Skip to content

Skip to table of contents

‘ਹਰੇਕ ਭਲੇ ਕੰਮ ਲਈ ਤਿਆਰ ਹੋਵੋ’

‘ਹਰੇਕ ਭਲੇ ਕੰਮ ਲਈ ਤਿਆਰ ਹੋਵੋ’

‘ਹਰੇਕ ਭਲੇ ਕੰਮ ਲਈ ਤਿਆਰ ਹੋਵੋ’

“ਉਨ੍ਹਾਂ ਨੂੰ ਚੇਤੇ ਕਰਾ ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਣ।” (ਤੀਤੁਸ 3:1) ਪੌਲੁਸ ਰਸੂਲ ਕਿਹੜੇ ਸ਼ੁਭ ਕਰਮ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ ਸੀ? ਬਾਈਬਲ ਦੇ ਇਕ ਵਿਦਵਾਨ ਨੇ ਇਹ ਕਹਿੰਦੇ ਹੋਏ ਇਕ ਚੰਗੇ ਕੰਮ ਵੱਲ ਧਿਆਨ ਖਿੱਚਿਆ: “ਮਸੀਹੀਆਂ ਨੇ ਸਿਰਫ਼ ਅਧਿਕਾਰੀਆਂ ਦੇ ਅਧੀਨ ਹੀ ਨਹੀਂ ਰਹਿਣਾ ਸੀ, ਸਗੋਂ ਉਨ੍ਹਾਂ ਨੂੰ ਹਰੇਕ ਚੰਗੇ ਕੰਮ ਲਈ ਤਿਆਰ ਵੀ ਰਹਿਣਾ ਚਾਹੀਦਾ ਸੀ। . . . ਜ਼ਰੂਰਤ ਪੈਣ ਤੇ ਮਸੀਹੀਆਂ ਨੂੰ ਬਾਕੀਆਂ ਤੋਂ ਪਹਿਲਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਸੀ। ਜਦੋਂ ਮਰਜ਼ੀ ਅੱਗ ਲੱਗ ਸਕਦੀ ਹੈ ਜਾਂ ਕੋਈ ਹੋਰ ਆਫ਼ਤ ਜਾਂ ਤਬਾਹੀ ਆ ਸਕਦੀ ਹੈ, ਪਰ ਇਨ੍ਹਾਂ ਮੌਕਿਆਂ ਤੇ ਸਾਰੇ ਚੰਗੇ ਨਾਗਰਿਕ ਆਪਣੇ ਗੁਆਂਢੀਆਂ ਦੀ ਮਦਦ ਕਰਨੀ ਚਾਹੁਣਗੇ।”

ਮਸੀਹੀ ਹੋਰਨਾਂ ਲੋਕਾਂ ਦੀ ਸੇਵਾ ਵਿਚ ਉਹ ਕੰਮ ਕਰਨ ਲਈ ਤਿਆਰ ਰਹਿੰਦੇ ਹਨ ਜੋ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਨਹੀਂ ਹਨ। (ਰਸੂਲਾਂ ਦੇ ਕਰਤੱਬ 5:29) ਮਿਸਾਲ ਲਈ, ਜਪਾਨ ਦੇ ਏਬੀਨਾ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਦੇ ਮੈਂਬਰ ਹਰ ਸਾਲ ਸਥਾਨਕ ਫਾਇਰ ਵਿਭਾਗ ਦੀ ਨਿਗਰਾਨੀ ਹੇਠ ਪ੍ਰੈਕਟਿਸ ਕਰਦੇ ਹਨ ਕਿ ਜੇ ਅੱਗ ਲੱਗ ਜਾਵੇ, ਤਾਂ ਉਨ੍ਹਾਂ ਨੂੰ ਕੀ-ਕੀ ਕਰਨਾ ਚਾਹੀਦਾ ਹੈ। ਅਜਿਹੇ ਮੌਕਿਆਂ ਤੇ ਬੈਥਲ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਫਾਇਰ ਵਿਭਾਗ ਦੇ ਇਕ ਵਿਅਕਤੀ ਦੀਆਂ ਹਿਦਾਇਤਾਂ ਸੁਣਦੇ ਹਨ।

ਇਸ ਤੋਂ ਇਲਾਵਾ, ਤਕਰੀਬਨ 10 ਸਾਲਾਂ ਤੋਂ ਬ੍ਰਾਂਚ ਆਫਿਸ ਦੇ ਮੈਂਬਰ ਇਕ ਪ੍ਰਦਰਸ਼ਨੀ ਵਿਚ ਹਿੱਸਾ ਲੈ ਰਹੇ ਹਨ ਜਿੱਥੇ ਫਾਇਰ ਵਿਭਾਗ ਦੇ ਅਧਿਕਾਰੀ ਅੱਗ ਰੋਕਣ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ। ਉੱਥੇ ਸ਼ਹਿਰ ਦੀਆਂ ਕਈ ਕੰਪਨੀਆਂ ਦਿਖਾਉਂਦੀਆਂ ਹਨ ਕਿ ਉਹ ਅੱਗ ਬੁਝਾਉਣ ਲਈ ਕਿਵੇਂ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਬ੍ਰਾਂਚ ਆਫਿਸ ਵਿਚ ਗਵਾਹਾਂ ਦੇ ਹੁਨਰਾਂ ਅਤੇ ਇਕੱਠੇ ਮਿਲ ਕੇ ਕੰਮ ਕਰਨ ਦੇ ਜਤਨਾਂ ਦੀ ਤਾਰੀਫ਼ ਕੀਤੀ ਗਈ ਹੈ। ਸਾਲ 2001 ਦੀ ਪ੍ਰਦਰਸ਼ਨੀ ਵਿਚ ਉਨ੍ਹਾਂ ਨੂੰ ਪਹਿਲਾ ਇਨਾਮ ਵੀ ਮਿਲਿਆ। ਅੱਗ ਲੱਗਣ ਤੇ ਉਹ ਅਜਿਹਾ ਚੰਗਾ ਕੰਮ ਕਰਨ ਲਈ ਤਿਆਰ ਹਨ ਜੋ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਹੈ।

ਇਕ ਮਹੱਤਵਪੂਰਣ ਸੇਵਾ

ਪਰ ਯਹੋਵਾਹ ਦੇ ਗਵਾਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਕ ਹੋਰ ਜ਼ਰੂਰੀ ਤੇ ਚੰਗਾ ਕੰਮ ਕਰਨ ਵਿਚ ਰੁੱਝੇ ਹੋਏ ਹਨ। ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਬਾਕਾਇਦਾ ਆਪਣੇ ਗੁਆਂਢੀਆਂ ਨੂੰ ਮਿਲਣ ਜਾਂਦੇ ਹਨ। (ਮੱਤੀ 24:14) ਗਵਾਹ ਲੋਕਾਂ ਨੂੰ ਬਾਈਬਲ ਦੇ ਅਸੂਲ ਸਿਖਾਉਂਦੇ ਹਨ ਅਤੇ ਇਨ੍ਹਾਂ ਤੇ ਚੱਲਣ ਵਿਚ ਲੋਕਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਹੁਣ ਵੀ ਆਪਣੀਆਂ ਜ਼ਿੰਦਗੀਆਂ ਸੁਧਾਰ ਸਕਣ ਅਤੇ ਅਗਾਹਾਂ ਨੂੰ ਅਜਿਹੀ ਦੁਨੀਆਂ ਵਿਚ ਰਹਿਣ ਦੀ ਉਮੀਦ ਰੱਖ ਸਕਣ ਜਿੱਥੇ ਅਮਨ-ਚੈਨ ਹੋਵੇਗਾ।

ਸ਼ਾਇਦ ਕੁਝ ਲੋਕ ਯਹੋਵਾਹ ਦੇ ਗਵਾਹਾਂ ਦੀ ਇਸ ਸੇਵਾ ਦੀ ਬਹੁਤੀ ਕਦਰ ਨਾ ਕਰਨ ਅਤੇ ਉਨ੍ਹਾਂ ਨੂੰ ਚੰਗਾ ਨਾ ਸਮਝਣ। ਪਰ ਕੈਨੇਡਾ ਦੀ ਉੱਚ ਅਦਾਲਤ ਦੇ ਜਸਟਿਸ ਜ਼ੌਨ ਕ੍ਰੇਪਓ ਦਾ ਵਿਚਾਰ ਵੱਖਰਾ ਹੈ। ਯਹੋਵਾਹ ਦੇ ਗਵਾਹਾਂ ਨੇ ਕਿਊਬੈੱਕ ਵਿਚ ਬਲੇਨਵਿਲ ਸ਼ਹਿਰ ਦੇ ਇਕ ਕਾਨੂੰਨ ਤੇ ਇਤਰਾਜ਼ ਕੀਤਾ ਅਤੇ ਇਹ ਮਾਮਲਾ ਅਦਾਲਤ ਵਿਚ ਪਹੁੰਚ ਗਿਆ। ਇਸ ਕਾਨੂੰਨ ਮੁਤਾਬਕ ਘਰ-ਘਰ ਜਾਣ ਲਈ ਉਨ੍ਹਾਂ ਨੂੰ ਇਕ ਆਗਿਆ-ਪੱਤਰ ਲੈਣ ਦੀ ਲੋੜ ਹੈ। ਜਸਟਿਸ ਕ੍ਰੇਪਓ ਨੇ ਅਦਾਲਤ ਦਾ ਫ਼ੈਸਲਾ ਸੁਣਾਉਣ ਲੱਗਿਆਂ ਕਿਹਾ: ‘ਜਦੋਂ ਯਹੋਵਾਹ ਦੇ ਗਵਾਹ ਲੋਕਾਂ ਨੂੰ ਮਿਲਣ ਜਾਂਦੇ ਹਨ, ਤਾਂ ਉਹ ਲੋਕ-ਸੇਵਾ ਕਰ ਰਹੇ ਹੁੰਦੇ ਹਨ ਅਤੇ ਜੋ ਪ੍ਰਕਾਸ਼ਨ ਉਹ ਲੋਕਾਂ ਨੂੰ ਦਿੰਦੇ ਹਨ, ਉਨ੍ਹਾਂ ਵਿਚ ਮਹੱਤਵਪੂਰਣ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਮਿਸਾਲ ਲਈ, ਉਨ੍ਹਾਂ ਦੇ ਸਾਹਿੱਤ ਵਿਚ ਮਜ਼ਹਬ, ਬਾਈਬਲ, ਡ੍ਰੱਗਜ਼, ਸ਼ਰਾਬ ਦੇ ਅਮਲ, ਨੌਜਵਾਨਾਂ ਦੀ ਤਾਲੀਮ, ਵਿਆਹ ਵਿਚ ਮੁਸ਼ਕਲਾਂ ਅਤੇ ਤਲਾਕ ਬਾਰੇ ਗੱਲ-ਬਾਤ ਕੀਤੀ ਗਈ ਹੈ।’ ਉਸ ਨੇ ਅੱਗੇ ਕਿਹਾ: “ਇਹ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਯਹੋਵਾਹ ਦੇ ਗਵਾਹਾਂ ਦੀ ਤੁਲਨਾ ਸਾਮਾਨ ਵੇਚਣ ਵਾਲਿਆਂ ਨਾਲ ਕਰਨ ਨਾਲ ਉਨ੍ਹਾਂ ਦਾ ਅਪਮਾਨ ਹੁੰਦਾ ਹੈ, ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੁੱਖ ਪਹੁੰਚਦਾ ਹੈ।”

ਯਹੋਵਾਹ ਦੇ ਗਵਾਹ ਲੋਕ-ਸੇਵਾ ਕਰਦੇ ਹਨ। ਉਹ ਲੋਕਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਰੋਜ਼ਾਨਾ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਸਾਮ੍ਹਣਾ ਕਰ ਸਕਣ ਤੇ ਭਵਿੱਖ ਲਈ ਉਮੀਦ ਰੱਖ ਸਕਣ। ਇਹ ਕੰਮ ਕਰਨ ਲਈ ਉਨ੍ਹਾਂ ਨੂੰ ਬਾਈਬਲ ਤਿਆਰ ਕਰਦੀ ਹੈ। “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਵਾਹ ਦੇ ਗਵਾਹ “ਹਰੇਕ ਭਲੇ ਕੰਮ ਲਈ ਤਿਆਰ” ਕਿਵੇਂ ਹੁੰਦੇ ਹਨ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਤੋਂ ਬਾਈਬਲ ਬਾਰੇ ਹੋਰ ਜ਼ਿਆਦਾ ਸਿੱਖੋ ਅਤੇ ਇਸ ਤਰ੍ਹਾਂ ਤੁਹਾਡੇ ਇਲਾਕੇ ਅਤੇ ਸੰਸਾਰ ਭਰ ਵਿਚ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਲੋਕ-ਸੇਵਾ ਤੋਂ ਪੂਰਾ ਫ਼ਾਇਦਾ ਉਠਾਓ।

[ਸਫ਼ੇ 30, 31 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ

[ਸਫ਼ੇ 31 ਉੱਤੇ ਤਸਵੀਰ]

ਗਵਾਹ ਆਪਣੇ ਗੁਆਂਢੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ