Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਲੇਵੀਆਂ ਦੇ 25ਵੇਂ ਅਧਿਆਇ ਵਿਚ ਜ਼ਿਕਰ ਕੀਤੇ ਗਏ ਆਨੰਦ ਦੇ ਵਰ੍ਹੇ ਦਾ ਅੱਜ ਸਾਡੇ ਲਈ ਕੀ ਮਤਲਬ ਹੈ?

ਮੂਸਾ ਦੀ ਬਿਵਸਥਾ ਵਿਚ ਕਿਹਾ ਗਿਆ ਸੀ ਕਿ “ਸੱਤਵੇਂ ਵਰਹੇ ਵਿੱਚ ਧਰਤੀ ਦੇ ਵਿਸਰਾਮ ਦਾ ਸਬਤ ਹੋਵੇਗਾ।” ਉਸ ਸਾਲ ਬਾਰੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੂੰ ਨਾ ਆਪਣੀ ਪੈਲੀ ਬੀਜੀਂ, ਨਾ ਆਪਣੇ ਦਾਖਾਂ ਦੀ ਬਾਗਵਾਨੀ ਕਰੀਂ। ਜਿਹੜੀ ਤੇਰੀ ਹਾੜੀ ਵਿੱਚ ਆਪੇ ਹੀ ਉੱਗ ਪਵੇ ਉਸ ਨੂੰ ਤੂੰ ਨਾ ਵੱਢੀਂ, ਨਾ ਆਪਣਿਆਂ ਵੇਹਲਿਆਂ ਬਾਗਾਂ ਵਿੱਚੋਂ ਦਾਖਾਂ ਤੋੜੀਂ ਕਿਉਂ ਜੋ ਉਹ ਧਰਤੀ ਦੇ ਲਈ ਵਿਸਰਾਮ ਦਾ ਵਰਹਾ ਹੈ।” (ਲੇਵੀਆਂ 25:4, 5) ਇਸ ਤਰ੍ਹਾਂ ਹਰ ਸੱਤਵਾਂ ਵਰ੍ਹਾ ਖੇਤਾਂ ਲਈ ਸਬਤ ਦਾ ਵਰ੍ਹਾ ਹੋਣਾ ਸੀ। ਅਤੇ ਸੱਤਵੇਂ ਸਬਤ ਦੇ ਵਰ੍ਹੇ (49ਵਾਂ ਵਰ੍ਹਾ) ਤੋਂ ਬਾਅਦ ਹਰ 50ਵਾਂ ਵਰ੍ਹਾ ਆਨੰਦ ਦਾ ਵਰ੍ਹਾ ਹੋਣਾ ਸੀ। ਉਸ ਵਰ੍ਹੇ ਕੀ ਹੋਣਾ ਸੀ?

ਯਹੋਵਾਹ ਨੇ ਮੂਸਾ ਦੇ ਜ਼ਰੀਏ ਇਸਰਾਏਲੀਆਂ ਨੂੰ ਕਿਹਾ ਸੀ: “ਤੁਸਾਂ ਪੰਜਾਹਵੇਂ ਵਰਹੇ ਨੂੰ ਪਵਿੱਤ੍ਰ ਰੱਖਣਾ ਅਤੇ ਦੇਸ ਦਿਆਂ ਸਾਰਿਆਂ ਵਾਸੀਆਂ ਦੇ ਲਈ ਛੁਟਕਾਰੇ ਦਾ ਹੋਕਾ ਦੇਣਾ। ਇਹ ਤੁਹਾਡੇ ਲਈ ਅਨੰਦ ਹੋਵੇਗਾ ਅਤੇ ਤੁਸਾਂ ਆਪੋ ਆਪਣੀ ਪੱਤੀ ਵਿੱਚ ਮੁੜ ਜਾਣਾ ਅਤੇ ਤੁਸਾਂ ਆਪੋ ਆਪਣੇ ਟੱਬਰਾਂ ਵਿੱਚ ਮੁੜ ਜਾਣਾ। ਉਹ ਪੰਜਾਹਵਾਂ ਵਰਹਾ ਤੁਹਾਡੇ ਲਈ ਅਨੰਦ ਦਾ ਹੋਵੇਗਾ, ਤੁਸਾਂ ਨਾ ਬੀਜਣਾ, ਨਾ ਉਸ ਦੇ ਵਿੱਚ ਜਿਹੜਾ ਆਪੇ ਉੱਗ ਪਵੇ ਵੱਢਣਾ, ਨਾ ਉਸ ਦੇ ਵਿੱਚ ਆਪਣੇ ਵੇਹਲੇ ਬਾਗ ਦੀਆਂ ਦਾਖਾਂ ਤੋੜਨੀਆਂ।” (ਲੇਵੀਆਂ 25:10, 11) ਆਨੰਦ ਦਾ ਵਰ੍ਹਾ ਖੇਤਾਂ ਲਈ ਲਗਾਤਾਰ ਦੂਸਰਾ ਸਬਤ ਦਾ ਵਰ੍ਹਾ ਹੋਣਾ ਸੀ। ਪਰ ਦੇਸ਼ ਦੇ ਵਾਸੀਆਂ ਲਈ ਇਹ ਵਰ੍ਹਾ ਛੁਟਕਾਰੇ ਦਾ ਵਰ੍ਹਾ ਸੀ। ਇਸ ਵਰ੍ਹੇ ਹਰ ਯਹੂਦੀ ਗ਼ੁਲਾਮ ਨੂੰ ਛੱਡਿਆ ਜਾਣਾ ਸੀ। ਜੇ ਕਿਸੇ ਨੇ ਆਪਣੀ ਜੱਦੀ-ਪੁਸ਼ਤੀ ਜ਼ਮੀਨ ਮਜਬੂਰਨ ਵੇਚ ਦਿੱਤੀ ਸੀ, ਤਾਂ ਉਹ ਉਸ ਨੂੰ ਇਸ ਵਰ੍ਹੇ ਵਾਪਸ ਮਿਲ ਜਾਣੀ ਸੀ। ਇਸ ਤਰ੍ਹਾਂ ਆਨੰਦ ਦੇ ਵਰ੍ਹੇ ਦੌਰਾਨ ਜ਼ਮੀਨ ਨੂੰ ਮੁੜ ਉਪਜਾਊ ਬਣਨ ਦਾ ਮੌਕਾ ਮਿਲਦਾ ਸੀ ਅਤੇ ਇਸਰਾਏਲੀਆਂ ਨੂੰ ਛੁੱਟਣ ਦਾ। ਇਸ ਦਾ ਮਸੀਹੀਆਂ ਲਈ ਕੀ ਮਤਲਬ ਹੈ?

ਪਹਿਲੇ ਆਦਮੀ ਆਦਮ ਦੀ ਬਗਾਵਤ ਕਰਕੇ ਇਨਸਾਨਜਾਤੀ ਪਾਪ ਦੀ ਗ਼ੁਲਾਮ ਹੋ ਗਈ। ਪਰਮੇਸ਼ੁਰ ਨੇ ਇਨਸਾਨਜਾਤੀ ਨੂੰ ਪਾਪ ਦੀ ਗ਼ੁਲਾਮੀ ਤੋਂ ਛੁਡਾਉਣ ਲਈ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ। * (ਮੱਤੀ 20:28; ਯੂਹੰਨਾ 3:16; 1 ਯੂਹੰਨਾ 2:1, 2) ਮਸੀਹੀ ਕਦੋਂ ਪਾਪ ਦੀ ਸ਼ਰਾ ਤੋਂ ਮੁਕਤ ਹੁੰਦੇ ਹਨ? ਮਸਹ ਕੀਤੇ ਹੋਏ ਮਸੀਹੀਆਂ ਨਾਲ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਜੀਵਨ ਦੇ ਆਤਮਾ ਦੀ ਸ਼ਰਾ ਨੇ ਮਸੀਹ ਯਿਸੂ ਵਿੱਚ [ਤੁਹਾਨੂੰ] ਪਾਪ ਅਤੇ ਮੌਤ ਦੀ ਸ਼ਰਾ ਤੋਂ ਛੁਡਾ ਦਿੱਤਾ।” (ਰੋਮੀਆਂ 8:2) ਸਵਰਗ ਜਾਣ ਦੀ ਆਸ਼ਾ ਰੱਖਣ ਵਾਲੇ ਮਸੀਹੀਆਂ ਨੂੰ ਉਦੋਂ ਛੁਟਕਾਰਾ ਮਿਲ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਜਾਂਦਾ ਹੈ। ਭਾਵੇਂ ਉਹ ਮਨੁੱਖੀ ਸਰੀਰ ਵਿਚ ਹਨ ਅਤੇ ਨਾਮੁਕੰਮਲ ਹਨ, ਫਿਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਧਰਮੀ ਕਰਾਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਤਮਿਕ ਪੁੱਤਰਾਂ ਵਜੋਂ ਸਵੀਕਾਰ ਕਰਦਾ ਹੈ। (ਰੋਮੀਆਂ 3:24; 8:16, 17) ਇਕ ਸਮੂਹ ਵਜੋਂ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਲਈ ਆਨੰਦ ਦਾ ਵਰ੍ਹਾ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਹੋਇਆ।

ਧਰਤੀ ਉੱਤੇ ਜੀਣ ਦੀ ਆਸ਼ਾ ਰੱਖਣ ਵਾਲੀਆਂ ‘ਹੋਰ ਭੇਡਾਂ’ ਬਾਰੇ ਕੀ? (ਯੂਹੰਨਾ 10:16) ਹੋਰ ਭੇਡਾਂ ਲਈ ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਮੁੜ ਬਹਾਲ ਹੋਣ ਅਤੇ ਛੁੱਟਣ ਦਾ ਸਾਲ ਹੋਵੇਗਾ। ਆਨੰਦ ਦੇ ਉਸ ਹਜ਼ਾਰ ਸਾਲ ਦੌਰਾਨ ਯਿਸੂ ਆਪਣੀ ਕੁਰਬਾਨੀ ਦਾ ਫ਼ਾਇਦਾ ਸਾਰੇ ਵਿਸ਼ਵਾਸੀ ਲੋਕਾਂ ਨੂੰ ਦੇਵੇਗਾ ਅਤੇ ਪਾਪ ਦੇ ਅਸਰਾਂ ਨੂੰ ਖ਼ਤਮ ਕਰੇਗਾ। (ਪਰਕਾਸ਼ ਦੀ ਪੋਥੀ 21:3, 4) ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਸਾਰੇ ਲੋਕ ਮੁਕੰਮਲ ਹੋ ਜਾਣਗੇ ਅਤੇ ਪਾਪ ਤੇ ਮੌਤ ਤੋਂ ਪੂਰੀ ਤਰ੍ਹਾਂ ਮੁਕਤ ਹੋਣਗੇ। (ਰੋਮੀਆਂ 8:21) ਇਸ ਤੋਂ ਬਾਅਦ ਮਸੀਹੀ ਆਨੰਦ ਦਾ ਵਰ੍ਹਾ ਖ਼ਤਮ ਹੋ ਜਾਵੇਗਾ।

[ਫੁਟਨੋਟ]

^ ਪੈਰਾ 5 ਯਿਸੂ ਨੂੰ ‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰਨ’ ਲਈ ਵੀ ਘੱਲਿਆ ਗਿਆ ਸੀ। (ਯਸਾਯਾਹ 61:1-7; ਲੂਕਾ 4:16-21) ਉਸ ਨੇ ਅਧਿਆਤਮਿਕ ਛੁਟਕਾਰੇ ਦਾ ਪ੍ਰਚਾਰ ਕੀਤਾ ਸੀ।

[ਸਫ਼ੇ 26 ਉੱਤੇ ਤਸਵੀਰ]

ਆਨੰਦ ਦਾ ਹਜ਼ਾਰ ਸਾਲ—‘ਹੋਰ ਭੇਡਾਂ’ ਲਈ ਮੁੜ ਬਹਾਲ ਹੋਣ ਅਤੇ ਪਾਪ ਅਤੇ ਮੌਤ ਤੋਂ ਛੁੱਟਣ ਦਾ ਸਮਾਂ