Skip to content

Skip to table of contents

ਕੀ ਕੋਈ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਹੈ’?

ਕੀ ਕੋਈ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਹੈ’?

ਪਰਮੇਸ਼ੁਰ ਨੂੰ ਜਾਣੋ

ਕੀ ਕੋਈ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਹੈ’?

ਰੋਮੀਆਂ 8:38, 39

ਸਾਨੂੰ ਸਾਰਿਆਂ ਨੂੰ ਪਿਆਰ ਦੀ ਜ਼ਰੂਰਤ ਹੈ। ਜਦੋਂ ਸਾਡਾ ਪਰਿਵਾਰ ਤੇ ਸਾਡੇ ਦੋਸਤ ਸਾਨੂੰ ਪਿਆਰ ਦਿਖਾਉਂਦੇ ਹਨ, ਤਾਂ ਅਸੀਂ ਵਧਦੇ-ਫੁੱਲਦੇ ਹਾਂ। ਅਫ਼ਸੋਸ ਦੀ ਗੱਲ ਹੈ ਕਿ ਇਨਸਾਨਾਂ ਦੇ ਰਿਸ਼ਤੇ ਕਦੀ ਵੀ ਟੁੱਟ ਸਕਦੇ ਹਨ ਅਤੇ ਸਮੇਂ ਦੇ ਬੀਤਣ ਨਾਲ ਬਦਲ ਸਕਦੇ ਹਨ। ਕਦੀ-ਕਦੀ ਹੁੰਦਾ ਹੈ ਕਿ ਸਾਡੇ ਅਜ਼ੀਜ਼ ਸਾਨੂੰ ਦੁੱਖ ਪਹੁੰਚਾਉਂਦੇ ਹਨ, ਛੱਡ ਦਿੰਦੇ ਜਾਂ ਬਿਲਕੁਲ ਹੀ ਭੁਲਾ ਦਿੰਦੇ ਹਨ। ਪਰ ਇਕ ਅਜਿਹਾ ਸ਼ਖ਼ਸ ਹੈ ਜਿਸ ਦਾ ਪਿਆਰ ਨਾ ਕਦੀ ਬਦਲਦਾ ਤੇ ਨਾ ਹੀ ਕਦੀ ਠੰਢਾ ਪੈਂਦਾ ਹੈ। ਹਾਂ, ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ। ਉਸ ਦੇ ਪਿਆਰ ਬਾਰੇ ਰੋਮੀਆਂ 8:38, 39 ਵਿਚ ਦੱਸਿਆ ਗਿਆ ਹੈ।

ਪੌਲੁਸ ਰਸੂਲ ਨੇ ਕਿਹਾ: “ਮੈਨੂੰ ਪਰਤੀਤ ਹੈ।” ਕਿਸ ਗੱਲ ਦੀ ਪਰਤੀਤ? ਇਸ ਗੱਲ ਦੀ ਕਿ ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੀ।’ ਇੱਥੇ ਪੌਲੁਸ ਸਿਰਫ਼ ਆਪਣੇ ਹੀ ਬਾਰੇ ਨਹੀਂ, ਸਗੋਂ ਸਾਡੇ ਸਾਰਿਆਂ ਬਾਰੇ ਗੱਲ ਕਰ ਰਿਹਾ ਸੀ। ਕਹਿਣ ਦਾ ਮਤਲਬ ਕਿ ਉਨ੍ਹਾਂ ਸਾਰਿਆਂ ਦੀ ਗੱਲ ਕਰ ਰਿਹਾ ਸੀ ਜੋ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ਇਸ ਗੱਲ ’ਤੇ ਜ਼ੋਰ ਦੇਣ ਲਈ ਪੌਲੁਸ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ ਜੋ ਯਹੋਵਾਹ ਨੂੰ ਸਾਨੂੰ ਪਿਆਰ ਕਰਨ ਤੋਂ ਨਹੀਂ ਰੋਕ ਸਕਦੀਆਂ।

“ਨਾ ਮੌਤ, ਨਾ ਜੀਵਨ।” ਯਹੋਵਾਹ ਆਪਣੇ ਲੋਕਾਂ ਨੂੰ ਭੁੱਲਦਾ ਨਹੀਂ ਜਦੋਂ ਉਹ ਮੌਤ ਦੀ ਨੀਂਦ ਸੌਂ ਜਾਂਦੇ ਹਨ। ਉਸ ਦੇ ਵਫ਼ਾਦਾਰ ਭਗਤ ਉਸ ਦੀ ਯਾਦਾਸ਼ਤ ਵਿਚ ਅਜੇ ਵੀ ਜੀਉਂਦੇ ਹਨ ਅਤੇ ਸਮਾਂ ਆਉਣ ’ਤੇ ਉਹ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜ਼ਿੰਦਾ ਕਰੇਗਾ। (ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:3, 4) ਤਦ ਤਕ ਪਰਮੇਸ਼ੁਰ ਆਪਣੇ ਵਫ਼ਾਦਾਰ ਭਗਤਾਂ ਨੂੰ ਪਿਆਰ ਕਰਦਾ ਰਹੇਗਾ ਭਾਵੇਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਜੋ ਮਰਜ਼ੀ ਸਹਿਣਾ ਪਵੇ।

“ਨਾ ਦੂਤ, ਨਾ ਹਕੂਮਤਾਂ।” ਇਨਸਾਨ ਤਾਕਤਵਰ ਲੋਕਾਂ ਜਾਂ ਅਫ਼ਸਰਾਂ ਦੇ ਅਸਰ ਹੇਠ ਆ ਸਕਦੇ ਹਨ ਪਰ ਯਹੋਵਾਹ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਸ਼ਕਤੀਸ਼ਾਲੀ ਦੂਤ ਜੋ ਸ਼ਤਾਨ ਬਣ ਗਿਆ ਸੀ, ਉਹ ਵੀ ਯਹੋਵਾਹ ਨੂੰ ਆਪਣੇ ਭਗਤਾਂ ਨੂੰ ਪਿਆਰ ਕਰਨ ਤੋਂ ਨਹੀਂ ਰੋਕ ਸਕਦਾ। (ਪਰਕਾਸ਼ ਦੀ ਪੋਥੀ 12:10) ਸੱਚੇ ਮਸੀਹੀਆਂ ਦਾ ਵਿਰੋਧ ਕਰਨ ਵਾਲੀਆਂ ਸਰਕਾਰਾਂ ਵੀ ਪਰਮੇਸ਼ੁਰ ਦੇ ਆਪਣੇ ਲੋਕਾਂ ਪ੍ਰਤੀ ਨਜ਼ਰੀਏ ਨੂੰ ਨਹੀਂ ਬਦਲ ਸਕਦੀਆਂ।1 ਕੁਰਿੰਥੀਆਂ 4:13.

“ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ।” ਪਰਮੇਸ਼ੁਰ ਦਾ ਪ੍ਰੇਮ ਸਮੇਂ ਦੇ ਬੀਤਣ ਨਾਲ ਠੰਢਾ ਨਹੀਂ ਪੈਂਦਾ। ਉਸ ਦੇ ਭਗਤਾਂ ਨਾਲ ਇਸ ਸਮੇਂ ਵਿਚ ਜਾਂ ਭਵਿੱਖ ਵਿਚ ਜੋ ਮਰਜ਼ੀ ਹੋ ਜਾਵੇ, ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਰਹੇਗਾ।

“ਨਾ ਸ਼ਕਤੀਆਂ।” ਪੌਲੁਸ ਨੇ ਸਵਰਗ ਵਿਚਲੀਆਂ ਅਤੇ ਧਰਤੀਆਂ ਉੱਤਲੀਆਂ ਤਾਕਤਾਂ ਦੀ ਗੱਲ ਕੀਤੀ ਹੈ, ਜਿਵੇਂ “ਦੂਤ” ਅਤੇ “ਹਕੂਮਤਾਂ।” ਪਰ ਹੁਣ ਉਹ “ਸ਼ਕਤੀਆਂ” ਦੀ ਗੱਲ ਕਰ ਰਿਹਾ ਹੈ। “ਸ਼ਕਤੀਆਂ” ਲਈ ਵਰਤੇ ਯੂਨਾਨੀ ਸ਼ਬਦ ਦੇ ਕਈ ਮਤਲਬ ਹਨ। ਇਸ ਦਾ ਸਹੀ ਮਤਲਬ ਜੋ ਮਰਜ਼ੀ ਹੋਵੇ, ਪਰ ਇਕ ਗੱਲ ਪੱਕੀ ਹੈ: ਸਵਰਗ ਜਾਂ ਧਰਤੀ ਦੀ ਕੋਈ ਵੀ ਸ਼ਕਤੀ ਪਰਮੇਸ਼ੁਰ ਨੂੰ ਆਪਣੇ ਸੇਵਕਾਂ ਨੂੰ ਪਿਆਰ ਕਰਨ ਤੋਂ ਰੋਕ ਨਹੀਂ ਸਕਦੀ।

“ਨਾ ਉਚਿਆਈ, ਨਾ ਡੁੰਘਿਆਈ।” ਯਹੋਵਾਹ ਹਰ ਹਾਲਤ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਚਾਹੇ ਉਹ ਚੜ੍ਹਦੀਆਂ ਕਲਾਂ ਵਿਚ ਹੋਣ ਜਾਂ ਢਹਿੰਦੀਆਂ ਕਲਾਂ ਵਿਚ।

“ਨਾ ਕੋਈ ਹੋਰ ਸਰਿਸ਼ਟੀ।” ਇਨ੍ਹਾਂ ਸ਼ਬਦਾਂ ਨੂੰ ਵਰਤ ਕੇ ਪੌਲੁਸ ਕਹਿ ਰਿਹਾ ਹੈ ਕਿ ਕੋਈ ਵੀ ਚੀਜ਼ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਉਸ ਦੇ ਪਿਆਰ ਤੋਂ ਵਾਂਝਿਆ ਨਹੀਂ ਕਰ ਸਕਦੀ।

ਇਨਸਾਨਾਂ ਦਾ ਪਿਆਰ ਬਦਲ ਜਾਂ ਘੱਟ ਸਕਦਾ ਹੈ, ਪਰ ਪਰਮੇਸ਼ੁਰ ਦਾ ਪਿਆਰ ਉਨ੍ਹਾਂ ਲਈ ਨਹੀਂ ਬਦਲਦਾ ਜੋ ਉਸ ਉੱਤੇ ਨਿਹਚਾ ਕਰਦੇ ਹਨ। ਉਸ ਦਾ ਪਿਆਰ ਅਸੀਮ ਹੈ। ਇਹ ਜਾਣ ਕੇ ਅਸੀਂ ਯਹੋਵਾਹ ਵੱਲ ਹੋਰ ਖਿੱਚੇ ਚੱਲੇ ਜਾਂਦੇ ਹਾਂ ਅਤੇ ਪੂਰੀ ਵਾਹ ਲਾ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। (w08 8/1)