Skip to content

Skip to table of contents

ਮੈਨੂੰ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ

ਮੈਨੂੰ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ

ਮੈਨੂੰ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ

ਆਰਥਰ ਬੋਨੋ ਦੀ ਜ਼ਬਾਨੀ

ਇਹ ਸੰਨ 1951 ਦੀ ਗੱਲ ਹੈ। ਮੈਂ ਤੇ ਮੇਰੀ ਪਤਨੀ ਈਡਥ ਜ਼ਿਲ੍ਹਾ ਸੰਮੇਲਨ ਵਿਚ ਸਾਂ ਜਦੋਂ ਅਸੀਂ ਘੋਸ਼ਣਾ ਸੁਣੀ ਕਿ ਉਨ੍ਹਾਂ ਭੈਣਾਂ-ਭਰਾਵਾਂ ਲਈ ਸਭਾ ਰੱਖੀ ਗਈ ਹੈ ਜਿਹੜੇ ਮਿਸ਼ਨਰੀ ਸੇਵਾ ਕਰਨ ਵਿਚ ਦਿਲਚਸਪੀ ਰੱਖਦੇ ਹਨ।

“ਚੱਲ ਚੱਲੀਏ ਤੇ ਸੁਣੀਏ!” ਮੈਂ ਖ਼ੁਸ਼ ਹੋ ਕੇ ਕਿਹਾ।

“ਆਰਟ ਇਹ ਸਾਡੇ ਵਾਸਤੇ ਨਹੀਂ!” ਈਡਥ ਨੇ ਕਿਹਾ।

“ਫਿਰ ਕੀ ਹੋਇਆ ਈਡੀ, ਅਸੀਂ ਤਾਂ ਬਸ ਸੁਣਨਾ ਹੈ।”

ਸਭਾ ਤੋਂ ਬਾਅਦ ਗਿਲਿਅਡ ਸਕੂਲ ਵਾਸਤੇ ਅਰਜ਼ੀਆਂ ਭਰਨ ਨੂੰ ਦਿੱਤੀਆਂ ਗਈਆਂ।

“ਚੱਲ ਭਰੀਏ ਇਨ੍ਹਾਂ ਨੂੰ,” ਮੈਂ ਕਿਹਾ।

“ਪਰ ਆਰਟ ਸਾਡੇ ਪਰਿਵਾਰਾਂ ਦਾ ਕੀ ਹੋਵੇਗਾ?”

ਉਸ ਸੰਮੇਲਨ ਤੋਂ ਡੇਢ ਸਾਲ ਬਾਅਦ ਅਸੀਂ ਗਿਲਿਅਡ ਸਕੂਲ ਚਲੇ ਗਏ ਅਤੇ ਸਾਨੂੰ ਇਕਵੇਡਾਰ, ਦੱਖਣੀ ਅਮਰੀਕਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ।

ਉਸ ਸੰਮੇਲਨ ਵਿਚ ਮੇਰੀ ਪਤਨੀ ਨਾਲ ਹੋਈ ਗੱਲਬਾਤ ਤੋਂ ਤੁਸੀਂ ਜਾਣ ਹੀ ਗਏ ਹੋ ਕਿ ਮੈਂ ਫਟਾਫਟ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਂਦਾ ਸੀ, ਦੂਜੇ ਤੋਂ ਭਾਵੇਂ ਹੋਵੇ, ਭਾਵੇਂ ਨਾ। ਪਰ ਈਡਥ ਨਿਮਰ ਸੁਭਾਅ ਦੀ ਸੀ ਅਤੇ ਜਾਣਦੀ ਸੀ ਕਿ ਉਹ ਕਿੰਨਾ ਕੁ ਕਰ ਸਕਦੀ ਸੀ। ਉਹ ਪੈਨਸਿਲਵੇਨੀਆ, ਯੂ.ਐੱਸ.ਏ. ਦੇ ਛੋਟੇ ਜਿਹੇ ਕਸਬੇ ਇਲਿਜ਼ਬਥ ਵਿਚ ਜੰਮੀ-ਪਲੀ ਸੀ। ਉਹ ਕਦੇ ਵੀ ਆਪਣੇ ਘਰ ਤੋਂ ਜ਼ਿਆਦਾ ਦੂਰ ਨਹੀਂ ਗਈ ਜਾਂ ਕਿਸੇ ਵਿਦੇਸ਼ੀ ਨੂੰ ਨਹੀਂ ਮਿਲੀ। ਉਸ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਮੁਸ਼ਕਲ ਸੀ। ਫਿਰ ਵੀ ਉਹ ਪੂਰੇ ਦਿਲ ਨਾਲ ਵਿਦੇਸ਼ ਜਾ ਕੇ ਸੇਵਾ ਕਰਨ ਲਈ ਮੰਨ ਗਈ। 1954 ਵਿਚ ਅਸੀਂ ਇਕਵੇਡਾਰ ਪਹੁੰਚ ਗਏ ਅਤੇ ਉਦੋਂ ਤੋਂ ਹੀ ਇਸ ਦੇਸ਼ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਾਂ। ਇਨ੍ਹਾਂ ਸਾਲਾਂ ਦੌਰਾਨ ਸਾਨੂੰ ਕਈ ਚੰਗੀਆਂ ਚੀਜ਼ਾਂ ਮਿਲੀਆਂ ਹਨ। ਕੀ ਤੁਸੀਂ ਇਨ੍ਹਾਂ ਵਿੱਚੋਂ ਕੁਝ ਬਾਰੇ ਸੁਣਨਾ ਚਾਹੋਗੇ?

ਮਿੱਠੀਆਂ ਯਾਦਾਂ

ਸਾਨੂੰ ਸਭ ਤੋਂ ਪਹਿਲਾਂ ਰਾਜਧਾਨੀ ਕੀਟੋ ਭੇਜਿਆ ਗਿਆ ਜੋ ਐਂਡੀਜ਼ ਪਹਾੜਾਂ ਵਿਚ ਕੁਝ 9,000 ਫੁੱਟ (2,850 ਮੀਟਰ) ਦੀ ਉਚਾਈ ’ਤੇ ਸਥਿਤ ਹੈ। ਸਾਨੂੰ ਸਮੁੰਦਰੀ ਕਿਨਾਰੇ ’ਤੇ ਸਥਿਤ ਗੁਆਕੁਇਲ ਸ਼ਹਿਰ ਤੋਂ ਇੱਥੇ ਆਉਣ ਲਈ ਟ੍ਰੇਨ ਅਤੇ ਟਰੱਕ ਰਾਹੀਂ ਦੋ ਦਿਨ ਲੱਗੇ। ਪਰ ਹੁਣ ਜਹਾਜ਼ ਰਾਹੀਂ ਇਹ ਸਿਰਫ਼ 30 ਮਿੰਟਾਂ ਦਾ ਸਫ਼ਰ ਹੈ! ਅਸੀਂ ਕੀਟੋ ਵਿਚ ਚਾਰ ਸਾਲ ਸੇਵਾ ਕੀਤੀ ਜਿਨ੍ਹਾਂ ਨੂੰ ਅਸੀਂ ਭੁਲਾ ਨਹੀਂ ਸਕਦੇ। ਫਿਰ 1958 ਵਿਚ ਇਕ ਹੋਰ ਚੰਗੀ ਗੱਲ ਹੋਈ: ਸਾਨੂੰ ਸਰਕਟ ਕੰਮ ਕਰਨ ਦਾ ਸੱਦਾ ਮਿਲਿਆ।

ਉਸ ਸਮੇਂ ਦੇਸ਼ ਵਿਚ ਸਿਰਫ਼ ਦੋ ਛੋਟੇ-ਛੋਟੇ ਸਰਕਟ ਸਨ। ਸਾਲ ਦੌਰਾਨ ਕਲੀਸਿਯਾਵਾਂ ਵਿਚ ਜਾਣ ਤੋਂ ਇਲਾਵਾ ਅਸੀਂ ਕਈ-ਕਈ ਹਫ਼ਤੇ ਛੋਟੇ-ਛੋਟੇ ਕਸਬਿਆਂ ਵਿਚ ਪ੍ਰਚਾਰ ਕਰਦੇ ਸਾਂ ਜਿੱਥੇ ਕੋਈ ਵੀ ਗਵਾਹ ਨਹੀਂ ਸੀ ਰਹਿੰਦਾ। ਇਨ੍ਹਾਂ ਕਸਬਿਆਂ ਵਿਚ ਰਹਿਣ ਲਈ ਛੋਟਾ ਜਿਹਾ ਕਮਰਾ ਮਿਲਦਾ ਸੀ ਜਿਸ ਦੀ ਕੋਈ ਖਿੜਕੀ ਨਹੀਂ ਸੀ ਹੁੰਦੀ ਅਤੇ ਬੈੱਡ ਤੋਂ ਸਿਵਾਇ ਹੋਰ ਕੁਝ ਨਹੀਂ ਮਿਲਦਾ ਸੀ। ਅਸੀਂ ਆਪਣੇ ਨਾਲ ਲੱਕੜ ਦੀ ਪੇਟੀ ਲੈ ਕੇ ਜਾਂਦੇ ਸਾਂ ਜਿਸ ਵਿਚ ਮਿੱਟੀ ਦੇ ਤੇਲ ਵਾਲਾ ਸਟੋਵ, ਛੋਟੀ ਜਿਹੀ ਕੜਾਹੀ, ਪਲੇਟਾਂ, ਮੂੰਹ-ਹੱਥ ਧੋਣ ਵਾਲਾ ਤਸਲਾ, ਚਾਦਰਾਂ, ਮੱਛਰਦਾਨੀ, ਕੱਪੜੇ, ਪੁਰਾਣੇ ਅਖ਼ਬਾਰ ਅਤੇ ਕੁਝ ਹੋਰ ਚੀਜ਼ਾਂ। ਅਸੀਂ ਅਖ਼ਬਾਰਾਂ ਨੂੰ ਕੰਧਾਂ ਦੀਆਂ ਮੋਰੀਆਂ ਵਿਚ ਫਸਾ ਦਿੰਦੇ ਸਾਂ ਤਾਂਕਿ ਚੂਹੇ ਆਸਾਨੀ ਨਾਲ ਅੰਦਰ ਨਾ ਵੜ ਸਕਣ।

ਭਾਵੇਂ ਕਿ ਕਮਰੇ ਹਨੇਰੇ ਭਰੇ ਤੇ ਗੰਦੇ ਹੁੰਦੇ ਸਨ, ਪਰ ਅਸੀਂ ਉਹ ਮਿੱਠੀਆਂ ਯਾਦਾਂ ਨਹੀਂ ਭੁੱਲੇ ਜਦੋਂ ਅਸੀਂ ਰਾਤ ਨੂੰ ਬੈੱਡ ’ਤੇ ਬੈਠਿਆਂ ਗੱਲਾਂ ਕਰਦੇ ਹੁੰਦੇ ਸਾਂ ਅਤੇ ਸਟੋਵ ਉੱਤੇ ਬਣਾਇਆ ਸਾਦਾ ਜਿਹਾ ਖਾਣਾ ਖਾਂਦੇ ਸਾਂ। ਆਪਣੇ ਬੜਬੋਲੇ ਸੁਭਾਅ ਕਾਰਨ ਮੈਂ ਅਕਸਰ ਬਿਨਾਂ ਸੋਚੇ-ਸਮਝੇ ਕੁਝ ਕਹਿ ਦਿੰਦਾ ਸੀ ਅਤੇ ਕਦੇ-ਕਦੇ ਮੇਰੀ ਪਤਨੀ ਰਾਤ ਦੇ ਸ਼ਾਂਤ ਪਲਾਂ ਦੌਰਾਨ ਮੈਨੂੰ ਦੱਸਦੀ ਸੀ ਕਿ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਅਸੀਂ ਮਿਲਦੇ ਸਾਂ, ਉਨ੍ਹਾਂ ਨੂੰ ਮੈਂ ਹੋਰ ਵਧੀਆ ਤਰੀਕੇ ਨਾਲ ਆਪਣੀ ਗੱਲ ਕਿਵੇਂ ਕਹਿ ਸਕਦਾ ਸਾਂ। ਮੈਂ ਉਸ ਦੀ ਗੱਲ ਮੰਨੀ ਜਿਸ ਕਰਕੇ ਭੈਣਾਂ-ਭਰਾਵਾਂ ਨੂੰ ਹੋਰ ਵੀ ਉਤਸ਼ਾਹ ਮਿਲਿਆ। ਨਾਲੇ ਜਦੋਂ ਮੈਂ ਕਿਸੇ ਬਾਰੇ ਕੁਝ ਮਾੜਾ ਕਹਿੰਦਾ ਸੀ, ਤਾਂ ਮੇਰੀ ਪਤਨੀ ਕੋਈ ਹੁੰਗਾਰਾ ਨਹੀਂ ਸੀ ਭਰਦੀ। ਇਸ ਤਰ੍ਹਾਂ ਮੈਂ ਆਪਣੇ ਭਰਾਵਾਂ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖਿਆ। ਰਾਤ ਨੂੰ ਅਸੀਂ ਇਹੀ ਗੱਲਾਂ ਕਰਦੇ ਸਾਂ ਕਿ ਅਸੀਂ ਪਹਿਰਾਬੁਰਜ ਦੇ ਲੇਖਾਂ ਅਤੇ ਦਿਨ-ਭਰ ਵਿਚ ਪ੍ਰਚਾਰ ਕਰਦਿਆਂ ਹੋਏ ਤਜਰਬਿਆਂ ਤੋਂ ਕੀ ਸਿੱਖਿਆ। ਇਹ ਕਿੰਨੇ ਹੀ ਉਤਸ਼ਾਹ ਭਰੇ ਤਜਰਬੇ ਸਨ!

ਅਸੀਂ ਕਾਰਲੋਸ ਨੂੰ ਕਿਵੇਂ ਲੱਭਿਆ

ਪੱਛਮੀ ਇਕਵੇਡਾਰ ਦੇ ਕਸਬੇ ਹੀਪੀਹਾਪਾ ਵਿਚ ਸਾਨੂੰ ਇਕ ਬੰਦੇ ਦਾ ਨਾਂ ਦਿੱਤਾ ਗਿਆ ਜੋ ਬਾਈਬਲ ਬਾਰੇ ਜਾਣਨਾ ਚਾਹੁੰਦਾ ਸੀ। ਸਾਨੂੰ ਸਿਰਫ਼ ਇੰਨਾ ਹੀ ਦੱਸਿਆ ਗਿਆ ਕਿ ਉਸ ਦਾ ਨਾਂ ਕਾਰਲੋਸ ਮੇਹੀਆ ਸੀ, ਪਰ ਉਸ ਦਾ ਅਤਾ-ਪਤਾ ਨਹੀਂ ਦੱਸਿਆ। ਉਸ ਸਵੇਰ ਨੂੰ ਅਸੀਂ ਆਪਣੇ ਕਿਰਾਏ ਦੇ ਕਮਰੇ ਵਿੱਚੋਂ ਤੁਰ ਪਏ ਅਤੇ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਉਸ ਨੂੰ ਕਿੱਥੋਂ ਲੱਭਣਾ ਸ਼ੁਰੂ ਕਰੀਏ, ਇਸ ਲਈ ਅਸੀਂ ਬਸ ਇਕ ਦਿਸ਼ਾ ਵੱਲ ਚੱਲ ਪਏ। ਸਾਨੂੰ ਕੱਚੀਆਂ ਗਲੀਆਂ ਵਿਚ ਪਏ ਕਈ ਟੋਇਆਂ ਤੋਂ ਬਚ ਕੇ ਲੰਘਣਾ ਪਿਆ ਕਿਉਂਕਿ ਇਕ ਰਾਤ ਪਹਿਲਾਂ ਬਹੁਤ ਮੀਂਹ ਪਿਆ ਸੀ। ਮੈਂ ਆਪਣੀ ਪਤਨੀ ਦੇ ਅੱਗੇ-ਅੱਗੇ ਤੁਰ ਰਿਹਾ ਸੀ ਕਿ ਅਚਾਨਕ ਪਿੱਛਿਓਂ ਦੀ ਉਦਾਸ ਜਿਹੀ ਉੱਚੀ ਆਵਾਜ਼ ਆਈ, “ਆਰਟ!” ਮੈਂ ਪਿੱਛੇ ਮੁੜ ਕੇ ਦੇਖਿਆ ਕਿ ਈਡੀ ਗੋਡਿਆਂ ਤਾਈਂ ਕਾਲੇ ਗਾਰੇ ਵਿਚ ਫਸੀ ਖੜ੍ਹੀ ਸੀ। ਨਜ਼ਾਰਾ ਇੰਨਾ ਹਾਸੋਹੀਣਾ ਸੀ ਕਿ ਜੇ ਈਡੀ ਦੇ ਚਿਹਰੇ ’ਤੇ ਹੰਝੂ ਨਾ ਦੇਖੇ ਹੁੰਦੇ, ਤਾਂ ਮੈਂ ਹੱਸ ਪੈਣਾ ਸੀ।

ਮੈਂ ਉਸ ਨੂੰ ਗਾਰੇ ਵਿੱਚੋਂ ਖਿੱਚਿਆ, ਪਰ ਉਸ ਦੀਆਂ ਜੁੱਤੀਆਂ ਗਾਰੇ ਵਿਚ ਹੀ ਖੁੱਭੀਆਂ ਰਹੀਆਂ। ਇਕ ਮੁੰਡਾ ਤੇ ਇਕ ਕੁੜੀ ਸਾਨੂੰ ਦੇਖ ਰਹੇ ਸਨ, ਇਸ ਲਈ ਮੈਂ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਪੈਸੇ ਦੇਵਾਂਗਾ ਜੇ ਤੁਸੀਂ ਗਾਰੇ ਵਿੱਚੋਂ ਜੁੱਤੀਆਂ ਕੱਢ ਲਿਆਓ।” ਉਨ੍ਹਾਂ ਨੇ ਫਟਾਫਟ ਜੁੱਤੀਆਂ ਕੱਢ ਲਿਆਂਦੀਆਂ, ਪਰ ਈਡੀ ਨੂੰ ਕਿਤੇ ਜਗ੍ਹਾ ਚਾਹੀਦੀ ਸੀ ਜਿੱਥੇ ਉਹ ਆਪਣੇ ਆਪ ਨੂੰ ਸਾਫ਼ ਕਰ ਸਕੇ। ਬੱਚਿਆਂ ਦੀ ਮਾਂ ਵੀ ਇਹ ਨਜ਼ਾਰਾ ਦੇਖ ਰਹੀ ਸੀ ਤੇ ਸਾਨੂੰ ਆਪਣੇ ਘਰ ਬੁਲਾ ਲਿਆ ਜਿੱਥੇ ਉਸ ਨੇ ਲੱਤਾਂ ਧੋਣ ਵਿਚ ਮੇਰੀ ਪਤਨੀ ਦੀ ਮਦਦ ਕੀਤੀ ਜਦਕਿ ਬੱਚਿਆਂ ਨੇ ਗੰਦੀਆਂ ਜੁੱਤੀਆਂ ਸਾਫ਼ ਕੀਤੀਆਂ। ਉੱਥੋਂ ਆਉਣ ਤੋਂ ਪਹਿਲਾਂ, ਇਕ ਚੰਗੀ ਗੱਲ ਹੋਈ। ਮੈਂ ਉਸ ਔਰਤ ਨੂੰ ਪੁੱਛਿਆ ਕਿ ਅਸੀਂ ਕਾਰਲੋਸ ਮੇਹੀਆ ਨਾਂ ਦੇ ਬੰਦੇ ਨੂੰ ਕਿੱਥੇ ਮਿਲ ਸਕਦੇ ਸਾਂ। ਉਸ ਨੇ ਹੈਰਾਨ ਹੋ ਕੇ ਕਿਹਾ: “ਉਹ ਤਾਂ ਮੇਰਾ ਘਰਵਾਲਾ ਹੈ!” ਕੁਝ ਸਮੇਂ ਬਾਅਦ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ ਅਤੇ ਅਖ਼ੀਰ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਬਪਤਿਸਮਾ ਲੈ ਲਿਆ। ਸਾਲਾਂ ਬਾਅਦ ਕਾਰਲੋਸ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸਪੈਸ਼ਲ ਪਾਇਨੀਅਰ ਬਣ ਗਏ।

ਔਖੇ ਸਫ਼ਰ, ਪਰ ਖ਼ੁਸ਼ ਕਰ ਦੇਣ ਵਾਲੀ ਪਰਾਹੁਣਚਾਰੀ

ਸਰਕਟ ਕੰਮ ਲਈ ਸਫ਼ਰ ਕਰਨਾ ਚੁਣੌਤੀਆਂ ਭਰਿਆ ਸੀ। ਅਸੀਂ ਬੱਸਾਂ, ਟ੍ਰੇਨਾਂ, ਟਰੱਕਾਂ, ਲੰਬੀਆਂ-ਪਤਲੀਆਂ ਕਿਸ਼ਤੀਆਂ ਅਤੇ ਛੋਟੇ-ਛੋਟੇ ਜਹਾਜ਼ਾਂ ਵਿਚ ਸਫ਼ਰ ਕਰਦੇ ਸਾਂ। ਇਕ ਵਾਰ ਡਿਸਟ੍ਰਿਕਟ ਓਵਰਸੀਅਰ ਜੌਨ ਮਕਲੇਨਾਕਨ ਅਤੇ ਉਸ ਦੀ ਪਤਨੀ ਡੋਰਥੀ ਸਾਡੇ ਨਾਲ ਪ੍ਰਚਾਰ ਕਰਨ ਲਈ ਕੋਲੰਬੀਆ ਦੀ ਸਰਹੱਦ ਦੇ ਨੇੜੇ ਮਛੇਰਿਆਂ ਦੇ ਪਿੰਡਾਂ ਵਿਚ ਗਏ। ਅਸੀਂ ਉੱਥੇ ਕਿਸ਼ਤੀ ਰਾਹੀਂ ਗਏ ਜਿਸ ਦੇ ਬਾਹਰ ਮੋਟਰ ਲੱਗੀ ਹੋਈ ਸੀ। ਕਿਸ਼ਤੀ ਜਿੱਡੀਆਂ ਸ਼ਾਰਕ ਮੱਛੀਆਂ ਸਾਡੇ ਨਾਲ-ਨਾਲ ਤੈਰ ਰਹੀਆਂ ਸਨ! ਕਿਸ਼ਤੀ ਚਲਾਉਣ ਵਿਚ ਮਾਹਰ ਬੰਦਾ ਵੀ ਸ਼ਾਰਕ ਮੱਛੀਆਂ ਦੇ ਆਕਾਰ ਨੂੰ ਦੇਖ ਕੇ ਡਰ ਗਿਆ ਅਤੇ ਫਟਾਫਟ ਕਿਸ਼ਤੀ ਨੂੰ ਕੰਢੇ ਦੇ ਨੇੜੇ ਲੈ ਆਇਆ!

ਸਰਕਟ ਕੰਮ ਵਿਚ ਆਈਆਂ ਚੁਣੌਤੀਆਂ ਦੇ ਨਾਲ-ਨਾਲ ਸਾਨੂੰ ਫ਼ਾਇਦਾ ਵੀ ਹੋਇਆ। ਸਾਨੂੰ ਬਹੁਤ ਚੰਗੇ ਤੇ ਪਰਾਹੁਣਚਾਰ ਭੈਣਾਂ-ਭਰਾਵਾਂ ਨੂੰ ਜਾਣਨ ਦਾ ਮੌਕਾ ਮਿਲਿਆ। ਜਿਨ੍ਹਾਂ ਪਰਿਵਾਰਾਂ ਨਾਲ ਅਸੀਂ ਰਹਿੰਦੇ ਸਾਂ, ਉਹ ਕਈ ਵਾਰ ਸਾਡੇ ਉੱਤੇ ਤਿੰਨੋਂ ਡੰਗ ਖਾਣਾ ਖਾਣ ਲਈ ਜ਼ੋਰ ਪਾਉਂਦੇ ਸਨ ਜਦਕਿ ਆਪ ਇਕ ਹੀ ਵਾਰ ਖਾਂਦੇ ਸਨ। ਜਾਂ ਉਹ ਸੌਣ ਨੂੰ ਸਾਨੂੰ ਆਪਣਾ ਇੱਕੋ-ਇਕ ਬੈੱਡ ਦੇ ਦਿੰਦੇ ਸਨ ਤੇ ਆਪ ਭੁੰਜੇ ਪੈਂਦੇ ਸੀ। ਮੇਰੀ ਪਤਨੀ ਅਕਸਰ ਕਹਿੰਦੀ ਹੁੰਦੀ ਸੀ: “ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਹੈ ਕਿ ਜੀਉਣ ਲਈ ਸਾਨੂੰ ਕਿੰਨੀਆਂ ਥੋੜ੍ਹੀਆਂ ਚੀਜ਼ਾਂ ਚਾਹੀਦੀਆਂ ਹਨ।”

“ਅਸੀਂ ਵਾਂਝੇ ਨਹੀਂ ਰਹਿਣਾ ਚਾਹੁੰਦੇ”

ਸਾਡੇ ਨਾਲ ਇਕ ਹੋਰ ਚੰਗੀ ਗੱਲ 1960 ਵਿਚ ਹੋਈ ਜਦੋਂ ਸਾਨੂੰ ਗੁਆਕੁਇਲ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਮੈਂ ਆਫ਼ਿਸ ਦਾ ਕੰਮ ਕਰਦਾ ਸੀ ਤੇ ਈਡਥ ਬ੍ਰਾਂਚ ਦੇ ਨੇੜਲੀ ਕਲੀਸਿਯਾ ਨਾਲ ਪ੍ਰਚਾਰ ਕਰਦੀ ਸੀ। ਮੈਂ ਕਦੇ ਨਹੀਂ ਸੋਚਿਆ ਕਿ ਮੈਂ ਆਫ਼ਿਸ ਦਾ ਕੰਮ ਕਰ ਸਕਦਾ ਸੀ ਜਿਸ ਕਰਕੇ ਮੈਂ ਆਪਣੇ ਆਪ ਨੂੰ ਇਸ ਕੰਮ ਦੇ ਲਾਇਕ ਨਹੀਂ ਸਮਝਿਆ। ਪਰ ਇਬਰਾਨੀਆਂ 13:21 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ “ਹਰੇਕ ਭਲੇ ਕੰਮ” ਲਈ ਸਾਨੂੰ ਤਿਆਰ ਕਰਦਾ ਹੈ ਤਾਂਕਿ ‘ਉਹ ਦੀ ਇੱਛਿਆ ਨੂੰ ਪੂਰਿਆਂ ਕਰੀਏ।’ ਦੋ ਸਾਲਾਂ ਬਾਅਦ ਮੈਨੂੰ ਬਰੁਕਲਿਨ, ਨਿਊਯਾਰਕ ਦੇ ਬੈਥਲ ਵਿਚ 10 ਮਹੀਨਿਆਂ ਲਈ ਗਿਲਿਅਡ ਕੋਰਸ ਕਰਨ ਲਈ ਬੁਲਾਇਆ ਗਿਆ। ਉਸ ਸਮੇਂ ਪਤਨੀਆਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਜਿੱਥੇ ਵੀ ਸੇਵਾ ਕਰ ਰਹੀਆਂ ਸਨ, ਉੱਥੇ ਰਹਿਣ। ਬਰੁਕਲਿਨ ਤੋਂ ਮੇਰੀ ਪਤਨੀ ਲਈ ਇਕ ਚਿੱਠੀ ਆਈ। ਉਸ ਤੋਂ ਪੁੱਛਿਆ ਗਿਆ ਸੀ ਕਿ ਉਹ ਧਿਆਨ ਨਾਲ ਸੋਚ-ਵਿਚਾਰ ਕਰੇ ਕਿ ਉਹ ਆਪਣੇ ਪਤੀ ਤੋਂ ਬਗੈਰ 10 ਮਹੀਨਿਆਂ ਲਈ ਰਹਿਣ ਲਈ ਤਿਆਰ ਹੋਵੇਗੀ ਜਾਂ ਨਹੀਂ।

ਜਵਾਬ ਵਿਚ ਈਡਥ ਨੇ ਲਿਖਿਆ: “ਮੈਂ ਭਰੋਸੇ ਨਾਲ ਕਹਿੰਦੀ ਹਾਂ ਕਿ ਇਸ ਤਰ੍ਹਾਂ ਕਰਨਾ ਦੁਨੀਆਂ ਵਿਚ ਸਭ ਤੋਂ ਸੌਖੀ ਗੱਲ ਨਹੀਂ ਹੋਵੇਗੀ, ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਆਉਣ ਵਾਲੀਆਂ ਮੁਸ਼ਕਲਾਂ ਦੌਰਾਨ ਜ਼ਰੂਰ ਸਾਡੀ ਮਦਦ ਕਰੇਗਾ। . . . ਅਸੀਂ ਕਿਸੇ ਵੀ ਮਿਲਣ ਵਾਲੇ ਸਨਮਾਨ ਜਾਂ ਮੌਕੇ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਜੋ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਬਿਹਤਰ ਤਰੀਕੇ ਨਾਲ ਨਿਭਾਉਣ ਲਈ ਤਿਆਰ ਕਰ ਸਕਦਾ ਹੈ।” ਜਿੰਨਾ ਸਮਾਂ ਮੈਂ ਬਰੁਕਲਿਨ ਵਿਚ ਰਿਹਾ, ਮੈਨੂੰ ਆਪਣੀ ਪਤਨੀ ਤੋਂ ਹਰ ਹਫ਼ਤੇ ਚਿੱਠੀ ਆਉਂਦੀ ਰਹੀ।

ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਸੇਵਾ ਕਰਨੀ

ਖ਼ਰਾਬ ਸਿਹਤ ਹੋਣ ਕਰਕੇ 1966 ਵਿਚ ਮੈਂ ਅਤੇ ਈਡਥ ਮੁੜ ਕੇ ਕੀਟੋ ਆ ਗਏ ਜਿੱਥੇ ਅਸੀਂ ਭੈਣਾਂ-ਭਰਾਵਾਂ ਨਾਲ ਮਿਲ ਕੇ ਫਿਰ ਤੋਂ ਮਿਸ਼ਨਰੀ ਸੇਵਾ ਕਰਨ ਲੱਗ ਪਏ। ਉਹ ਕਿੰਨੇ ਵਫ਼ਾਦਾਰ ਭੈਣ-ਭਰਾ ਸਨ!

ਇਕ ਵਫ਼ਾਦਾਰ ਭੈਣ ਦਾ ਪਤੀ ਉਸ ਨੂੰ ਅਕਸਰ ਕੁੱਟਦਾ ਹੁੰਦਾ ਸੀ ਜੋ ਸੱਚਾਈ ਵਿਚ ਨਹੀਂ ਸੀ। ਇਕ ਦਿਨ ਸਵੇਰੇ ਛੇ ਵਜੇ ਕਿਸੇ ਨੇ ਸਾਨੂੰ ਫ਼ੋਨ ਕਰ ਕੇ ਦੱਸਿਆ ਕਿ ਉਸ ਭੈਣ ਨੂੰ ਫਿਰ ਉਸ ਦੇ ਪਤੀ ਨੇ ਕੁੱਟਿਆ। ਮੈਂ ਉਸ ਭੈਣ ਦੇ ਘਰ ਭੱਜਾ-ਭੱਜਾ ਗਿਆ। ਉਸ ਨੂੰ ਦੇਖ ਕੇ ਮੈਂ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਕਰ ਸਕਿਆ। ਉਹ ਬਿਸਤਰ ’ਤੇ ਪਈ ਸੀ, ਸਰੀਰ ਸੁੱਜਾ ਹੋਇਆ ਸੀ ਤੇ ਨੀਲ ਪਏ ਹੋਏ ਸਨ। ਉਸ ਦੇ ਪਤੀ ਨੇ ਉਸ ਨੂੰ ਝਾੜੂ ਦੇ ਮੁੱਠੇ ਨਾਲ ਕੁੱਟਿਆ ਸੀ ਜਦ ਤਕ ਉਹ ਟੁੱਟ ਕੇ ਦੋ ਹਿੱਸੇ ਨਹੀਂ ਹੋ ਗਿਆ। ਉਸ ਦਿਨ ਬਾਅਦ ਵਿਚ ਮੈਨੂੰ ਉਸ ਦਾ ਪਤੀ ਘਰ ਮਿਲ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਉਸ ਨੇ ਬੁਜ਼ਦਿਲੀ ਦਾ ਕੰਮ ਕੀਤਾ ਸੀ। ਉਸ ਨੇ ਵਾਰ-ਵਾਰ ਕਿਹਾ ਕਿ ਉਸ ਤੋਂ ਗ਼ਲਤੀ ਹੋ ਗਈ।

1970 ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਵਿਚ ਮੇਰੀ ਸਿਹਤ ਸੁਧਰ ਗਈ ਜਿਸ ਕਰਕੇ ਅਸੀਂ ਦੁਬਾਰਾ ਸਰਕਟ ਕੰਮ ਕਰਨ ਲੱਗ ਪਏ। ਈਬਾਰਾ ਸ਼ਹਿਰ ਸਾਡੇ ਸਰਕਟ ਦਾ ਹਿੱਸਾ ਸੀ। ਜਦੋਂ ਅਸੀਂ 1950 ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਵਿਚ ਉਸ ਸ਼ਹਿਰ ਗਏ ਸਾਂ, ਤਾਂ ਉੱਥੇ ਸਿਰਫ਼ ਦੋ ਗਵਾਹ ਸਨ, ਇਕ ਮਿਸ਼ਨਰੀ ਤੇ ਇਕ ਸਥਾਨਕ ਭਰਾ। ਇਸ ਲਈ ਅਸੀਂ ਉਨ੍ਹਾਂ ਕਈ ਨਵੇਂ ਭੈਣਾਂ-ਭਰਾਵਾਂ ਨੂੰ ਮਿਲਣ ਲਈ ਉਤਾਵਲੇ ਸਾਂ ਜੋ ਬਾਅਦ ਵਿਚ ਕਲੀਸਿਯਾ ਵਿਚ ਆਏ ਸਨ।

ਉੱਥੇ ਜਦੋਂ ਅਸੀਂ ਪਹਿਲੀ ਵਾਰ ਮੀਟਿੰਗ ਤੇ ਗਏ, ਤਾਂ ਭਰਾ ਰੋਡਰੀਗੋ ਵਾਕਾ ਸਟੇਜ ਤੇ ਆਇਆ ਅਤੇ ਉਸ ਨੇ ਇਕ ਭਾਗ ਪੇਸ਼ ਕੀਤਾ ਜਿਸ ਵਿਚ ਹਾਜ਼ਰੀਨ ਤੋਂ ਸਵਾਲ ਪੁੱਛੇ ਜਾਣੇ ਸਨ। ਜਦੋਂ ਵੀ ਉਹ ਸਵਾਲ ਪੁੱਛਦਾ ਸੀ, ਤਾਂ ਹਾਜ਼ਰੀਨ ਹੱਥ ਖੜ੍ਹੇ ਕਰਨ ਦੀ ਬਜਾਇ “ਯੋ, ਯੋ!” (“ਮੈਂ, ਮੈਂ!”) ਕਹਿੰਦੇ ਸਨ। ਮੈਂ ਤੇ ਈਡਥ ਹੈਰਾਨੀ ਨਾਲ ਇਕ-ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ। ਮੈਂ ਸੋਚਿਆ: ‘ਇੱਥੇ ਕੀ ਹੋ ਰਿਹਾ ਹੈ?’ ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਭਰਾ ਵਾਕਾ ਅੰਨ੍ਹਾ ਹੈ, ਪਰ ਉਹ ਕਲੀਸਿਯਾ ਦੇ ਮੈਂਬਰਾਂ ਦੀਆਂ ਆਵਾਜ਼ਾਂ ਪਛਾਣ ਲੈਂਦਾ ਹੈ। ਉਹ ਅਜਿਹਾ ਚਰਵਾਹਾ ਹੈ ਜੋ ਆਪਣੀਆਂ ਭੇਡਾਂ ਨੂੰ ਸੱਚ-ਮੁੱਚ ਜਾਣਦਾ ਹੈ! ਇਸ ਗੱਲ ਨੇ ਮੈਨੂੰ ਯੂਹੰਨਾ 10:3, 4, 14 ਵਿਚ ਕਹੇ ਯਿਸੂ ਦੇ ਸ਼ਬਦ ਯਾਦ ਦਿਲਾਏ ਕਿ ਅੱਛਾ ਅਯਾਲੀ ਅਤੇ ਭੇਡਾਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅੱਜ ਈਬਾਰਾ ਵਿਚ ਛੇ ਸਪੈਨਿਸ਼ ਭਾਸ਼ਾ ਦੀਆਂ ਕਲੀਸਿਯਾਵਾਂ ਹਨ, ਇਕ ਕੇਚੂਆ ਭਾਸ਼ਾ ਦੀ ਕਲੀਸਿਯਾ ਅਤੇ ਇਕ ਸੈਨਤ ਭਾਸ਼ਾ ਵਿਚ ਹੈ। ਭਰਾ ਵਾਕਾ ਅਜੇ ਵੀ ਵਫ਼ਾਦਾਰੀ ਨਾਲ ਬਜ਼ੁਰਗ ਅਤੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ। *

ਚੰਗੀਆਂ ਚੀਜ਼ਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ

ਯਹੋਵਾਹ ਨੇ 1974 ਵਿਚ ਸਾਨੂੰ ਇਕ ਹੋਰ ਚੰਗੀ ਚੀਜ਼ ਦਿੱਤੀ ਯਾਨੀ ਸਾਨੂੰ ਬੈਥਲ ਵਿਚ ਦੁਬਾਰਾ ਜਾਣ ਦਾ ਸੱਦਾ ਮਿਲਿਆ। ਉੱਥੇ ਮੈਨੂੰ ਫਿਰ ਆਫ਼ਿਸ ਦਾ ਕੰਮ ਦਿੱਤਾ ਗਿਆ ਤੇ ਬਾਅਦ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਈਡਥ ਪਹਿਲਾਂ ਰਸੋਈ ਵਿਚ ਕੰਮ ਕਰਦੀ ਸੀ ਤੇ ਬਾਅਦ ਵਿਚ ਆਫ਼ਿਸ ਦਾ ਕੰਮ ਕਰਨ ਲੱਗ ਪਈ ਜਿੱਥੇ ਉਹ ਚਿੱਠੀਆਂ-ਪੱਤਰਾਂ ਦੇ ਕਲਰਕ ਵਜੋਂ ਅਜੇ ਵੀ ਕੰਮ ਕਰਦੀ ਹੈ।

ਅਸੀਂ ਸਾਲਾਂ ਦੌਰਾਨ ਗਿਲਿਅਡ ਦੀ ਸਿਖਲਾਈ ਲੈ ਕੇ ਆਏ ਬਹੁਤ ਸਾਰੇ ਮਿਸ਼ਨਰੀਆਂ ਦਾ ਸੁਆਗਤ ਕੀਤਾ ਹੈ ਅਤੇ ਉਹ ਜਿਨ੍ਹਾਂ ਕਲੀਸਿਯਾਵਾਂ ਵਿਚ ਜਾਂਦੇ ਹਨ, ਉਨ੍ਹਾਂ ਵਿਚ ਉਨ੍ਹਾਂ ਦੀ ਸਿਆਣਪ ਅਤੇ ਜੋਸ਼ ਦਾ ਸਬੂਤ ਨਜ਼ਰ ਆਉਂਦਾ ਹੈ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਤੋਂ ਵੀ ਹੌਸਲਾ ਮਿਲਿਆ ਹੈ ਜੋ 30 ਤੋਂ ਜ਼ਿਆਦਾ ਦੇਸ਼ਾਂ ਤੋਂ ਇੱਥੇ ਸੇਵਾ ਕਰਨ ਲਈ ਆਏ ਹਨ। ਉਨ੍ਹਾਂ ਦੀ ਆਪਾ ਵਾਰਨ ਦੀ ਭਾਵਨਾ ਤੋਂ ਅਸੀਂ ਕਿੰਨੇ ਪ੍ਰਭਾਵਿਤ ਹੋਏ! ਕੁਝ ਭੈਣਾਂ-ਭਰਾਵਾਂ ਨੇ ਇੱਥੇ ਆਉਣ ਲਈ ਆਪਣੇ ਘਰ ਅਤੇ ਕਾਰੋਬਾਰ ਵੇਚ ਦਿੱਤੇ ਤਾਂਕਿ ਉਹ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰ ਸਕਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਗੱਡੀਆਂ ਖ਼ਰੀਦੀਆਂ, ਨਵੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ ਅਤੇ ਕਿੰਗਡਮ ਹਾਲ ਬਣਾਉਣ ਵਿਚ ਮਦਦ ਕੀਤੀ। ਬਹੁਤ ਸਾਰੀਆਂ ਕੁਆਰੀਆਂ ਭੈਣਾਂ ਵਿਦੇਸ਼ਾਂ ਤੋਂ ਇੱਥੇ ਪਾਇਨੀਅਰਿੰਗ ਕਰਨ ਲਈ ਆਈਆਂ ਜੋ ਬਹੁਤ ਹੀ ਜੋਸ਼ੀਲੀਆਂ ਤੇ ਕਾਬਲ ਪ੍ਰਚਾਰਕ ਹਨ!

ਕੋਈ ਸ਼ੱਕ ਨਹੀਂ ਕਿ ਸਾਲਾਂ ਦੌਰਾਨ ਪਰਮੇਸ਼ੁਰ ਦੀ ਸੇਵਾ ਕਰਦਿਆਂ ਮੈਨੂੰ ਕਈ ਚੰਗੀਆਂ ਚੀਜ਼ਾਂ ਮਿਲੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਚੰਗੀ ਚੀਜ਼ ਹੈ ਯਹੋਵਾਹ ਨਾਲ ਮੇਰਾ ਰਿਸ਼ਤਾ। ਨਾਲੇ ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ “ਇੱਕ ਸਹਾਇਕਣ” ਦਿੱਤੀ। (ਉਤ. 2:18) ਜਦੋਂ ਮੈਂ ਪਤੀ-ਪਤਨੀ ਵਜੋਂ ਗੁਜ਼ਾਰੇ 69 ਸਾਲਾਂ ਵੱਲ ਝਾਤ ਮਾਰਦਾ ਹਾਂ, ਤਾਂ ਮੈਂ ਕਹਾਉਤਾਂ 18:22 ਬਾਰੇ ਸੋਚਦਾ ਹਾਂ ਜਿੱਥੇ ਲਿਖਿਆ ਹੈ: “ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ।” ਮੈਂ ਈਡਥ ਦਾ ਸਾਥ ਪਾ ਕੇ ਬਹੁਤ ਖ਼ੁਸ਼ ਹਾਂ। ਉਸ ਨੇ ਕਈ ਤਰੀਕਿਆਂ ਨਾਲ ਮੇਰੀ ਮਦਦ ਕੀਤੀ ਹੈ। ਉਹ ਆਪਣੀ ਮਾਤਾ ਲਈ ਵੀ ਚੰਗੀ ਧੀ ਸਾਬਤ ਹੋਈ ਹੈ। ਜਦੋਂ ਤੋਂ ਅਸੀਂ ਇਕਵੇਡਾਰ ਆਏ ਹਾਂ, ਉਦੋਂ ਤੋਂ ਮੇਰੀ ਪਤਨੀ ਹਰ ਹਫ਼ਤੇ ਆਪਣੀ ਮਾਤਾ ਨੂੰ 1990 ਤੀਕ ਚਿੱਠੀ ਭੇਜਦੀ ਰਹੀ ਜਦੋਂ 97 ਸਾਲਾਂ ਦੀ ਉਮਰ ਵਿਚ ਉਹ ਗੁਜ਼ਰ ਗਈ।

ਮੈਂ ਹੁਣ 90 ਸਾਲਾਂ ਦਾ ਹਾਂ ਤੇ ਈਡਥ 89 ਸਾਲਾਂ ਦੀ ਹੈ। ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਤਕਰੀਬਨ 70 ਲੋਕਾਂ ਦੀ ਯਹੋਵਾਹ ਨੂੰ ਜਾਣਨ ਵਿਚ ਮਦਦ ਕੀਤੀ ਹੈ। ਚੰਗਾ ਹੋਇਆ ਕਿ ਅਸੀਂ 60 ਸਾਲ ਪਹਿਲਾਂ ਗਿਲਿਅਡ ਸਕੂਲ ਲਈ ਅਰਜ਼ੀ ਭਰ ਦਿੱਤੀ। ਉਸ ਫ਼ੈਸਲੇ ਕਾਰਨ ਸਾਨੂੰ ਜ਼ਿੰਦਗੀ ਵਿਚ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ ਹਨ।

[ਫੁਟਨੋਟ]

^ ਪੈਰਾ 29 ਭਰਾ ਵਾਕਾ ਦੀ ਜੀਵਨੀ ਜਾਗਰੂਕ ਬਣੋ!, 8 ਸਤੰਬਰ 1985 (ਅੰਗ੍ਰੇਜ਼ੀ) ਵਿਚ ਦਿੱਤੀ ਗਈ ਹੈ।

[ਸਫ਼ਾ 29 ਉੱਤੇ ਤਸਵੀਰ]

ਨਿਊਯਾਰਕ ਯੈਂਕੀ ਸਟੇਡੀਅਮ ਵਿਚ 1958 ਨੂੰ ਹੋਈ ਸਾਡੀ ਗਿਲਿਅਡ ਕਲਾਸ ਦੇ ਹੋਰਨਾਂ ਮਿਸ਼ਨਰੀਆਂ ਨਾਲ

[ਸਫ਼ਾ 31 ਉੱਤੇ ਤਸਵੀਰ]

ਸਰਕਟ ਕੰਮ ਕਰਦਿਆਂ 1959 ਨੂੰ ਇਕ ਗਵਾਹ ਪਰਿਵਾਰ ਨਾਲ

[ਸਫ਼ਾ 32 ਉੱਤੇ ਤਸਵੀਰ]

ਇਕਵੇਡਾਰ ਵਿਚ 2002 ਨੂੰ ਬ੍ਰਾਂਚ ਵਿਚ