Skip to content

Skip to table of contents

ਬਿਜ਼ੰਤੀਨ ਵਿਚ ਚਰਚ ਅਤੇ ਸਰਕਾਰ

ਬਿਜ਼ੰਤੀਨ ਵਿਚ ਚਰਚ ਅਤੇ ਸਰਕਾਰ

ਬਿਜ਼ੰਤੀਨ ਵਿਚ ਚਰਚ ਅਤੇ ਸਰਕਾਰ

ਮਸੀਹੀ ਧਰਮ ਦਾ ਸਥਾਪਕ ਇਸ ਬਾਰੇ ਪੱਕਾ ਸੀ ਕਿ ਉਸ ਦੇ ਚੇਲਿਆਂ ਵਿਚ ਅਤੇ ਪਰਮੇਸ਼ੁਰ ਤੋਂ ਅੱਡ ਹੋਈ ਮਨੁੱਖਜਾਤੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੋਣਾ ਚਾਹੀਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।” (ਯੂਹੰਨਾ 15:19) ਯਿਸੂ ਨੇ ਆਪਣੇ ਜ਼ਮਾਨੇ ਦੇ ਇਕ ਸਰਕਾਰੀ ਅਫ਼ਸਰ ਪਿਲਾਤੁਸ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।”—ਯੂਹੰਨਾ 18:36.

“ਧਰਤੀ ਦੇ ਬੰਨੇ ਤੀਕੁਰ” ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਮਸੀਹੀਆਂ ਨੂੰ ਇਸ ਦੁਨੀਆਂ ਦੇ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ ਦੀ ਲੋੜ ਸੀ। (ਰਸੂਲਾਂ ਦੇ ਕਰਤੱਬ 1:8) ਯਿਸੂ ਵਾਂਗ ਮੁਢਲੇ ਮਸੀਹੀ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ ਸਨ। (ਯੂਹੰਨਾ 6:15) ਇਹ ਗੱਲ ਸਾਫ਼ ਜ਼ਾਹਰ ਹੁੰਦੀ ਸੀ ਕਿ ਵਫ਼ਾਦਾਰ ਮਸੀਹੀ ਸਰਕਾਰੀ ਨੌਕਰੀ ਨਹੀਂ ਕਰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਇਹ ਗੱਲ ਬਦਲ ਗਈ।

ਜਗਤ ਦਾ ਹਿੱਸਾ

ਆਖ਼ਰੀ ਰਸੂਲ ਦੀ ਮੌਤ ਤੋਂ ਕੁਝ ਸਮੇਂ ਬਾਅਦ ਧਾਰਮਿਕ ਆਗੂ ਇਸ ਜਗਤ ਦੇ ਸੰਬੰਧ ਵਿਚ ਆਪਣੇ ਰਿਸ਼ਤੇ ਬਾਰੇ ਆਪਣੇ ਵਿਚਾਰ ਬਦਲਣ ਲੱਗ ਪਏ। ਉਨ੍ਹਾਂ ਨੇ ਅਜਿਹੀ “ਪਾਤਸ਼ਾਹੀ” ਬਾਰੇ ਸੋਚਿਆ ਜੋ ਜਗਤ ਵਿਚ ਸੀ ਅਤੇ ਉਸ ਦਾ ਹਿੱਸਾ ਵੀ ਸੀ। ਬਿਜ਼ੰਤੀਨੀ ਸਾਮਰਾਜ ਵਿਚ ਧਰਮ ਅਤੇ ਸਰਕਾਰ ਦੇ ਨਜ਼ਦੀਕੀ ਰਿਸ਼ਤੇ ਉੱਤੇ ਗੌਰ ਕਰ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਪੂਰਬੀ ਰੋਮੀ ਸਾਮਰਾਜ ਦੀ ਰਾਜਧਾਨੀ ਬਿਜ਼ੰਤੀਨ ਵਿਚ ਸੀ ਜੋ ਅੱਜ ਇਸਤੰਬੁਲ ਹੈ।

ਬਿਜ਼ੰਤੀਨੀ ਚਰਚ ਦਾ ਕੇਂਦਰ ਬਿਜ਼ੰਤੀਨ ਵਿਚ ਸੀ। ਅਜਿਹੇ ਸਮਾਜ ਵਿਚ ਜਿੱਥੇ ਧਰਮ ਬਹੁਤ ਮਹੱਤਤਾ ਰੱਖਦਾ ਸੀ ਇਹ ਚਰਚ ਕਾਫ਼ੀ ਇਖ਼ਤਿਆਰ ਰੱਖਦਾ ਸੀ। ਚਰਚ ਦੇ ਇਕ ਇਤਿਹਾਸਕਾਰ ਪੇਨੇਯੋਟੀਸ ਕ੍ਰਿਸਟੂ ਨੇ ਕਿਹਾ: “ਬਿਜ਼ੰਤੀਨੀ ਲੋਕਾਂ ਦੇ ਭਾਣੇ ਧਰਤੀ ਉੱਤੇ ਉਨ੍ਹਾਂ ਦਾ ਸਾਮਰਾਜ ਪਰਮੇਸ਼ੁਰ ਦਾ ਰਾਜ ਸੀ।” ਪਰ ਸਾਮਰਾਜੀ ਹਕੂਮਤ ਇਸ ਗੱਲ ਨਾਲ ਹਮੇਸ਼ਾ ਸਹਿਮਤ ਨਹੀਂ ਸੀ। ਨਤੀਜੇ ਵਜੋਂ ਚਰਚ ਅਤੇ ਸਰਕਾਰ ਦੇ ਰਿਸ਼ਤੇ ਵਿਚ ਕਾਫ਼ੀ ਗੜਬੜ ਰਹਿੰਦੀ ਸੀ। ਬਿਜ਼ੰਤੀਨ ਦਾ ਆਕਸਫ਼ੋਰਡ ਕੋਸ਼ (ਅੰਗ੍ਰੇਜ਼ੀ) ਕਹਿੰਦਾ ਹੈ: “ਕਾਂਸਟੈਂਟੀਨੋਪਲ [ਯਾਨੀ ਬਿਜ਼ੰਤੀਨ] ਦੇ ਬਿਸ਼ਪ ਤਰ੍ਹਾਂ-ਤਰ੍ਹਾਂ ਦਾ ਵਰਤਾਉ ਕਰਦੇ ਸਨ, ਕਦੀ ਉਹ ਡਰ ਦੇ ਮਾਰੇ ਇਕ ਸ਼ਕਤੀਸ਼ਾਲੀ ਹਾਕਮ ਦੇ ਅਧੀਨ ਰਹਿੰਦੇ ਸਨ . . . , ਕਦੀ ਉਹ ਰਾਜੇ ਦਾ ਪੂਰਾ ਸਾਥ ਦਿੰਦੇ ਸਨ . . . , ਅਤੇ ਕਦੀ ਉਹ ਦਲੇਰੀ ਨਾਲ ਰਾਜੇ ਦਾ ਵਿਰੋਧ ਕਰਦੇ ਸਨ।”

ਕਾਂਸਟੈਂਟੀਨੋਪਲ ਦਾ ਮੁੱਖ ਬਿਸ਼ਪ ਪੂਰਬੀ ਚਰਚਾਂ ਦਾ ਸਿਰ ਬਹੁਤ ਹੀ ਉੱਘਾ ਬੰਦਾ ਬਣਿਆ ਸੀ। ਉਹ ਰਾਜੇ ਨੂੰ ਤਾਜ ਪਹਿਨਾਉਂਦਾ ਸੀ ਅਤੇ ਉਮੀਦ ਰੱਖਦਾ ਸੀ ਕਿ ਸ਼ਹਿਨਸ਼ਾਹ ਚਰਚ ਦੀ ਪਰੰਪਰਾ ਦਾ ਪੱਕਾ ਰੱਖਿਅਕ ਹੋਵੇਗਾ। ਮੁੱਖ ਬਿਸ਼ਪ ਬੜਾ ਅਮੀਰ ਵੀ ਸੀ ਕਿਉਂਕਿ ਚਰਚ ਦੀ ਸਾਰੀ ਧਨ-ਦੌਲਤ ਉਸ ਦੇ ਹੱਥ ਆਉਂਦੀ ਸੀ। ਬੇਸ਼ੁਮਾਰ ਮੱਠਵਾਸੀਆਂ ਦੇ ਨਾਲ-ਨਾਲ ਆਮ ਜਨਤਾ ਉੱਤੇ ਅਧਿਕਾਰ ਚਲਾਉਣ ਕਾਰਨ ਉਸ ਦਾ ਅਧਿਕਾਰ ਵੱਡਾ ਸੀ।

ਮੁੱਖ ਬਿਸ਼ਪ ਕੋਲ ਇੰਨੀ ਤਾਕਤ ਸੀ ਕਿ ਉਹ ਅਕਸਰ ਸ਼ਹਿਨਸ਼ਾਹ ਦੇ ਵਿਰੁੱਧ ਵੀ ਚੱਲ ਸਕਦਾ ਸੀ। ਉਹ ਪਰਮੇਸ਼ੁਰ ਦਾ ਨਾਂ ਲੈ ਕੇ ਉਸ ਨੂੰ ਧਰਮ ਵਿੱਚੋਂ ਕੱਢਣ ਦੀ ਧਮਕੀ ਦੇ ਸਕਦਾ ਸੀ ਜਾਂ ਹੋਰ ਕਿਸੇ ਢੰਗ ਨਾਲ ਆਪਣੀ ਮਰਜ਼ੀ ਪੂਰੀ ਕਰਵਾ ਸਕਦਾ ਸੀ।

ਰਾਜਧਾਨੀ ਤੋਂ ਬਾਹਰਲੇ ਸ਼ਹਿਰਾਂ ਵਿਚ ਚੰਗੀ ਹਕੂਮਤ ਨਾ ਹੋਣ ਕਰਕੇ ਬਿਸ਼ਪ ਸਭ ਤੋਂ ਸ਼ਕਤੀਸ਼ਾਲੀ ਬੰਦੇ ਬਣੇ। ਉਨ੍ਹਾਂ ਦਾ ਇਖ਼ਤਿਆਰ ਸੂਬੇਦਾਰਾਂ ਦੇ ਬਰਾਬਰ ਸੀ, ਜਿਨ੍ਹਾਂ ਨੂੰ ਚੁਣਨ ਵਿਚ ਬਿਸ਼ਪਾਂ ਦਾ ਹੱਥ ਹੁੰਦਾ ਸੀ। ਬਿਸ਼ਪ ਅਦਾਲਤੀ ਮੁਕੱਦਮਿਆਂ ਅਤੇ ਵਪਾਰ ਦੇ ਮਾਮਲਿਆਂ ਵਿਚ ਹਿੱਸਾ ਲੈਂਦੇ ਸਨ ਜਦੋਂ ਵੀ ਚਰਚ ਦਾ ਉਨ੍ਹਾਂ ਨਾਲ ਕੋਈ ਸੰਬੰਧ ਸੀ ਅਤੇ ਕਦੇ-ਕਦੇ ਜਦੋਂ ਨਹੀਂ ਵੀ ਸੀ। ਇਸ ਦਾ ਇਕ ਕਾਰਨ ਇਹ ਸੀ ਕਿ ਪਾਦਰੀ ਅਤੇ ਮੱਠਵਾਸੀ ਹਰ ਇਲਾਕੇ ਵਿਚ ਆਪੋ-ਆਪਣੇ ਬਿਸ਼ਪਾਂ ਦੇ ਅਧੀਨ ਸਨ ਅਤੇ ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਸੀ।

ਰਾਜਨੀਤੀ ਅਤੇ ਧਾਰਮਿਕ ਪਦਵੀ ਦੀ ਸੌਦੇਬਾਜ਼ੀ

ਉਪਰਲੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਪਾਦਰੀਆਂ ਦੀ ਪਦਵੀ ਰਾਜਨੀਤੀ ਨਾਲ ਮਿਲ-ਜੁਲ ਗਈ ਸੀ। ਇਸ ਤੋਂ ਇਲਾਵਾ ਪਾਦਰੀਆਂ ਦੀ ਵੱਡੀ ਗਿਣਤੀ ਅਤੇ ਉਨ੍ਹਾਂ ਦੇ ਧਾਰਮਿਕ ਕੰਮਾਂ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਸੀ। ਵੱਡੇ-ਵੱਡੇ ਪਾਦਰੀ ਐਸ਼ੋ-ਆਰਾਮ ਨਾਲ ਰਹਿੰਦੇ ਸਨ। ਜਿਉਂ ਹੀ ਚਰਚ ਦਾ ਇਖ਼ਤਿਆਰ ਅਤੇ ਧਨ ਵਧਦਾ ਗਿਆ ਰਸੂਲਾਂ ਵਰਗੀ ਸਾਦਗੀ ਅਤੇ ਪਵਿੱਤਰਤਾ ਘੱਟਦੀ ਗਈ। ਕੁਝ ਪਾਦਰੀਆਂ ਅਤੇ ਬਿਸ਼ਪਾਂ ਨੇ ਆਪਣੀ ਪਦਵੀ ਮੁੱਲ ਖ਼ਰੀਦੀ ਸੀ। ਧਾਰਮਿਕ ਪਦਵੀ ਦੀ ਸੌਦੇਬਾਜ਼ੀ ਸਭ ਤੋਂ ਉੱਚੀ ਪਦਵੀ ਤਕ ਆਮ ਸੀ। ਪਾਦਰੀ ਅਮੀਰ ਮੈਂਬਰਾਂ ਦੀ ਮਦਦ ਨਾਲ ਸ਼ਹਿਨਸ਼ਾਹ ਦੇ ਸਾਮ੍ਹਣੇ ਉੱਚੀਆਂ ਪਦਵੀਆਂ ਲਈ ਮੁਕਾਬਲੇ ਕਰਦੇ ਸਨ।

ਵੱਡੇ-ਵੱਡੇ ਧਾਰਮਿਕ ਆਗੂਆਂ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕਰਾਇਆ ਜਾਂਦਾ ਸੀ। ਜਦੋਂ ਮਹਾਰਾਣੀ ਜ਼ੋਈ (ਲਗਭਗ 978-1050 ਸਾ.ਯੁ.) ਆਪਣੇ ਪਤੀ ਰੋਮੇਨਸ ਤੀਜੇ ਦਾ ਕਤਲ ਕਰਨ ਤੋਂ ਬਾਅਦ ਆਪਣੇ ਪ੍ਰੇਮੀ ਅਤੇ ਹੋਣ ਵਾਲੇ ਸ਼ਹਿਨਸ਼ਾਹ ਮਾਈਕਲ ਚੌਥੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਤਾਂ ਉਸ ਨੇ ਛੇਤੀ-ਛੇਤੀ ਮੁੱਖ ਬਿਸ਼ਪ ਅਲੈਕਸੀਅਸ ਨੂੰ ਮਹਿਲ ਤੇ ਬੁਲਵਾਇਆ। ਉੱਥੇ ਪਹੁੰਚਦੇ ਹੀ ਇਸ ਬਿਸ਼ਪ ਨੂੰ ਰੋਮੇਨਸ ਦੀ ਮੌਤ ਅਤੇ ਜ਼ੋਈ ਦੀ ਮੰਗ ਬਾਰੇ ਪਤਾ ਲੱਗਾ। ਉਸ ਸ਼ਾਮ ਚਰਚ ਗੁੱਡ ਫ੍ਰਾਈਡੇ ਦਾ ਤਿਉਹਾਰ ਮਨਾ ਰਿਹਾ ਸੀ ਅਤੇ ਇਸ ਲਈ ਅਲੈਕਸੀਅਸ ਵਾਸਤੇ ਇਹ ਹਾਲਤ ਹੋਰ ਵੀ ਔਖੀ ਬਣੀ। ਪਰ ਉਸ ਨੇ ਮਹਾਰਾਣੀ ਦੇ ਵੱਡੇ ਤੋਹਫ਼ੇ ਕਬੂਲ ਕਰ ਕੇ ਉਸ ਦਾ ਕੰਮ ਪੂਰਾ ਕਰ ਦਿੱਤਾ।

ਸ਼ਹਿਨਸ਼ਾਹ ਦੇ ਅਧੀਨ

ਬਿਜ਼ੰਤੀਨੀ ਸਾਮਰਾਜ ਦੇ ਇਤਿਹਾਸ ਦੇ ਦੌਰਾਨ ਸ਼ਹਿਨਸ਼ਾਹ ਕਈ ਵਾਰ ਕਾਂਸਟੈਂਟੀਨੋਪਲ ਦਾ ਮੁੱਖ ਬਿਸ਼ਪ ਚੁਣਨ ਲਈ ਆਪਣੇ ਨਿਯੁਕਤ ਕਰਨ ਦੇ ਹੱਕ ਨੂੰ ਇਸਤੇਮਾਲ ਕਰਦਾ ਸੀ। ਅਜਿਹੇ ਸਮਿਆਂ ਦੌਰਾਨ ਸ਼ਹਿਨਸ਼ਾਹ ਦੀ ਇੱਛਾ ਤੋਂ ਬਗੈਰ ਕੋਈ ਵੀ ਮੁੱਖ ਬਿਸ਼ਪ ਨਹੀਂ ਬਣ ਸਕਦਾ ਸੀ ਜਾਂ ਬਹੁਤਾ ਚਿਰ ਇਸ ਪਦਵੀ ਤੇ ਨਹੀਂ ਰਹਿ ਸਕਦਾ ਸੀ।

ਸ਼ਹਿਨਸ਼ਾਹ ਅਨਡਰੇਨਿਕਸ ਦੂਜੇ (1260-1332) ਨੇ ਨੌਂ ਵਾਰ ਮੁੱਖ ਬਿਸ਼ਪ ਬਦਲੇ ਸਨ। ਬਹੁਤ ਵਾਰ ਮੁੱਖ ਉਦੇਸ਼ ਇਹ ਹੁੰਦਾ ਸੀ ਕਿ ਉਸ ਬੰਦੇ ਨੂੰ ਬਿਸ਼ਪ ਬਣਨ ਲਈ ਚੁਣਿਆ ਜਾਵੇ ਜੋ ਸ਼ਹਿਨਸ਼ਾਹ ਦੀਆਂ ਉਂਗਲੀਆਂ ਤੇ ਨਚੇਗਾ। ਇਕ ਪੁਸਤਕ ਦੇ ਅਨੁਸਾਰ ਇਕ ਬਿਸ਼ਪ ਨੇ ਸ਼ਹਿਨਸ਼ਾਹ ਨਾਲ ਲਿਖ ਕੇ ਵਾਅਦਾ ਕੀਤਾ ਸੀ ਕਿ ਉਹ “ਜੋ ਉਹ ਕਹੇ ਕਰੇਗਾ, ਚਾਹੇ ਇਹ ਗ਼ੈਰ-ਕਾਨੂੰਨੀ ਕਿਉਂ ਨਾ ਹੋਵੇ, ਅਤੇ ਉਹ ਉਸ ਦੇ ਖ਼ਿਲਾਫ਼ ਕੁਝ ਨਹੀਂ ਕਰੇਗਾ।” ਦੋ ਵਾਰ ਸ਼ਹਿਨਸ਼ਾਹਾਂ ਨੇ ਰਾਜ ਘਰਾਣੇ ਦੇ ਰਾਜਕੁਮਾਰ ਨੂੰ ਬਿਸ਼ਪ ਵਜੋਂ ਠਹਿਰਾਉਣ ਦੁਆਰਾ ਆਪਣੀ ਮਰਜ਼ੀ ਕਰਨ ਲਈ ਚਰਚ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਹਿਨਸ਼ਾਹ ਰੋਮੇਨਸ ਪਹਿਲੇ ਨੇ ਆਪਣੇ 16 ਸਾਲਾਂ ਦੇ ਪੁੱਤਰ ਥੀਏਫਲੈਕਟ ਨੂੰ ਮੁੱਖ ਬਿਸ਼ਪ ਦੀ ਪਦਵੀ ਦਿੱਤੀ ਸੀ।

ਜੇ ਇਕ ਮੁੱਖ ਬਿਸ਼ਪ ਸ਼ਹਿਨਸ਼ਾਹ ਨੂੰ ਖ਼ੁਸ਼ ਨਾ ਕਰ ਸਕਿਆ, ਤਾਂ ਸ਼ਹਿਨਸ਼ਾਹ ਉਸ ਨੂੰ ਆਪਣੀ ਪਦਵੀ ਤਿਆਗਣ ਲਈ ਮਜਬੂਰ ਕਰ ਸਕਦਾ ਸੀ, ਜਾਂ ਉਹ ਧਰਮ-ਸਭਾ ਦੁਆਰਾ ਉਸ ਨੂੰ ਪਦਵੀ ਤੋਂ ਲਾਹ ਸਕਦਾ ਸੀ। ਬਿਜ਼ੰਤੀਨ ਨਾਂ ਦੀ ਪੁਸਤਕ ਨੇ ਕਿਹਾ: “ਬਿਜ਼ੰਤੀਨੀ ਇਤਿਹਾਸ ਦੌਰਾਨ ਉੱਚ ਅਧਿਕਾਰੀ ਅਤੇ ਖ਼ੁਦ ਸ਼ਹਿਨਸ਼ਾਹ ਵੀ ਬਿਸ਼ਪ ਚੁਣਨ ਦੇ ਮਾਮਲੇ ਵਿਚ ਵੱਡੇ ਤੋਂ ਵੱਡਾ ਹਿੱਸਾ ਲੈਣ ਲੱਗ ਪਏ ਸਨ।”

ਮੁੱਖ ਬਿਸ਼ਪ ਦੇ ਨਾਲ ਬੈਠ ਕੇ ਸ਼ਹਿਨਸ਼ਾਹ ਧਾਰਮਿਕ ਸਭਾਵਾਂ ਵਿਚ ਵੀ ਪ੍ਰਧਾਨਗੀ ਕਰਦਾ ਸੀ। ਉਹ ਬਹਿਸਾਂ ਵਿਚ ਅਗਵਾਈ ਕਰਦਾ, ਧਰਮ ਦੇ ਸਿਧਾਂਤ ਸਥਾਪਿਤ ਕਰਦਾ, ਅਤੇ ਬਿਸ਼ਪਾਂ ਤੇ ਧਰਮ-ਧਰੋਹੀਆਂ ਨਾਲ ਬਹਿਸ ਕਰਦਾ ਸੀ। ਉਹ ਇਨ੍ਹਾਂ ਧਰਮ-ਧਰੋਹੀਆਂ ਨੂੰ ਸੂਲੀ ਤੇ ਟੰਗਵਾ ਕੇ ਮੌਤ ਦੀ ਸਜ਼ਾ ਵੀ ਦੇ ਸਕਦਾ ਸੀ। ਸ਼ਹਿਨਸ਼ਾਹ ਸਭਾ ਵਿਚ ਅਪਣਾਏ ਗਏ ਸਿਧਾਂਤਾਂ ਨੂੰ ਸਥਾਈ ਬਣਾਉਂਦਾ ਸੀ ਅਤੇ ਅਮਲ ਵਿਚ ਵੀ ਲਿਆਉਂਦਾ ਸੀ। ਜਿਹੜੇ ਉਸ ਦਾ ਵਿਰੋਧ ਕਰਦੇ ਸਨ ਉਹ ਉਨ੍ਹਾਂ ਉੱਤੇ ਰਾਜਧਰੋਹੀ ਹੋਣ ਦਾ ਹੀ ਨਹੀਂ ਸਗੋਂ ਚਰਚ ਅਤੇ ਪਰਮੇਸ਼ੁਰ ਦੇ ਵੈਰੀ ਹੋਣ ਦਾ ਵੀ ਇਲਜ਼ਾਮ ਲਾਉਂਦਾ ਸੀ। ਛੇਵੀਂ ਸਦੀ ਦੇ ਇਕ ਮੁੱਖ ਬਿਸ਼ਪ ਨੇ ਕਿਹਾ ਕਿ “ਚਰਚ ਵਿਚ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜੋ ਸ਼ਹਿਨਸ਼ਾਹ ਦੀ ਇੱਛਾ ਅਤੇ ਉਸ ਦੇ ਹੁਕਮ ਦੇ ਖ਼ਿਲਾਫ਼ ਹੋਵੇ।” ਦਰਬਾਰ ਵਿਚ ਬਿਸ਼ਪ ਸ਼ਾਂਤ ਅਤੇ ਨਰਮ ਮਿਜ਼ਾਜ ਵਾਲੇ ਬੰਦੇ ਸਨ ਜਿਨ੍ਹਾਂ ਤੋਂ ਸੌਖਿਆਂ ਆਪਣਾ ਕੰਮ ਕਰਾਇਆ ਜਾ ਸਕਦਾ ਸੀ ਅਤੇ ਜੋ ਚਤੁਰਾਈ ਨਾਲ ਸੌਦੇਬਾਜ਼ੀ ਕਰ ਸਕਦੇ ਸਨ। ਆਮ ਤੌਰ ਤੇ ਉਹ ਆਪਣੇ ਮੁੱਖ ਅਧਿਕਾਰੀ ਦੇ ਵਿਰੁੱਧ ਕੁਝ ਕਰਦੇ ਹੀ ਨਹੀਂ ਸਨ।

ਮਿਸਾਲ ਲਈ ਜਦੋਂ ਮੁੱਖ ਬਿਸ਼ਪ ਇਗਨੇਸ਼ਿਅਸ (ਲਗਭਗ 799-878 ਸਾ.ਯੁ.) ਨੇ ਮੁੱਖ ਮੰਤਰੀ ਬਾਰਡਸ ਨੂੰ ਕੰਮਿਊਨਿਯਨ ਦੇਣ ਤੋਂ ਇਨਕਾਰ ਕੀਤਾ, ਤਾਂ ਮੰਤਰੀ ਨੇ ਉਸ ਨਾਲ ਟੱਕਰ ਲਈ। ਬਾਰਡਸ ਨੇ ਇਗਨੇਸ਼ਿਅਸ ਉੱਤੇ ਗੱਦਾਰੀ ਦਾ ਦੋਸ਼ ਲਗਾਇਆ। ਬਿਸ਼ਪ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਉਸ ਦੀ ਥਾਂ ਮੰਤਰੀ ਨੇ ਫੌਸ਼ੀਅਸ ਨੂੰ ਚੁਣਿਆ। ਇਹ ਇਕ ਮਾਮੂਲੀ ਬੰਦਾ ਸੀ ਜੋ ਸਿਰਫ਼ ਛੇ ਦਿਨਾਂ ਵਿਚ ਪਾਦਰੀਆਂ ਦੀ ਸ਼੍ਰੇਣੀ ਵਿਚ ਆ ਕੇ ਮੁੱਖ ਬਿਸ਼ਪ ਦੀ ਪਦਵੀ ਤਕ ਤਰੱਕੀ ਕਰ ਗਿਆ। ਕੀ ਫੌਸ਼ੀਅਸ ਉਸ ਧਾਰਮਿਕ ਪਦਵੀ ਦੇ ਯੋਗ ਸੀ? ਉਸ ਬਾਰੇ ਕਿਹਾ ਗਿਆ ਹੈ ਕਿ ‘ਉਹ ਬੜਾ ਅਭਿਲਾਸ਼ੀ ਬੰਦਾ ਸੀ, ਬਹੁਤ ਹੀ ਘਮੰਡੀ, ਅਤੇ ਸਿਆਸਤ ਵਿਚ ਉਹ ਵੱਡਾ ਮਾਹਰ ਸੀ।’

ਰਾਜਨੀਤੀ ਦੀ ਸੇਵਾ ਵਿਚ ਧਰਮ-ਸਿਧਾਂਤ

ਕਈ ਵਾਰ ਪਰੰਪਰਾ ਅਤੇ ਧਰਮ-ਧਰੋਹ ਦੀਆਂ ਬਹਿਸਾਂ ਰਾਜਨੀਤਿਕ ਵਿਰੋਧਤਾ ਉੱਤੇ ਪਰਦਾ ਪਾਉਣ ਲਈ ਕੀਤੀਆਂ ਜਾਂਦੀਆਂ ਸਨ ਅਤੇ ਕਈ ਸ਼ਹਿਨਸ਼ਾਹ ਨਵੇਂ ਧਰਮ-ਸਿਧਾਂਤਾਂ ਵਿਚ ਨਹੀਂ ਪਰ ਰਾਜਨੀਤਿਕ ਗੱਲਾਂ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਆਮ ਤੌਰ ਤੇ ਸ਼ਹਿਨਸ਼ਾਹ ਧਰਮ-ਸਿਧਾਂਤ ਸਥਾਪਿਤ ਕਰਨ ਦਾ ਹੱਕ ਖ਼ੁਦ ਰੱਖਦਾ ਸੀ ਅਤੇ ਚਰਚ ਨੂੰ ਆਪਣੀ ਮਰਜ਼ੀ ਅਨੁਸਾਰ ਚੱਲਣ ਲਈ ਮਜਬੂਰ ਕਰਦਾ ਸੀ।

ਮਿਸਾਲ ਲਈ ਸ਼ਹਿਨਸ਼ਾਹ ਹਿਰਾਕਲੀਅਸ (575-641 ਸਾ.ਯੁ.) ਨੇ ਆਪਣੇ ਕਮਜ਼ੋਰ ਅਤੇ ਨਾਜ਼ੁਕ ਸਾਮਰਾਜ ਵਿਚ ਮਸੀਹ ਦੀ ਸ਼ਖ਼ਸੀਅਤ ਬਾਰੇ ਜੋ ਫੁੱਟ ਪਈ ਹੋਈ ਸੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਮਝੌਤਾ ਕਰਨ ਲਈ ਉਸ ਨੇ ਇਕ ਨਵੀਂ ਸਿੱਖਿਆ ਸ਼ੁਰੂ ਕੀਤੀ। * ਫਿਰ ਆਪਣੇ ਸਾਮਰਾਜ ਦੇ ਦੱਖਣੀ ਸੂਬਿਆਂ ਦੀ ਅਧੀਨਗੀ ਪਾਉਣ ਲਈ ਹਿਰਾਕਲੀਅਸ ਨੇ ਐਲੇਕਜ਼ਾਨਡ੍ਰਿਆ ਦਾ ਇਕ ਨਵਾਂ ਮੁੱਖ ਬਿਸ਼ਪ ਚੁਣਿਆ। ਉਹ ਫੇਸਿਸ ਦਾ ਸਾਈਰਸ ਸੀ ਜਿਸ ਨੇ ਸ਼ਹਿਨਸ਼ਾਹ ਦੀ ਇਸ ਨਵੀਂ ਸਿੱਖਿਆ ਨੂੰ ਮਨਜ਼ੂਰ ਕੀਤਾ। ਸ਼ਹਿਨਸ਼ਾਹ ਨੇ ਸਾਈਰਸ ਨੂੰ ਸਿਰਫ਼ ਮੁੱਖ ਬਿਸ਼ਪ ਹੀ ਨਹੀਂ ਬਣਾਇਆ ਪਰ ਮਿਸਰ ਦਾ ਮੁੱਖ ਮੈਜਿਸਟ੍ਰੇਟ ਵੀ ਬਣਾਇਆ ਜੋ ਸਥਾਨਕ ਹਾਕਮਾਂ ਉੱਤੇ ਵੀ ਅਧਿਕਾਰ ਰੱਖਦਾ ਸੀ। ਕੁਝ ਸਖ਼ਤੀ ਵਰਤ ਕੇ ਸਾਈਰਸ ਨੇ ਮਿਸਰ ਦੇ ਚਰਚ ਦੀ ਸਹਿਮਤੀ ਪ੍ਰਾਪਤ ਕਰ ਲਈ।

ਬੁਰੇ ਨਤੀਜੇ

ਇਹ ਘਟਨਾਵਾਂ ਯਿਸੂ ਦੀ ਪ੍ਰਾਰਥਨਾ ਦੇ ਅਨੁਸਾਰ ਕਿਵੇਂ ਹੋ ਸਕਦੀਆਂ ਹਨ ਜਦੋਂ ਉਸ ਨੇ ਕਿਹਾ ਸੀ ਕਿ ਉਸ ਦੇ ਚੇਲੇ “ਜਗਤ ਦੇ ਨਹੀਂ” ਹੋਣਗੇ?—ਯੂਹੰਨਾ 17:14-16.

ਬਿਜ਼ੰਤੀਨੀ ਸਮਿਆਂ ਦੌਰਾਨ ਅਤੇ ਉਸ ਤੋਂ ਬਾਅਦ ਮਸੀਹੀ ਆਗੂ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਇਸ ਦੁਨੀਆਂ ਦਿਆਂ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਵਿਚ ਹਿੱਸਾ ਲੈ ਕੇ ਬੁਰੇ ਨਤੀਜੇ ਹੀ ਮਿਲੇ ਹਨ। ਇਸ ਲੇਖ ਵਿਚ ਇਤਿਹਾਸ ਬਾਰੇ ਪੜ੍ਹ ਕੇ ਤੁਹਾਨੂੰ ਕੀ ਪਤਾ ਲੱਗਾ? ਕੀ ਬਿਜ਼ੰਤੀਨੀ ਚਰਚ ਦੇ ਆਗੂਆਂ ਨੇ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਮਨਜ਼ੂਰੀ ਹਾਸਲ ਕੀਤੀ ਸੀ?—ਯਾਕੂਬ 4:4.

ਸੱਚੀ ਮਸੀਹੀਅਤ ਨੂੰ ਅਜਿਹੇ ਅਭਿਲਾਸ਼ੀ ਧਾਰਮਿਕ ਆਗੂਆਂ ਅਤੇ ਉਨ੍ਹਾਂ ਦੇ ਰਾਜਨੀਤਿਕ ਯਾਰਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਧਰਮ ਅਤੇ ਸਰਕਾਰ ਦੇ ਇਸ ਅਪਵਿੱਤਰ ਮੇਲ-ਜੋਲ ਨੇ ਉਸ ਪਵਿੱਤਰ ਧਰਮ ਨੂੰ ਗ਼ਲਤ ਪੇਸ਼ ਕੀਤਾ ਹੈ ਜੋ ਯਿਸੂ ਨੇ ਸਿਖਾਇਆ ਸੀ। ਉਮੀਦ ਹੈ ਕਿ ਅਸੀਂ ਇਤਿਹਾਸ ਤੋਂ ਸਬਕ ਸਿੱਖ ਕੇ “ਜਗਤ ਦੇ ਨਹੀਂ” ਹੋਵਾਂਗੇ।

[ਫੁਟਨੋਟ]

^ ਪੈਰਾ 21 ਇਸ ਨਵੀਂ ਸਿੱਖਿਆ ਅਨੁਸਾਰ ਭਾਵੇਂ ਮਸੀਹ ਰੱਬ ਅਤੇ ਇਨਸਾਨ ਵੀ ਸੀ, ਉਸ ਦੀ ਇੱਕੋ ਇੱਛਾ ਸੀ।

[ਸਫ਼ੇ 10 ਉੱਤੇ ਡੱਬੀ/ਤਸਵੀਰ]

“ਅਕਾਸ਼ ਵਿਚ ਚੱਲਦੇ-ਫਿਰਦੇ ਦੇਵਤੇ ਵਰਗਾ”

ਮੁੱਖ ਬਿਸ਼ਪ ਮਾਈਕਲ ਸਰਿਲਈਅਸ (ਲਗਭਗ 1000-1059) ਦੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਚਰਚ ਦਾ ਸਿਰ ਸਰਕਾਰ ਦੇ ਮਾਮਲਿਆਂ ਵਿਚ ਕਿਹੋ ਜਿਹਾ ਹਿੱਸਾ ਲੈਂਦਾ ਸੀ ਅਤੇ ਉਸ ਦੀ ਕਿਹੋ ਜਿਹੀ ਅਭਿਲਾਸ਼ਾ ਸੀ। ਮੁੱਖ ਬਿਸ਼ਪ ਬਣਨ ਤੋਂ ਬਾਅਦ ਸਰਿਲਈਅਸ ਹੋਰ ਅੱਗੇ ਵਧਣਾ ਚਾਹੁੰਦਾ ਸੀ। ਉਸ ਬਾਰੇ ਕਿਹਾ ਗਿਆ ਹੈ ਕਿ ਉਹ ਘਮੰਡੀ, ਗੁਸਤਾਖ਼, ਅਤੇ ਜ਼ਿੱਦੀ ਸੀ ਅਤੇ ਕਿ ਉਹ “ਆਪਣੇ ਤੌਰ-ਤਰੀਕੇ ਵਿਚ ਅਕਾਸ਼ ਵਿਚ ਚੱਲਦੇ-ਫਿਰਦੇ ਦੇਵਤੇ ਵਰਗਾ ਲੱਗਦਾ ਸੀ।”

ਅੱਗੇ ਵਧਣ ਦੀ ਇੱਛਾ ਨਾਲ ਸਰਿਲਈਅਸ ਨੇ 1054 ਵਿਚ ਰੋਮ ਦੇ ਪੋਪ ਤੋਂ ਜੁਦੇ ਹੋਣ ਨੂੰ ਉਕਸਾਇਆ ਅਤੇ ਸ਼ਹਿਨਸ਼ਾਹ ਨੂੰ ਇਹ ਫੁੱਟ ਕਬੂਲ ਕਰਨ ਲਈ ਮਜਬੂਰ ਕੀਤਾ। ਆਪਣੀ ਜਿੱਤ ਨਾਲ ਖ਼ੁਸ਼ ਹੋ ਕੇ ਸਰਿਲਈਅਸ ਨੇ ਮਾਈਕਲ ਛੇਵੇਂ ਨੂੰ ਰਾਜ-ਗੱਦੀ ਉੱਤੇ ਬਿਠਾਉਣ ਦਾ ਇੰਤਜ਼ਾਮ ਕੀਤਾ ਅਤੇ ਉਸ ਦੀ ਰਾਜ-ਸੱਤਾ ਕਾਇਮ ਕਰਵਾਈ। ਇਕ ਸਾਲ ਬਾਅਦ ਸਰਿਲਈਅਸ ਨੇ ਇਸ ਸ਼ਹਿਨਸ਼ਾਹ ਨੂੰ ਰਾਜ-ਗੱਦੀ ਛੱਡਣ ਲਈ ਮਜਬੂਰ ਕੀਤਾ ਅਤੇ ਆਈਸਕ ਕੇਮਨੀਅਸ (ਲਗਭਗ 1005-1061) ਨੂੰ ਉਸ ਤੇ ਬਿਠਾਇਆ।

ਚਰਚ ਅਤੇ ਸਾਮਰਾਜ ਦੀ ਇਹ ਲੜਾਈ ਵਧਦੀ ਗਈ। ਸਰਿਲਈਅਸ ਨੂੰ ਲੋਕਾਂ ਦੇ ਸਹਾਰੇ ਦਾ ਭਰੋਸਾ ਸੀ ਅਤੇ ਇਸ ਲਈ ਉਸ ਨੇ ਧਮਕੀਆਂ ਦਿੱਤੀਆਂ, ਰੋਹਬ ਪਾਇਆ, ਅਤੇ ਹਿੰਸਾ ਵਰਤੀ। ਉਸ ਜ਼ਮਾਨੇ ਦੇ ਇਕ ਇਤਿਹਾਸਕਾਰ ਨੇ ਕਿਹਾ: “ਉਸ ਨੇ ਬੁਰਾ-ਭਲਾ ਕਹਿ ਕੇ ਸ਼ਹਿਨਸ਼ਾਹ ਦੇ ਪਤਨ ਦੀ ਭਵਿੱਖਬਾਣੀ ਕੀਤੀ ਕਿ ‘ਹੇ ਮੂਰਖਾ, ਮੈਂ ਹੀ ਤੈਨੂੰ ਉੱਚਾ ਕੀਤਾ ਸੀ, ਪਰ ਮੈਂ ਹੀ ਤੈਨੂੰ ਤਬਾਹ ਕਰਾਂਗਾ।’” ਪਰ ਆਈਸਕ ਕੇਮਨੀਅਸ ਨੇ ਉਸ ਨੂੰ ਗਿਰਫ਼ਤਾਰ ਅਤੇ ਕੈਦ ਕਰ ਕੇ ਈਮਬ੍ਰੋਸ ਟਾਪੂ ਉੱਤੇ ਭੇਜ ਦਿੱਤਾ।

ਅਜਿਹੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਕਾਂਸਟੈਂਟੀਨੋਪਲ ਦਾ ਮੁੱਖ ਬਿਸ਼ਪ ਕਿੰਨੇ ਪੁਆੜੇ ਪਾ ਸਕਦਾ ਸੀ ਅਤੇ ਉਹ ਕਿੰਨੀ ਦਲੇਰੀ ਨਾਲ ਸ਼ਹਿਨਸ਼ਾਹ ਦੇ ਵਿਰੁੱਧ ਜਾ ਸਕਦਾ ਸੀ। ਸ਼ਹਿਨਸ਼ਾਹ ਨੂੰ ਅਜਿਹੇ ਬੰਦਿਆਂ ਨਾਲ ਪੇਸ਼ ਆਉਣਾ ਪੈਂਦਾ ਸੀ ਜੋ ਹੁਨਰੀ ਨੇਤਾ ਸਨ ਅਤੇ ਸਰਕਾਰ ਅਤੇ ਸੈਨਾ ਦਾ ਵਿਰੋਧ ਕਰ ਸਕਦੇ ਸਨ।

[ਸਫ਼ਾ 9 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਬਿਜ਼ੰਤੀਨੀ ਸਾਮਰਾਜ ਦੀ ਪੂਰੀ ਹੱਦ

ਕਾਂਸਟੈਂਟੀਨੋਪਲ

ਰੋਮ

ਐਲੇਕਜ਼ਾਨਡ੍ਰਿਆ

ਰਵੈਨਾ

ਭੂ-ਮੱਧ ਸਾਗਰ

ਨਾਈਸੀਆ

ਅਫ਼ਸੁਸ

ਅੰਤਾਕਿਯਾ

ਯਰੂਸ਼ਲਮ

ਮਕਦੂਨਿਯਾ

ਕਾਲਾ ਸਾਗਰ

[ਕ੍ਰੈਡਿਟ ਲਾਈਨ]

Map: Mountain High Maps® Copyright © 1997 Digital Wisdom, Inc.

[ਸਫ਼ੇ 10, 11 ਉੱਤੇ ਤਸਵੀਰਾਂ]

ਕੇਮਨੀਅਸ

ਰੋਮੇਨਸ ਤੀਜਾ (ਖੱਬੇ ਪਾਸੇ)

ਮਾਈਕਲ ਚੌਥਾ

ਮਹਾਰਾਣੀ ਜ਼ੋਈ

ਰੋਮੇਨਸ ਪਹਿਲਾ (ਖੱਬੇ ਪਾਸੇ)

[ਕ੍ਰੈਡਿਟ ਲਾਈਨਾਂ]

ਕੇਮਨੀਅਸ, ਰੋਮੇਨਸ ਤੀਜਾ, ਅਤੇ ਮਾਈਕਲ ਚੌਥਾ: Courtesy Classical Numismatic Group, Inc.; ਮਹਾਰਾਣੀ ਜ਼ੋਈ: Hagia Sophia; ਰੋਮੇਨਸ ਪਹਿਲਾ: Photo courtesy Harlan J. Berk, Ltd.

[ਸਫ਼ੇ 12 ਉੱਤੇ ਤਸਵੀਰ]

ਫੌਸ਼ੀਅਸ

[ਸਫ਼ੇ 12 ਉੱਤੇ ਤਸਵੀਰ]

ਹਿਰਾਕਲੀਅਸ ਅਤੇ ਉਸ ਦਾ ਪੁੱਤਰ

[ਕ੍ਰੈਡਿਟ ਲਾਈਨਾਂ]

ਹਿਰਾਕਲੀਅਸ ਅਤੇ ਉਸ ਦਾ ਪੁੱਤਰ: Photo courtesy Harlan J. Berk, Ltd.; all design elements, pages 8-12: From the book L’Art Byzantin III Ravenne Et Pompose