Skip to content

Skip to table of contents

ਪ੍ਰਾਚੀਨ ਸਮਿਆਂ ਵਿਚ ਨਕਲਨਵੀਸ ਅਤੇ ਪਰਮੇਸ਼ੁਰ ਦਾ ਬਚਨ

ਪ੍ਰਾਚੀਨ ਸਮਿਆਂ ਵਿਚ ਨਕਲਨਵੀਸ ਅਤੇ ਪਰਮੇਸ਼ੁਰ ਦਾ ਬਚਨ

ਪ੍ਰਾਚੀਨ ਸਮਿਆਂ ਵਿਚ ਨਕਲਨਵੀਸ ਅਤੇ ਪਰਮੇਸ਼ੁਰ ਦਾ ਬਚਨ

ਬਾਈਬਲ ਦੀਆਂ ਇਬਰਾਨੀ ਪੋਥੀਆਂ ਦੀ ਰਚਨਾ 500 ਈ. ਪੂ. ਦੇ ਅੰਤ ਤਕ ਪੂਰੀ ਹੋ ਗਈ ਸੀ। ਇਸ ਤੋਂ ਬਾਅਦ ਕਈ ਸਦੀਆਂ ਤਕ ਸੌਫਰਿਮ ਅਤੇ ਬਾਅਦ ਵਿਚ ਮੈਸਰੀਟ ਨਾਂ ਦੇ ਯਹੂਦੀ ਨਕਲਨਵੀਸ ਬੜੇ ਧਿਆਨ ਨਾਲ ਇਨ੍ਹਾਂ ਪੋਥੀਆਂ ਦੀਆਂ ਨਕਲਾਂ ਬਣਾਉਂਦੇ ਰਹੇ। ਪਰ ਬਾਈਬਲ ਦੀਆਂ ਪਹਿਲੀਆਂ ਕਿਤਾਬਾਂ ਸੌਫਰਿਮ ਦੇ ਸਮੇਂ ਤੋਂ ਇਕ ਹਜ਼ਾਰ ਸਾਲ ਪਹਿਲਾਂ ਮੂਸਾ ਅਤੇ ਯਹੋਸ਼ੁਆ ਦੇ ਜ਼ਮਾਨੇ ਵਿਚ ਲਿਖੀਆਂ ਗਈਆਂ ਸਨ। ਜਿਸ ਸਾਮੱਗਰੀ ਉੱਤੇ ਇਹ ਪੋਥੀਆਂ ਲਿਖੀਆਂ ਜਾਂਦੀਆਂ ਸਨ, ਉਹ ਸੜ-ਗਲ਼ ਜਾਂਦੀ ਸੀ। ਇਸ ਲਈ ਇਨ੍ਹਾਂ ਪੋਥੀਆਂ ਦੀਆਂ ਵਾਰ-ਵਾਰ ਨਕਲਾਂ ਬਣਾਉਣੀਆਂ ਪੈਂਦੀਆਂ ਸਨ। ਕੀ ਉਸ ਸਮੇਂ ਦੇ ਨਕਲਨਵੀਸਾਂ ਬਾਰੇ ਕੋਈ ਜਾਣਕਾਰੀ ਉਪਲਬਧ ਹੈ? ਕੀ ਪ੍ਰਾਚੀਨ ਇਸਰਾਏਲ ਵਿਚ ਨਕਲਨਵੀਸ ਹੋਇਆ ਕਰਦੇ ਸਨ?

ਅੱਜ ਉਪਲਬਧ ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਹੱਥਲਿਖਤਾਂ ਤਕਰੀਬਨ ਦੂਸਰੀ-ਤੀਸਰੀ ਸਦੀ ਈਸਵੀ ਪੂਰਵ ਦੀਆਂ ਮ੍ਰਿਤ ਸਾਗਰ ਪੋਥੀਆਂ ਹਨ। ਪੂਰਬੀ ਭਾਸ਼ਾਵਾਂ ਅਤੇ ਪੁਰਾਤੱਤਵ ਦੇ ਵਿਦਵਾਨ ਪ੍ਰੋਫ਼ੈਸਰ ਐਲਨ ਮਿਲਾਰਡ ਨੇ ਦੱਸਿਆ ਕਿ “ਬਾਈਬਲ ਦੀ ਕਿਸੇ ਵੀ ਪੋਥੀ ਦੀਆਂ ਪਹਿਲੀਆਂ ਨਕਲਾਂ ਉਪਲਬਧ ਨਹੀਂ ਹਨ। ਪਰ ਅਸੀਂ ਇਸਰਾਏਲ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਸਭਿਆਚਾਰਾਂ ਦਾ ਅਧਿਐਨ ਕਰ ਕੇ ਪਤਾ ਲੱਗਾ ਸਕਦੇ ਹਾਂ ਕਿ ਯਹੂਦੀ ਨਕਲਨਵੀਸ ਕਿਵੇਂ ਕੰਮ ਕਰਦੇ ਸਨ ਅਤੇ ਇਹ ਜਾਣਕਾਰੀ ਬਾਈਬਲ ਦੀਆਂ ਇਬਰਾਨੀ ਪੋਥੀਆਂ ਅਤੇ ਇਨ੍ਹਾਂ ਦੇ ਇਤਿਹਾਸ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ।”

ਪ੍ਰਾਚੀਨ ਸਮਿਆਂ ਵਿਚ ਨਕਲਨਵੀਸਾਂ ਦਾ ਪੇਸ਼ਾ

ਚਾਰ ਹਜ਼ਾਰ ਸਾਲ ਪਹਿਲਾਂ ਮੇਸੋਪੋਟੇਮੀਆ ਵਿਚ ਬਹੁਤ ਸਾਰੀਆਂ ਇਤਿਹਾਸਕ, ਧਾਰਮਿਕ, ਕਾਨੂੰਨੀ ਅਤੇ ਸਾਹਿੱਤਕ ਕਿਤਾਬਾਂ ਲਿਖੀਆਂ ਜਾਂਦੀਆਂ ਸਨ। ਉਸ ਸਮੇਂ ਨਕਲਨਵੀਸਾਂ ਦੇ ਕਾਫ਼ੀ ਸਕੂਲ ਹੁੰਦੇ ਸਨ ਅਤੇ ਜਿਨ੍ਹਾਂ ਵਿਚ ਪੋਥੀਆਂ ਦੀਆਂ ਸਹੀ-ਸਹੀ ਨਕਲਾਂ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਅੱਜ ਵਿਦਵਾਨਾਂ ਨੇ ਪਾਇਆ ਹੈ ਕਿ ਹਜ਼ਾਰ ਸਾਲਾਂ ਦੌਰਾਨ ਵਾਰ-ਵਾਰ ਨਕਲ ਕੀਤੀਆਂ ਗਈਆਂ ਲਿਖਤਾਂ ਵਿਚ ਬਹੁਤ ਘੱਟ ਤਬਦੀਲੀਆਂ ਆਈਆਂ ਹਨ।

ਸਿਰਫ਼ ਮੇਸੋਪੋਟੇਮੀਆ ਵਿਚ ਹੀ ਨਕਲਨਵੀਸ ਨਹੀਂ ਸਨ। ਇਕ ਐਨਸਾਈਕਲੋਪੀਡੀਆ ਦੱਸਦਾ ਹੈ: “ਸੋਲਵੀਂ ਸਦੀ ਈਸਵੀ ਪੂਰਵ ਦੇ ਮੱਧ ਵਿਚ ਬਾਬਲੀ ਨਕਲਨਵੀਸਾਂ ਨੂੰ ਮੇਸੋਪੋਟੇਮੀਆ, ਸੀਰੀਆ, ਕਨਾਨ ਅਤੇ ਮਿਸਰ ਦੇ ਕਿਸੇ ਵੀ ਨਕਲਨਵੀਸ ਕੇਂਦਰ ਵਿਚ ਕੰਮ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਕਿਉਂਕਿ ਉਨ੍ਹਾਂ ਦੇ ਨਕਲ ਉਤਾਰਨ ਦੇ ਢੰਗ ਇੱਕੋ ਜਿਹੇ ਸਨ।” *

ਮੂਸਾ ਦੇ ਦਿਨਾਂ ਵਿਚ ਮਿਸਰ ਵਿਚ ਨਕਲਨਵੀਸਾਂ ਦਾ ਬਹੁਤ ਉੱਚਾ ਰੁਤਬਾ ਸੀ। ਨਕਲਨਵੀਸ ਲਗਾਤਾਰ ਪੋਥੀਆਂ ਦੀਆਂ ਨਕਲਾਂ ਬਣਾਉਂਦੇ ਰਹਿੰਦੇ ਸਨ। ਇਸ ਕੰਮ ਨੂੰ ਚਾਰ ਹਜ਼ਾਰ ਸਾਲਾਂ ਤੋਂ ਵੀ ਜ਼ਿਆਦਾ ਪੁਰਾਣੇ ਇਕ ਮਕਬਰੇ ਵਿਚ ਕੀਤੀ ਗਈ ਚਿੱਤਰਕਾਰੀ ਵਿਚ ਦਿਖਾਇਆ ਗਿਆ ਹੈ। ਪਿਛਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਐਨਸਾਈਕਲੋਪੀਡੀਆ ਨੇ ਉਸ ਸਮੇਂ ਦੇ ਨਕਲਨਵੀਸਾਂ ਬਾਰੇ ਕਿਹਾ: “ਉਨ੍ਹਾਂ ਨੇ ਮੇਸੋਪੋਟੇਮੀਆ ਅਤੇ ਮਿਸਰ ਦੇ ਸਭਿਆਚਾਰਾਂ ਬਾਰੇ ਬਹੁਤ ਸਾਰੇ ਸਾਹਿੱਤ ਦੀਆਂ ਨਕਲਾਂ ਬਣਾ ਲਈਆਂ ਸਨ ਅਤੇ ਉਨ੍ਹਾਂ ਨੇ ਨਕਲਨਵੀਸੀ ਪੇਸ਼ੇ ਸੰਬੰਧੀ ਕਈ ਪੱਕੇ ਅਸੂਲ ਬਣਾਏ ਸਨ।”

ਇਨ੍ਹਾਂ ਅਸੂਲਾਂ ਵਿੱਚੋਂ ਇਕ ਅਸੂਲ ਇਹ ਸੀ ਕਿ ਨਕਲ ਕੀਤੀਆਂ ਗਈਆਂ ਲਿਖਤਾਂ ਦੇ ਅੰਤ ਵਿਚ ਕੁਝ ਜਾਣਕਾਰੀ ਦਿੱਤੀ ਜਾਵੇ ਜਿਵੇਂ ਕਿ ਨਕਲਨਵੀਸ ਦਾ ਨਾਂ, ਉਸ ਵਿਅਕਤੀ ਦਾ ਨਾਂ ਜਿਸ ਲਈ ਉਹ ਨਕਲ ਉਤਾਰ ਰਿਹਾ ਸੀ, ਤਾਰੀਖ਼, ਪੋਥੀ ਜਿਸ ਤੋਂ ਨਕਲ ਬਣਾਈ ਗਈ ਸੀ, ਲਾਈਨਾਂ ਦੀ ਗਿਣਤੀ ਆਦਿ। ਨਕਲਨਵੀਸ ਅਕਸਰ ਇਹ ਲਿਖਿਆ ਕਰਦੇ ਸਨ: “ਇਸ ਨਕਲ ਨੂੰ ਅਸਲੀ ਪੋਥੀ ਨਾਲ ਦੁਬਾਰਾ ਮਿਲਾ ਕੇ ਦੇਖਿਆ ਗਿਆ ਹੈ।” ਇਸ ਸਾਰੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਦੇ ਨਕਲਨਵੀਸ ਆਪਣੇ ਕੰਮ ਦੇ ਮਾਮਲੇ ਵਿਚ ਜ਼ਰਾ ਵੀ ਅਣਗਹਿਲੀ ਨਹੀਂ ਕਰਦੇ ਸਨ।

ਪ੍ਰੋਫ਼ੈਸਰ ਮਿਲਾਰਡ ਨੇ ਇਹ ਵੀ ਕਿਹਾ: ‘ਨਕਲਨਵੀਸ ਕਈ ਤਰੀਕੇ ਵਰਤਦੇ ਹੁੰਦੇ ਸਨ ਤਾਂਕਿ ਨਕਲ ਬਣਾਏ ਜਾਣ ਵੇਲੇ ਗ਼ਲਤੀਆਂ ਨਾ ਹੋਣ। ਇਨ੍ਹਾਂ ਵਿੱਚੋਂ ਇਕ ਤਰੀਕਾ ਸੀ ਲਾਈਨਾਂ ਅਤੇ ਸ਼ਬਦਾਂ ਨੂੰ ਗਿਣਨਾ। ਮੱਧ ਯੁੱਗ (500-1500 ਈ.) ਦੇ ਸ਼ੁਰੂ ਵਿਚ ਮੈਸਰੀਟ ਨਕਲਨਵੀਸ ਦੁਬਾਰਾ ਇਹ ਤਰੀਕਾ ਵਰਤਣ ਲੱਗ ਪਏ।’ ਸੋ ਮੂਸਾ ਅਤੇ ਯਹੋਸ਼ੁਆ ਦੇ ਸਮੇਂ ਵਿਚ ਮੱਧ ਪੂਰਬੀ ਦੇਸ਼ਾਂ ਵਿਚ ਅਜਿਹੇ ਨਕਲਨਵੀਸ ਸਨ ਜੋ ਆਪਣਾ ਕੰਮ ਬੜੇ ਧਿਆਨ ਨਾਲ ਕਰਦੇ ਸਨ।

ਕੀ ਇਸਰਾਏਲ ਵਿਚ ਵੀ ਮਾਹਰ ਨਕਲਨਵੀਸ ਸਨ? ਬਾਈਬਲ ਇਸ ਬਾਰੇ ਕੀ ਜਾਣਕਾਰੀ ਦਿੰਦੀ ਹੈ?

ਪ੍ਰਾਚੀਨ ਇਸਰਾਏਲ ਵਿਚ ਨਕਲਨਵੀਸ

ਮੂਸਾ ਫਿਰਾਊਨ ਦੇ ਘਰਾਣੇ ਵਿਚ ਜੰਮਿਆ-ਪਲਿਆ ਸੀ। (ਕੂਚ 2:10; ਰਸੂਲਾਂ ਦੇ ਕਰਤੱਬ 7:21, 22) ਪ੍ਰਾਚੀਨ ਮਿਸਰ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਮੁਤਾਬਕ ਮੂਸਾ ਦੀ ਪੜ੍ਹਾਈ-ਲਿਖਾਈ ਵਿਚ ਮਿਸਰੀ ਭਾਸ਼ਾ ਅਤੇ ਨਕਲਨਵੀਸੀ ਦੀ ਸਿਖਲਾਈ ਵੀ ਸ਼ਾਮਲ ਸੀ। ਮਿਸਰ ਵਿਚ ਇਸਰਾਏਲੀ (ਅੰਗ੍ਰੇਜ਼ੀ) ਕਿਤਾਬ ਵਿਚ ਪ੍ਰੋਫ਼ੈਸਰ ਜੇਮਜ਼ ਹੌਫ਼ਮਾਈਅਰ ਨੇ ਕਿਹਾ: “ਜਦੋਂ ਬਾਈਬਲ ਕਹਿੰਦੀ ਹੈ ਕਿ ਮੂਸਾ ਨੇ ਘਟਨਾਵਾਂ ਨੂੰ ਕਲਮਬੱਧ ਕੀਤਾ, ਇਸਰਾਏਲੀਆਂ ਦਾ ਸਫ਼ਰਨਾਮਾ ਤੇ ਹੋਰ ਕਈ ਗੱਲਾਂ ਲਿਖੀਆਂ, ਤਾਂ ਅਸੀਂ ਇਸ ਗੱਲ ਤੇ ਭਰੋਸਾ ਕਰ ਸਕਦੇ ਹਾਂ।” *

ਬਾਈਬਲ ਵਿਚ ਹੋਰਨਾਂ ਇਸਰਾਏਲੀਆਂ ਬਾਰੇ ਵੀ ਦੱਸਿਆ ਗਿਆ ਹੈ ਜੋ ਨਕਲਨਵੀਸੀ ਕਰਦੇ ਸਨ। ਦ ਕੇਮਬ੍ਰਿਜ ਹਿਸਟਰੀ ਆਫ ਦ ਬਾਈਬਲ ਅਨੁਸਾਰ, ਮੂਸਾ ਨੇ ਕੌਮੀ ਕਾਇਦੇ-ਕਾਨੂੰਨਾਂ ਅਤੇ ਫ਼ੈਸਲਿਆਂ ਨੂੰ ਕਲਮਬੱਧ ਕਰਨ ਲਈ ਪੜ੍ਹੇ-ਲਿਖੇ ਬੰਦਿਆਂ ਨੂੰ ਨਿਯੁਕਤ ਕੀਤਾ। ਇਹ ਗੱਲ ਬਿਵਸਥਾ ਸਾਰ 1:15 ਤੇ ਆਧਾਰਿਤ ਹੈ ਜਿਸ ਵਿਚ ਕਿਹਾ ਗਿਆ ਹੈ: “ਸੋ ਮੈਂ [ਮੂਸਾ] ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ . . . ਅਰ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ, ਨਾਲੇ ਤੁਹਾਡੇ ਗੋਤਾਂ ਦੇ ਹੁੱਦੇਦਾਰ।” ਇਹ ਅਹੁਦੇਦਾਰ ਕੌਣ ਸਨ?

“ਹੁੱਦੇਦਾਰ” ਲਈ ਇਬਰਾਨੀ ਸ਼ਬਦ ਬਾਈਬਲ ਵਿਚ ਉਨ੍ਹਾਂ ਥਾਵਾਂ ਤੇ ਕਈ ਵਾਰ ਆਉਂਦਾ ਹੈ ਜਿੱਥੇ ਮੂਸਾ ਅਤੇ ਯਹੋਸ਼ੁਆ ਦੇ ਸਮੇਂ ਬਾਰੇ ਗੱਲ ਕੀਤੀ ਗਈ ਹੈ। ਕਈ ਵਿਦਵਾਨਾਂ ਦੇ ਅਨੁਸਾਰ ਇਸ ਸ਼ਬਦ ਦਾ ਮਤਲਬ ਹੈ ਉਹ ਵਿਅਕਤੀ ਜਾਂ ਸੈਕਟਰੀ ਜੋ ਜ਼ਰੂਰੀ ਜਾਣਕਾਰੀ ਨੂੰ ਕਲਮਬੱਧ ਕਰਦਾ ਹੈ ਜਾਂ ਅਫ਼ਸਰ ਜੋ ਜੱਜ ਦੇ ਸੈਕਟਰੀ ਦੇ ਤੌਰ ਤੇ ਕੰਮ ਕਰਦਾ ਹੈ। ਇਸ ਇਬਰਾਨੀ ਸ਼ਬਦ ਦਾ ਵਾਰ-ਵਾਰ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਇਸਰਾਏਲ ਵਿਚ ਅਜਿਹੇ ਕਈ ਸੈਕਟਰੀ ਹੁੰਦੇ ਸਨ ਜਿਨ੍ਹਾਂ ਨੂੰ ਕੌਮ ਦੇ ਰਾਜ-ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ।

ਤੀਜੀ ਉਦਾਹਰਣ ਇਸਰਾਏਲ ਦੇ ਜਾਜਕਾਂ ਦੀ ਹੈ। ਐਨਸਾਈਕਲੋਪੀਡੀਆ ਜੁਡੇਈਕਾ ਕਹਿੰਦਾ ਹੈ ਕਿ ਜਾਜਕਾਂ ਵਾਸਤੇ “ਅਧਿਆਤਮਿਕ ਅਤੇ ਹੋਰ ਕੰਮ ਕਰਨ ਲਈ ਪੜ੍ਹੇ-ਲਿਖੇ ਹੋਣਾ ਜ਼ਰੂਰੀ ਸੀ।” ਉਦਾਹਰਣ ਲਈ, ਮੂਸਾ ਨੇ ਲੇਵੀ ਦੇ ਪੁੱਤਰਾਂ ਨੂੰ ਹੁਕਮ ਦਿੱਤਾ ਸੀ: “ਸੱਤਾਂ ਵਰਿਹਾਂ ਦੇ ਅੰਤ ਵਿੱਚ . . . ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਤੇ ਉਨ੍ਹਾਂ ਦੇ ਅੱਗੇ ਏਸ ਬਿਵਸਥਾ ਨੂੰ ਪੜ੍ਹੋ।” ਬਿਵਸਥਾ ਦੀ ਪੋਥੀ ਨੂੰ ਸਾਂਭ ਕੇ ਰੱਖਣ ਦੀ ਜ਼ਿੰਮੇਵਾਰੀ ਜਾਜਕਾਂ ਦੀ ਸੀ। ਇਸ ਵਿਚ ਬਿਵਸਥਾ ਦੀਆਂ ਨਕਲਾਂ ਬਣਾਉਣ ਦੀ ਜ਼ਿੰਮੇਵਾਰੀ ਵੀ ਸ਼ਾਮਲ ਸੀ।—ਬਿਵਸਥਾ ਸਾਰ 17:18, 19; 31:10, 11.

ਧਿਆਨ ਦਿਓ ਕਿ ਬਿਵਸਥਾ ਦੀ ਪੋਥੀ ਦੀ ਪਹਿਲੀ ਨਕਲ ਕਿੱਦਾਂ ਬਣਾਈ ਗਈ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਮਹੀਨੇ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਜਦ ਤੁਸੀਂ ਯਰਦਨ ਤੋਂ ਪਾਰ ਉਸ ਧਰਤੀ ਵਿੱਚ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਲੰਘੋ ਤਦ ਤੁਸੀਂ ਆਪਣੇ ਲਈ ਵੱਡੇ ਵੱਡੇ ਪੱਥਰ ਖੜੇ ਕਰੋ ਅਤੇ ਓਹਨਾਂ ਉੱਤੇ ਲਿਪਾਈ ਕਰੋ। ਜਦ ਤੁਸੀਂ ਪਾਰ ਲੰਘ ਜਾਓ ਤੁਸੀਂ ਓਹਨਾਂ ਉੱਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਲਿੱਖੋ।” (ਬਿਵਸਥਾ ਸਾਰ 27:1-4) ਯਰੀਹੋ ਅਤੇ ਅਈ ਸ਼ਹਿਰਾਂ ਦੇ ਵਿਨਾਸ਼ ਤੋਂ ਬਾਅਦ ਇਸਰਾਏਲੀ ਏਬਾਲ ਪਹਾੜ ਤੇ ਇਕੱਠੇ ਹੋਏ। ਏਬਾਲ ਪਹਾੜ ਇਸਰਾਏਲ ਦੇ ਮੱਧ ਵਿਚ ਹੈ। ਯਹੋਸ਼ੁਆ ਨੇ ਉੱਥੇ ਜਗਵੇਦੀ ਦੇ ਪੱਥਰਾਂ ਉੱਤੇ “ਮੂਸਾ ਦੀ ਬਿਵਸਥਾ ਦਾ ਇੱਕ ਉਤਾਰ ਲਿਖਿਆ।” (ਯਹੋਸ਼ੁਆ 8:30-32) ਇਸ ਤੋਂ ਪਤਾ ਚੱਲਦਾ ਹੈ ਕਿ ਉਸ ਵੇਲੇ ਇਸਰਾਏਲੀ ਪੜ੍ਹ-ਲਿਖ ਸਕਦੇ ਸਨ ਅਤੇ ਬਿਵਸਥਾ ਦੀਆਂ ਗੱਲਾਂ ਦੀ ਸਹੀ-ਸਹੀ ਨਕਲ ਬਣਾਉਣ ਵਿਚ ਮਾਹਰ ਸਨ।

ਬਾਈਬਲ ਦੀ ਸ਼ੁੱਧਤਾ

ਮੂਸਾ ਅਤੇ ਯਹੋਸ਼ੁਆ ਤੋਂ ਬਾਅਦ ਬਾਈਬਲ ਦੇ ਇਬਰਾਨੀ ਹਿੱਸੇ ਦੀਆਂ ਹੋਰ ਕਈ ਕਿਤਾਬਾਂ ਲਿਖੀਆਂ ਗਈਆਂ ਸਨ ਅਤੇ ਇਨ੍ਹਾਂ ਦੀਆਂ ਨਕਲਾਂ ਬਣਾਈਆਂ ਗਈਆਂ ਸਨ। ਜਿੱਦਾਂ-ਜਿੱਦਾਂ ਨਮੀ ਤੇ ਉੱਲੀ ਕਰਕੇ ਇਹ ਨਕਲਾਂ ਸੜ-ਗਲ਼ ਜਾਂਦੀਆਂ ਸਨ, ਇਨ੍ਹਾਂ ਦੀ ਜਗ੍ਹਾ ਹੋਰ ਨਕਲਾਂ ਬਣਾਈਆਂ ਜਾਂਦੀਆਂ ਸਨ। ਇਹ ਸਿਲਸਿਲਾ ਕਈ ਸਦੀਆਂ ਤਕ ਚੱਲਦਾ ਰਿਹਾ।

ਭਾਵੇਂ ਕਿ ਬਾਈਬਲ ਦੇ ਨਕਲਨਵੀਸਾਂ ਨੇ ਬੜੇ ਧਿਆਨ ਨਾਲ ਆਪਣਾ ਕੰਮ ਕੀਤਾ, ਪਰ ਇਸ ਦੇ ਬਾਵਜੂਦ ਉਹ ਗ਼ਲਤੀਆਂ ਕਰ ਬੈਠਦੇ ਸਨ। ਕੀ ਇਨ੍ਹਾਂ ਗ਼ਲਤੀਆਂ ਕਾਰਨ ਬਾਈਬਲ ਦੀਆਂ ਗੱਲਾਂ ਕਾਫ਼ੀ ਬਦਲ ਗਈਆਂ ਹਨ? ਨਹੀਂ। ਬਾਈਬਲ ਦੀਆਂ ਪੁਰਾਣੀਆਂ ਹੱਥਲਿਖਤਾਂ ਦੀ ਧਿਆਨ ਨਾਲ ਤੁਲਨਾ ਕਰਨ ਤੇ ਪਤਾ ਲੱਗਿਆ ਹੈ ਕਿ ਇਹ ਗ਼ਲਤੀਆਂ ਮਾਮੂਲੀ ਸਨ ਅਤੇ ਇਨ੍ਹਾਂ ਕਰਕੇ ਬਾਈਬਲ ਦੀਆਂ ਗੱਲਾਂ ਦਾ ਅਰਥ ਨਹੀਂ ਬਦਲਿਆ ਹੈ।

ਯਿਸੂ ਦਾ ਬਾਈਬਲ ਦੀਆਂ ਇਬਰਾਨੀ ਪੋਥੀਆਂ ਪ੍ਰਤੀ ਨਜ਼ਰੀਆ ਮਸੀਹੀਆਂ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਯਿਸੂ ਇਨ੍ਹਾਂ ਨੂੰ ਸਹੀ ਮੰਨਦਾ ਸੀ। ਇਸ ਤੋਂ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਇਨ੍ਹਾਂ ਪੋਥੀਆਂ ਦੀਆਂ ਗੱਲਾਂ ਬਦਲੀਆਂ ਨਹੀਂ ਹਨ। ‘ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਨਹੀਂ ਪੜ੍ਹਿਆ?’ ਅਤੇ “ਕੀ ਮੂਸਾ ਨੇ ਤੁਹਾਨੂੰ ਸ਼ਰਾ ਨਹੀਂ ਦਿੱਤੀ?” ਵਰਗੇ ਸ਼ਬਦ ਦਿਖਾਉਂਦੇ ਹਨ ਕਿ ਯਿਸੂ ਉਸ ਵੇਲੇ ਮੌਜੂਦ ਹੱਥਲਿਖਤਾਂ ਨੂੰ ਭਰੋਸੇਯੋਗ ਮੰਨਦਾ ਸੀ। (ਮਰਕੁਸ 12:26; ਯੂਹੰਨਾ 7:19) ਇਸ ਤੋਂ ਇਲਾਵਾ, ਯਿਸੂ ਨੇ ਇਹ ਕਹਿ ਕੇ ਬਾਈਬਲ ਦੀਆਂ ਸਾਰੀਆਂ ਇਬਰਾਨੀ ਪੋਥੀਆਂ ਨੂੰ ਸਹੀ ਕਿਹਾ: “ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।”—ਲੂਕਾ 24:44.

ਇਸ ਲਈ ਅਸੀਂ ਇਸ ਗੱਲ ਤੇ ਭਰੋਸਾ ਰੱਖ ਸਕਦੇ ਹਾਂ ਕਿ ਜੋ ਗੱਲਾਂ ਪਰਮੇਸ਼ੁਰ ਨੇ ਬਾਈਬਲ ਵਿਚ ਲਿਖਵਾਈਆਂ ਸਨ, ਉਹ ਬਦਲੀਆਂ ਨਹੀਂ ਹਨ। ਇਹ ਯਸਾਯਾਹ ਨਬੀ ਦੀ ਗੱਲ ਦੀ ਪੁਸ਼ਟੀ ਕਰਦਾ ਹੈ: “ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:8.

[ਫੁਟਨੋਟ]

^ ਪੈਰਾ 6 ਸੋਲਵੀਂ ਸਦੀ ਈਸਵੀ ਪੂਰਵ ਦੇ ਮੱਧ ਵਿਚ ਰਹਿੰਦੇ ਯਹੋਸ਼ੁਆ ਨੇ ਕਿਰਯਥ ਸੇਫਰ ਨਾਂ ਦੇ ਕਨਾਨੀ ਸ਼ਹਿਰ ਦਾ ਜ਼ਿਕਰ ਕੀਤਾ ਸੀ। ਇਸ ਨਾਂ ਦਾ ਮਤਲਬ ਹੈ “ਕਿਤਾਬਾਂ ਦਾ ਸ਼ਹਿਰ” ਜਾਂ “ਨਕਲਨਵੀਸਾਂ ਦਾ ਸ਼ਹਿਰ।”—ਯਹੋਸ਼ੁਆ 15:15, 16.

^ ਪੈਰਾ 12 ਮੂਸਾ ਨੇ ਕਾਨੂੰਨੀ ਮਾਮਲਿਆਂ ਬਾਰੇ ਜੋ ਲਿਖਿਆ, ਉਹ ਕੂਚ 24:4, 7; 34:27, 28 ਅਤੇ ਬਿਵਸਥਾ ਸਾਰ 31:24-26 ਵਿਚ ਦਰਜ ਹੈ। ਬਿਵਸਥਾ ਸਾਰ 31:22 ਵਿਚ ਉਸ ਨੇ ਇਕ ਗੀਤ ਕਲਮਬੱਧ ਕੀਤਾ। ਮੂਸਾ ਨੇ ਗਿਣਤੀ 33:2 ਵਿਚ ਦੱਸਿਆ ਹੈ ਕਿ ਇਸਰਾਏਲੀ ਉਜਾੜ ਵਿਚ ਸਫ਼ਰ ਕਰਦਿਆਂ ਕਈ ਥਾਵਾਂ ਦੇ ਰੁਕੇ ਸਨ।

[ਸਫ਼ਾ 18 ਉੱਤੇ ਤਸਵੀਰ]

ਇਕ ਮਿਸਰੀ ਨਕਲਨਵੀਸ ਕਿਸੇ ਪੋਥੀ ਦੀ ਨਕਲ ਬਣਾਉਂਦਾ ਹੋਇਆ

[ਸਫ਼ਾ 19 ਉੱਤੇ ਤਸਵੀਰ]

ਬਾਈਬਲ ਦੀਆਂ ਪਹਿਲੀਆਂ ਕਿਤਾਬਾਂ ਮੂਸਾ ਦੇ ਜ਼ਮਾਨੇ ਵਿਚ ਲਿਖੀਆਂ ਗਈਆਂ ਸਨ