Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇਬਰਾਨੀਆਂ 12:4 ਵਿਚ ਇਸ ਗੱਲ ਦਾ ਕੀ ਮਤਲਬ ਹੈ: ‘ਤੁਸਾਂ ਅਜੇ ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਨਹੀਂ ਕੀਤਾ’?

“ਲਹੂ ਦੇ ਵਹਾਏ ਜਾਣ ਤੀਕੁਰ” ਦਾ ਮਤਲਬ ਹੈ ਕਿ ਮੌਤ ਦੀ ਹੱਦ ਤਕ ਸਬਰ ਕਰਨਾ।

ਪੌਲੁਸ ਰਸੂਲ ਜਾਣਦਾ ਸੀ ਕਿ ਆਪਣੀ ਨਿਹਚਾ ਕਰਕੇ ਕੁਝ ਇਬਰਾਨੀ ਮਸੀਹੀਆਂ ਨੇ ਪਹਿਲਾਂ ਹੀ “ਦੁਖਾਂ ਦੇ ਵੱਡੇ ਘੋਲਮਘੋਲੇ ਨੂੰ ਸਹਿ ਲਿਆ” ਸੀ। (ਇਬਰਾਨੀਆਂ 10:32, 33) ਇਹ ਗੱਲ ਕਰਦੇ ਹੋਏ ਪੌਲੁਸ ਯੂਨਾਨੀ ਖੇਡਾਂ ਦੇ ਮੁਕਾਬਲਿਆਂ ਦੀ ਉਦਾਹਰਣ ਇਸਤੇਮਾਲ ਕਰ ਰਿਹਾ ਸੀ, ਜਿਸ ਵਿਚ ਦੌੜਨਾ, ਘੋਲ-ਕੁਸ਼ਤੀ, ਮੁੱਕੇਬਾਜ਼ੀ, ਚੱਕਾ ਯਾਨੀ ਡਿਸਕਸ ਅਤੇ ਬਰਛੀ ਸੁੱਟਣੇ ਸ਼ਾਮਲ ਸਨ। ਇਸੇ ਲਈ ਉਸ ਨੇ ਇਬਰਾਨੀਆਂ 12:1 ਵਿਚ ਆਪਣੇ ਸੰਗੀ ਮਸੀਹੀਆਂ ਨੂੰ ਲਿਖਿਆ: “ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”

ਤਿੰਨ ਆਇਤਾਂ ਬਾਅਦ ਇਬਰਾਨੀਆਂ 12:4 ਵਿਚ ਪੌਲੁਸ ਨੇ ਦੌੜ ਦੀ ਉਦਾਹਰਣ ਛੱਡ ਕੇ ਹੂਰਾਂ ਯਾਨੀ ਮੁਕਿਆਂ ਨਾਲ ਲੜਨ ਦੀ ਗੱਲ ਸ਼ੁਰੂ ਕੀਤੀ। (1 ਕੁਰਿੰਥੀਆਂ 9:26 ਵਿਚ ਇਨ੍ਹਾਂ ਦੋਨਾਂ ਉਦਾਹਰਣਾਂ ਦੀ ਗੱਲ ਕੀਤੀ ਗਈ ਹੈ।) ਪੁਰਾਣੇ ਜ਼ਮਾਨੇ ਦੇ ਮੁੱਕੇਬਾਜ਼ਾਂ ਦੇ ਹੱਥ ਚਮੜੇ ਦੀਆਂ ਪੱਟੀਆਂ ਨਾਲ ਬੰਨ੍ਹੇ ਹੁੰਦੇ ਸਨ। ਇਨ੍ਹਾਂ ਪੱਟੀਆਂ ਉੱਤੇ ਸ਼ਾਇਦ ‘ਵੱਖ-ਵੱਖ ਕਿਸਮ ਦੇ ਲੋਹੇ ਦੇ ਕਿੱਲ ਅਤੇ ਕੋਕੇ ਲਾਏ ਜਾਂਦੇ ਸਨ ਜਿਨ੍ਹਾਂ ਨਾਲ ਲੜਨ ਵਾਲੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਸਨ।’ ਇਨ੍ਹਾਂ ਮੁਕਾਬਲਿਆਂ ਵਿਚ ਬਹੁਤ ਸਾਰਾ ਲਹੂ ਵਹਿ ਜਾਂਦਾ ਸੀ ਅਤੇ ਕਦੇ-ਕਦੇ ਮੌਤ ਵੀ ਹੋ ਜਾਂਦੀ ਸੀ।

ਜੋ ਵੀ ਹਾਲਤ ਹੋਵੇ ਇਬਰਾਨੀ ਮਸੀਹੀਆਂ ਕੋਲ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਕਾਫ਼ੀ ਮਿਸਾਲਾਂ ਸਨ ਜਿਨ੍ਹਾਂ ਨੇ “ਲਹੂ ਦੇ ਵਹਾਏ ਜਾਣ ਤੀਕੁਰ” ਯਾਨੀ ਮੌਤ ਦੀ ਹੱਦ ਤਕ ਸਿਤਮ ਅਤੇ ਸਖ਼ਤ ਮਾਰ-ਧਾੜ ਸਹੀ ਸੀ। ਪੌਲੁਸ ਦੇ ਸ਼ਬਦਾਂ ਨੂੰ ਗੌਰ ਨਾਲ ਪੜ੍ਹੋ ਜਿੱਥੇ ਉਸ ਨੇ ਲਿਖਿਆ ਸੀ ਕਿ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਬੰਦਿਆਂ ਨੇ ਕੀ-ਕੀ ਸਹਿਆ ਸੀ:

“ਓਹ ਪਥਰਾਉ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ।” ਫਿਰ ਪੌਲੁਸ ਨੇ ਨਿਹਚਾ ਦੇ ਕਰਤਾ, ਯਿਸੂ ਵੱਲ ਧਿਆਨ ਖਿੱਚਦੇ ਹੋਏ ਕਿਹਾ: ‘ਉਸ ਨੇ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।’—ਇਬਰਾਨੀਆਂ 11:37; 12:2.

ਜੀ ਹਾਂ, ਕਈਆਂ ਨੇ ‘ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਕੀਤਾ’ ਸੀ ਯਾਨੀ ਮਰਦੇ ਦਮ ਤਕ ਦੁਖ ਝੱਲੇ ਸਨ। ਉਨ੍ਹਾਂ ਦੀ ਇਹ ਲੜਾਈ ਨਿਹਚਾ ਦੀ ਕਮੀ ਦਾ ਕੋਈ ਅੰਦਰੂਨੀ ਸੰਘਰਸ਼ ਨਹੀਂ ਸੀ। ਉਹ ਦੂਸਰਿਆਂ ਦੇ ਹੱਥੋਂ ਸਖ਼ਤ ਮਾਰ-ਧਾੜ ਦੇ ਸਾਮ੍ਹਣੇ ਮੌਤ ਤਕ ਵਫ਼ਾਦਾਰ ਰਹੇ ਸਨ।

ਜੋ ਭੈਣ-ਭਰਾ ਯਰੂਸ਼ਲਮ ਦੀ ਕਲੀਸਿਯਾ ਵਿਚ ਡਾਢੇ ਅਤਿਆਚਾਰ ਦੇ ਘਟਣ ਤੋਂ ਬਾਅਦ ਆਏ ਸਨ ਉਨ੍ਹਾਂ ਨੇ ਸ਼ਾਇਦ ਅਜਿਹੀਆਂ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਨਾ ਕੀਤਾ ਹੋਵੇ। (ਰਸੂਲਾਂ ਦੇ ਕਰਤੱਬ 7:54-60; 12:1, 2; ਇਬਰਾਨੀਆਂ 13:7) ਪਰ ਘੱਟ ਸਖ਼ਤੀ ਦੀਆਂ ਅਜ਼ਮਾਇਸ਼ਾਂ ਸਾਮ੍ਹਣੇ ਵੀ ਉਨ੍ਹਾਂ ਵਿੱਚੋਂ ਕੁਝ ‘ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ” ਰਹੇ ਸਨ ਅਤੇ ਮੁਕਾਬਲੇ ਵਿਚ ਹਾਰ ਮੰਨ ਰਹੇ ਸਨ। (ਇਬਰਾਨੀਆਂ 12:3) ਉਨ੍ਹਾਂ ਨੂੰ ਸਿਆਣਪੁਣੇ ਦੀ ਵੱਲ ਅਗਾਹਾਂ ਵਧਣ ਦੀ ਲੋੜ ਸੀ। ਇਸ ਤਰ੍ਹਾਂ ਉਹ ਹਰ ਤਕਲੀਫ਼ ਸਹਿਣ ਲਈ ਤਿਆਰ ਹੋ ਸਕਦੇ ਸਨ, ਭਾਵੇਂ ਉਸ ਵਿਚ ਜਾਨ ਲੈਣ ਵਾਲੀ ਮਾਰ-ਧਾੜ ਕਿਉਂ ਨਾ ਹੋਵੇ।—ਇਬਰਾਨੀਆਂ 6:1; 12:7-11.

ਆਧੁਨਿਕ ਸਮੇਂ ਵਿਚ ਬਹੁਤ ਸਾਰੇ ਮਸੀਹੀਆਂ ਨੇ ‘ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਕੀਤਾ’ ਹੈ, ਅਤੇ ਉਹ ਆਪਣੀ ਮਸੀਹੀਅਤ ਦਾ ਸਮਝੌਤਾ ਨਾ ਕਰਨ ਕਰਕੇ ਸ਼ਹੀਦ ਕੀਤੇ ਗਏ ਹਨ। ਇਬਰਾਨੀਆਂ 12:4 ਵਿਚ ਪੌਲੁਸ ਦੀ ਗੱਲ ਦੇ ਕਾਰਨ ਡਰਨ ਦੀ ਬਜਾਇ ਸਾਨੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਬਾਰੇ ਦ੍ਰਿੜ੍ਹ ਹੋਣਾ ਚਾਹੀਦਾ ਹੈ ਭਾਵੇਂ ਸਾਨੂੰ ਆਪਣੀ ਜਾਨ ਕੁਰਬਾਨ ਕਰਨੀ ਪਵੇ। ਉਸੇ ਚਿੱਠੀ ਵਿਚ ਪੌਲੁਸ ਨੇ ਬਾਅਦ ਵਿਚ ਇਬਰਾਨੀਆਂ ਨੂੰ ਲਿਖਿਆ: “ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇਂ।”—ਇਬਰਾਨੀਆਂ 12:28.