Skip to content

Skip to table of contents

ਮਾਰੀ ਰੇਗਿਸਤਾਨ ਦੀ ਪ੍ਰਾਚੀਨ ਮਲਕਾ

ਮਾਰੀ ਰੇਗਿਸਤਾਨ ਦੀ ਪ੍ਰਾਚੀਨ ਮਲਕਾ

ਮਾਰੀ ਰੇਗਿਸਤਾਨ ਦੀ ਪ੍ਰਾਚੀਨ ਮਲਕਾ

ਫਰਾਂਸੀਸੀ ਪੁਰਾਤੱਤਵ-ਵਿਗਿਆਨੀ ਆਂਡਰੇ ਪਾਰੋ ਨੇ ਕਿਹਾ: “ਉਸ ਰਾਤ ਆਪਣੇ ਦੋਸਤਾਂ ਨਾਲ ਖ਼ੁਸ਼ੀਆਂ ਮਨਾਉਣ ਤੋਂ ਬਾਅਦ ਜਦ ਮੈਂ ਆਪਣੇ ਕਮਰੇ ਵਿਚ ਆਇਆ, ਤਾਂ ਮੈਂ ਆਪਣੀ ਕਾਮਯਾਬੀ ਦੇ ਨਸ਼ੇ ਵਿਚ ਝੂਮ ਰਿਹਾ ਸੀ।” ਉਨ੍ਹਾਂ ਦੀ ਖ਼ੁਸ਼ੀ ਦਾ ਕੀ ਕਾਰਨ ਸੀ? ਪਾਰੋ ਅਤੇ ਉਸ ਦੇ ਸਾਥੀਆਂ ਨੂੰ ਜਨਵਰੀ 1934 ਵਿਚ ਸੀਰੀਆ ਵਿਚ ਫਰਾਤ ਦਰਿਆ ਨੇੜੇ ਆਬੂ ਕੇਮਾਲ ਸ਼ਹਿਰ ਲਾਗੇ ਤੈਲ ਹਾਰੀਰੀ ਵਿਚ ਇਕ ਬੁੱਤ ਲੱਭਿਆ ਸੀ ਜਿਸ ਉੱਤੇ ਲਿਖਿਆ ਸੀ: “ਮਾਰੀ ਦਾ ਬਾਦਸ਼ਾਹ, ਲਾਮਗੀ-ਮਾਰੀ, ਏਨਲਿਲ ਦੇਵਤੇ ਦਾ ਪੰਡਿਤ।”

ਆਖ਼ਰਕਾਰ ਮਾਰੀ ਦਾ ਸ਼ਹਿਰ ਲੱਭ ਹੀ ਪਿਆ! ਇਸ ਬੁੱਤ ਨੂੰ ਲੱਭ ਕੇ ਪਾਰੋ ਅਤੇ ਉਸ ਦੇ ਸਾਥੀ ਫੁੱਲੇ ਨਹੀਂ ਸਮਾ ਰਹੇ ਸਨ ਕਿਉਂਕਿ ਇਸ ਨੇ ਉਹ ਰਾਜ਼ ਖੋਲ੍ਹਿਆ ਜੋ ਬਹੁਤ ਚਿਰ ਤੋਂ ਗੁਪਤ ਸੀ। ਪਰ ਬਾਈਬਲ ਦੇ ਵਿਦਿਆਰਥੀਆਂ ਨੂੰ ਇਸ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਦਿਲਚਸਪੀ ਕਿਉਂ?

ਭਾਵੇਂ ਪੁਰਾਣੀਆਂ ਲਿਖਤਾਂ ਵਿਚ ਮਾਰੀ ਸ਼ਹਿਰ ਦਾ ਜ਼ਿਕਰ ਸੀ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਸੀ। ਸੁਮੇਰੀ ਲਿਖਾਰੀਆਂ ਦੇ ਮੁਤਾਬਕ ਮਾਰੀ ਇਕ ਅਜਿਹੀ ਸਲਤਨਤ ਦੀ ਰਾਜਧਾਨੀ ਸੀ ਜਿਸ ਤੋਂ ਸ਼ਾਇਦ ਕਿਸੇ ਸਮੇਂ ਪੂਰੇ ਮੇਸੋਪੋਟੇਮੀਆ ਉੱਤੇ ਰਾਜ ਕੀਤਾ ਜਾਂਦਾ ਸੀ। ਇਹ ਸ਼ਹਿਰ ਫਰਾਤ ਦਰਿਆ ਦੇ ਕੰਢਿਆਂ ਤੇ ਸਥਿਤ ਸੀ ਅਤੇ ਇਹ ਫ਼ਾਰਸ ਦੀ ਖਾੜੀ ਤੋਂ ਅੱਸ਼ੂਰ, ਮੇਸੋਪੋਟੇਮੀਆ, ਅਨਾਤੋਲੀਆ ਅਤੇ ਭੂਮੱਧ ਸਾਗਰ ਦੇ ਤਟਵਰਤੀ ਦੇਸ਼ਾਂ ਨੂੰ ਜਾਂਦੇ ਹੋਏ ਰਾਹ ਵਿਚ ਪੈਂਦਾ ਸੀ। ਮੇਸੋਪੋਟੇਮੀਆ ਵਿਚ ਲੱਕੜੀ, ਲੋਹੇ ਅਤੇ ਪੱਥਰ ਦੀ ਘਾਟ ਹੋਣ ਕਰਕੇ ਵਪਾਰ ਕਰਨ ਵਾਲਿਆਂ ਨੂੰ ਮਾਰੀ ਵਿੱਚੋਂ ਲੰਘਣਾ ਪੈਂਦਾ ਸੀ। ਇਸ ਮਾਲ ਤੇ ਟੈਕਸ ਵਸੂਲ ਕਰ ਕੇ ਮਾਰੀ ਸ਼ਹਿਰ ਮਾਲਾ-ਮਾਲ ਹੋ ਗਿਆ ਅਤੇ ਉਸ ਦਾ ਪੂਰੇ ਇਲਾਕੇ ਵਿਚ ਕਾਫ਼ੀ ਦਬਦਬਾ ਸੀ। ਪਰ ਅੱਕਾਦ ਦੇ ਸ਼ਹਿਨਸ਼ਾਹ ਸਾਰਗੌਨ ਨੇ ਸੀਰੀਆ ਤੇ ਫਤਹ ਪਾ ਕੇ ਮਾਰੀ ਦਾ ਦਬਦਬਾ ਖ਼ਤਮ ਕਰ ਦਿੱਤਾ।

ਅਗਲੇ ਤਕਰੀਬਨ 300 ਸਾਲਾਂ ਦੌਰਾਨ ਮਾਰੀ ਉੱਤੇ ਕਈ ਸੈਨਾਪਤੀਆਂ ਨੇ ਰਾਜ ਕੀਤਾ। ਉਨ੍ਹਾਂ ਦੇ ਰਾਜ ਅਧੀਨ ਮਾਰੀ ਨੇ ਮੁੜ ਕੇ ਆਪਣੀ ਸ਼ਾਨ ਕੁਝ ਹੱਦ ਤਕ ਹਾਸਲ ਕੀਤੀ। ਪਰ ਉਸ ਦੇ ਆਖ਼ਰੀ ਸੁਲਤਾਨ ਜ਼ਿਮਰੀ-ਲਿਮ ਦੇ ਦਿਨਾਂ ਵਿਚ ਮਾਰੀ ਢਹਿੰਦੀਆਂ ਕਲਾਂ ਵਿਚ ਸੀ। ਜ਼ਿਮਰੀ-ਲਿਮ ਨੇ ਲੜਾਈਆਂ, ਵਿਆਹ-ਸ਼ਾਦੀਆਂ ਅਤੇ ਸੰਧੀਆਂ ਦੁਆਰਾ ਆਪਣੀ ਸਲਤਨਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਲਗਭਗ 1760 ਈ.ਪੂ. ਵਿਚ ਬਾਬਲ ਦੇ ਬਾਦਸ਼ਾਹ ਹਾਮੁਰਾਬੀ ਨੇ ਮਾਰੀ ਤੇ ਚੜ੍ਹਾਈ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ। ਆਂਡਰੇ ਪਾਰੋ ਦੇ ਮੁਤਾਬਕ ਹਾਮੁਰਾਬੀ ਨੇ ਇਸ ਤਰ੍ਹਾਂ ਕਰ ਕੇ ‘ਇਕ ਅਜਿਹੀ ਸਭਿਅਤਾ ਦਾ ਅੰਤ ਕਰ ਦਿੱਤਾ ਜੋ ਪ੍ਰਾਚੀਨ ਦੁਨੀਆਂ ਦੀ ਸ਼ਾਨ ਸੀ।’

ਹਾਮੁਰਾਬੀ ਦੀਆਂ ਫ਼ੌਜਾਂ ਦੁਆਰਾ ਮਾਰੀ ਨੂੰ ਢਾਹ ਦੇਣ ਨਾਲ ਅੱਜ ਇਤਿਹਾਸਕਾਰਾਂ ਤੇ ਪੁਰਾਤੱਤਵ-ਵਿਗਿਆਨੀਆਂ ਨੂੰ ਇਸ ਸ਼ਹਿਰ ਬਾਰੇ ਜਾਣਨ ਵਿਚ ਮਦਦ ਮਿਲੀ ਹੈ। ਕਿਵੇਂ? ਜਦੋਂ ਫ਼ੌਜੀਆਂ ਨੇ ਕੱਚੀਆਂ ਇੱਟਾਂ ਦੀਆਂ ਕੰਧਾਂ ਢਾਹੀਆਂ, ਤਾਂ ਕੁਝ ਇਮਾਰਤਾਂ 15 ਫੁੱਟ ਉੱਚੇ ਮਲਬੇ ਹੇਠ ਦੱਬ ਗਈਆਂ। ਮਿੱਟੀ ਹੇਠ ਦੱਬੇ ਜਾਣ ਦਾ ਇਹ ਫ਼ਾਇਦਾ ਹੋਇਆ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਇਹ ਇਮਾਰਤਾਂ ਵੈਸੇ ਦੀਆਂ ਵੈਸੀਆਂ ਹੀ ਰਹੀਆਂ। ਵਿਗਿਆਨੀਆਂ ਨੂੰ ਮੰਦਰਾਂ ਅਤੇ ਮਹਿਲਾਂ ਦੇ ਖੰਡਰਾਤ ਵਿਚ ਕਈ ਚੀਜ਼ਾਂ ਅਤੇ ਹਜ਼ਾਰਾਂ ਸ਼ਿਲਾ-ਲੇਖ ਲੱਭੇ ਹਨ ਜਿਨ੍ਹਾਂ ਤੋਂ ਉਸ ਜ਼ਮਾਨੇ ਦੇ ਲੋਕਾਂ ਬਾਰੇ ਬਹੁਤ ਕੁਝ ਪਤਾ ਲੱਗਾ ਹੈ।

ਮਾਰੀ ਦੇ ਖੰਡਰ ਸਾਡੇ ਲਈ ਦਿਲਚਸਪ ਕਿਉਂ ਹਨ? ਕਿਉਂਕਿ ਉਨ੍ਹਾਂ ਤੋਂ ਸਾਨੂੰ ਅਬਰਾਹਾਮ ਦੇ ਜ਼ਮਾਨੇ ਬਾਰੇ ਪਤਾ ਲੱਗਦਾ ਹੈ। ਅਬਰਾਹਾਮ ਦਾ ਜਨਮ ਜਲ-ਪਰਲੋ ਤੋਂ 352 ਸਾਲ ਬਾਅਦ 2018 ਈ.ਪੂ. ਵਿਚ ਹੋਇਆ ਸੀ। ਉਹ ਨੂਹ ਤੋਂ ਨੌਂ ਪੀੜ੍ਹੀਆਂ ਬਾਅਦ ਪੈਦਾ ਹੋਇਆ ਸੀ। ਪਰਮੇਸ਼ੁਰ ਦਾ ਹੁਕਮ ਮੰਨ ਕੇ ਅਬਰਾਹਾਮ ਆਪਣਾ ਜੱਦੀ ਸ਼ਹਿਰ ਊਰ ਛੱਡ ਕੇ ਹਾਰਾਨ ਲਈ ਰਵਾਨਾ ਹੋ ਗਿਆ। ਫਿਰ 1943 ਈ.ਪੂ. ਵਿਚ 75 ਸਾਲ ਦੀ ਉਮਰ ਤੇ ਅਬਰਾਹਾਮ ਹਾਰਾਨ ਤੋਂ ਕਨਾਨ ਦੇਸ਼ ਗਿਆ। ਇਤਾਲਵੀ ਪੁਰਾਤੱਤਵ-ਵਿਗਿਆਨੀ ਪਾਓਲੋ ਮਾਟੀਆਈ ਕਹਿੰਦਾ ਹੈ: ‘ਜਦੋਂ ਅਬਰਾਹਾਮ ਊਰ ਤੋਂ ਕਨਾਨ ਦੇਸ਼ ਵਿਚ ਯਰੂਸ਼ਲਮ ਨੂੰ ਗਿਆ ਸੀ, ਉਦੋਂ ਮਾਰੀ ਸ਼ਹਿਰ ਅਜੇ ਖੜ੍ਹਾ ਸੀ।’ ਇਸ ਕਰਕੇ ਮਾਰੀ ਦੇ ਖੰਡਰਾਤ ਤੋਂ ਸਾਨੂੰ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅਬਰਾਹਾਮ ਦੇ ਜ਼ਮਾਨੇ ਦੀ ਝਲਕ ਮਿਲਦੀ ਹੈ। *ਉਤਪਤ 11:10–12:4.

ਖੰਡਰਾਤ ਤੋਂ ਕੀ ਪਤਾ ਲੱਗਦਾ ਹੈ?

ਮੇਸੋਪੋਟੇਮੀਆ ਦੇ ਬਾਕੀ ਇਲਾਕਿਆਂ ਵਾਂਗ ਮਾਰੀ ਵਿਚ ਵੀ ਲੋਕ ਦੇਵੀ-ਦੇਵਤਿਆਂ ਨੂੰ ਬਹੁਤ ਮੰਨਦੇ ਸਨ। ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਆਪਣਾ ਫ਼ਰਜ਼ ਸਮਝਦੇ ਸਨ। ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਪੁੱਛਾਂ ਪਾਉਂਦੇ ਸਨ। ਖੋਜੀਆਂ ਨੂੰ ਛੇ ਮੰਦਰਾਂ ਦੇ ਖੰਡਰ ਲੱਭੇ ਹਨ। ਇਨ੍ਹਾਂ ਵਿਚ ਇਕ ਸ਼ੇਰਾਂ ਦਾ ਮੰਦਰ ਹੈ ਜਿਸ ਨੂੰ ਕਈ ਲੋਕ ਡੇਗਨ ਯਾਨੀ ਬਾਈਬਲ ਵਿਚ ਜ਼ਿਕਰ ਕੀਤੇ ਗਏ ਦਾਗੋਨ ਦੇਵਤੇ ਦਾ ਮੰਦਰ ਸਮਝਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਉਪਜ ਦੀ ਦੇਵੀ ਇਸ਼ਟਾਰ ਦਾ ਮੰਦਰ ਅਤੇ ਸੂਰਜ-ਦੇਵਤੇ ਸ਼ਾਮਾਸ਼ ਦੇ ਮੰਦਰ ਲੱਭੇ ਗਏ ਸਨ। ਇਨ੍ਹਾਂ ਮੰਦਰਾਂ ਵਿਚ ਦੇਵੀ ਜਾਂ ਦੇਵਤੇ ਦਾ ਬੁੱਤ ਹੁੰਦਾ ਸੀ ਜਿਸ ਅੱਗੇ ਪਾਠ-ਪੂਜਾ ਕੀਤੀ ਜਾਂਦੀ ਸੀ ਅਤੇ ਚੜ੍ਹਾਵੇ ਚੜ੍ਹਾਏ ਜਾਂਦੇ ਸਨ। ਪੁਜਾਰੀ ਆਪਣੇ ਰੂਪ ਤੇ ਬਣੇ ਬੁੱਤ ਮੰਦਰ ਵਿਚ ਬੈਂਚ ਤੇ ਛੱਡ ਜਾਂਦੇ ਸਨ ਤਾਂਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਵੀ ਉਨ੍ਹਾਂ ਦੀ ਪੂਜਾ ਜਾਰੀ ਰਹੇ। ਇਨ੍ਹਾਂ ਬੁੱਤਾਂ ਦੇ ਹੱਥ ਜੋੜੇ ਹੋਏ ਅਤੇ ਮੂੰਹ ਤੇ ਮੁਸਕਾਨ ਹੁੰਦੀ ਸੀ। ਆਂਡਰੇ ਪਾਰੋ ਦੱਸਦਾ ਹੈ: ‘ਪੁਜਾਰੀ ਮੰਦਰ ਵਿਚ ਆਪਣੀ ਥਾਂ ਤੇ ਪੂਜਾ ਕਰਨ ਲਈ ਇਹ ਬੁੱਤ ਛੱਡ ਜਾਂਦੇ ਸਨ ਜਿਵੇਂ ਅੱਜ ਕੈਥੋਲਿਕ ਲੋਕ ਚਰਚ ਵਿਚ ਮੋਮਬੱਤੀ ਬਾਲ਼ਦੇ ਹਨ।’

ਤੈਲ ਹਾਰੀਰੀ ਵਿਚ ਇਕ ਵਿਸ਼ਾਲ ਮਹਿਲ ਦੇ ਖੰਡਰ ਵੀ ਮਿਲੇ ਹਨ। ਇਹ ਸ਼ਾਨਦਾਰ ਮਹਿਲ ਆਖ਼ਰੀ ਸੁਲਤਾਨ ਜ਼ਿਮਰੀ-ਲਿਮ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਫਰਾਂਸੀਸੀ ਪੁਰਾਤੱਤਵ-ਵਿਗਿਆਨੀ ਲੂਈ-ਊਗ ਵੈਂਸਾਂ ਨੇ ਇਸ ਨੂੰ “ਪ੍ਰਾਚੀਨ ਪੂਰਬੀ ਭਵਨ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ” ਸੱਦਿਆ ਹੈ। ਇਹ ਮਹਿਲ ਛੇ ਏਕੜ ਦੀ ਜ਼ਮੀਨ ਤੇ ਬਣਿਆ ਹੋਇਆ ਸੀ ਅਤੇ ਇਸ ਵਿਚ ਕੁਝ 300 ਕਮਰੇ ਅਤੇ ਦਲਾਨ ਸਨ। ਉਸ ਜ਼ਮਾਨੇ ਵਿਚ ਵੀ ਇਸ ਮਹਿਲ ਨੂੰ ਦੁਨੀਆਂ ਦਾ ਅਜੂਬਾ ਮੰਨਿਆ ਜਾਂਦਾ ਸੀ। ਜੌਰਜ ਰੂ ਨੇ ਪ੍ਰਾਚੀਨ ਇਰਾਕ ਬਾਰੇ ਲਿਖੀ ਆਪਣੀ ਕਿਤਾਬ ਵਿਚ ਕਿਹਾ: “ਇਹ ਮਹਿਲ ਇੰਨਾ ਮਸ਼ਹੂਰ ਸੀ ਕਿ 600 ਕਿਲੋਮੀਟਰ ਦੂਰ ਸੀਰੀਆ ਦੇ ਤਟਵਰਤੀ ਸ਼ਹਿਰ ਯੂਗਾਰੀਟ ਦੇ ਰਾਜੇ ਨੇ ਆਪਣੇ ਬੇਟੇ ਨੂੰ ‘ਜ਼ਿਮਰੀ-ਲਿਮ ਦਾ ਘਰ’ ਦੇਖਣ ਲਈ ਭੇਜਿਆ।”

ਇਸ ਕਿਲਾਬੰਦ ਮਹਿਲ ਦੇ ਇੱਕੋ-ਇਕ ਲਾਂਘੇ ਦੇ ਦੋਵੇਂ ਪਾਸੇ ਬੁਰਜ ਸਨ। ਸ਼ਾਹੀ ਦਰਬਾਰ ਵਿਚ ਮਾਰੀ ਦਾ ਆਖ਼ਰੀ ਰਾਜਾ ਜ਼ਿਮਰੀ-ਲਿਮ ਆਪਣੇ ਸਿੰਘਾਸਣ ਤੇ ਬੈਠ ਕੇ ਫ਼ੌਜੀ, ਵਪਾਰਕ ਅਤੇ ਵਿਦੇਸ਼ੀ ਮਾਮਲਿਆਂ ਨਾਲ ਨਜਿੱਠਦਾ ਸੀ, ਆਪਣੇ ਫ਼ੈਸਲੇ ਸੁਣਾਉਂਦਾ ਸੀ ਅਤੇ ਮਹਿਮਾਨਾਂ ਤੇ ਰਾਜਦੂਤਾਂ ਦਾ ਸੁਆਗਤ ਕਰਦਾ ਸੀ। ਮਹਿਲ ਵਿਚ ਮਹਿਮਾਨਾਂ ਦੇ ਰਹਿਣ ਲਈ ਕਮਰੇ ਸਨ ਅਤੇ ਸੁਲਤਾਨ ਆਪਣੀਆਂ ਸ਼ਾਨਦਾਰ ਦਾਅਵਤਾਂ ਨਾਲ ਉਨ੍ਹਾਂ ਦੀ ਚੰਗੀ ਖਾਤਰਦਾਰੀ ਕਰਦਾ ਸੀ। ਵੱਖੋ-ਵੱਖਰੇ ਮਸਾਲਿਆਂ ਨਾਲ ਭੁੰਨਿਆ ਤੇ ਰਿੰਨ੍ਹਿਆ ਗੋਸ਼ਤ, ਮੱਛੀ ਤੇ ਮੁਰਗਾ ਪਰੋਸਿਆ ਜਾਂਦਾ ਸੀ। ਇਸ ਦੇ ਨਾਲ-ਨਾਲ ਹਰ ਕਿਸਮ ਦੀ ਸਬਜ਼ੀ, ਪਨੀਰ, ਮੇਵੇ, ਮੁਰੱਬੇ ਅਤੇ ਸੋਹਣੇ ਡੀਜ਼ਾਈਨਾਂ ਦੇ ਸਾਂਚਿਆਂ ਵਿਚ ਬਣੇ ਕੇਕ ਵੀ ਹੁੰਦੇ ਸਨ। ਪਿਆਸ ਬੁਝਾਉਣ ਲਈ ਮਹਿਮਾਨ ਬੀਅਰ ਜਾਂ ਵਾਈਨ ਪੀਂਦੇ ਸਨ।

ਮਹਿਲ ਵਿਚ ਨਹਾਉਣ-ਧੋਣ ਲਈ ਗੁਸਲਖ਼ਾਨਿਆਂ ਦਾ ਵਧੀਆ ਇੰਤਜ਼ਾਮ ਸੀ। ਗੁਸਲਖ਼ਾਨਿਆਂ ਵਿਚ ਲੈਟਰੀਨ ਅਤੇ ਨਹਾਉਣ ਲਈ ਮਿੱਟੀ ਦੇ ਬਣੇ ਟੱਬ ਹੁੰਦੇ ਸਨ। ਇਨ੍ਹਾਂ ਗ਼ੁਸਲਖਾਨਿਆਂ ਦੇ ਫ਼ਰਸ਼ ਅਤੇ ਕੰਧਾਂ ਦੇ ਹੇਠਲੇ ਹਿੱਸੇ ਲੁੱਕ ਨਾਲ ਲਿੱਪੇ ਹੁੰਦੇ ਸਨ। ਗੰਦਾ ਪਾਣੀ ਕੱਢਣ ਲਈ ਇੱਟਾਂ ਦੀਆਂ ਨਾਲੀਆਂ ਹੁੰਦੀਆਂ ਸਨ। ਲੁਕ ਨਾਲ ਲਿੱਪੀਆਂ ਮਿੱਟੀ ਦੀਆਂ ਨਾਲੀਆਂ ਅੱਜ 3,500 ਸਾਲ ਬਾਅਦ ਵੀ ਕੰਮ ਕਰਦੀਆਂ ਹਨ। ਜਦੋਂ ਸ਼ਾਹੀ ਘਰਾਣੇ ਦੀਆਂ ਤਿੰਨ ਤੀਵੀਆਂ ਨੂੰ ਕੋਈ ਮਾਰੂ ਬੀਮਾਰੀ ਲੱਗੀ, ਤਾਂ ਉਨ੍ਹਾਂ ਨੂੰ ਬਾਕੀਆਂ ਤੋਂ ਅਲੱਗ ਕੀਤਾ ਗਿਆ ਸੀ ਅਤੇ ਇਹ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ “ਨਾ ਕੋਈ ਉਨ੍ਹਾਂ ਦੇ ਪਿਆਲੇ ਵਿੱਚੋਂ ਪੀਵੇ, ਨਾ ਕੋਈ ਉਨ੍ਹਾਂ ਨਾਲ ਬੈਠ ਕੇ ਖਾਵੇ ਤੇ ਨਾ ਹੀ ਉਨ੍ਹਾਂ ਦੀਆਂ ਕੁਰਸੀਆਂ ਤੇ ਕੋਈ ਬੈਠੇ।”

ਪੁਰਾਣੀਆਂ ਲਿਖਤਾਂ ਤੋਂ ਅਸੀਂ ਕੀ ਸਿੱਖਦੇ ਹਾਂ?

ਆਂਡਰੇ ਪਾਰੋ ਅਤੇ ਉਸ ਦੇ ਸਾਥੀਆਂ ਨੂੰ ਅੱਕਾਦੀ ਲਿਪੀ ਵਿਚ ਲਿਖੇ ਹੋਏ ਲਗਭਗ 20,000 ਫਾਨਾ-ਨੁਮਾ ਸ਼ਿਲਾ-ਲੇਖ ਲੱਭੇ। ਇਨ੍ਹਾਂ ਸ਼ਿਲਾ-ਲੇਖਾਂ ਵਿਚ ਚਿੱਠੀ-ਪੱਤਰ ਅਤੇ ਸਰਕਾਰੀ ਦਸਤਾਵੇਜ਼ ਵਗੈਰਾ ਸਨ ਜਿਨ੍ਹਾਂ ਵਿੱਚੋਂ ਸਿਰਫ਼ ਇਕ ਤਿਹਾਈ ਪ੍ਰਕਾਸ਼ਿਤ ਕੀਤੇ ਗਏ ਹਨ। ਤਾਂ ਵੀ ਇਨ੍ਹਾਂ ਨਾਲ ਅੱਜ ਤਕ 28 ਕਿਤਾਬਾਂ ਭਰ ਚੁੱਕੀਆਂ ਹਨ। ਇਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ? ਮਾਰੀ ਆਰਕੀਓਲੌਜਿਕਲ ਮਿਸ਼ਨ ਦਾ ਡਾਇਰੈਕਟਰ ਜ਼ੌਂ-ਕਲੋਡ ਮਾਰਗਰੋਂ ਕਹਿੰਦਾ ਹੈ: “ਮਾਰੀ ਦੀਆਂ ਪੁਰਾਣੀਆਂ ਲਿਖਤਾਂ ਮਿਲਣ ਤੋਂ ਪਹਿਲਾਂ ਸਾਨੂੰ ਅੱਜ ਤੋਂ 4,000 ਸਾਲ ਪੁਰਾਣੇ ਮੇਸੋਪੋਟੇਮੀਆ ਅਤੇ ਸੀਰੀਆ ਦੇ ਇਤਿਹਾਸ ਅਤੇ ਸਮਾਜ ਬਾਰੇ ਕੁਝ ਵੀ ਨਹੀਂ ਪਤਾ ਸੀ। ਇਨ੍ਹਾਂ ਲਿਖਤਾਂ ਸਦਕਾ ਅਸੀਂ ਇਤਿਹਾਸ ਦੇ ਖਾਲੀ ਪੰਨੇ ਭਰ ਸਕੇ ਹਾਂ।” ਪਾਰੋ ਨੇ ਅੱਗੇ ਕਿਹਾ ਕਿ ‘ਇਨ੍ਹਾਂ ਲਿਖਤਾਂ ਵਿਚ ਜ਼ਿਕਰ ਕੀਤੇ ਗਏ ਲੋਕ ਬਿਲਕੁਲ ਬਾਈਬਲ ਵਿਚ ਦੱਸੇ ਗਏ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਜ਼ਮਾਨੇ ਦੇ ਲੋਕਾਂ ਵਰਗੇ ਸਨ।’

ਮਾਰੀ ਵਿਚ ਲੱਭੀਆਂ ਲਿਖਤਾਂ ਤੋਂ ਸਾਨੂੰ ਬਾਈਬਲ ਦੀਆਂ ਕੁਝ ਆਇਤਾਂ ਨੂੰ ਸਮਝਣ ਵਿਚ ਵੀ ਮਦਦ ਮਿਲੀ ਹੈ। ਮਿਸਾਲ ਲਈ ਇਨ੍ਹਾਂ ਸ਼ਿਲਾ-ਲੇਖਾਂ ਤੋਂ ਪਤਾ ਲੱਗਾ ਹੈ ਕਿ ‘ਇਕ ਰਾਜੇ ਲਈ ਆਪਣੇ ਦੁਸ਼ਮਣ ਦੀਆਂ ਤੀਵੀਆਂ ਨੂੰ ਆਪਣੀਆਂ ਬਣਾ ਲੈਣਾ ਉਸ ਸਮੇਂ ਕੋਈ ਅਨੋਖੀ ਗੱਲ ਨਹੀਂ ਸੀ।’ ਤਾਂ ਫਿਰ ਜਦ ਦਗਾਬਾਜ਼ ਅਹੀਥੋਫ਼ਲ ਨੇ ਦਾਊਦ ਦੇ ਪੁੱਤਰ ਅਬਸ਼ਾਲੋਮ ਨੂੰ ਆਪਣੇ ਪਿਤਾ ਦੀਆਂ ਤੀਵੀਆਂ ਨਾਲ ਸੰਗ ਕਰਨ ਦੀ ਸਲਾਹ ਦਿੱਤੀ, ਤਾਂ ਇਹ ਕੋਈ ਨਵੀਂ ਗੱਲ ਨਹੀਂ ਸੀ।—2 ਸਮੂਏਲ 16:21, 22.

ਸਾਲ 1933 ਤੋਂ ਅੱਜ ਤਕ ਪੁਰਾਤੱਤਵ-ਵਿਗਿਆਨੀਆਂ ਦੀਆਂ ਟੀਮਾਂ ਤੈਲ ਹਾਰੀਰੀ ਵਿਚ ਖੰਡਰਾਂ ਦੀ ਖੁਦਾਈ ਕਰਨ ਲਈ 41 ਵਾਰ ਆ ਚੁੱਕੀਆਂ ਹਨ। ਫਿਰ ਵੀ ਹੁਣ ਤਕ ਮਾਰੀ ਦੇ 270 ਏਕੜ ਖੇਤਰ ਵਿੱਚੋਂ ਸਿਰਫ਼ 20 ਏਕੜ ਖੇਤਰ ਦੀ ਖੁਦਾਈ ਕੀਤੀ ਗਈ ਹੈ। ਸਾਨੂੰ ਯਕੀਨ ਹੈ ਕਿ ਰੇਗਿਸਤਾਨ ਦੀ ਇਸ ਪ੍ਰਾਚੀਨ ਮਲਕਾ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਮਿਲਣਗੀਆਂ।

[ਫੁਟਨੋਟ]

^ ਪੈਰਾ 8 ਹੋ ਸਕਦਾ ਹੈ ਕਿ 607 ਈ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਬਾਬਲ ਦੀ ਫ਼ੌਜ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਨੂੰ ਲੈ ਜਾਂਦੀ ਹੋਈ ਮਾਰੀ ਦੇ ਖੰਡਰਾਤ ਦੇ ਕੋਲੋਂ ਲੰਘੀ ਹੋਵੇ।

[ਸਫ਼ੇ 10 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਫ਼ਾਰਸ ਦੀ ਖਾੜੀ

ਊਰ

ਮੇਸੋਪੋਟੇਮੀਆ

ਫਰਾਤ ਦਰਿਆ

ਮਾਰੀ

ਅਨਾਤੋਲੀਆ

ਅੱਸ਼ੂਰ

ਕਨਾਨ

ਯਰੂਸ਼ਲਮ

ਹਾਰਾਨ

ਭੂਮੱਧ ਸਾਗਰ (ਵੱਡਾ ਸਾਗਰ)

[ਸਫ਼ੇ 11 ਉੱਤੇ ਤਸਵੀਰ]

ਇਸ ਸ਼ਿਲਾ-ਲੇਖ ਵਿਚ ਮਾਰੀ ਦੇ ਸੁਲਤਾਨ ਇਆਦੁਨ-ਲਿਮ ਨੇ ਆਪਣੀਆਂ ਬਣਾਈਆਂ ਇਮਾਰਤਾਂ ਦੀ ਸ਼ੇਖ਼ੀ ਮਾਰੀ

[ਸਫ਼ੇ 11 ਉੱਤੇ ਤਸਵੀਰ]

ਲਾਮਗੀ-ਮਾਰੀ ਦੇ ਇਸ ਬੁੱਤ ਦੀ ਖੋਜ ਨੇ ਮਾਰੀ ਦਾ ਰਾਜ਼ ਖੋਲ੍ਹ ਦਿੱਤਾ

[ਸਫ਼ੇ 12 ਉੱਤੇ ਤਸਵੀਰ]

ਮਹਿਲ ਵਿਚ ਇਸ ਥੜ੍ਹੇ ਤੇ ਸ਼ਾਇਦ ਕਿਸੇ ਦੇਵੀ ਦਾ ਬੁੱਤ ਹੋਇਆ ਕਰਦਾ ਸੀ

[ਸਫ਼ੇ 12 ਉੱਤੇ ਤਸਵੀਰ]

ਹੱਥ ਜੋੜੀ ਬੈਠਾ ਮਾਰੀ ਦਾ ਨਿਗਰਾਨ ਏਬਿਹੀਲ

[ਸਫ਼ੇ 12 ਉੱਤੇ ਤਸਵੀਰ]

ਮਾਰੀ ਦੇ ਖੰਡਰ ਵਿਚ ਕੱਚੀਆਂ ਇੱਟਾਂ ਦੀ ਬਣੀ ਇਮਾਰਤ

[ਸਫ਼ੇ 12 ਉੱਤੇ ਤਸਵੀਰ]

ਮਹਿਲ ਦਾ ਇਕ ਗੁਸਲਖ਼ਾਨਾ

[ਸਫ਼ੇ 13 ਉੱਤੇ ਤਸਵੀਰ]

ਸੁਲਤਾਨ ਨਾਰਾਮ ਸਿਨ ਦੀ ਮਾਰੀ ਉੱਤੇ ਹੋਈ ਜਿੱਤ ਨੂੰ ਦਰਸਾਉਂਦੀ ਸਿਲ

[ਸਫ਼ੇ 13 ਉੱਤੇ ਤਸਵੀਰ]

ਮਹਿਲ ਦੇ ਖੰਡਰਾਤ ਵਿਚ ਲਗਭਗ 20,000 ਸ਼ਿਲਾ-ਲੇਖ ਮਿਲੇ ਸਨ

[ਸਫ਼ੇ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Mission archéologique française de Tell Hariri - Mari (Syrie)

[ਸਫ਼ੇ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Document: Musée du Louvre, Paris; statue: © Mission archéologique française de Tell Hariri - Mari (Syrie)

[ਸਫ਼ੇ 12 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Statue: Musée du Louvre, Paris; podium and bathroom: © Mission archéologique française de Tell Hariri - Mari (Syrie)

[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Victory stele: Musée du Louvre, Paris; palace ruins: © Mission archéologique française de Tell Hariri - Mari (Syrie)