੀਹਾ) ਹੈ। ਇਨ੍ਹਾਂ ਦੋਹਾਂ ਸ਼ਬਦਾਂ ਦਾ ਅਰਥ ਹੈ “ਮਸਹ ਕੀਤਾ ਹੋਇਆ।” ਯਿਸੂ ਤੋਂ ਪਹਿਲਾਂ ਹੋਰਨਾਂ ਨੂੰ ਵੀ ‘ਮਸਹ ਕੀਤੇ ਹੋਏ’ ਕਿਹਾ ਗਿਆ ਸੀ। ਮਿਸਾਲ ਲਈ, ਮੂਸਾ, ਹਾਰੂਨ ਤੇ ਰਾਜਾ ਦਾਊਦ ਨੂੰ ‘ਮਸਹ ਕੀਤੇ ਹੋਏ’ ਕਿਹਾ ਗਿਆ ਸੀ ਯਾਨੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸਨ ਤੇ ਕਿਸੇ ਖ਼ਾਸ ਕੰਮ ਲਈ ਚੁਣਿਆ ਸੀ। (ਲੇਵੀਆਂ 4:3; 8:12; 2 ਸਮੂਏਲ 22:51; ਇਬਰਾਨੀਆਂ 11:24-26) ਭਵਿੱਖਬਾਣੀਆਂ ਅਨੁਸਾਰ ਯਹੋਵਾਹ ਨੇ ਯਿਸੂ ਨੂੰ ਖ਼ਾਸ ਕੰਮ ਕਰਨ ਲਈ ਭੇਜਿਆ ਸੀ। ਇਸੇ ਕਰਕੇ ਬਾਈਬਲ ਵਿਚ ਯਿਸੂ ਨੂੰ “ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ” ਕਿਹਾ ਗਿਆ ਹੈ।—ਮੱਤੀ 16:16; ਦਾਨੀਏਲ 9:25. (w10-E 04/01)

[ਸਫ਼ਾ 28 ਉੱਤੇ ਤਸਵੀਰ]

ਇਕ ਕਲਾਕਾਰ ਦੁਆਰਾ ਬਣਾਈ ਗਈ ਫਲੇਵੀਅਸ ਜੋਸੀਫ਼ਸ ਦੀ ਤਸਵੀਰ