Skip to content

“ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ”

“ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ”

“ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” (ਮੱਤੀ 10:8) ਯਿਸੂ ਨੇ ਇਹ ਕਹਿ ਕੇ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਘੱਲਿਆ ਸੀ। ਕੀ ਰਸੂਲਾਂ ਨੇ ਉਸ ਦੀ ਇਹ ਗੱਲ ਮੰਨੀ ਸੀ? ਜੀ ਹਾਂ, ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਬਿਨਾਂ ਪੈਸੇ ਲਏ ਪ੍ਰਚਾਰ ਕੀਤਾ ਸੀ।

ਮਿਸਾਲ ਵਜੋਂ, ਧਿਆਨ ਦਿਓ ਕਿ ਬਾਈਬਲ ਵਿਚ ਸ਼ਮਊਨ ਬਾਰੇ ਕੀ ਲਿਖਿਆ ਹੈ। ਸ਼ਮਊਨ ਜਾਦੂਗਰ ਹੁੰਦਾ ਸੀ ਅਤੇ ਜਦ ਉਸ ਨੇ ਦੇਖਿਆ ਕਿ ਪਤਰਸ ਤੇ ਯੂਹੰਨਾ ਕੋਲ ਚਮਤਕਾਰੀ ਸ਼ਕਤੀ ਸੀ, ਤਾਂ ਉਸ ਨੇ ਪੈਸੇ ਦੇ ਕੇ ਇਹ ਸ਼ਕਤੀ ਖ਼ਰੀਦਣ ਦੀ ਕੋਸ਼ਿਸ਼ ਕੀਤੀ। ਪਰ ਪਤਰਸ ਨੇ ਸ਼ਮਊਨ ਨੂੰ ਇਹ ਕਹਿ ਕੇ ਝਿੜਕਿਆ: “ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੈਂ ਪਰਮੇਸ਼ੁਰ ਦੀ ਦਾਤ ਨੂੰ ਮੁੱਲ ਲੈਣ ਦਾ ਖ਼ਿਆਲ ਕੀਤਾ!”—ਰਸੂਲਾਂ ਦੇ ਕਰਤੱਬ 8:18-20.

ਪੌਲੁਸ ਰਸੂਲ ਨੇ ਵੀ ਪਤਰਸ ਵਾਂਗ ਪੈਸਿਆਂ ਦਾ ਲਾਲਚ ਨਹੀਂ ਕੀਤਾ ਸੀ। ਉਹ ਚਾਹੁੰਦਾ ਤਾਂ ਕੁਰਿੰਥੁਸ ਵਿਚ ਆਪਣੇ ਮਸੀਹੀ ਭੈਣਾਂ-ਭਾਈਆਂ ਦਾ ਫ਼ਾਇਦਾ ਉਠਾ ਸਕਦਾ ਸੀ। ਪਰ ਉਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਦਸਾਂ ਨਹੁੰਆਂ ਦੀ ਕਿਰਤ ਕੀਤੀ। (ਰਸੂਲਾਂ ਦੇ ਕਰਤੱਬ 18:1-3) ਇਸ ਤਰ੍ਹਾਂ ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਸ ਨੇ ਕੁਰਿੰਥੁਸ ਦੇ ਲੋਕਾਂ ਨੂੰ “ਮੁਫਤ” ਵਿਚ ਖ਼ੁਸ਼ ਖ਼ਬਰੀ ਸੁਣਾਈ ਸੀ।—1 ਕੁਰਿੰਥੀਆਂ 4:12; 9:18.

ਪਰ ਅਫ਼ਸੋਸ ਦੀ ਗੱਲ ਹੈ ਕਿ ਮਸੀਹ ਦੇ ਕਈ ਪੈਰੋਕਾਰਾਂ ਨੇ ਇਸ ਤਰ੍ਹਾਂ “ਮੁਫਤ” ਸੇਵਾ ਨਹੀਂ ਕੀਤੀ। ਅਸਲ ਵਿਚ ਈਸਾਈ-ਜਗਤ ਦੇ ਕਈ ਪਾਦਰੀ “ਭਾੜੇ ਉੱਤੇ ਸਿੱਖਾਉਂਦੇ ਹਨ।” (ਮੀਕਾਹ 3:11) ਕਈ ਪਾਦਰੀ ਲੋਕਾਂ ਨੂੰ ਠੱਗ ਕੇ ਅਮੀਰ ਬਣ ਜਾਂਦੇ ਹਨ। ਸੰਨ 1989 ਵਿਚ ਚਰਚ ਦੇ ਇਕ ਜੋਸ਼ੀਲੇ ਅਮਰੀਕੀ ਪਾਦਰੀ ਨੂੰ 45 ਸਾਲ ਜੇਲ੍ਹ ਦੀ ਸਜ਼ਾ ਮਿਲੀ। ਇਸ ਦਾ ਕਾਰਨ? ਇਕ ਅਖ਼ਬਾਰ ਵਿਚ ਦੱਸਿਆ ਗਿਆ ਕਿ ਉਸ ਨੇ “ਲੋਕਾਂ ਤੋਂ ਲੱਖਾਂ ਡਾਲਰ ਠੱਗੇ ਸਨ ਜਿਨ੍ਹਾਂ ਨਾਲ ਉਸ ਨੇ ਆਲੀਸ਼ਾਨ ਘਰ ਅਤੇ ਗੱਡੀਆਂ ਖ਼ਰੀਦੀਆਂ ਸਨ। ਉਸ ਨੇ ਆਪਣੇ ਕੁੱਤੇ ਦੇ ਘਰ ਵਿਚ ਏਅਰ-ਕੰਡੀਸ਼ਨ ਵੀ ਲਗਵਾਇਆ। ਇਸ ਤੋਂ ਇਲਾਵਾ ਉਸ ਨੇ ਘੁੰਮਣ-ਫਿਰਨ ਤੇ ਵੀ ਕਾਫ਼ੀ ਖ਼ਰਚਾ ਕੀਤਾ ਸੀ।”

ਘਾਨਾ ਵਿਚ 31 ਮਾਰਚ 1990 ਦੀ ਅਖ਼ਬਾਰ ਵਿਚ ਦੱਸਿਆ ਗਿਆ ਸੀ ਕਿ ਇਕ ਕੈਥੋਲਿਕ ਪਾਦਰੀ ਨੇ ਕਲੀਸਿਯਾ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਨ੍ਹਾਂ ਦੇ ਮੂੰਹਾਂ ਤੇ ਮਾਰਿਆ। ਅਖ਼ਬਾਰ ਅੱਗੇ ਦੱਸਦੀ ਹੈ ਕਿ “ਉਸ ਦੇ ਮੁਤਾਬਕ ਲੋਕਾਂ ਨੂੰ ਇਸ ਤੋਂ ਜ਼ਿਆਦਾ ਪੈਸੇ ਦਾਨ ਕਰਨੇ ਚਾਹੀਦੇ ਸਨ।” ਤਾਂ ਫਿਰ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਪਣੇ ਮੈਬਰਾਂ ਦੇ ਲੋਭ ਦਾ ਫ਼ਾਇਦਾ ਉਠਾਉਣ ਲਈ ਚਰਚ ਵਿਚ ਜੂਆ ਖੇਡਣ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤੇ ਪੈਸੇ ਇਕੱਠੇ ਕਰਨ ਲਈ ਹੋਰ ਸਕੀਮਾਂ ਵੀ ਬਣਾਈਆਂ ਜਾਂਦੀਆਂ ਹਨ।

ਚਰਚਾਂ ਤੋਂ ਉਲਟ, ਯਹੋਵਾਹ ਦੇ ਗਵਾਹ ਯਿਸੂ ਅਤੇ ਉਸ ਦੇ ਚੇਲਿਆਂ ਦੀ ਨਕਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵਿਚ ਪਾਦਰੀ ਨਹੀਂ ਹਨ ਜਿਨ੍ਹਾਂ ਨੂੰ ਬਾਈਬਲ ਵਿੱਚੋਂ ਸਿੱਖਿਆ ਦੇਣ ਲਈ ਤਨਖ਼ਾਹ ਮਿਲਦੀ ਹੈ। ਪ੍ਰਚਾਰਕ ਹੋਣ ਦੇ ਨਾਤੇ ਹਰੇਕ ਗਵਾਹ ਦੀ ਜ਼ਿੰਮੇਵਾਰੀ ਹੈ ਕਿ ਉਹ ਹੋਰਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਵੇ। (ਮੱਤੀ 24:14) ਇਸ ਲਈ ਦੁਨੀਆਂ ਭਰ ਵਿਚ 60 ਲੱਖ ਤੋਂ ਜ਼ਿਆਦਾ ਗਵਾਹ ਲੋਕਾਂ ਨੂੰ “ਅੰਮ੍ਰਿਤ ਜਲ” ਪਿਲਾ ਰਹੇ ਹਨ। (ਪਰਕਾਸ਼ ਦੀ ਪੋਥੀ 22:17) ਇਸ ਤਰ੍ਹਾਂ “ਜਿਹ ਦੇ ਕੋਲ ਚਾਂਦੀ ਨਹੀਂ,” ਉਸ ਨੂੰ ਵੀ ਬਾਈਬਲ ਦਾ ਸੰਦੇਸ਼ ਸੁਣ ਕੇ ਫ਼ਾਇਦਾ ਹੋ ਸਕਦਾ ਹੈ। (ਯਸਾਯਾਹ 55:1) ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹਾਂ ਦਾ ਵਿਸ਼ਵ-ਵਿਆਪੀ ਕੰਮ ਦਾਨ ਵਿਚ ਮਿਲੇ ਪੈਸਿਆਂ ਨਾਲ ਚਲਾਇਆ ਜਾਂਦਾ ਹੈ, ਪਰ ਉਹ ਪੈਸਿਆਂ ਲਈ ਕਿਸੇ ਦੀਆਂ ਮਿੰਨਤਾਂ ਨਹੀਂ ਕਰਦੇ ਹਨ। ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਦੇ ਨਾਤੇ ਉਹ ਉਸ ਦੀ ਬਾਣੀ ਨੂੰ ਵੇਚਦੇ ਨਹੀਂ, ਪਰ ਨਿਸ਼ਕਪਟਤਾ ਨਾਲ ਉਸ ਬਾਰੇ ਸੱਚਾਈ ਦੱਸਦੇ ਹਨ।—2 ਕੁਰਿੰਥੀਆਂ 2:17.

ਪਰ ਯਹੋਵਾਹ ਦੇ ਗਵਾਹ ਹੋਰਾਂ ਦੀ ਮਦਦ ਕਰਨ ਲਈ ਆਪ ਖ਼ਰਚਾ ਕਰਨ ਲਈ ਤਿਆਰ ਕਿਉਂ ਹੁੰਦੇ ਹਨ? ਇਸ ਦੀ ਵਜ੍ਹਾ  ਕੀ ਹੈ? ਕੀ ਮੁਫ਼ਤ ਦੇਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਜਤਨਾਂ ਲਈ ਕੋਈ ਇਨਾਮ ਨਹੀਂ ਮਿਲਦਾ? ਆਓ ਆਪਾਂ ਦੇਖੀਏ।

ਸ਼ਤਾਨ ਦੇ ਮਿਹਣੇ ਦਾ ਜਵਾਬ

ਸੱਚੇ ਮਸੀਹੀ ਦੂਸਰਿਆਂ ਨੂੰ ਮੁਫ਼ਤ ਵਿਚ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਾਉਂਦੇ ਹਨ ਕਿਉਂਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਲਈ ਕੁਰਬਾਨ ਕੀਤਾ

ਸੱਚੇ ਮਸੀਹੀ ਅਮੀਰ ਬਣਨ ਲਈ ਨਹੀਂ ਸਗੋਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਉਹ ਉਸ ਮਿਹਣੇ ਦਾ ਜਵਾਬ ਵੀ ਦਿੰਦੇ ਹਨ ਜੋ ਸ਼ਤਾਨ ਨੇ ਸਦੀਆਂ ਪਹਿਲਾਂ ਮਾਰਿਆ ਸੀ। ਧਰਮੀ ਆਦਮੀ ਅੱਯੂਬ ਬਾਰੇ ਸ਼ਤਾਨ ਨੇ ਯਹੋਵਾਹ ਨੂੰ ਪੁੱਛਿਆ ਸੀ ਕਿ ਕੀ ਅੱਯੂਬ ਐਵੇਂ ਹੀ ਉਸ ਦੀ ਸੇਵਾ ਕਰਦਾ ਹੈ? ਸ਼ਤਾਨ ਨੇ ਦਾਅਵਾ ਕੀਤਾ ਕਿ ਅੱਯੂਬ ਪਰਮੇਸ਼ੁਰ ਦੀ ਸੇਵਾ ਇਸ ਲਈ ਕਰਦਾ ਸੀ ਕਿਉਂਕਿ ਪਰਮੇਸ਼ੁਰ ਉਸ ਦੀ ਰੱਖਿਆ ਕਰ ਰਿਹਾ ਸੀ। ਸ਼ਤਾਨ ਨੇ ਕਿਹਾ ਕਿ ਜੇ ਅੱਯੂਬ ਦੀ ਧਨ-ਦੌਲਤ ਖੋਹ ਲਈ ਜਾਵੇ, ਤਾਂ ਉਹ ਪਰਮੇਸ਼ੁਰ ਦੇ ਮੂੰਹ ਤੇ ਫਿਟਕਾਰਾਂ ਪਾਵੇਗਾ।—ਅੱਯੂਬ 1:7-11.

ਪਰਮੇਸ਼ੁਰ ਨੇ ਸ਼ਤਾਨ ਨੂੰ ਆਪਣੀ ਗੱਲ ਸੱਚ ਸਾਬਤ ਕਰਨ ਦਾ ਮੌਕਾ ਦਿੱਤਾ। ਉਸ ਨੇ ਸ਼ਤਾਨ ਨੂੰ ਕਿਹਾ: “[ਅੱਯੂਬ] ਦਾ ਸਭ ਕੁਝ ਤੇਰੇ ਹੱਥ ਵਿੱਚ ਹੈ।” (ਅੱਯੂਬ 1:12) ਇਸ ਦਾ ਨਤੀਜਾ ਕੀ ਨਿਕਲਿਆ? ਸ਼ਤਾਨ ਨੇ ਨਹੀਂ, ਸਗੋਂ ਅੱਯੂਬ ਨੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ। ਆਪਣੇ ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ, ਅੱਯੂਬ ਹਮੇਸ਼ਾ ਵਫ਼ਾਦਾਰ ਰਿਹਾ। ਉਸ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5, 6.

ਅੱਜ ਸੱਚੇ ਭਗਤ ਧਨ-ਦੌਲਤ ਦੇ ਲਾਲਚ ਕਰਕੇ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ। ਉਹ ਅੱਯੂਬ ਵਾਂਗ ਵਫ਼ਾਦਾਰ ਰਹਿ ਕੇ ਸ਼ਤਾਨ ਨੂੰ ਝੂਠਾ ਸਾਬਤ ਕਰ ਰਹੇ ਹਨ।

ਪਰਮੇਸ਼ੁਰ ਵੱਲੋਂ ਤੋਹਫ਼ਾ

ਸੱਚੇ ਮਸੀਹੀ ਇਸ ਲਈ ਵੀ “ਮੁਫ਼ਤ” ਦੇਣ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੇ ਖ਼ੁਦ ਪਰਮੇਸ਼ੁਰ ਤੋਂ “ਮੁਫ਼ਤ ਲਿਆ” ਹੈ। ਆਦਮ ਦੇ ਪਾਪ ਕਰਕੇ ਸਾਰੀ ਦੁਨੀਆਂ ਪਾਪ ਅਤੇ ਮੌਤ ਦੀ ਗ਼ੁਲਾਮ ਹੈ। (ਰੋਮੀਆਂ 5:12) ਪਰ ਯਹੋਵਾਹ ਨੇ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਆਪਣੇ ਪੁੱਤਰ ਨੂੰ ਸਾਡੇ ਲਈ ਕੁਰਬਾਨ ਕੀਤਾ। ਪਰਮੇਸ਼ੁਰ ਲਈ ਇਹ ਇਕ ਬਹੁਤ ਹੀ ਵੱਡੀ ਕੁਰਬਾਨੀ ਸੀ ਜਿਸ ਦਾ ਸਾਨੂੰ ਕੋਈ ਹੱਕ ਵੀ ਨਹੀਂ ਸੀ। ਇਹ ਕੁਰਬਾਨੀ ਪਰਮੇਸ਼ੁਰ ਵੱਲੋਂ ਸਾਨੂੰ ਇਕ ਬਹੁਮੁੱਲੀ ਤੋਹਫ਼ਾ ਹੈ।—ਰੋਮੀਆਂ 4:4; 5:8; 6:23.

ਪੌਲੁਸ ਨੇ ਰੋਮੀਆਂ 3:23, 24 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਸ ਤੋਹਫ਼ੇ ਦੇ ਇਕ ਹੋਰ ਫ਼ਾਇਦੇ ਬਾਰੇ ਦੱਸਿਆ: “ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ।” ਜੋ ਲੋਕ ਧਰਤੀ ਤੇ ਸਦਾ ਰਹਿਣ ਦੀ ਆਸ ਰੱਖਦੇ ਹਨ, ਉਨ੍ਹਾਂ ਨੂੰ ਵੀ ਇਹ ਤੋਹਫ਼ਾ “ਮੁਖ਼ਤ” ਵਿਚ ਮਿਲੇਗਾ। ਧਰਮੀ ਗਿਣੇ ਜਾਣਾ ਅਤੇ ਪਰਮੇਸ਼ੁਰ ਦੇ ਮਿੱਤਰ ਵੀ ਸਦਾਏ ਜਾਣਾ ਵੀ ਇਕ ਤੋਹਫ਼ਾ ਹੈ—ਯਾਕੂਬ 2:23; ਪਰਕਾਸ਼ ਦੀ ਪੋਥੀ 7:14.

ਮਸੀਹ ਦੀ ਕੁਰਬਾਨੀ ਨੇ ਸਾਰੇ ਮਸੀਹੀਆਂ ਲਈ ਪਰਮੇਸ਼ੁਰ ਦੇ ਸੇਵਕ ਬਣਨ ਦਾ ਰਾਹ ਖੋਲ੍ਹਿਆ ਹੈ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ਰ ਨੇ ਆਪਣੀ ਕਿਰਪਾ ਦੇ ਮੁਫਤ ਦਾਨ . . . ਦੁਆਰਾ ਮੈਨੂੰ ਸ਼ੁਭ ਸਮਾਚਾਰ ਦਾ ਸੇਵਾਦਾਰ ਬਣਾਇਆ ਹੈ।” (ਅਫਸੀਆਂ 3:4-7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦੇ ਸੇਵਕਾਂ ਨੂੰ ਉਸ ਦੀ ਸੇਵਾ ਕਰਨ ਦਾ ਸਨਮਾਨ ਮੁਫ਼ਤ ਮਿਲਿਆ ਸੀ ਜਿਸ ਦੀ ਉਹ ਨਾ ਤਾਂ ਆਸ ਰੱਖ ਸਕਦੇ ਸਨ ਅਤੇ ਨਾ ਹੀ ਜਿਸ ਨੂੰ ਉਹ ਖੱਟ ਸਕਦੇ ਸਨ। ਇਸ ਕਰਕੇ ਪਰਮੇਸ਼ੁਰ ਦੇ ਸੱਚੇ ਸੇਵਕ ਹੋਰਾਂ ਨੂੰ ਇਸ ਮੁਫ਼ਤ ਦਾਨ ਬਾਰੇ ਦੱਸਦੇ ਹੋਏ ਤਨਖ਼ਾਹ ਦੀ ਆਸ ਬਿਲਕੁਲ ਨਹੀਂ ਰੱਖਦੇ ਹਨ।

ਹਮੇਸ਼ਾ ਦੀ ਜ਼ਿੰਦਗੀ ਦਾ ਲਾਲਚ

ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਸੱਚੇ ਮਸੀਹੀ ਉਸ ਦੀ ਸੇਵਾ ਬਿਨਾਂ ਕਿਸੇ ਇਨਾਮ ਦੀ ਆਸ  ਨਾਲ ਕਰਨ? ਨਹੀਂ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਆਪਣੇ ਭੈਣਾਂ-ਭਾਈਆਂ ਨੂੰ ਲਿਖਿਆ ਸੀ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਪਰਮੇਸ਼ੁਰ ਅਨਿਆਂ ਵੀ ਨਹੀਂ ਕਰਦਾ ਹੈ। (ਬਿਵਸਥਾ ਸਾਰ 32:4) ਇਸ ਤੋਂ ਉਲਟ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਪਰ ਕੀ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਗ਼ਲਤ ਹੈ?—ਯੂਹੰਨਾ 17:3.

ਸੱਚੇ ਮਸੀਹੀ ਅਮੀਰ ਬਣਨ ਲਈ ਨਹੀਂ ਸਗੋਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਦੀ ਸੇਵਾ ਕਰਦੇ ਹਨ

ਬਿਲਕੁਲ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਸਦਾ ਲਈ ਜੀਉਣ ਦੀ ਆਸ ਪਰਮੇਸ਼ੁਰ ਨੇ ਹੀ ਸਾਡੇ ਦਿਲ ਵਿਚ ਪਾਈ ਹੈ। ਉਸ ਨੇ ਹੀ ਇਹ ਆਸ ਪਹਿਲੇ ਤੀਵੀਂ-ਆਦਮੀ ਨੂੰ ਦਿੱਤੀ ਸੀ। (ਉਤਪਤ 1:28; 2:15-17) ਜਦ ਆਦਮ ਤੇ ਹੱਵਾਹ ਨੇ ਆਪਣੇ ਬੱਚਿਆਂ ਨੂੰ ਸਦਾ ਲਈ ਜੀਉਣ ਦੀ ਆਸ ਦੀ ਜਗ੍ਹਾ ਮੌਤ ਦਿੱਤੀ, ਤਾਂ ਪਰਮੇਸ਼ੁਰ ਨੇ ਇਸ ਜੀਵਨ ਨੂੰ ਫਿਰ ਤੋਂ ਪ੍ਰਾਪਤ ਕਰਨਾ ਮੁਮਕਿਨ ਬਣਾਇਆ। ਇਸ ਤਰ੍ਹਾਂ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਇਹ ਵਾਅਦਾ ਕੀਤਾ ਹੈ ਕਿ “ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।” (ਰੋਮੀਆਂ 8:21) ਤਾਂ ਫਿਰ, ਮਸੀਹੀਆਂ ਲਈ ਇਹ ਗ਼ਲਤ ਨਹੀਂ ਕਿ ਉਹ ਵੀ ਮੂਸਾ ਵਾਂਗ ‘ਫਲ ਵੱਲ ਧਿਆਨ ਦੇਣ।’ (ਇਬਰਾਨੀਆਂ 11:26) ਪਰਮੇਸ਼ੁਰ ਇਹ ਇਨਾਮ ਵੱਢੀ ਦੇ ਤੌਰ ਤੇ ਨਹੀਂ ਦਿੰਦਾ। ਉਹ ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ ਜਿਸ ਕਰਕੇ ਉਹ ਉਨ੍ਹਾਂ ਨੂੰ ਇਹ ਇਨਾਮ ਦਿੰਦਾ ਹੈ। (2 ਥੱਸਲੁਨੀਕੀਆਂ 2:16, 17) ਬਦਲੇ ਵਿਚ “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।”—1 ਯੂਹੰਨਾ 4:19.

ਸਹੀ ਨਜ਼ਰੀਏ ਨਾਲ ਪਰਮੇਸ਼ੁਰ ਦੀ ਸੇਵਾ ਕਰੋ

ਪਰ ਫਿਰ ਵੀ ਮਸੀਹੀਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਇਰਾਦਿਆਂ ਨੂੰ ਹਮੇਸ਼ਾ ਜਾਂਚਣ ਦੀ ਲੋੜ ਹੈ। ਯੂਹੰਨਾ 6:10-13 ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਯਿਸੂ ਨੇ ਚਮਤਕਾਰ ਕਰਕੇ ਪੰਜ ਹਜ਼ਾਰ ਲੋਕਾਂ ਨੂੰ ਰੋਟੀ ਖੁਆਈ ਸੀ। ਨਤੀਜੇ ਵਜੋਂ ਕਈ ਯਿਸੂ ਦੇ ਮਗਰ ਇਸ ਕਾਰਨ ਹੀ ਲੱਗ ਗਏ। ਯਿਸੂ ਨੇ ਉਨ੍ਹਾਂ ਨੂੰ ਦੱਸਿਆ: ‘ਤੁਸੀਂ ਮੈਨੂੰ ਇਸ ਲਈ ਭਾਲਦੇ ਜੋ ਤੁਸੀਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ।’ (ਯੂਹੰਨਾ 6:26) ਇਸੇ ਤਰ੍ਹਾਂ ਕੁਝ ਸਾਲਾਂ ਬਾਅਦ ਕਈ ਮਸੀਹੀਆਂ ਨੇ ਪਰਮੇਸ਼ੁਰ ਦੀ ਸੇਵਾ ਕੀਤੀ ਪਰ “ਨਿਸ਼ਕਪਟਤਾ” ਨਾਲ ਨਹੀਂ। (ਫ਼ਿਲਿੱਪੀਆਂ 1:17) ਕਈਆਂ ਨੇ ‘ਪ੍ਰਭੁ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ’ ਨਹੀਂ ਮੰਨੀਆਂ ਸਨ ਪਰ ਫਿਰ ਵੀ ਉਨ੍ਹਾਂ ਨੇ ਮਸੀਹੀਆਂ ਨਾਲ ਸੰਗਤ ਕਰ ਕੇ ਉਨ੍ਹਾਂ ਤੋਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ।—1 ਤਿਮੋਥਿਉਸ 6:3-5.

ਅੱਜ, ਜੇਕਰ ਇਕ ਮਸੀਹੀ ਪਰਮੇਸ਼ੁਰ ਦੀ ਸੇਵਾ ਫਿਰਦੌਸ ਵਿਚ ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰਨ ਦੇ ਇਰਾਦੇ ਨਾਲ ਹੀ ਕਰਦਾ ਹੈ, ਤਾਂ ਹੋ ਸਕਦਾ ਕਿ ਉਹ ਸੁਆਰਥ ਨਾਲ ਸੇਵਾ ਕਰਦਾ ਹੈ। ਜੇ ਉਸ ਨੇ ਧਿਆਨ ਨਾ ਦਿੱਤਾ, ਤਾਂ ਉਹ ਰੂਹਾਨੀ ਤੌਰ ਤੇ ਠੋਕਰ ਖਾ ਸਕਦਾ ਹੈ। ਸ਼ਤਾਨ ਦੀ ਦੁਨੀਆਂ ਦੇ ਅੰਤ ਦਾ ਇੰਤਜ਼ਾਰ ਕਰਦੇ ਹੋਏ ਉਹ ਸ਼ਾਇਦ “ਅੱਕ” ਜਾਏ। (ਗਲਾਤੀਆਂ 6:9) ਉਹ ਸ਼ਾਇਦ ਪਛਤਾਵੇ ਕਿ ਉਸ ਨੇ ਕੁਰਬਾਨੀਆਂ ਕੀਤੀਆਂ ਸਨ। ਯਿਸੂ ਨੇ ਸਾਨੂੰ ਯਾਦ ਕਰਾਇਆ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਜੀ ਹਾਂ, ਜੋ ਵਿਅਕਤੀ ਪਿਆਰ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਉਹ ਇਹ ਨਹੀਂ ਸੋਚਦਾ ਕਿ ਉਹ ਕਿੰਨੇ ਕੁ ਸਮੇਂ ਤਕ ਸੇਵਾ ਕਰੇਗਾ। ਉਹ ਤਾਂ ਯਹੋਵਾਹ ਦੀ ਸੇਵਾ ਸਦਾ ਲਈ ਕਰਨਾ ਚਾਹੇਗਾ! (ਮੀਕਾਹ 4:5) ਪਰਮੇਸ਼ੁਰ ਦੀ ਸੇਵਾ ਵਿਚ ਕੁਰਬਾਨੀਆਂ ਕਰ ਕੇ ਉਹ ਪਛਤਾਵੇਗਾ ਨਹੀਂ। (ਇਬਰਾਨੀਆਂ 13:15, 16) ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦਾ ਹੈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਹੈ।—ਮੱਤੀ 6:33.

ਅੱਜ 60 ਲੱਖ ਤੋਂ ਜ਼ਿਆਦਾ ਸੱਚੇ ਭਗਤ ਯਹੋਵਾਹ ਦੀ ਸੇਵਾ ਕਰਨ ਲਈ “ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” (ਜ਼ਬੂਰਾਂ ਦੀ ਪੋਥੀ 110:3) ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ? ਜੇ ਨਹੀਂ, ਤਾਂ ਪਰਮੇਸ਼ੁਰ ਤੁਹਾਨੂੰ ਜੋ ਦੇਣ ਲਈ ਤਿਆਰ ਹੈ, ਉਸ ਬਾਰੇ ਸੋਚੋ: ਸੱਚਾਈ ਦਾ ਸਹੀ ਗਿਆਨ; (ਯੂਹੰਨਾ 17:3) ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਅਜ਼ਾਦੀ; (ਯੂਹੰਨਾ 8:32) ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ। (ਪਰਕਾਸ਼ ਦੀ ਪੋਥੀ 21:3, 4) ਯਹੋਵਾਹ ਦੇ ਗਵਾਹ ਤੁਹਾਨੂੰ ਦੱਸ ਸਕਦੇ ਹਨ ਕਿ ਤੁਹਾਨੂੰ ਇਹ ਸਾਰਾ ਕੁਝ ਪਰਮੇਸ਼ੁਰ ਤੋਂ ਕਿਵੇਂ ਮਿਲ ਸਕਦਾ ਹੈ—ਅਤੇ ਉਹ ਵੀ ਬਿਨਾਂ ਖ਼ਰਚ।