Skip to content

Skip to table of contents

ਗ਼ਰੀਬ ਹੋਰ ਵੀ ਗ਼ਰੀਬ ਹੋਈ ਜਾਂਦੇ ਹਨ

ਗ਼ਰੀਬ ਹੋਰ ਵੀ ਗ਼ਰੀਬ ਹੋਈ ਜਾਂਦੇ ਹਨ

ਗ਼ਰੀਬ ਹੋਰ ਵੀ ਗ਼ਰੀਬ ਹੋਈ ਜਾਂਦੇ ਹਨ

“ਉਹ ਸਮਾਜ ਖ਼ੁਸ਼ਹਾਲ ਨਹੀਂ ਹੋ ਸਕਦਾ ਜਿਸ ਦਾ ਵੱਡਾ ਭਾਗ ਗ਼ਰੀਬ ਅਤੇ ਦੁਖੀ ਹੈ।”

ਅਰਥਵਿਗਿਆਨੀ ਐਡਮ ਸਮਿਥ ਨੇ ਇਹ ਗੱਲ 18ਵੀਂ ਸਦੀ ਵਿਚ ਕਹੀ ਸੀ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਸ ਦੇ ਸ਼ਬਦ ਪਹਿਲਾਂ ਨਾਲੋਂ ਅੱਜ ਜ਼ਿਆਦਾ ਸੱਚੇ ਹਨ। ਕਿਹਾ ਜਾ ਸਕਦਾ ਹੈ ਕਿ ਅਮੀਰਾਂ ਤੇ ਗ਼ਰੀਬਾਂ ਵਿਚਕਾਰ ਪਾੜ ਵਧਦਾ ਜਾ ਰਿਹਾ ਹੈ। ਫ਼ਿਲਪੀਨ ਦੀ ਜਨਸੰਖਿਆ ਦਾ ਤੀਜਾ ਹਿੱਸਾ ਹਰ ਰੋਜ਼ ਇਕ ਅਮਰੀਕੀ ਡਾਲਰ ਨਾਲੋਂ ਵੀ ਘੱਟ ਪੈਸੇ ਨਾਲ ਆਪਣਾ ਗੁਜ਼ਾਰਾ ਤੋਰਦਾ ਹੈ ਜਦੋਂ ਕਿ ਅਮੀਰ ਦੇਸ਼ਾਂ ਵਿਚ ਲੋਕ ਇੰਨਾ ਪੈਸਾ ਮਿੰਟਾਂ ਵਿਚ ਕਮਾ ਲੈਂਦੇ ਹਨ। ਸਾਲ 2002 ਵਿਚ ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਆਮਦਨ ਦੁਨੀਆਂ ਦੇ ਸਭ ਤੋਂ ਗ਼ਰੀਬ ਲੋਕਾਂ ਨਾਲੋਂ ਕਈ ਗੁਣਾ ਜ਼ਿਆਦਾ ਸੀ।

ਭਾਵੇਂ ਕਈ ਲੋਕਾਂ ਦਾ ਗੁਜ਼ਾਰਾ ਠੀਕ ਚੱਲਦਾ ਹੈ, ਪਰ ਹੋਰ ਲੋਕ ਝੁੱਗੀਆਂ ਵਿਚ ਰਹਿੰਦੇ ਹਨ। ਦੂਸਰਿਆਂ ਨੂੰ ਇੰਨੀ ਵੀ ਜਗ੍ਹਾ ਨਹੀਂ ਮਿਲਦੀ। ਉਹ ਸੜਕਾਂ ਤੇ ਰਹਿੰਦੇ ਹਨ; ਉਹ ਸੜਕਾਂ ਤੇ ਗੱਤੇ ਜਾਂ ਪਲਾਸਟਿਕ ਸ਼ੀਟ ਵਿਛਾ ਕੇ ਸੌਂਦੇ ਹਨ। ਉਹ ਗੁਜ਼ਾਰਾ ਕਰਨ ਲਈ ਕੂੜੇ ਦੇ ਢੇਰਾਂ ਵਿੱਚੋਂ ਵੇਚਣ ਯੋਗ ਚੀਜ਼ਾਂ ਲੱਭਦੇ ਹਨ, ਘਰ-ਘਰ ਜਾ ਕੇ ਟੀਨ ਦੇ ਡੱਬੇ ਤੇ ਬੋਤਲਾਂ ਇਕੱਠੀਆਂ ਕਰਦੇ ਹਨ ਜਾਂ ਭਾਰੇ ਬੋਝ ਚੁੱਕਦੇ ਹਨ।

ਅਮੀਰਾਂ-ਗ਼ਰੀਬਾਂ ਵਿਚਕਾਰ ਇਹ ਫ਼ਰਕ ਸਿਰਫ਼ ਗ਼ਰੀਬ ਦੇਸ਼ਾਂ ਵਿਚ ਹੀ ਨਹੀਂ ਪਾਇਆ ਜਾਂਦਾ। ਵਰਲਡ ਬੈਂਕ ਦਾ ਕਹਿਣਾ ਹੈ: ‘ਹਰੇਕ ਦੇਸ਼ ਵਿਚ ਗ਼ਰੀਬ ਇਲਾਕੇ ਹੁੰਦੇ ਹਨ।’ ਬੰਗਲਾਦੇਸ਼ ਤੋਂ ਅਮਰੀਕਾ ਤਕ ਜਿੱਥੇ ਪੈਸੇ ਵਾਲੇ ਲੋਕ ਹਨ, ਉੱਥੇ ਗ਼ਰੀਬ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੇਟ ਪਾਲਣ ਅਤੇ ਸਿਰ ਤੇ ਛੱਤ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਦ ਨਿਊਯਾਰਕ ਟਾਈਮਜ਼ ਨੇ ਅਮਰੀਕਾ ਦੀ ਮਰਦਮਸ਼ੁਮਾਰੀ ਦੀ 2001 ਦੀ ਰਿਪੋਰਟ ਦਾ ਹਵਾਲਾ ਦੇ ਕੇ ਦੱਸਿਆ ਕਿ ਅਮਰੀਕਾ ਵਿਚ ਅਮੀਰਾਂ-ਗ਼ਰੀਬਾਂ ਦਰਮਿਆਨ ਪਾੜ ਵਧ ਰਿਹਾ ਹੈ। ਉਸ ਵਿਚ ਲਿਖਿਆ ਸੀ: ‘ਸਭ ਤੋਂ ਅਮੀਰ ਲੋਕਾਂ ਨੂੰ ਦੇਸ਼ ਦੀ ਘਰੇਲੂ ਆਮਦਨ ਵਿੱਚੋਂ 50 ਫੀ ਸਦੀ ਮਿਲੀ ਪਰ ਸਭ ਤੋਂ ਗ਼ਰੀਬ ਲੋਕਾਂ ਨੂੰ 3.5 ਫੀ ਸਦੀ ਮਿਲੀ।’ ਦੂਸਰਿਆਂ ਦੇਸ਼ਾਂ ਦੀ ਵੀ ਇਹੋ ਹਾਲਤ ਹੈ ਜਾਂ ਇਸ ਤੋਂ ਵੀ ਭੈੜੀ ਹਾਲਤ ਹੈ। ਵਰਲਡ ਬੈਂਕ ਦੀ ਇਕ ਰਿਪੋਰਟ ਅਨੁਸਾਰ, ਦੁਨੀਆਂ ਦੇ ਲਗਭਗ 57 ਫੀ ਸਦੀ ਲੋਕ ਹਰ ਰੋਜ਼ ਲਗਭਗ ਦੋ ਅਮਰੀਕੀ ਡਾਲਰ ਕਮਾਉਂਦੇ ਹਨ।

ਇਸ ਗੱਲ ਵੱਲ ਵੀ ਧਿਆਨ ਦਿਓ ਜੋ 2002 ਵਿਚ ਵਾਪਰੀ ਸੀ। ਲੱਖਾਂ ਲੋਕ ਇਹ ਦੇਖ ਕੇ ਬਹੁਤ ਪਰੇਸ਼ਾਨ ਹੋਏ ਸਨ ਕਿ ਕੁਝ ਕੰਪਨੀਆਂ ਦੇ ਅਧਿਕਾਰੀ ਸ਼ੱਕੀ ਹਾਲਾਤਾਂ ਵਿਚ ਰਾਤੋ-ਰਾਤ ਅਮੀਰ ਬਣ ਗਏ ਸਨ। ਭਾਵੇਂ ਉਨ੍ਹਾਂ ਨੇ ਕੋਈ ਗ਼ੈਰ-ਕਾਨੂੰਨੀ ਕੰਮ ਕੀਤਾ ਸੀ ਜਾਂ ਨਹੀਂ, ਪਰ ਕਈਆਂ ਨੇ ਮਹਿਸੂਸ ਕੀਤਾ ਕਿ ਕੰਪਨੀਆਂ ਦੇ ਇਨ੍ਹਾਂ ਅਧਿਕਾਰੀਆਂ ਦਾ “ਹੱਦੋਂ ਵੱਧ ਅਮੀਰ ਬਣਨਾ ਸਹੀ ਨਹੀਂ ਸੀ।” ਦੁਨੀਆਂ ਦੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ਕਈ ਲੋਕ ਸੋਚਦੇ ਹਨ ਕਿ ਇਹ ਕਿੱਦਾਂ ਹੋ ਸਕਦਾ ਹੈ ਕਿ ਇਕ ਪਾਸੇ ਕੁਝ ਲੋਕ ਲੱਖਾਂ-ਕਰੋੜਾਂ ਡਾਲਰਾਂ ਦੇ ਮਾਲਕ ਬਣ ਜਾਂਦੇ ਹਨ ਅਤੇ ਦੂਜੇ ਪਾਸੇ ਬਹੁਤ ਸਾਰੇ ਲੋਕ ਗ਼ਰੀਬੀ ਦੇ ਕਹਿਰ ਹੇਠ ਜੀ ਰਹੇ ਹਨ।

ਕੀ ਗ਼ਰੀਬੀ ਹਮੇਸ਼ਾ ਲਈ ਰਹੇਗੀ?

ਇਸ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਗ਼ਰੀਬਾਂ ਦੀ ਮੰਦੀ ਹਾਲਤ ਬਾਰੇ ਕੁਝ ਕਰ ਹੀ ਨਹੀਂ ਰਿਹਾ। ਕਈ ਸਰਕਾਰੀ ਅਧਿਕਾਰੀਆਂ ਅਤੇ ਸੰਸਥਾਵਾਂ ਨੇ ਤਬਦੀਲੀ ਲਿਆਉਣ ਲਈ ਬਹੁਤ ਸਾਰੇ ਸੁਝਾਅ ਪੇਸ਼ ਕੀਤੇ ਹਨ। ਫਿਰ ਵੀ, ਗ਼ਰੀਬਾਂ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਹੈ। ਮਨੁੱਖੀ ਵਿਕਾਸ ਰਿਪੋਰਟ 2002 ਨੇ ਕਿਹਾ ਕਿ ਸੁਧਾਰ ਲਿਆਉਣ ਦੇ ਕਈ ਜਤਨਾਂ ਦੇ ਬਾਵਜੂਦ, “ਬਹੁਤ ਸਾਰੇ ਦੇਸ਼ ਪਿੱਛਲੇ 10, 20 ਜਾਂ 30 ਸਾਲਾਂ ਨਾਲੋਂ ਅੱਜ ਜ਼ਿਆਦਾ ਗ਼ਰੀਬ ਹਨ।”

ਕੀ ਇਸ ਦਾ ਮਤਲਬ ਹੈ ਕਿ ਗ਼ਰੀਬ ਲੋਕਾਂ ਨੂੰ ਆਪਣੀ ਹਾਲਤ ਬਦਲਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹ ਕੇ ਦੇਖੋ। ਉਸ ਵਿਚ ਗ਼ਰੀਬਾਂ ਦੀ ਮਦਦ ਕਰਨ ਲਈ ਸਲਾਹ ਦਿੱਤੀ ਗਈ ਹੈ ਅਤੇ ਗ਼ਰੀਬੀ ਦੀ ਮੁਸ਼ਕਲ ਦੇ ਅਜਿਹੇ ਹੱਲ ਪੇਸ਼ ਕੀਤੇ ਗਏ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ।