Skip to content

Skip to table of contents

ਅੰਨ੍ਹੀਆਂ ਅੱਖਾਂ ਨਾਲ ਮੈਂ ਸੱਚਾਈ ਦੇਖੀ!

ਅੰਨ੍ਹੀਆਂ ਅੱਖਾਂ ਨਾਲ ਮੈਂ ਸੱਚਾਈ ਦੇਖੀ!

ਜੀਵਨੀ

ਅੰਨ੍ਹੀਆਂ ਅੱਖਾਂ ਨਾਲ ਮੈਂ ਸੱਚਾਈ ਦੇਖੀ!

ਏਗੌਨ ਹਾਓਸਰ ਦੀ ਜ਼ਬਾਨੀ

ਪੂਰੇ ਦੋ ਮਹੀਨੇ ਅੰਨ੍ਹਾ ਰਹਿਣ ਤੋਂ ਬਾਅਦ ਮੈਂ ਉਹ ਦੇਖਿਆ ਜਿਸ ਨੂੰ ਮੈਂ ਸਾਰੀ ਉਮਰ ਅੱਖੋਂ ਓਹਲੇ ਕਰਦਾ ਆਇਆ ਸੀ।

ਮੈਂ ਆਪਣੀ ਜ਼ਿੰਦਗੀ ਦੇ 70 ਤੋਂ ਵੱਧ ਸਾਲਾਂ ਬਾਰੇ ਸੋਚ ਕੇ ਕਈਆਂ ਗੱਲਾਂ ਬਾਰੇ ਕਾਫ਼ੀ ਖ਼ੁਸ਼ ਹੁੰਦਾ ਹਾਂ। ਪਰ ਜੇ ਮੈਨੂੰ ਇਕ ਗੱਲ ਬਦਲਣ ਦਾ ਮੌਕਾ ਮਿਲੇ, ਤਾਂ ਕਾਸ਼ ਮੈਂ ਯਹੋਵਾਹ ਪਰਮੇਸ਼ੁਰ ਬਾਰੇ ਜਵਾਨੀ ਵਿਚ ਜਾਣਦਾ!

ਮੇਰਾ ਜਨਮ 1927 ਵਿਚ ਉਰੂਗਵਾਏ ਵਿਚ ਹੋਇਆ ਸੀ। ਇਸ ਛੋਟੇ ਜਿਹੇ ਦੇਸ਼ ਦੇ ਇਕ ਪਾਸੇ ਅਰਜਨਟੀਨਾ ਹੈ ਤੇ ਦੂਜੇ ਪਾਸੇ ਬ੍ਰਾਜ਼ੀਲ ਅਤੇ ਇਸ ਵਿਚ ਐਟਲਾਂਟਿਕ ਮਹਾਂਸਾਗਰ ਦੇ ਕਿਨਾਰੇ ਕਈ ਮੀਲਾਂ ਤਕ ਸੋਹਣੇ-ਸੋਹਣੇ ਨਜ਼ਾਰੇ ਦੇਖੇ ਜਾ ਸਕਦੇ ਹਨ। ਆਮ ਕਰਕੇ ਇੱਥੇ ਦੇ ਲੋਕਾਂ ਦੇ ਦਾਦੇ-ਪੜਦਾਦੇ ਇਟਲੀ ਤੇ ਸਪੇਨ ਤੋਂ ਆਏ ਸਨ। ਪਰ ਮੇਰੇ ਮਾਂ-ਬਾਪ ਹੰਗਰੀ ਤੋਂ ਆਏ ਸਨ। ਜਦ ਮੈਂ ਛੋਟਾ ਸੀ, ਤਾਂ ਅਸੀਂ ਇਕ ਗ਼ਰੀਬ ਬਸਤੀ ਵਿਚ ਰਹਿੰਦੇ ਸੀ ਜਿੱਥੇ ਸਾਰੇ ਇਕ-ਦੂਜੇ ਨੂੰ ਜਾਣਦੇ ਸਨ। ਸਾਡੇ ਘਰਾਂ ਨੂੰ ਤਾਲ਼ੇ-ਜਿੰਦਰਿਆਂ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸਾਡੇ ਇਲਾਕੇ ਵਿਚ ਚੋਰਾਂ ਤੋਂ ਕੋਈ ਖ਼ਤਰਾ ਨਹੀਂ ਸੀ। ਸਾਡੇ ਵਿਚ ਜਾਤ-ਪਾਤ ਦਾ ਕੋਈ ਫ਼ਰਕ ਨਹੀਂ ਸੀ, ਭਾਵੇਂ ਕੋਈ ਗੋਰਾ ਹੋਵੇ ਜਾਂ ਕਾਲਾ, ਦੇਸੀ ਹੋਵੇ ਜਾਂ ਪਰਦੇਸੀ, ਅਸੀਂ ਸਾਰੇ ਰਲ-ਮਿਲ ਕੇ ਰਹਿੰਦੇ ਸੀ।

ਮੇਰੇ ਮਾਂ-ਬਾਪ ਕੈਥੋਲਿਕ ਚਰਚ ਵਿਚ ਬਾਕਾਇਦਾ ਪੂਜਾ ਕਰਨ ਜਾਂਦੇ ਸਨ ਅਤੇ ਮੈਂ ਦੱਸ ਸਾਲ ਦੀ ਉਮਰ ਤੋਂ ਹੀ ਚਰਚ ਵਿਚ ਪਾਦਰੀ ਦੀ ਸਹਾਇਤਾ ਕਰਨ ਲੱਗ ਪਿਆ ਸੀ ਤੇ ਵੱਡਾ ਹੋ ਕੇ ਵੀ ਮੈਂ ਸਾਡੇ ਘਰ ਦੇ ਲਾਗੇ ਦੇ ਚਰਚ ਵਿਚ ਸੇਵਾ ਕਰਦਾ ਰਿਹਾ ਸੀ। ਮੈਂ ਡਾਕਟਰੀ ਦਾ ਪੇਸ਼ਾ ਕਰਨਾ ਸ਼ੁਰੂ ਕੀਤਾ, ਖ਼ਾਸਕਰ ਨਾਰੀ-ਰੋਗਾਂ ਦਾ। ਮੈਂ ਤੇ ਕੁਝ ਹੋਰ ਡਾਕਟਰ ਉਸ ਇਲਾਕੇ ਦੇ ਬਿਸ਼ਪ ਦੇ ਸਲਾਹਕਾਰ ਸਨ। ਕੈਥੋਲਿਕ ਚਰਚ ਨੇ ਮੇਰੇ ਲਈ ਵੈਨੇਜ਼ੁਏਲਾ ਜਾਣ ਦਾ ਇੰਤਜ਼ਾਮ ਕੀਤਾ ਤਾਂਕਿ ਮੈਂ ਉੱਥੇ ਇਕ ਸੈਮੀਨਾਰ ਵਿਚ ਭਾਗ ਲੈ ਸਕਾਂ। ਉਸ ਸਮੇਂ ਗਰਭ-ਨਿਰੋਧਕ ਗੋਲੀਆਂ ਨਵੀਆਂ-ਨਵੀਆਂ ਹੀ ਚੱਲੀਆਂ ਸਨ ਤੇ ਸਾਨੂੰ ਉਨ੍ਹਾਂ ਦੀ ਜਾਂਚ-ਪੜਤਾਲ ਕਰਨ ਲਈ ਕਿਹਾ ਗਿਆ ਸੀ।

ਡਾਕਟਰੀ ਦੇ ਵਿਦਿਆਰਥੀ ਵਜੋਂ ਮੇਰੇ ਵਿਚਾਰ

ਜਦ ਮੈਂ ਡਾਕਟਰੀ ਦੇ ਵਿਦਿਆਰਥੀ ਵਜੋਂ ਅਜੇ ਮਨੁੱਖੀ ਸਰੀਰ ਬਾਰੇ ਸਿੱਖ ਹੀ ਰਿਹਾ ਸੀ, ਤਾਂ ਮੇਰੇ ਤੇ ਉਸ ਦੀ ਸ਼ਾਨਦਾਰ ਬਣਤਰ ਦਾ ਬਹੁਤ ਪ੍ਰਭਾਵ ਪਿਆ ਸੀ। ਮਿਸਾਲ ਲਈ, ਸਾਡਾ ਸਰੀਰ ਕਿਸੇ ਸੱਟ ਜਾਂ ਤੋੜ-ਮਰੋੜ ਤੋਂ ਬਾਅਦ ਆਪੇ ਹੀ ਠੀਕ ਹੋ ਜਾਂਦਾ ਹੈ। ਜੇ ਕਿਸੇ ਦੇ ਕਲੇਜੇ ਜਾਂ ਪਸਲੀ ਦਾ ਕੁਝ ਹਿੱਸਾ ਕੱਢ ਦਿੱਤਾ ਜਾਵੇ, ਤਾਂ ਸਰੀਰ ਆਪਣੇ ਆਪ ਉਨ੍ਹਾਂ ਨੂੰ ਨਵੇਂ ਬਣਾ ਦਿੰਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚ ਕੇ ਮੈਂ ਅਚੰਭੇ ਨਾਲ ਭਰ ਜਾਂਦਾ ਸੀ।

ਇਸ ਦੇ ਨਾਲ-ਨਾਲ ਮੈਨੂੰ ਕਈ ਮਰੀਜ਼ਾਂ ਨੂੰ ਕਿਸੇ ਹਾਦਸੇ ਤੋਂ ਬਾਅਦ ਖ਼ੂਨ ਚੜ੍ਹਾਏ ਜਾਣ ਦੇ ਕਾਰਨ ਦਮ ਤੋੜਦੇ ਦੇਖ ਕੇ ਦੁੱਖ ਹੁੰਦਾ ਸੀ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਦ ਮੈਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਪੈਂਦੀ ਸੀ ਤੇ ਮੇਰੇ ਲਈ ਕਿੰਨਾ ਮੁਸ਼ਕਲ ਸੀ ਕਿ ਉਨ੍ਹਾਂ ਨੂੰ ਕੀ ਕਹਾਂ। ਆਮ ਤੌਰ ਤੇ ਰਿਸ਼ਤੇਦਾਰਾਂ ਨੂੰ ਇਹ ਅਸਲੀਅਤ ਨਹੀਂ ਦੱਸੀ ਜਾਂਦੀ ਸੀ ਕਿ ਉਨ੍ਹਾਂ ਦੇ ਅਜ਼ੀਜ਼ ਦੀ ਮੌਤ ਖ਼ੂਨ ਚੜ੍ਹਾਉਣ ਦੇ ਕਾਰਨ ਹੋਈ ਸੀ। ਇਹ ਗੱਲ ਦੱਸਣ ਦੀ ਬਜਾਇ ਉਨ੍ਹਾਂ ਨੂੰ ਹੋਰ ਕਾਰਨ ਦੱਸੇ ਜਾਂਦੇ ਸਨ। ਭਾਵੇਂ ਇਹ ਗੱਲ ਕਈ ਸਾਲ ਪੁਰਾਣੀ ਹੈ, ਪਰ ਮੈਨੂੰ ਅੱਜ ਵੀ ਯਾਦ ਹੈ ਕਿ ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਇਆ ਜਾਣਾ ਮੈਨੂੰ ਬੁਰਾ ਲੱਗਦਾ ਸੀ ਤੇ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਇਸ ਨਾਲ ਕੁਝ ਜ਼ਰੂਰ ਗ਼ਲਤ ਹੈ। ਕਾਸ਼ ਮੈਂ ਉਸ ਸਮੇਂ ਖ਼ੂਨ ਬਾਰੇ ਯਹੋਵਾਹ ਦੇ ਹੁਕਮ ਨੂੰ ਜਾਣਦਾ! ਫਿਰ ਮੈਂ ਸਮਝ ਜਾਂਦਾ ਕਿ ਖ਼ੂਨ ਚੜ੍ਹਾਇਆ ਜਾਣਾ ਮੈਨੂੰ ਇੰਨਾ ਬੁਰਾ ਕਿਉਂ ਲੱਗਦਾ ਸੀ।—ਰਸੂਲਾਂ ਦੇ ਕਰਤੱਬ 15:19, 20.

ਲੋਕਾਂ ਦੀ ਮਦਦ ਕਰਨ ਤੋਂ ਆਨੰਦ

ਸਮੇਂ ਦੇ ਬੀਤਣ ਨਾਲ ਮੈਂ ਸਾਂਟਾ ਲੂਸੀਆ ਦੇ ਹਸਪਤਾਲ ਵਿਚ ਸਰਜਨ ਤੇ ਡਾਇਰੈਕਟਰ ਦੇ ਨਾਤੇ ਕੰਮ ਕਰਨ ਲੱਗ ਪਿਆ। ਮੈਂ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਲਾਜੀਕਲ ਸਾਇੰਸ ਲਈ ਵੀ ਕੁਝ ਕੰਮ ਕਰਦਾ ਹੁੰਦਾ ਸੀ। ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਸੀ। ਮੈਂ ਲੋਕਾਂ ਦੀ ਮਦਦ ਕਰ ਰਿਹਾ ਸੀ, ਉਨ੍ਹਾਂ ਨੂੰ ਠੀਕ ਕਰ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕਰਦਾ ਸੀ, ਕਈਆਂ ਦੀ ਮੈਂ ਜਾਨ ਵੀ ਬਚਾਈ ਅਤੇ ਨਵ-ਜੰਮੇ ਬੱਚਿਆਂ ਨੂੰ ਇਸ ਦੁਨੀਆਂ ਵਿਚ ਲਿਆਉਣ ਦੇ ਵੇਲੇ ਉਨ੍ਹਾਂ ਦੀਆਂ ਮਾਵਾਂ ਦੀ ਸਹਾਇਤਾ ਕੀਤੀ। ਪਰ ਖ਼ੂਨ ਚੜ੍ਹਾਉਣ ਤੋਂ ਮੈਂ ਝਿਜਕਦਾ ਸੀ। ਇਸ ਲਈ ਮੈਂ ਕਈ ਹਜ਼ਾਰ ਓਪਰੇਸ਼ਨ ਖ਼ੂਨ ਚੜ੍ਹਾਉਣ ਤੋਂ ਬਗੈਰ ਹੀ ਕੀਤੇ ਸਨ। ਮੇਰੇ ਖ਼ਿਆਲ ਵਿਚ ਜੇ ਕਿਸੇ ਦਾ ਲਹੂ ਵਹਿ ਰਿਹਾ ਹੈ, ਤਾਂ ਲਹੂ ਨੂੰ ਵਹਿਣ ਤੋਂ ਰੋਕਣਾ ਸਭ ਤੋਂ ਜ਼ਰੂਰੀ ਗੱਲ ਹੈ। ਉਸ ਨੂੰ ਖ਼ੂਨ ਚੜ੍ਹਾਈ ਜਾਣਾ ਕਿਸੇ ਅਜਿਹੇ ਬਰਤਨ ਵਿਚ ਪਾਣੀ ਪਾਉਣ ਦੇ ਬਰਾਬਰ ਹੈ ਜਿਸ ਵਿਚ ਮੋਰੀ ਹੋਵੇ। ਇਸ ਦਾ ਸਿਰਫ਼ ਇੱਕੋ ਹੱਲ ਹੈ, ਪਹਿਲਾਂ ਮੋਰੀ ਨੂੰ ਬੰਦ ਕਰੋ ਫਿਰ ਪਾਣੀ ਭਰੋ!

ਮਰੀਜ਼ ਗਵਾਹਾਂ ਦਾ ਇਲਾਜ

ਮੈਂ ਯਹੋਵਾਹ ਦੇ ਗਵਾਹਾਂ ਨੂੰ 1960 ਦੇ ਦਹਾਕੇ ਵਿਚ ਮਿਲਿਆ ਸੀ ਜਦੋਂ ਉਹ ਲਹੂ ਤੋਂ ਬਗੈਰ ਸਰਜਰੀ ਕਰਾਉਣ ਸਾਡੇ ਹਸਪਤਾਲ ਆਉਣ ਲੱਗ ਪਏ। ਇਕ ਮਰੀਜ਼ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਉਸ ਦਾ ਨਾਂ ਮਰਸੇਥੇਸ ਗੌਂਜ਼ਾਲਜ਼ ਸੀ ਤੇ ਉਹ ਪਾਇਨੀਅਰ ਵਜੋਂ ਪ੍ਰਚਾਰ ਦੇ ਕੰਮ ਵਿਚ ਆਪਣਾ ਪੂਰਾ ਸਮਾਂ ਗੁਜ਼ਾਰਦੀ ਸੀ। ਉਸ ਵਿਚ ਖ਼ੂਨ ਦੀ ਇੰਨੀ ਘਾਟ ਸੀ ਕਿ ਯੂਨੀਵਰਸਿਟੀ ਦੇ ਹਸਪਤਾਲ ਨੇ ਉਸ ਦਾ ਓਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਮੰਨਦੇ ਨਹੀਂ ਸਨ ਕਿ ਉਹ ਬਚ ਸਕੇਗੀ। ਭਾਵੇਂ ਉਸ ਦਾ ਖ਼ੂਨ ਵਹਿ ਰਿਹਾ ਸੀ, ਪਰ ਅਸੀਂ ਉਸ ਦਾ ਓਪਰੇਸ਼ਨ ਕਰਨ ਵਿਚ ਕਾਮਯਾਬ ਹੋਏ। ਉਹ ਅਗਲੇ 30 ਸਾਲਾਂ ਲਈ 86 ਸਾਲ ਦੀ ਉਮਰ ਵਿਚ ਆਪਣੇ ਮਰਦੇ ਦਮ ਤਕ ਪਾਇਨੀਅਰੀ ਕਰਦੀ ਰਹੀ।

ਮੈਂ ਹਮੇਸ਼ਾ ਦੇਖਦਾ ਹੀ ਰਹਿ ਜਾਂਦਾ ਸੀ ਕਿ ਯਹੋਵਾਹ ਦੇ ਗਵਾਹ ਪਿਆਰ ਨਾਲ ਆਪਣੇ ਮਰੀਜ਼ ਭੈਣ-ਭਰਾਵਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਸਨ। ਜਦ ਮੈਂ ਹਸਪਤਾਲ ਵਿਚ ਮਰੀਜ਼ਾਂ ਨੂੰ ਮਿਲਣ ਜਾਂਦਾ ਸੀ, ਤਾਂ ਉਹ ਮੇਰੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦੇ ਸਨ ਤੇ ਮੈਨੂੰ ਕੁਝ-ਨ-ਕੁਝ ਪੜ੍ਹਨ ਨੂੰ ਵੀ ਦਿੰਦੇ ਸਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਮੈਂ ਸਿਰਫ਼ ਉਨ੍ਹਾਂ ਦਾ ਡਾਕਟਰ ਹੀ ਨਹੀਂ, ਪਰ ਉਨ੍ਹਾਂ ਦਾ ਧਰਮ ਭਰਾ ਵੀ ਬਣ ਜਾਵਾਂਗਾ।

ਫਿਰ ਮੈਂ ਆਪਣੇ ਇਕ ਮਰੀਜ਼ ਦੀ ਬੇਟੀ ਬੇਆਟਰੀਸ ਨਾਲ ਵਿਆਹ ਕਰਾ ਲਿਆ। ਉਨ੍ਹਾਂ ਦੇ ਪਰਿਵਾਰ ਦੇ ਜ਼ਿਆਦਾਤਰ ਜੀਅ ਯਹੋਵਾਹ ਦੇ ਗਵਾਹਾਂ ਨਾਲ ਆਉਣੀ-ਜਾਣੀ ਰੱਖਦੇ ਸਨ ਤੇ ਸ਼ਾਦੀ ਤੋਂ ਬਾਅਦ ਬੇਆਟਰੀਸ ਵੀ ਇਕ ਸਰਗਰਮ ਗਵਾਹ ਬਣ ਗਈ। ਪਰ ਦੂਜੇ ਪਾਸੇ ਮੈਂ ਆਪਣੇ ਕੰਮ ਵਿਚ ਰੁੱਝਿਆ ਹੋਇਆ ਸੀ ਕਿਉਂਕਿ ਡਾਕਟਰੀ ਖੇਤਰ ਵਿਚ ਮੇਰਾ ਕਾਫ਼ੀ ਆਦਰ-ਸਤਕਾਰ ਕੀਤਾ ਜਾਂਦਾ ਸੀ। ਮੈਂ ਸੁਖ ਨਾਲ ਜ਼ਿੰਦਗੀ ਜੀ ਰਿਹਾ ਸੀ। ਮੈਨੂੰ ਕੀ ਪਤਾ ਸੀ ਕਿ ਮੇਰੀ ਤਾਂ ਦੁਨੀਆਂ ਹੀ ਉਜੜ ਜਾਣ ਵਾਲੀ ਸੀ।

ਆਫ਼ਤ ਆ ਪਈ

ਇਕ ਸਰਜਨ ਦੀਆਂ ਅੱਖਾਂ ਉਸ ਲਈ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ। ਉਸ ਲਈ ਨਿਗਾਹ ਗੁਆਉਣ ਤੋਂ ਹੋਰ ਕੋਈ ਬੁਰੀ ਗੱਲ ਹੋ ਹੀ ਨਹੀਂ ਸਕਦੀ। ਪਰ ਮੇਰੇ ਨਾਲ ਇਸੇ ਤਰ੍ਹਾਂ ਹੋਇਆ। ਅਚਾਨਕ ਹੀ ਮੇਰੀਆਂ ਦੋਹਾਂ ਅੱਖਾਂ ਦੇ ਰੈਟਿਨਾ ਫਟ ਗਏ ਸਨ। ਓਪਰੇਸ਼ਨ ਤੋਂ ਬਾਅਦ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹੀ ਗਈ ਤੇ ਮੈਨੂੰ ਬਿਲਕੁਲ ਹੀ ਪਤਾ ਨਹੀਂ ਸੀ ਕਿ ਮੇਰੀ ਨਿਗਾਹ ਵਾਪਸ ਆਏਗੀ ਕਿ ਨਹੀਂ। ਮੈਂ ਹਸਪਤਾਲ ਦੀ ਚੌਥੀ ਮੰਜ਼ਲ ਤੇ ਮੰਜੇ ਉੱਤੇ ਪਿਆ ਬਹੁਤ ਉਦਾਸ ਤੇ ਨਿਕੰਮਾ ਮਹਿਸੂਸ ਕਰ ਰਿਹਾ ਸੀ। ਮੈਂ ਸੋਚਿਆ ਮੇਰੀ ਜ਼ਿੰਦਗੀ ਹੈ ਕੀ? ਮੈਨੂੰ ਜੀਣ ਦਾ ਕੋਈ ਕਾਰਨ ਨਜ਼ਰ ਨਹੀਂ ਸੀ ਆਉਂਦਾ। ਮੈਂ ਉੱਠ ਕੇ ਕੰਧ ਨੂੰ ਟੋਹ-ਟੋਹ ਕੇ ਖਿੜਕੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂਕਿ ਮੈਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਦੇਵਾਂ। ਪਰ ਖਿੜਕੀ ਤਕ ਪਹੁੰਚਣ ਦੀ ਬਜਾਇ ਮੈਂ ਦਰਵਾਜ਼ੇ ਤੇ ਪਹੁੰਚ ਗਿਆ ਤੇ ਇਕ ਨਰਸ ਨੇ ਮੈਨੂੰ ਵਾਪਸ ਮੰਜੇ ਉੱਤੇ ਪਾ ਦਿੱਤਾ।

ਮੈਂ ਮੁੜ ਕੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਮੇਰੀ ਅਨ੍ਹੇਰੀ ਦੁਨੀਆਂ ਵਿਚ ਮੈਂ ਉਦਾਸ ਤੇ ਖਿਝਿਆ ਜਿਹਾ ਰਹਿੰਦਾ ਸੀ। ਇਸ ਸਮੇਂ ਦੌਰਾਨ ਮੈਂ ਰੱਬ ਨਾਲ ਇਕ ਵਾਅਦਾ ਕੀਤਾ ਕਿ ਜੇ ਉਹ ਮੇਰੀ ਨਿਗਾਹ ਵਾਪਸ ਕਰ ਦੇਵੇ, ਤਾਂ ਮੈਂ ਪੂਰੀ ਬਾਈਬਲ ਪੜ੍ਹਾਂਗਾ। ਆਖ਼ਰਕਾਰ ਮੈਨੂੰ ਥੋੜ੍ਹਾ-ਬਹੁਤਾ ਦਿੱਸਣ ਲੱਗ ਹੀ ਪਿਆ ਤੇ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। ਪਰ ਇਕ ਸਰਜਨ ਵਜੋਂ ਹੁਣ ਮੈਂ ਕੁਝ ਨਹੀਂ ਕਰ ਸਕਦਾ ਸੀ। ਫਿਰ ਵੀ, ਸਾਡੇ ਇੱਥੇ ਇਕ ਅਖਾਣ ਹੈ ਕਿ ‘ਹਰ ਦੁੱਖ ਵਿਚ ਸੁਖ ਦੀ ਸੰਭਾਵਨਾ ਹੁੰਦੀ ਹੈ।’ ਅੱਗੇ ਮੈਨੂੰ ਇਸ ਗੱਲ ਦੀ ਅਸਲੀਅਤ ਦਾ ਪਤਾ ਲੱਗਣ ਵਾਲਾ ਹੀ ਸੀ।

ਮਾੜੀ ਸ਼ੁਰੂਆਤ

ਮੈਂ ਵੱਡੇ ਅੱਖਰਾਂ ਵਾਲੀ ਦ ਜਰੂਸਲਮ ਬਾਈਬਲ ਖ਼ਰੀਦਣੀ ਚਾਹੁੰਦਾ ਸੀ, ਪਰ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹਾਂ ਕੋਲੋਂ ਮੈਂ ਇਸ ਤੋਂ ਸਸਤੀ ਬਾਈਬਲ ਖ਼ਰੀਦ ਸਕਦਾ ਸੀ। ਇਕ ਨੌਜਵਾਨ ਗਵਾਹ ਨੇ ਕਿਹਾ ਕਿ ਉਹ ਮੇਰੇ ਲਈ ਘਰ ਬਾਈਬਲ ਲੈ ਆਵੇਗਾ। ਅਗਲੇ ਦਿਨ ਉਹ ਬਾਈਬਲ ਲੈ ਕੇ ਆ ਗਿਆ ਤੇ ਬੂਹੇ ਤੇ ਖੜ੍ਹਾ ਮੇਰੀ ਪਤਨੀ ਨਾਲ ਗੱਲਾਂ ਕਰਨ ਲੱਗਾ। ਮੈਂ ਦੂਜੇ ਕਮਰੇ ਵਿੱਚੋਂ ਉੱਚੀ ਦੇਣੀ ਆਪਣੀ ਪਤਨੀ ਨੂੰ ਕਿਹਾ ਕਿ ਜੇ ਉਸ ਨੇ ਬਾਈਬਲ ਲਈ ਪੈਸੇ ਲੈ ਲਏ ਹਨ, ਤਾਂ ਉਸ ਦਾ ਉੱਥੇ ਖੜ੍ਹੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਉਹ ਨੌਜਵਾਨ ਇਕਦਮ ਸਾਡੇ ਘਰੋਂ ਚਲਿਆ ਗਿਆ। ਮੈਨੂੰ ਇਹ ਨਹੀਂ ਪਤਾ ਸੀ ਕਿ ਬਾਅਦ ਵਿਚ ਇਸੇ ਨੌਜਵਾਨ ਨੇ ਮੇਰੀ ਬਹੁਤ ਮਦਦ ਕਰਨੀ ਸੀ।

ਇਕ ਦਿਨ ਮੈਂ ਆਪਣੀ ਪਤਨੀ ਲਈ ਕੁਝ ਕਰ ਨਾ ਪਾਇਆ ਤੇ ਉਹ ਥੋੜ੍ਹਾ ਨਾਰਾਜ਼ ਹੋ ਗਈ। ਉਸ ਨੂੰ ਮਨਾਉਣ ਲਈ ਮੈਂ ਕਿਹਾ ਕਿ ਮੈਂ ਮਸੀਹ ਦੀ ਮੌਤ ਦੀ ਯਾਦਗਾਰ ਦੇ ਦਿਨ ਉਹ ਦੇ ਨਾਲ ਮੀਟਿੰਗ ਵਿਚ ਜਾਵਾਂਗਾ। ਜਦ ਉਹ ਦਿਨ ਆਇਆ, ਤਾਂ ਮੈਂ ਆਪਣੇ ਵਾਅਦੇ ਅਨੁਸਾਰ ਉਸ ਨਾਲ ਚਲਾ ਗਿਆ। ਸਭ ਨੇ ਬੜੇ ਪਿਆਰ ਤੇ ਸਤਕਾਰ ਨਾਲ ਮੇਰਾ ਸੁਆਗਤ ਕੀਤਾ। ਜਦ ਭਾਸ਼ਣ ਦੇਣ ਵਾਲੇ ਆਦਮੀ ਨੇ ਗੱਲ ਕਰਨੀ ਸ਼ੁਰੂ ਕੀਤੀ, ਤਾਂ ਮੈਂ ਦੰਗ ਰਹਿ ਗਿਆ ਕਿਉਂਕਿ ਇਹ ਤਾਂ ਉਹੀ ਨੌਜਵਾਨ ਸੀ ਜਿਸ ਨੂੰ ਮੈਂ ਇੰਨੀ ਬਦਤਮੀਜ਼ੀ ਨਾਲ ਆਪਣੇ ਘਰੋਂ ਚਲੇ ਜਾਣ ਲਈ ਕਿਹਾ ਸੀ। ਉਸ ਦਾ ਭਾਸ਼ਣ ਮੈਨੂੰ ਬਹੁਤ ਹੀ ਪਸੰਦ ਆਇਆ ਤੇ ਮੈਂ ਉਸ ਦੀ ਬੇਇੱਜ਼ਤੀ ਕਰਨ ਲਈ ਆਪਣੇ ਆਪ ਵਿਚ ਬਹੁਤ ਹੀ ਸ਼ਰਮਿੰਦਾ ਹੋ ਰਿਹਾ ਸੀ। ਮੈਂ ਸੋਚਣ ਲੱਗਾ ਕਿ ਮੈਂ ਉਸ ਲਈ ਕੀ ਕਰ ਸਕਦਾ ਹਾਂ?

ਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਸ ਨੂੰ ਰੋਟੀ ਲਈ ਬੁਲਾ ਲਵੇ, ਪਰ ਉਸ ਨੇ ਜਵਾਬ ਦਿੱਤਾ: “ਚੰਗਾ ਨਹੀਂ ਹੋਵੇਗਾ ਜੇ ਤੁਸੀਂ ਆਪ ਉਸ ਨਾਲ ਗੱਲ ਕਰ ਕੇ ਉਸ ਨੂੰ ਦਾਅਵਤ ਦਿਓ? ਬੱਸ ਦੋ ਮਿੰਟ ਰੁਕੋ, ਉਹ ਆਪੇ ਸਾਡੇ ਨਾਲ ਗੱਲ ਕਰਨ ਲਈ ਆ ਜਾਵੇਗਾ।” ਮੇਰੀ ਪਤਨੀ ਠੀਕ ਹੀ ਕਹਿ ਰਹੀ ਸੀ ਕਿਉਂਕਿ ਉਹ ਸਾਡੇ ਨਾਲ ਹੱਥ ਮਿਲਾਉਣ ਆ ਗਿਆ ਤੇ ਮੈਂ ਉਸ ਨੂੰ ਰੋਟੀ ਲਈ ਆਉਣ ਲਈ ਕਿਹਾ ਤੇ ਉਸ ਨੇ ਖਿੜੇ ਮੱਥੇ ਹਾਂ ਕਹਿ ਦਿੱਤੀ।

ਜਦ ਉਹ ਆਇਆ, ਤਾਂ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਵਿਚ ਬਹੁਤ ਕੁਝ ਬਦਲਣ ਲੱਗਾ। ਉਸ ਨੇ ਮੈਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ * ਕਿਤਾਬ ਦਿਖਾਈ ਤੇ ਮੈਂ ਉਸੇ ਕਿਤਾਬ ਦੀਆਂ ਛੇ ਕਾਪੀਆਂ ਉਸ ਨੂੰ ਦਿਖਾਈਆਂ ਜੋ ਵੱਖਰੇ-ਵੱਖਰੇ ਮਰੀਜ਼ਾਂ ਨੇ ਮੈਨੂੰ ਦਿੱਤੀਆਂ ਸਨ। ਪਰ ਮੈਂ ਉਨ੍ਹਾਂ ਨੂੰ ਕਦੇ ਪੜ੍ਹਿਆ ਨਹੀਂ ਸੀ। ਉਸ ਸ਼ਾਮ ਰੋਟੀ ਖਾਂਦੇ ਸਮੇਂ ਤੇ ਬਾਅਦ ਵਿਚ ਅਸੀਂ ਤਕਰੀਬਨ ਸਾਰੀ ਰਾਤ ਸਵਾਲ-ਜਵਾਬ ਕਰਦਿਆਂ ਨੇ ਲੰਘਾ ਦਿੱਤੀ। ਮੈਂ ਇਕ ਤੋਂ ਬਾਅਦ ਦੂਜਾ ਸਵਾਲ ਕਰੀ ਜਾਂਦਾ ਸੀ ਤੇ ਉਹ ਬਾਈਬਲ ਖੋਲ੍ਹ ਕੇ ਹਰੇਕ ਸਵਾਲ ਦਾ ਜਵਾਬ ਦੇਈ ਜਾਂਦਾ ਸੀ। ਜਾਣ ਤੋਂ ਪਹਿਲਾਂ ਉਸ ਨੇ ਮੈਨੂੰ ਸੱਚ ਕਿਤਾਬ ਦੀ ਮਦਦ ਨਾਲ ਬਾਈਬਲ ਸਟੱਡੀ ਕਰਨ ਦੀ ਸਲਾਹ ਦਿੱਤੀ। ਅਸੀਂ ਤਿੰਨਾਂ ਮਹੀਨਿਆਂ ਵਿਚ ਉਹ ਕਿਤਾਬ ਪੂਰੀ ਕਰ ਲਈ ਤੇ ਇਕ ਹੋਰ ਕਿਤਾਬ ਵਿਚ ਆਪਣੀ ਸਟੱਡੀ ਜਾਰੀ ਰੱਖੀ। ਇਸ ਤੋਂ ਬਾਅਦ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਬਪਤਿਸਮਾ ਲੈ ਲਿਆ।

ਮੈਨੂੰ ਜੀਣ ਦਾ ਕਾਰਨ ਮਿਲ ਗਿਆ

ਬਾਈਬਲ ਦੀ ਸੱਚਾਈ ਨੂੰ ਮੈਂ ਸਾਰੀ ਉਮਰ ਅੱਖੋਂ ਓਹਲੇ ਕਰਦਾ ਆਇਆ ਸੀ। ਪਰ ਜਦ ਮੇਰੀਆਂ ਅੱਖਾਂ ਅੰਨ੍ਹੀਆਂ ਸਨ, ਤਾਂ ਮੇਰੇ “ਦਿਲ ਦੀਆਂ ਅੱਖਾਂ” ਖੁੱਲ੍ਹ ਗਈਆਂ ਸਨ। (ਅਫ਼ਸੀਆਂ 1:18) ਯਹੋਵਾਹ ਤੇ ਉਸ ਦੇ ਮਕਸਦ ਨੂੰ ਜਾਣ ਕੇ ਮੇਰੀ ਤਾਂ ਜ਼ਿੰਦਗੀ ਹੀ ਬਦਲ ਗਈ। ਮੈਨੂੰ ਫਿਰ ਤੋਂ ਜੀਣ ਦਾ ਕਾਰਨ ਮਿਲ ਗਿਆ। ਡਾਕਟਰ ਹੋਣ ਦੇ ਨਾਤੇ ਮੈਂ ਲੋਕਾਂ ਦੀ ਸਰੀਰਕ ਤੌਰ ਤੇ ਮਦਦ ਕਰਦਾ ਹਾਂ ਤਾਂਕਿ ਉਹ ਇਸ ਦੁਨੀਆਂ ਵਿਚ ਲੰਮੀ ਉਮਰ ਜੀ ਸਕਣ। ਪਰ ਮੈਂ ਬਾਈਬਲ ਦੀ ਸੱਚਾਈ ਸਿਖਾ ਕੇ ਉਨ੍ਹਾਂ ਦੀ ਇਸ ਤੋਂ ਵੀ ਜ਼ਿਆਦਾ ਮਦਦ ਕਰਦਾ ਹੈ ਤਾਂਕਿ ਉਹ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀ ਸਕਣ।

ਮੈਂ ਆਧੁਨਿਕ ਦਵਾ-ਦਾਰੂ ਤੋਂ ਜਾਣੂ ਰਹਿਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ। ਮੈਂ ਖ਼ੂਨ ਚੜ੍ਹਾਉਣ ਦੇ ਖ਼ਤਰਿਆਂ ਬਾਰੇ, ਖ਼ੂਨ ਤੋਂ ਬਿਨਾਂ ਇਲਾਜ ਕਰਨ ਬਾਰੇ, ਮਰੀਜ਼ ਦੇ ਹੱਕਾਂ ਅਤੇ ਹੋਰ ਡਾਕਟਰੀ ਸਵਾਲਾਂ ਬਾਰੇ ਰੀਸਰਚ ਕਰ ਚੁੱਕਾ ਹਾਂ। ਮੈਨੂੰ ਕਈ ਵਾਰ ਡਾਕਟਰੀ ਸੈਮੀਨਾਰਾਂ ਵਿਚ ਇਨ੍ਹਾਂ ਵਿਸ਼ਿਆਂ ਉੱਤੇ ਚਰਚਾ ਕਰਨ ਦੇ ਮੌਕੇ ਵੀ ਮਿਲੇ ਹਨ। ਸੰਨ 1994 ਵਿਚ ਰਿਓ ਡ ਜਨੇਰੋ, ਬ੍ਰਾਜ਼ੀਲ ਵਿਖੇ ਖ਼ੂਨ ਚੜ੍ਹਾਉਣ ਤੋਂ ਬਿਨਾਂ ਇਲਾਜ ਕਰਨ ਬਾਰੇ ਇਕ ਡਾਕਟਰੀ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸੰਮੇਲਨ ਵਿਚ ਮੈਂ ਭਾਸ਼ਣ ਦਿੱਤਾ ਸੀ ਕਿ ਜਦੋਂ ਮਰੀਜ਼ ਦਾ ਖ਼ੂਨ ਵਹਿ ਰਿਹਾ ਹੋਵੇ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ। ਬਾਅਦ ਵਿਚ ਮੈਂ ਇਸ ਬਾਰੇ ਇਕ ਲੇਖ ਲਿਖਿਆ ਜੋ ਇਕ ਮੈਡੀਕਲ ਰਸਾਲੇ ਵਿਚ ਛਾਪਿਆ ਗਿਆ ਸੀ।

ਮੇਰੀ ਵਫ਼ਾਦਾਰੀ ਦੀ ਪਰੀਖਿਆ

ਪਹਿਲਾਂ-ਪਹਿਲਾਂ ਤਾਂ ਇਕ ਡਾਕਟਰ ਹੋਣ ਦੇ ਨਾਤੇ ਮੈਨੂੰ ਖ਼ੂਨ ਚੜ੍ਹਾਉਣ ਦੇ ਖ਼ਤਰਿਆਂ ਕਰਕੇ ਇਸ ਇਲਾਜ ਉੱਤੇ ਸ਼ੱਕ ਸੀ। ਪਰ ਜਦ ਮੈਂ ਖ਼ੁਦ ਇਕ ਮਰੀਜ਼ ਬਣਿਆ, ਤਾਂ ਹੋਰਨਾਂ ਡਾਕਟਰਾਂ ਨੇ ਮੇਰੇ ਤੇ ਬਹੁਤ ਜ਼ੋਰ ਪਾਇਆ ਕਿ ਮੈਂ ਖ਼ੂਨ ਲਵਾਂ। ਮੇਰੇ ਲਈ ਆਪਣੀ ਨਿਹਚਾ ਮੁਤਾਬਕ ਚੱਲ ਕੇ ਉਨ੍ਹਾਂ ਡਾਕਟਰਾਂ ਨੂੰ ਇਨਕਾਰ ਕਰਨਾ ਸੌਖਾ ਨਹੀਂ ਸੀ। ਦਿਲ ਦੇ ਇਕ ਵੱਡੇ ਦੌਰੇ ਤੋਂ ਬਾਅਦ ਮੈਨੂੰ ਦੋ ਘੰਟਿਆਂ ਲਈ ਇਕ ਸਰਜਨ ਨੂੰ ਸਮਝਾਉਣਾ ਪਿਆ ਕਿ ਮੈਂ ਲਹੂ ਕਿਉਂ ਨਹੀਂ ਲਵਾਂਗਾ। ਉਹ ਮੇਰੇ ਇਕ ਬਹੁਤ ਹੀ ਚੰਗੇ ਦੋਸਤ ਦਾ ਬੇਟਾ ਸੀ ਤੇ ਕਹਿੰਦਾ ਸੀ ਕਿ ਜੇ ਉਹ ਖ਼ੂਨ ਚੜ੍ਹਾ ਕੇ ਮੈਨੂੰ ਬਚਾ ਸਕਦਾ ਹੈ, ਤਾਂ ਉਹ ਮੈਨੂੰ ਮਰਨ ਨਹੀਂ ਦੇਵੇਗਾ। ਮੈਂ ਚੁੱਪ-ਚਾਪ ਯਹੋਵਾਹ ਅੱਗੇ ਪ੍ਰਾਰਥਨਾ ਕਰਦਾ ਰਿਹਾ ਕਿ ਭਾਵੇਂ ਇਹ ਡਾਕਟਰ ਮੇਰੇ ਨਾਲ ਸਹਿਮਤ ਨਾ ਵੀ ਹੋਵੇ, ਫਿਰ ਵੀ ਉਹ ਉਸ ਨੂੰ ਮੇਰੀ ਗੱਲ ਸੁਣਨ ਲਈ ਰਾਜ਼ੀ ਕਰ ਦੇਵੇ। ਆਖ਼ਰਕਾਰ ਉਸ ਡਾਕਟਰ ਨੇ ਵਾਅਦਾ ਕੀਤਾ ਕਿ ਉਹ ਮੇਰੀ ਸਰਜਰੀ ਬਿਨਾਂ ਲਹੂ ਕਰ ਦੇਵੇਗਾ।

ਇਕ ਵਾਰ ਮੈਨੂੰ ਆਪਣੀ ਪ੍ਰਾਸਟੇਟ ਗ੍ਰੰਥੀ ਤੋਂ ਇਕ ਬਹੁਤ ਹੀ ਵੱਡੀ ਰਸੌਲੀ ਕਟਵਾਉਣੀ ਪਈ। ਇਸ ਸਰਜਰੀ ਵਿਚ ਬਹੁਤ ਲਹੂ ਵਹਿ ਗਿਆ ਤੇ ਇਕ ਵਾਰ ਫਿਰ ਮੈਨੂੰ ਡਾਕਟਰਾਂ ਨੂੰ ਸਮਝਾਉਣਾ ਪਿਆ ਕਿ ਮੈਂ ਖ਼ੂਨ ਸਵੀਕਾਰ ਨਹੀਂ ਕਰ ਸਕਦਾ ਸੀ। ਭਾਵੇਂ ਉਸ ਸਮੇਂ ਮੇਰੇ ਜਿਸਮ ਵਿੱਚੋਂ ਲਹੂ ਦਾ ਦੋ ਤਿਹਾਈ ਹਿੱਸਾ ਵਹਿ ਚੁੱਕਾ ਸੀ, ਪਰ ਡਾਕਟਰਾਂ ਨੇ ਮੈਨੂੰ ਲਹੂ ਨਹੀਂ ਚੜ੍ਹਾਇਆ।

ਖ਼ਿਆਲਾਂ ਵਿਚ ਤਬਦੀਲੀ

ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਬਾਇਓਐਥਿਕਸ ਦੇ ਮੈਂਬਰ ਵਜੋਂ ਮੈਂ ਮਰੀਜ਼ਾਂ ਦੇ ਹੱਕਾਂ ਸੰਬੰਧੀ ਡਾਕਟਰੀ ਅਤੇ ਕਾਨੂੰਨੀ ਅਧਿਕਾਰੀਆਂ ਦੀ ਸੋਚਣੀ ਵਿਚ ਤਬਦੀਲੀ ਹੁੰਦੀ ਦੇਖ ਕੇ ਬਹੁਤ ਖ਼ੁਸ਼ ਹਾਂ। ਪਹਿਲਾਂ-ਪਹਿਲਾਂ ਡਾਕਟਰ ਸੋਚਿਆ ਕਰਦੇ ਸਨ ਕਿ ਸਿਰਫ਼ ਉਹੀ ਮਰੀਜ਼ ਦੇ ਇਲਾਜ ਦਾ ਫ਼ੈਸਲਾ ਕਰ ਸਕਦੇ ਸਨ, ਪਰ ਅੱਜ-ਕੱਲ੍ਹ ਉਹ ਮਰੀਜ਼ ਨੂੰ ਸਭ ਕੁਝ ਸਮਝਾਉਣ ਤੋਂ ਬਾਅਦ ਉਸ ਨੂੰ ਆਪਣੇ ਫ਼ੈਸਲੇ ਆਪ ਕਰ ਲੈਣ ਦਿੰਦੇ ਹਨ। ਪਹਿਲਾਂ ਯਹੋਵਾਹ ਦੇ ਗਵਾਹਾਂ ਨੂੰ ਪਾਗਲ ਸਮਝ ਕੇ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਸੀ, ਪਰ ਅੱਜ-ਕੱਲ੍ਹ ਉਨ੍ਹਾਂ ਦਾ ਸਮਝਦਾਰ ਮਰੀਜ਼ਾਂ ਵਜੋਂ ਆਦਰ ਕੀਤਾ ਜਾਂਦਾ ਹੈ। ਕਈ ਮੈਡੀਕਲ ਸੈਮੀਨਾਰਾਂ ਤੇ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ ਮੰਨੇ-ਪ੍ਰਮੰਨੇ ਪ੍ਰੋਫ਼ੈਸਰਾਂ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਦੇ ਜਤਨਾਂ ਸਦਕਾ ਅਸੀਂ ਹੁਣ ਸਮਝ ਗਏ ਹਾਂ . . .” “ਅਸੀਂ ਯਹੋਵਾਹ ਦੇ ਗਵਾਹਾਂ ਤੋਂ ਸਿੱਖਿਆ ਹੈ . . .” ਅਤੇ “ਉਨ੍ਹਾਂ ਨੇ ਸਾਨੂੰ ਬਿਹਤਰ ਬਣਨਾ ਸਿਖਾਇਆ ਹੈ।”

ਕਿਹਾ ਗਿਆ ਹੈ ਕਿ ਜਾਨ ਇਨਸਾਨ ਦੀ ਸਭ ਤੋਂ ਕੀਮਤੀ ਚੀਜ਼ ਹੈ ਕਿਉਂਕਿ ਇਸ ਤੋਂ ਬਿਨਾਂ ਆਜ਼ਾਦੀ ਤੇ ਇੱਜ਼ਤ ਕਿਸੇ ਕੰਮ ਦੀਆਂ ਨਹੀਂ। ਹੁਣ ਕਈ ਅਧਿਕਾਰੀ ਸਵੀਕਾਰ ਕਰ ਰਹੇ ਹਨ ਕਿ ਹਰ ਮਰੀਜ਼ ਦਾ ਹੱਕ ਬਣਦਾ ਹੈ ਕਿ ਉਹ ਆਪ ਫ਼ੈਸਲਾ ਕਰੇ ਕਿ ਉਹ ਕਿਸੇ ਵੀ ਖ਼ਾਸ ਹਾਲਾਤ ਦੌਰਾਨ ਕੀ ਚਾਹੁੰਦਾ ਹੈ। ਇਸ ਤਰੀਕੇ ਨਾਲ ਉਸ ਦੀ ਆਜ਼ਾਦੀ, ਇੱਜ਼ਤ ਤੇ ਉਸ ਦੇ ਧਾਰਮਿਕ ਵਿਸ਼ਵਾਸਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਯਹੋਵਾਹ ਦੇ ਗਵਾਹਾਂ ਨੇ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਡਾਕਟਰਾਂ ਦੀ ਮਦਦ ਕੀਤੀ ਹੈ।

ਮੇਰੇ ਪਰਿਵਾਰ ਦੀ ਮਦਦ ਨਾਲ ਮੈਂ ਯਹੋਵਾਹ ਦੀ ਸੇਵਾ ਕਰ ਸਕਿਆ ਹਾਂ ਤੇ ਕਲੀਸਿਯਾ ਵਿਚ ਵੀ ਇਕ ਨਿਗਾਹਬਾਨ ਦੇ ਨਾਤੇ ਸੇਵਾ ਕਰ ਸਕਿਆ ਹਾਂ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਜਵਾਨੀ ਵਿਚ ਯਹੋਵਾਹ ਨੂੰ ਨਹੀਂ ਜਾਣਿਆ। ਫਿਰ ਵੀ, ਮੈਂ ਉਸ ਦਾ ਲੱਖ-ਲੱਖ ਸ਼ੁਕਰ ਕਰਦਾ ਹਾਂ ਕਿ ਉਸ ਨੇ ਮੇਰੇ ਮਨ ਦੀਆਂ ਅੱਖਾਂ ਖੋਲ੍ਹੀਆਂ ਤੇ ਮੈਨੂੰ ਉਸ ਸਮੇਂ ਜ਼ਿੰਦਾ ਰਹਿਣ ਦੀ ਆਸ ਦਿੱਤੀ ਜਦ ਉਸ ਦੇ ਰਾਜ ਅਧੀਨ ਕੋਈ ਨਹੀਂ ਕਹੇਗਾ: “ਮੈਂ ਬਿਮਾਰ ਹਾਂ।”—ਯਸਾਯਾਹ 33:24. *

[ਫੁਟਨੋਟ]

^ ਪੈਰਾ 24 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 34 ਇਹ ਲੇਖ ਜਦ ਅਜੇ ਲਿਖਿਆ ਜਾ ਰਿਹਾ ਸੀ, ਤਾਂ ਭਰਾ ਏਗੌਨ ਹਾਓਸਰ ਗੁਜ਼ਰ ਗਏ। ਉਹ ਮਰਦੇ ਦਮ ਤਕ ਵਫ਼ਾਦਾਰ ਰਹੇ ਤੇ ਅਸੀਂ ਖ਼ੁਸ਼ ਹਾਂ ਕਿ ਉਨ੍ਹਾਂ ਦੀ ਉਮੀਦ ਪੱਕੀ ਰਹੀ।

[ਸਫ਼ੇ 24 ਉੱਤੇ ਤਸਵੀਰ]

ਸਾਂਟਾ ਲੂਸੀਆ ਦੇ ਹਸਪਤਾਲ ਵਿਚ ਜਦ ਮੈਂ 30 ਕੁ ਸਾਲ ਦਾ ਸੀ

[ਸਫ਼ੇ 26 ਉੱਤੇ ਤਸਵੀਰ]

1995 ਵਿਚ ਮੈਂ ਤੇ ਮੇਰੀ ਪਤਨੀ ਬੇਆਟਰੀਸ