Skip to content

Skip to table of contents

ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ

ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ

ਜੀਵਨੀ

ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ

ਮੈਲਬਾ ਬੈਰੀ ਦੀ ਜ਼ਬਾਨੀ

ਜਿਵੇਂ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਦੇ 57 ਸਾਲਾਂ ਦੌਰਾਨ ਅਣਗਿਣਤ ਵਾਰ ਇਕੱਠੇ ਗਏ ਸਾਂ ਉਵੇਂ ਹੀ ਇਸ ਵਾਰ ਵੀ ਮੈਂ ਤੇ ਮੇਰੇ ਪਤੀ 2 ਜੁਲਾਈ 1999 ਨੂੰ ਹਵਾਈ ਵਿਖੇ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਇਕੱਠੇ ਹੀ ਗਏ। ਲੋਇਡ, ਸ਼ੁੱਕਰਵਾਰ ਨੂੰ ਸੰਮੇਲਨ ਵਿਚ ਆਪਣਾ ਆਖ਼ਰੀ ਭਾਸ਼ਣ ਦੇ ਰਹੇ ਸਨ ਕਿ ਅਚਾਨਕ ਉਹ ਡਿੱਗ ਪਏ। ਉਨ੍ਹਾਂ ਨੂੰ ਹੋਸ਼ ਵਿਚ ਲਿਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਗੁਜ਼ਰ ਗਏ। *

ਹਵਾਈ ਦੇ ਉਨ੍ਹਾਂ ਭੈਣ-ਭਰਾਵਾਂ ਦੀ ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਹਾਦਸੇ ਦਾ ਦੁੱਖ ਸਹਿਣ ਵਿਚ ਮੇਰੀ ਮਦਦ ਕੀਤੀ! ਲੋਇਡ ਨੇ ਉਨ੍ਹਾਂ ਵਿੱਚੋਂ ਕਈਆਂ ਦੀ ਜ਼ਿੰਦਗੀ ਨੂੰ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਕਈ ਭੈਣ-ਭਰਾਵਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਸੀ।

ਉਨ੍ਹਾਂ ਨੂੰ ਗੁਜ਼ਰੇ ਹੋਏ ਤਕਰੀਬਨ ਦੋ ਸਾਲ ਹੋ ਚਲੇ ਹਨ। ਇਸ ਦੌਰਾਨ ਮੈਂ ਉਨ੍ਹਾਂ ਨਾਲ ਬਿਤਾਏ ਅਨਮੋਲ ਸਾਲਾਂ ਨੂੰ ਵਾਰ-ਵਾਰ ਯਾਦ ਕਰਦੀ ਹਾਂ। ਅਸੀਂ ਦੇਸ਼ਾਂ-ਵਿਦੇਸ਼ਾਂ ਵਿਚ ਜਾਣ ਤੋਂ ਇਲਾਵਾ, ਕਈ ਸਾਲ ਬਰੁਕਲਿਨ, ਨਿਊਯਾਰਕ ਵਿਖੇ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੇਵਾ ਕਰਦੇ ਹੋਏ ਗੁਜ਼ਾਰੇ ਸਨ। ਮੈਨੂੰ ਉਹ ਵੀ ਦਿਨ ਚੇਤੇ ਹਨ ਜੋ ਮੈਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਵਿਆਹ ਤੋਂ ਪਹਿਲਾਂ ਬਿਤਾਏ ਸਨ। ਨਾਲੇ ਮੈਨੂੰ ਉਹ ਮੁਸ਼ਕਲਾਂ ਭਰੇ ਹਾਲਾਤ ਵੀ ਚੇਤੇ ਹਨ ਜਿਨ੍ਹਾਂ ਦਾ ਮੈਨੂੰ ਤੇ ਲੋਇਡ ਨੂੰ ਵਿਆਹ ਕਰਾਉਣ ਵੇਲੇ ਸਾਮ੍ਹਣਾ ਕਰਨਾ ਪਿਆ ਸੀ। ਉਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਆਓ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਂ ਯਹੋਵਾਹ ਦੀ ਗਵਾਹ ਕਿਵੇਂ ਬਣੀ ਤੇ 1939 ਵਿਚ ਮੈਂ ਲੋਇਡ ਨੂੰ ਕਿਵੇਂ ਮਿਲੀ।

ਮੈਂ ਕਿਵੇਂ ਇਕ ਗਵਾਹ ਬਣੀ

ਮੇਰੇ ਮਾਪੇ ਜੇਮਜ਼ ਤੇ ਹੈੱਨਰੀਏਟਾ ਜੋਨਜ਼ ਮੈਨੂੰ ਬਹੁਤ ਹੀ ਪਿਆਰ ਕਰਦੇ ਸਨ ਅਤੇ ਮੇਰੀ ਬੜੀ ਦੇਖ-ਭਾਲ ਕਰਦੇ ਸਨ। ਮੈਂ ਉਦੋਂ ਸਿਰਫ਼ 14 ਸਾਲਾਂ ਦੀ ਸਾਂ ਜਦੋਂ ਮੈਂ 1932 ਵਿਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਉਸ ਵੇਲੇ ਦੁਨੀਆਂ ਵਿਚ ਮਹਾਂ-ਮੰਦੀ ਦੇ ਕਾਲੇ ਬੱਦਲ ਛਾਏ ਹੋਏ ਸਨ। ਮੇਰੇ ਤੋਂ ਛੋਟੀਆਂ ਹੋਰ ਵੀ ਦੋ ਭੈਣਾਂ ਸਨ। ਸੋ ਪਰਿਵਾਰ ਦੀ ਮਦਦ ਕਰਨ ਲਈ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਸਾਲਾਂ ਬਾਅਦ ਮੈਨੂੰ ਇਕ ਦਫ਼ਤਰ ਵਿਚ ਚੰਗੀ ਤਨਖ਼ਾਹ ਵਾਲੀ ਨੌਕਰੀ ਮਿਲ ਗਈ ਜਿੱਥੇ ਮੇਰੇ ਥੱਲੇ ਕਈ ਕੁੜੀਆਂ ਕੰਮ ਕਰਦੀਆਂ ਸਨ।

ਇਸੇ ਦੌਰਾਨ 1935 ਵਿਚ ਮੰਮੀ ਜੀ ਨੂੰ ਯਹੋਵਾਹ ਦੇ ਇਕ ਗਵਾਹ ਕੋਲੋਂ ਸਾਹਿੱਤ ਮਿਲਿਆ ਅਤੇ ਛੇਤੀ ਹੀ ਉਹ ਇਸ ਗੱਲ ਤੋਂ ਕਾਇਲ ਹੋ ਗਈ ਕਿ ਉਨ੍ਹਾਂ ਨੂੰ ਸੱਚਾਈ ਲੱਭ ਗਈ ਹੈ। ਅਸੀਂ ਸਾਰਿਆਂ ਨੇ ਸੋਚਿਆ ਕਿ ਉਹ ਪਾਗਲ ਹੋ ਗਈ ਹੈ। ਇਕ ਦਿਨ ਮੇਰੀ ਨਜ਼ਰ, ਮਰੇ ਹੋਏ ਕਿੱਥੇ ਹਨ? ਨਾਮਕ ਪੁਸਤਿਕਾ ਤੇ ਪਈ ਜਿਸ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਸੋ ਮੈਂ ਲੁਕ-ਛਿੱਪ ਕੇ ਪੁਸਤਿਕਾ ਪੜ੍ਹੀ। ਇਹੀ ਮੇਰੀ ਜ਼ਿੰਦਗੀ ਦਾ ਅਹਿਮ ਮੋੜ ਸੀ। ਬਸ ਫਿਰ ਕੀ ਸੀ ਮੈਂ ਮੰਮੀ ਜੀ ਨਾਲ ਆਦਰਸ਼ ਅਧਿਐਨ ਨਾਮਕ ਸਭਾ ਵਿਚ ਜਾਣਾ ਸ਼ੁਰੂ ਕਰ ਦਿੱਤਾ। ਆਦਰਸ਼ ਅਧਿਐਨ (ਅੰਗ੍ਰੇਜ਼ੀ) ਨਾਂ ਦੀਆਂ ਦਰਅਸਲ ਤਿੰਨ ਪੁਸਤਿਕਾਵਾਂ ਸਨ ਜਿਨ੍ਹਾਂ ਵਿਚ ਸਵਾਲਾਂ-ਜਵਾਬਾਂ ਦੇ ਨਾਲ-ਨਾਲ ਜਵਾਬਾਂ ਦੀ ਪੁਸ਼ਟੀ ਲਈ ਆਇਤਾਂ ਵੀ ਦਿੱਤੀਆਂ ਹੁੰਦੀਆਂ ਸਨ।

ਉਸ ਵੇਲੇ ਅਪ੍ਰੈਲ 1938 ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਸ਼ਾਖ਼ਾ ਦਫ਼ਤਰ ਤੋਂ ਜੋਸਫ਼ ਐੱਫ਼. ਰਦਰਫ਼ਰਡ ਪ੍ਰਤਿਨਿਧੀ ਵਜੋਂ ਸਿਡਨੀ ਸ਼ਹਿਰ ਆਏ। ਮੈਂ ਪਹਿਲੀ ਵਾਰ ਉਨ੍ਹਾਂ ਦਾ ਹੀ ਜਨਤਕ ਭਾਸ਼ਣ ਸੁਣਿਆ ਸੀ। ਦਰਅਸਲ ਇਹ ਭਾਸ਼ਣ ਸਿਡਨੀ ਟਾਊਨ ਹਾਲ ਵਿਖੇ ਹੋਣਾ ਸੀ, ਪਰ ਵਿਰੋਧੀਆਂ ਦੀਆਂ ਚਾਲਾਂ ਕਰਕੇ ਇਹ ਹਾਲ ਸਾਨੂੰ ਨਾ ਮਿਲ ਸਕਿਆ। ਪਰ, ਇਹ ਭਾਸ਼ਣ ਇਸ ਤੋਂ ਵੀ ਵੱਡੇ ਸਿਡਨੀ ਸਪੋਰਟਸ ਗਰਾਊਂਡ ਵਿਚ ਦਿੱਤਾ ਗਿਆ। ਹਾਲਾਂਕਿ ਉਸ ਸਮੇਂ ਆਸਟ੍ਰੇਲੀਆ ਵਿਚ ਸਿਰਫ਼ 1300 ਗਵਾਹ ਸਨ, ਪਰ ਵਿਰੋਧੀਆਂ ਕਰਕੇ ਲੋਕਾਂ ਨੂੰ ਸਾਡੇ ਬਾਰੇ ਹੋਰ ਪਤਾ ਲੱਗ ਗਿਆ ਸੀ। ਇਸ ਲਈ, ਸੰਮੇਲਨ ਵਿਚ ਕੁਝ 10,000 ਲੋਕ ਉੱਥੇ ਆਏ ਤੇ ਇਹ ਗਿਣਤੀ ਵਾਕਈ ਹੈਰਾਨ ਕਰ ਦੇਣ ਵਾਲੀ ਸੀ।

ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਮੈਂ ਬਿਨਾਂ ਕੋਈ ਸਿਖਲਾਈ ਲਏ ਪਹਿਲੀ ਵਾਰ ਪ੍ਰਚਾਰ ਵਿਚ ਹਿੱਸਾ ਲਿਆ। ਜਦੋਂ ਸਾਡਾ ਗਰੁੱਪ ਪ੍ਰਚਾਰ ਵਾਲੇ ਇਲਾਕੇ ਵਿਚ ਪਹੁੰਚਿਆ, ਤਾਂ ਅਗਵਾਈ ਲੈਣ ਵਾਲੇ ਭਰਾ ਨੇ ਮੈਨੂੰ ਕਿਹਾ, “ਉਸ ਘਰ ਵਿਚ ਤੂੰ ਪ੍ਰਚਾਰ ਕਰਨਾ ਹੈ।” ਮੈਂ ਐਨੀ ਘਬਰਾਈ ਹੋਈ ਸੀ ਕਿ ਜਦੋਂ ਤੀਵੀਂ ਦਰਵਾਜ਼ੇ ਤੇ ਆਈ, ਤਾਂ ਮੈਂ ਉਸ ਨੂੰ ਸਿਰਫ਼ ਇੰਨਾ ਹੀ ਪੁੱਛਿਆ: “ਕਿਰਪਾ ਕਰਕੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨੇ ਵਜੇ ਹਨ?” ਉਸ ਨੇ ਅੰਦਰ ਜਾ ਕੇ ਸਮਾਂ ਦੇਖਿਆ ਤੇ ਵਾਪਸ ਆ ਕੇ ਮੈਨੂੰ ਦੱਸਿਆ। ਬਸ ਐਨੇ ਵਿਚ ਹੀ ਗੱਲਬਾਤ ਖ਼ਤਮ ਹੋ ਗਈ ਤੇ ਮੈਂ ਚੁੱਪਚਾਪ ਆ ਕੇ ਕਾਰ ਵਿਚ ਵਾਪਸ ਬੈਠ ਗਈ।

ਪਰ ਮੈਂ ਹਿੰਮਤ ਨਾ ਹਾਰੀ ਅਤੇ ਛੇਤੀ ਹੀ ਲੋਕਾਂ ਨੂੰ ਲਗਾਤਾਰ ਰਾਜ ਸੰਦੇਸ਼ ਦੱਸਣ ਲੱਗ ਪਈ। (ਮੱਤੀ 24:14) ਮਾਰਚ 1939 ਵਿਚ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਤੇ ਮੇਰਾ ਬਪਤਿਸਮਾ ਸਾਡੀ ਗੁਆਂਢਣ ਡੋਰਥੀ ਦੇ ਘਰ ਨਹਾਉਣ ਵਾਲੇ ਟੱਬ ਵਿਚ ਹੋਇਆ। ਕਿਉਂਕਿ ਕਲੀਸਿਯਾ ਵਿਚ ਕੋਈ ਭਰਾ ਨਹੀਂ ਸੀ ਇਸ ਕਰਕੇ ਮੇਰੇ ਬਪਤਿਸਮੇ ਤੋਂ ਛੇਤੀ ਹੀ ਬਾਅਦ ਮੈਨੂੰ ਕਲੀਸਿਯਾ ਦੀਆਂ ਉਹ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਜੋ ਅਕਸਰ ਭਰਾਵਾਂ ਨੂੰ ਦਿੱਤੀਆਂ ਜਾਂਦੀਆਂ ਸਨ।

ਸਭਾਵਾਂ ਨਿੱਜੀ ਘਰਾਂ ਵਿਚ ਹੁੰਦੀਆਂ ਸਨ, ਪਰ ਕਦੇ-ਕਦੇ ਜਨਤਕ ਭਾਸ਼ਣਾਂ ਦੇ ਲਈ ਅਸੀਂ ਇਕ ਹਾਲ ਕਿਰਾਏ ਤੇ ਲੈਂਦੇ ਸਾਂ। ਇਕ ਵਾਰ ਬੈਥਲ ਤੋਂ ਇਕ ਸੋਹਣਾ-ਸੁਨੱਖਾ ਨੌਜਵਾਨ ਭਰਾ ਸਾਡੀ ਛੋਟੀ ਜਿਹੀ ਕਲੀਸਿਯਾ ਵਿਚ ਭਾਸ਼ਣ ਦੇਣ ਆਇਆ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਦੇ ਆਉਣ ਦਾ ਕੋਈ ਹੋਰ ਵੀ ਕਾਰਨ ਸੀ, ਅਸਲ ਵਿਚ ਉਹ ਮੈਨੂੰ ਦੇਖਣ ਤੇ ਮੇਰੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਆਇਆ ਸੀ। ਜੀ ਹਾਂ, ਇੱਥੇ ਹੀ ਮੇਰੀ ਪਹਿਲੀ ਮੁਲਾਕਾਤ ਲੋਇਡ ਨਾਲ ਹੋਈ।

ਲੋਇਡ ਦੇ ਪਰਿਵਾਰ ਨੂੰ ਮਿਲਣਾ

ਮੈਨੂੰ ਪਹਿਲਾਂ ਹੀ ਬੜਾ ਚਾਅ ਸੀ ਕਿ ਮੈਂ ਯਹੋਵਾਹ ਦੀ ਪੂਰਣ-ਕਾਲੀ ਸੇਵਾ ਕਰਾਂ। ਇਸ ਲਈ, ਜਦੋਂ ਮੈਂ ਪਾਇਨੀਅਰ (ਪੂਰਣ ਕਾਲੀ ਸੇਵਾ) ਬਣਨ ਦੀ ਅਰਜ਼ੀ ਭੇਜੀ, ਤਾਂ ਮੈਨੂੰ ਪੁੱਛਿਆ ਗਿਆ ਕਿ ਕੀ ਮੈਂ ਬੈਥਲ ਵਿਚ ਸੇਵਾ ਕਰਨੀ ਪਸੰਦ ਕਰਾਂਗੀ। ਸੋ ਜਦੋਂ ਸਤੰਬਰ 1939 ਨੂੰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਮੈਂ ਸਿਡਨੀ ਦੇ ਸਟ੍ਰਾਥਫੀਲਡ ਕਸਬੇ ਵਿਖੇ ਬਣੇ ਬੈਥਲ ਪਰਿਵਾਰ ਦੀ ਮੈਂਬਰ ਬਣ ਗਈ।

ਦਸੰਬਰ 1939 ਵਿਚ ਮੈਂ ਨਿਊਜ਼ੀਲੈਂਡ ਵਿਖੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਗਈ। ਲੋਇਡ ਵੀ ਨਿਊਜ਼ੀਲੈਂਡ ਦੇ ਰਹਿਣ ਵਾਲੇ ਸਨ, ਸੋ ਉਹ ਵੀ ਉੱਥੇ ਹੀ ਜਾ ਰਹੇ ਸਨ। ਅਸੀਂ ਇੱਕੋ ਹੀ ਜਹਾਜ਼ ਵਿਚ ਗਏ ਤੇ ਇਸ ਸਫ਼ਰ ਦੌਰਾਨ ਹੀ ਸਾਨੂੰ ਇਕ-ਦੂਏ ਨਾਲ ਜਾਣ-ਪਛਾਣ ਵਧਾਉਣ ਦਾ ਮੌਕਾ ਮਿਲਿਆ। ਵੈਲਿੰਗਟਨ ਵਿਖੇ ਲੋਇਡ ਨੇ ਮੇਰੀ ਮੁਲਾਕਾਤ ਆਪਣੇ ਮੰਮੀ-ਡੈਡੀ ਅਤੇ ਦੋ ਛੋਟੀਆਂ ਭੈਣਾਂ ਨਾਲ ਕਰਾਈ। ਬਾਅਦ ਵਿਚ ਮੈਂ ਕ੍ਰਾਈਸਟਚਰਚ ਵਿਖੇ ਉਨ੍ਹਾਂ ਦੇ ਘਰ ਵੀ ਗਈ।

ਸਾਡੇ ਕੰਮ ਤੇ ਪਾਬੰਦੀ

ਸ਼ਨੀਵਾਰ 18 ਜਨਵਰੀ 1941 ਦਾ ਦਿਨ ਸੀ। ਕੁਝ ਛੇ ਸਰਕਾਰੀ ਅਫ਼ਸਰ ਕਾਲੇ ਰੰਗ ਦੀਆਂ ਕਾਰਾਂ ਵਿਚ ਸਵਾਰ ਹੋ ਕੇ ਸ਼ਾਖ਼ਾ ਦਫ਼ਤਰ ਵਿਚ ਜਾਇਦਾਦ ਜ਼ਬਤ ਕਰਨ ਲਈ ਆਏ। ਕਿਉਂਕਿ ਉਸ ਵੇਲੇ ਮੈਂ ਬੈਥਲ ਦੇ ਮੁੱਖ ਗੇਟ ਕੋਲ ਬਣੇ ਇਕ ਛੋਟੇ ਜਿਹੇ ਗਾਰਡ-ਹਾਊਸ ਵਿਚ ਕੰਮ ਕਰ ਰਹੀ ਸੀ, ਇਸ ਲਈ ਸਾਰਿਆਂ ਨਾਲੋਂ ਪਹਿਲਾਂ ਮੈਂ ਉਨ੍ਹਾਂ ਨੂੰ ਦੇਖਿਆ। ਦਰਅਸਲ ਸਾਨੂੰ ਕੁਝ 18 ਘੰਟੇ ਪਹਿਲਾਂ ਹੀ ਪਾਬੰਦੀ ਲੱਗਣ ਦੀ ਸੂਚਨਾ ਮਿਲ ਗਈ ਸੀ ਜਿਸ ਕਰਕੇ ਅਸੀਂ ਲਗਭਗ ਸਾਰਾ ਸਾਹਿੱਤ ਤੇ ਸਾਰੀਆਂ ਫ਼ਾਈਲਾਂ ਸ਼ਾਖ਼ਾ ਤੋਂ ਹਟਾ ਦਿੱਤੀਆਂ ਸਨ। ਅਗਲੇ ਹਫ਼ਤੇ ਬੈਥਲ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਲੋਇਡ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਮੈਂ ਜਾਣਦੀ ਸਾਂ ਕਿ ਭਰਾਵਾਂ ਨੂੰ ਜੇਲ੍ਹ ਵਿਚ ਸਭ ਤੋਂ ਜ਼ਿਆਦਾ ਅਧਿਆਤਮਿਕ ਖਾਣੇ ਦੀ ਲੋੜ ਹੁੰਦੀ ਸੀ। ਲੋਇਡ ਦੀ ਹੌਸਲਾ-ਅਫ਼ਜ਼ਾਈ ਲਈ ਮੈਂ ਉਸ ਨੂੰ “ਪ੍ਰੇਮ-ਪੱਤਰ” ਲਿਖਣ ਦਾ ਫ਼ੈਸਲਾ ਕੀਤਾ। ਚਿੱਠੀ ਦੇ ਸ਼ੁਰੂ ਵਿਚ ਤਾਂ ਮੈਂ ਪ੍ਰੇਮ-ਪਿਆਰ ਦੀਆਂ ਗੱਲਾਂ ਲਿਖਦੀ, ਪਰ ਬਾਅਦ ਵਿਚ ਸਾਰੇ ਦਾ ਸਾਰਾ ਪਹਿਰਾਬੁਰਜ ਕਾਪੀ ਕਰ ਦਿੰਦੀ ਤੇ ਸਭ ਤੋਂ ਹੇਠਾਂ ਉਸ ਦੀ ਪ੍ਰੇਮਿਕਾ ਵਜੋਂ ਆਪਣੇ ਦਸਤਖਤ ਕਰ ਦਿੰਦੀ ਸੀ। ਸਾਢੇ ਚਾਰ ਮਹੀਨਿਆਂ ਬਾਅਦ ਲੋਇਡ ਰਿਹਾ ਹੋ ਗਏ।

ਵਿਆਹ ਅਤੇ ਪੂਰਣ ਕਾਲੀ ਸੇਵਾ

ਸਾਲ 1940 ਵਿਚ ਲੋਇਡ ਦੀ ਮੰਮੀ ਆਸਟ੍ਰੇਲੀਆ ਆਈ ਤੇ ਲੋਇਡ ਨੇ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਦੋਵੇਂ ਵਿਆਹ ਕਰਾਉਣ ਬਾਰੇ ਸੋਚ ਰਹੇ ਹਾਂ। ਪਰ ਮਾਂ ਨੇ ਉਸ ਨੂੰ ਵਿਆਹ ਨਾ ਕਰਾਉਣ ਦੀ ਸਲਾਹ ਦਿੱਤੀ ਕਿਉਂਕਿ ਉਸ ਸਮੇਂ ਇਸ ਰੀਤੀ-ਵਿਵਸਥਾ ਦਾ ਅੰਤ ਬੜਾ ਨੇੜੇ ਲੱਗਦਾ ਸੀ। (ਮੱਤੀ 24:3-14) ਲੋਇਡ ਨੇ ਆਪਣੇ ਮਿੱਤਰਾਂ ਨੂੰ ਵੀ ਆਪਣਾ ਇਰਾਦਾ ਦੱਸਿਆ, ਪਰ ਉਨ੍ਹਾਂ ਨੇ ਵੀ ਉਸ ਨੂੰ ਵਿਆਹ ਨਾ ਕਰਾਉਣ ਲਈ ਹੀ ਕਿਹਾ। ਆਖ਼ਰਕਾਰ, ਫਰਵਰੀ 1942 ਨੂੰ ਇਕ ਦਿਨ ਲੋਇਡ ਮੈਨੂੰ ਚੁੱਪ-ਚੁਪੀਤੇ ਰਜਿਸਟਰਾਰ ਦੇ ਦਫ਼ਤਰ ਲੈ ਗਏ। ਚਾਰ ਗਵਾਹ ਵੀ ਸਾਡੇ ਨਾਲ ਗਏ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਗੇ। ਇੰਜ ਚੁੱਪ-ਚਪੀਤੇ ਸਾਡਾ ਵਿਆਹ ਹੋ ਗਿਆ। ਉਸ ਵੇਲੇ ਆਸਟ੍ਰੇਲੀਆ ਵਿਚ, ਯਹੋਵਾਹ ਦੇ ਗਵਾਹਾਂ ਵਿਚ ਸਰਕਾਰ ਵੱਲੋਂ ਕਾਨੂੰਨੀ ਤੌਰ ਤੇ ਵਿਆਹ ਰਜਿਸਟਰ ਕਰਨ ਵਾਲਾ ਕੋਈ ਸੇਵਕ ਨਹੀਂ ਸੀ।

ਵਿਆਹੇ ਹੋਏ ਜੋੜਿਆਂ ਨੂੰ ਬੈਥਲ ਸੇਵਾ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਸਾਨੂੰ ਪੁੱਛਿਆ ਗਿਆ ਕਿ ਕੀ ਅਸੀਂ ਵਿਸ਼ੇਸ਼ ਪਾਇਨੀਅਰੀ ਕਰਨੀ ਚਾਹਾਂਗੇ। ਸਾਨੂੰ ਵੌਗਾ-ਵੌਗਾ ਨਾਂ ਦੇ ਇਕ ਛੋਟੇ ਪਿੰਡ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ ਤੇ ਇਸ ਕੰਮ ਨੂੰ ਅਸੀਂ ਹੱਸਦੇ-ਹੱਸਦੇ ਸਵੀਕਾਰ ਕਰ ਲਿਆ। ਸਾਡੇ ਪ੍ਰਚਾਰ ਕੰਮ ਤੇ ਅਜੇ ਵੀ ਪਾਬੰਦੀ ਲੱਗੀ ਹੋਈ ਸੀ ਤੇ ਸਾਡੀ ਆਮਦਨ ਦਾ ਕੋਈ ਵਸੀਲਾ ਨਹੀਂ ਸੀ। ਸੋ ਸੱਚੀਂ ਸਾਨੂੰ ਆਪਣਾ ਸਾਰਾ ਭਾਰ ਯਹੋਵਾਹ ਤੇ ਸੁੱਟਣ ਦੀ ਲੋੜ ਪਈ।​—ਜ਼ਬੂਰ 55:22.

ਅਸੀਂ ਦੋ ਸੀਟਾਂ ਵਾਲਾ ਸਾਈਕਲ ਖ਼ਰੀਦਿਆ ਜਿਸ ਨੂੰ ਦੋ ਜਣੇ ਚਲਾ ਸਕਦੇ ਸਨ। ਸੋ ਅਸੀਂ ਸਾਈਕਲ ਚਲਾ ਕੇ ਪਿੰਡਾਂ ਵਿਚ ਜਾਂਦੇ ਤੇ ਕੁਝ ਚੰਗੇ ਲੋਕਾਂ ਨੂੰ ਮਿਲਦੇ ਸਾਂ ਤੇ ਉਨ੍ਹਾਂ ਨਾਲ ਕਾਫ਼ੀ ਦੇਰ ਗੱਲਾਂ-ਬਾਤਾਂ ਕਰਦੇ ਸਾਂ। ਸਾਰੇ ਲੋਕ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਨਹੀਂ ਹੋਏ। ਪਰ ਹਾਂ, ਇਕ ਦੁਕਾਨਦਾਰ ਨੇ ਸਾਡੇ ਕੰਮ ਪ੍ਰਤੀ ਐਨੀ ਕਦਰ ਦਿਖਾਈ ਕਿ ਉਸ ਨੇ ਸਾਨੂੰ ਹਰ ਹਫ਼ਤੇ ਫਲ ਤੇ ਸਬਜ਼ੀਆਂ ਦਿੱਤੀਆਂ। ਵੌਗਾ-ਵੌਗਾ ਵਿਚ ਛੇ ਮਹੀਨੇ ਬਿਤਾਉਣ ਤੋਂ ਬਾਅਦ ਸਾਨੂੰ ਬੈਥਲ ਵਿਚ ਵਾਪਸ ਬੁਲਾਇਆ ਗਿਆ।

ਮਈ 1942 ਵਿਚ ਬੈਥਲ ਪਰਿਵਾਰ ਦੇ ਮੈਂਬਰ ਸਟ੍ਰਾਥਫੀਲਡ ਦਫ਼ਤਰ ਛੱਡ ਕੇ ਹੁਣ ਭੈਣ-ਭਰਾਵਾਂ ਦੇ ਘਰਾਂ ਵਿਚ ਰਹਿੰਦੇ ਸਨ। ਉਹ ਕੁਝ ਹਫ਼ਤਿਆਂ ਬਾਅਦ ਘਰ ਬਦਲ ਲੈਂਦੇ ਸਨ ਤਾਂਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਜਦੋਂ ਮੈਂ ਤੇ ਲੋਇਡ ਅਗਸਤ ਵਿਚ ਬੈਥਲ ਵਾਪਸ ਆਏ, ਤਾਂ ਅਸੀਂ ਵੀ ਬੈਥਲ ਪਰਿਵਾਰ ਵਾਂਗ ਇਨ੍ਹਾਂ ਵਿੱਚੋਂ ਇਕ ਘਰ ਵਿਚ ਰਹਿਣ ਲੱਗੇ। ਸਾਨੂੰ ਇਕ ਖ਼ੁਫੀਆ ਛਾਪਖ਼ਾਨੇ ਵਿਚ ਕੰਮ ਕਰਨ ਦੀ ਨਿਯੁਕਤੀ ਦਿੱਤੀ ਗਈ। ਆਖ਼ਰਕਾਰ ਜੂਨ 1943 ਨੂੰ ਸਾਡੇ ਕੰਮ ਤੋਂ ਪਾਬੰਦੀ ਹਟਾ ਦਿੱਤੀ ਗਈ।

ਮਿਸ਼ਨਰੀ ਸੇਵਾ ਦੀ ਤਿਆਰੀ

ਅਪ੍ਰੈਲ 1947 ਨੂੰ ਸਾਨੂੰ ਨਿਊਯਾਰਕ ਦੇ ਸਾਉਥ ਲੈਂਸਿੰਗ ਦੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਹਾਜ਼ਰ ਹੋਣ ਦੀਆਂ ਅਰਜ਼ੀਆਂ ਦਿੱਤੀਆਂ ਗਈਆਂ। ਇਸ ਦੌਰਾਨ ਸਾਨੂੰ ਆਸਟ੍ਰੇਲੀਆ ਦੀਆਂ ਕਲੀਸਿਯਾਵਾਂ ਦੀ ਅਧਿਆਤਮਿਕ ਤੌਰ ਤੇ ਹੌਸਲਾ-ਅਫ਼ਜ਼ਾਈ ਕਰਨ ਲਈ ਨਿਯੁਕਤ ਕੀਤਾ ਗਿਆ। ਕੁਝ ਮਹੀਨਿਆਂ ਬਾਅਦ, ਸਾਨੂੰ ਗਿਲਿਅਡ ਦੀ 11ਵੀਂ ਕਲਾਸ ਵਿਚ ਆਉਣ ਦਾ ਸੱਦਾ ਮਿਲਿਆ। ਸਾਡੇ ਕੋਲ ਆਪਣੇ ਜ਼ਰੂਰੀ ਕੰਮਾਂ ਨੂੰ ਨਿਪਟਾਉਣ ਲਈ ਅਤੇ ਸਾਮਾਨ ਪੈਕ ਕਰਨ ਲਈ ਤਿੰਨ ਹਫ਼ਤੇ ਸਨ। ਅਸੀਂ ਆਪਣੇ ਪਰਿਵਾਰ ਤੇ ਮਿੱਤਰਾਂ-ਬੇਲੀਆਂ ਨੂੰ ਛੱਡ ਕੇ ਦਸੰਬਰ 1947 ਵਿਚ ਆਸਟ੍ਰੇਲੀਆ ਦੇ ਹੋਰ 15 ਭੈਣ-ਭਰਾਵਾਂ ਸਮੇਤ ਨਿਊਯਾਰਕ ਵੱਲ ਰਵਾਨਾ ਹੋਏ ਜੋ ਇਸੇ ਕਲਾਸ ਲਈ ਹੀ ਜਾ ਰਹੇ ਸਨ।

ਸਾਡੇ ਗਿਲਿਅਡ ਸਕੂਲ ਦੇ ਕੁਝ ਮਹੀਨੇ ਅੱਖ ਝਪਕਦੇ ਹੀ ਬੀਤ ਗਏ ਤੇ ਸਾਨੂੰ ਜਪਾਨ ਵਿਚ ਮਿਸ਼ਨਰੀ ਸੇਵਾ ਕਰਨ ਦੀ ਨਿਯੁਕਤੀ ਮਿਲੀ। ਕਿਉਂਕਿ ਜਪਾਨ ਜਾਣ ਦੇ ਕਾਗਜ਼-ਪੱਤਰ ਤਿਆਰ ਹੋਣ ਵਿਚ ਸਮਾਂ ਲੱਗਣਾ ਸੀ, ਸੋ ਲੋਇਡ ਨੂੰ ਇਕ ਵਾਰ ਫੇਰ ਸਫ਼ਰੀ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ। ਅਸੀਂ ਲਾਸ ਏਂਜਲੀਜ਼ ਤੋਂ ਲੈ ਕੇ ਕੈਲੇਫ਼ੋਰਨੀਆ ਦੇ ਧੁਰ ਦੱਖਣ ਤਕ ਫੈਲੀਆਂ ਸਾਰੀਆਂ ਕਲੀਸਿਯਾਵਾਂ ਵਿਚ ਜਾਣਾ ਸੀ। ਸਾਡੇ ਕੋਲ ਕਾਰ ਨਹੀਂ ਸੀ, ਸੋ ਹਰ ਹਫ਼ਤੇ ਭੈਣ-ਭਰਾ ਚਾਈਂ-ਚਾਈਂ ਸਾਨੂੰ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਤਕ ਛੱਡ ਦਿੰਦੇ ਸਨ। ਉਸ ਵੱਡੇ ਸਰਕਟ ਦੇ ਭੈਣ-ਭਰਾਵਾਂ ਦੁਆਰਾ ਪ੍ਰਚਾਰ ਕੀਤੇ ਜਾਣ ਕਾਰਨ ਹੁਣ ਉੱਥੇ ਤਿੰਨ ਅੰਗ੍ਰੇਜ਼ੀ ਤੇ ਤਿੰਨ ਸਪੈਨਿਸ਼ ਜ਼ਿਲ੍ਹੇ ਹਨ ਤੇ ਹਰ ਜ਼ਿਲ੍ਹੇ ਵਿਚ ਤਕਰੀਬਨ ਦਸ-ਦਸ ਸਰਕਟ ਹਨ!

ਬੜੀ ਛੇਤੀ ਅਕਤੂਬਰ 1949 ਆ ਗਿਆ ਅਤੇ ਅਸੀਂ ਜਪਾਨ ਤਕ ਦਾ ਸਫ਼ਰ ਇਕ ਅਜਿਹੇ ਸਮੁੰਦਰੀ ਜਹਾਜ਼ ਰਾਹੀਂ ਕੀਤਾ ਜਿਸ ਵਿਚ ਪਹਿਲਾਂ ਸੈਨਿਕ ਜਾਂਦੇ ਹੁੰਦੇ ਸਨ। ਜਹਾਜ਼ ਦਾ ਇਕ ਹਿੱਸਾ ਆਦਮੀਆਂ ਲਈ ਤੇ ਦੂਜਾ ਹਿੱਸਾ ਔਰਤਾਂ ਤੇ ਬੱਚਿਆਂ ਲਈ ਸੀ। ਯੋਕੋਹਾਮਾ ਪਹੁੰਚਣ ਤੋਂ ਠੀਕ ਇਕ ਦਿਨ ਪਹਿਲਾਂ ਸਾਨੂੰ ਇਕ ਭਾਰੀ ਤੂਫ਼ਾਨ ਦਾ ਸਾਮ੍ਹਣਾ ਕਰਨਾ ਪਿਆ। ਪਰ, ਅਖ਼ੀਰ ਤੂਫ਼ਾਨ ਸ਼ਾਂਤ ਹੋ ਗਿਆ ਤੇ ਆਸਮਾਨ ਸਾਫ਼ ਹੋ ਗਿਆ। ਅਗਲੇ ਦਿਨ 31 ਅਕਤੂਬਰ ਨੂੰ ਜਦੋਂ ਸੂਰਜ ਨਿਕਲਿਆ, ਤਾਂ ਅਸੀਂ ਸ਼ਾਨਦਾਰ ਫ਼ੂਜੀ ਪਹਾੜ ਦੇਖ ਸਕੇ। ਨਵੀਂ ਨਿਯੁਕਤੀ ਲਈ ਸਾਡਾ ਕਿੰਨਾ ਵਧੀਆ ਸੁਆਗਤ ਹੋਇਆ!

ਜਪਾਨੀਆਂ ਨਾਲ ਕੰਮ ਕਰਨਾ

ਜਿਉਂ ਹੀ ਅਸੀਂ ਬੰਦਰਗਾਹ ਦੇ ਨੇੜੇ ਪਹੁੰਚੇ ਤਿਉਂ ਹੀ ਅਸੀਂ ਕਾਲੇ ਵਾਲ਼ਾਂ ਵਾਲੇ ਸੈਂਕੜੇ ਲੋਕਾਂ ਨੂੰ ਦੇਖਿਆ। ਜਦੋਂ ਅਸੀਂ ਜ਼ਬਰਦਸਤ ਖੜ-ਖੜ ਦੀ ਆਵਾਜ਼ ਸੁਣੀ, ਤਾਂ ਅਸੀਂ ਸੋਚਿਆ ‘ਕਿੰਨਾ ਰੌਲਾ ਪਾਉਂਦੇ ਹਨ ਇਹ ਲੋਕ!’ ਪਰ ਦਰਅਸਲ ਉਨ੍ਹਾਂ ਨੇ ਲੱਕੜ ਦੇ ਤਲਿਆਂ ਵਾਲੇ ਬੂਟ ਪਾਏ ਹੋਏ ਸਨ ਜਿਨ੍ਹਾਂ ਦੀ ਲੱਕੜ ਦੇ ਘਾਟ ਤੇ ਤੁਰਨ ਕਰਕੇ ਖੜ-ਖੜ ਦੀ ਇੰਨੀ ਆਵਾਜ਼ ਆ ਰਹੀ ਸੀ। ਅਸੀਂ ਯੋਕੋਹਾਮਾ ਵਿਚ ਇਕ ਰਾਤ ਬਿਤਾਈ ਅਤੇ ਆਪਣੀ ਮਿਸ਼ਨਰੀ ਨਿਯੁਕਤੀ ਸ਼ੁਰੂ ਕਰਨ ਲਈ ਕੋਬੇ ਜਾਣ ਵਾਲੀ ਗੱਡੀ ਫੜੀ। ਸਾਡੀ ਗਿਲਿਅਡ ਕਲਾਸ ਦਾ ਇਕ ਸਹਿਪਾਠੀ ਡੌਨ ਹਾਸਲਟ ਕੁਝ ਮਹੀਨੇ ਪਹਿਲਾਂ ਹੀ ਜਪਾਨ ਆ ਗਿਆ ਸੀ ਤੇ ਉਸ ਨੇ ਇਕ ਮਿਸ਼ਨਰੀ ਘਰ ਕਿਰਾਏ ਤੇ ਲੈ ਲਿਆ ਸੀ। ਇਹ ਦੋ ਮੰਜ਼ਲਾਂ ਵਾਲਾ ਵੱਡਾ ਘਰ ਸੋਹਣਾ ਤੇ ਪੱਛਮੀ ਕਿਸਮ ਦਾ ਸੀ ਜਿਸ ਵਿਚ ਕੋਈ ਸਾਜੋ-ਸਾਮਾਨ ਨਹੀਂ ਸੀ!

ਸੌਣ ਲਈ ਗੱਦੇ ਤਾਂ ਨਹੀਂ ਸਨ ਇਸ ਲਈ ਅਸੀਂ ਮਿਸ਼ਨਰੀ ਘਰ ਦੇ ਆਲੇ-ਦੁਆਲੇ ਦਾ ਘਾਹ ਕੱਟ ਕੇ ਜ਼ਮੀਨ ਤੇ ਵਿਛਾ ਕੇ ਸੌਂ ਜਾਂਦੇ ਸਾਂ। ਇੰਜ ਜਦੋਂ ਅਸੀਂ ਮਿਸ਼ਨਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ, ਤਾਂ ਉਸ ਵੇਲੇ ਸਾਡੇ ਕੋਲ ਆਪਣੇ ਸਾਮਾਨ ਤੋਂ ਛੁੱਟ ਹੋਰ ਕੁਝ ਵੀ ਨਹੀਂ ਸੀ। ਅਸੀਂ ਹੀਬਾਚੀ ਨਾਂ ਦੀ ਕੋਲਿਆਂ ਨਾਲ ਬਲਣ ਵਾਲੀ ਛੋਟੀ ਜਿਹੀ ਅੰਗੀਠੀ ਲੈ ਲਈ। ਇਸ ਨੂੰ ਅਸੀਂ ਅੱਗ ਸੇਕਣ ਲਈ ਤੇ ਖਾਣਾ ਬਣਾਉਣ ਲਈ ਵਰਤਦੇ ਸਾਂ। ਇਕ ਰਾਤ ਲੋਇਡ ਨੇ ਸਾਡੇ ਦੋ ਸੰਗੀ ਮਿਸ਼ਨਰੀਆਂ, ਪਰਸੀ ਤੇ ਇਲਮਾ ਇਜ਼ਲੋਬ ਨੂੰ ਬੇਹੋਸ਼ ਪਏ ਹੋਏ ਦੇਖਿਆ। ਸਾਫ਼ ਤੇ ਠੰਢੀ ਹਵਾ ਲਈ ਲੋਇਡ ਨੇ ਤਾਕੀਆਂ ਖੋਲ੍ਹੀਆਂ ਤੇ ਇੰਜ ਉਨ੍ਹਾਂ ਨੂੰ ਹੋਸ਼ ਵਿਚ ਲਿਆਂਦਾ। ਮੈਂ ਵੀ ਇਕ ਵਾਰ ਕੋਲਿਆਂ ਵਾਲੀ ਅੰਗੀਠੀ ਤੇ ਖਾਣਾ ਬਣਾਉਂਦੇ ਸਮੇਂ ਬੇਹੋਸ਼ ਹੋ ਗਈ ਸੀ। ਸੋ ਕੁਝ ਚੀਜ਼ਾਂ ਦਾ ਆਦੀ ਹੋਣ ਲਈ ਥੋੜ੍ਹਾ ਸਮਾਂ ਲੱਗਦਾ ਹੈ!

ਸਭ ਤੋਂ ਵੱਡੀ ਗੱਲ ਸੀ ਜਪਾਨੀ ਭਾਸ਼ਾ ਸਿੱਖਣੀ। ਅਸੀਂ ਇਕ ਮਹੀਨੇ ਵਿਚ ਰੋਜ਼ 11 ਘੰਟੇ ਇਹ ਭਾਸ਼ਾ ਸਿੱਖਦੇ ਸਾਂ। ਇਕ ਮਹੀਨਾ ਪੜ੍ਹਾਈ ਕਰਨ ਤੋਂ ਬਾਅਦ ਅਸੀਂ ਇਕ ਜਾਂ ਦੋ ਵਾਕ ਜਪਾਨੀ ਭਾਸ਼ਾ ਵਿਚ ਲਿਖ ਕੇ ਪ੍ਰਚਾਰ ਲਈ ਤੁਰ ਪਏ। ਜਦੋਂ ਮੈਂ ਪਹਿਲੀ ਵਾਰ ਪ੍ਰਚਾਰ ਵਿਚ ਗਈ, ਤਾਂ ਮੈਨੂੰ ਮੀਓ ਤਕਾਜੀ ਨਾਂ ਦੀ ਇਕ ਬੜੀ ਹੀ ਚੰਗੀ ਤੀਵੀਂ ਮਿਲੀ ਜਿਸ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ। ਬਾਅਦ ਦੀਆਂ ਮੁਲਾਕਾਤਾਂ ਦੌਰਾਨ ਅਸੀਂ ਦੋਵੇਂ ਜਪਾਨੀ-ਅੰਗ੍ਰੇਜ਼ੀ ਡਿਕਸ਼ਨਰੀਆਂ ਦੀ ਮਦਦ ਨਾਲ ਚਰਚਾ ਕਰਦੇ ਸਾਂ ਤੇ ਤਦ ਤਕ ਕਰਦੇ ਗਏ ਜਦ ਤਕ ਕਿ ਇਕ ਵਧੀਆ ਬਾਈਬਲ ਸਟੱਡੀ ਸ਼ੁਰੂ ਨਾ ਹੋ ਗਈ। ਸਾਲ 1999 ਵਿਚ ਜਦੋਂ ਮੈਂ ਜਪਾਨ ਦੀ ਨਵੀਂ ਸ਼ਾਖ਼ਾ ਦੇ ਸਮਰਪਣ ਤੇ ਗਈ, ਤਾਂ ਉੱਥੇ ਮੈਂ ਦੁਬਾਰਾ ਮੀਓ ਨੂੰ ਅਤੇ ਨਾਲੇ ਆਪਣੇ ਪਿਆਰੇ ਭਰਾਵਾਂ ਨੂੰ ਮਿਲੀ ਜਿਨ੍ਹਾਂ ਨੂੰ ਮੈਂ ਸਟੱਡੀ ਕਰਵਾਈ ਸੀ। ਪੂਰੇ 50 ਸਾਲ ਬੀਤ ਚੁੱਕੇ ਹਨ, ਪਰ ਉਹ ਅਜੇ ਵੀ ਰਾਜ ਸੰਦੇਸ਼ ਬੜੇ ਜੋਸ਼ ਨਾਲ ਸੁਣਾਉਂਦੇ ਹਨ ਤੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨ ਵਿਚ ਲੱਗੇ ਹੋਏ ਹਨ।

ਕੋਬੇ ਵਿਚ 1 ਅਪ੍ਰੈਲ 1950 ਨੂੰ ਕੁਝ 180 ਲੋਕ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਏ। ਹੈਰਾਨੀ ਦੀ ਗੱਲ ਹੈ ਕਿ ਅਗਲੀ ਸਵੇਰ ਨੂੰ 35 ਲੋਕਾਂ ਨੇ ਸਾਡੇ ਨਾਲ ਪ੍ਰਚਾਰ ਕੰਮ ਵਿਚ ਹਿੱਸਾ ਲਿਆ। ਹਰ ਮਿਸ਼ਨਰੀ ਤਿੰਨ ਜਾਂ ਚਾਰ ਨਵੇਂ ਲੋਕਾਂ ਨੂੰ ਆਪਣੇ ਨਾਲ ਪ੍ਰਚਾਰ ਲਈ ਲੈ ਗਿਆ। ਮੈਨੂੰ ਪ੍ਰਦੇਸਣ ਨੂੰ ਤਾਂ ਜਪਾਨੀ ਭਾਸ਼ਾ ਬੜੀ ਘੱਟ ਸਮਝ ਆਉਂਦੀ ਸੀ, ਸੋ ਮੇਰੇ ਨਾਲ ਗੱਲ ਕਰਨ ਦੀ ਬਜਾਇ ਘਰ-ਸੁਆਮੀ ਇਨ੍ਹਾਂ ਨਵੇਂ ਵਿਅਕਤੀਆਂ ਨਾਲ ਗੱਲ ਕਰਦਾ ਸੀ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਕਾਫ਼ੀ ਦੇਰ ਤਕ ਚੱਲਦੀਆਂ ਰਹੀਆਂ, ਪਰ ਮੈਨੂੰ ਕੱਖ ਨਹੀਂ ਪਤਾ ਲੱਗਦਾ ਸੀ ਕਿ ਉਹ ਕੀ ਗੱਲਾਂ ਕਰ ਰਹੇ ਸਨ। ਮੈਨੂੰ ਇਹ ਕਹਿੰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਵਿੱਚੋਂ ਕੁਝ ਨਵੇਂ ਵਿਅਕਤੀ ਗਿਆਨ ਵਿਚ ਵਧਦੇ ਗਏ ਤੇ ਅੱਜ ਤਕ ਪ੍ਰਚਾਰ ਵਿਚ ਲੱਗੇ ਹੋਏ ਹਨ।

ਬੇਹੱਦ ਖ਼ੁਸ਼ੀ ਦੇਣ ਵਾਲੇ ਵਿਸ਼ੇਸ਼-ਸਨਮਾਨ

ਅਸੀਂ ਕੋਬੇ ਵਿਚ ਸਾਲ 1952 ਤਕ ਮਿਸ਼ਨਰੀ ਸੇਵਾ ਕਰਦੇ ਰਹੇ ਤੇ ਇਸੇ ਵੇਲੇ ਸਾਨੂੰ ਟੋਕੀਓ ਜਾਣ ਲਈ ਕਿਹਾ ਗਿਆ ਜਿੱਥੇ ਲੋਇਡ ਨੂੰ ਸ਼ਾਖ਼ਾ ਦਫ਼ਤਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੌਰਾਨ ਲੋਇਡ ਨੇ ਜਪਾਨ ਤੇ ਦੂਜੇ ਹੋਰ ਕਈ ਦੇਸ਼ਾਂ ਦਾ ਦੌਰਾ ਕੀਤਾ। ਇਕ ਵਾਰ ਜਦੋਂ ਉਹ ਟੋਕੀਓ ਦੇ ਇਕ ਦੌਰੇ ਤੇ ਜਾਣ ਵਾਲੇ ਸਨ, ਤਾਂ ਮੁੱਖ ਦਫ਼ਤਰ ਦੇ ਪ੍ਰਧਾਨ ਨੇਥਨ ਐੱਚ. ਨੌਰ ਨੇ ਮੈਨੂੰ ਕਿਹਾ: “ਕੀ ਤੈਨੂੰ ਪਤਾ ਕਿ ਤੇਰਾ ਪਤੀ ਜ਼ੋਨ ਕਾਰਜ ਲਈ ਹੁਣ ਕਿਹੜੇ-ਕਿਹੜੇ ਦੇਸ਼ਾਂ ਦਾ ਦੌਰਾ ਕਰਨ ਵਾਲਾ ਹੈ? ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ।” ਉਨ੍ਹਾਂ ਨੇ ਅੱਗੇ ਕਿਹਾ: “ਤੂੰ ਵੀ ਜਾ ਸਕਦੀ ਹੈਂ, ਪਰ ਤੈਨੂੰ ਆਪਣਾ ਖ਼ਰਚਾ ਆਪ ਕਰਨਾ ਪਊ।” ਮੈਂ ਤਾਂ ਖ਼ੁਸ਼ੀ ਨਾਲ ਉੱਛਲ ਪਈ! ਆਖ਼ਰ ਸਾਨੂੰ ਘਰ ਛੱਡਿਆਂ ਨੌਂ ਸਾਲ ਹੋ ਗਏ ਸਨ!

ਅਸੀਂ ਫਟਾਫਟ ਆਪਣੇ ਮਾਪਿਆਂ ਨੂੰ ਚਿੱਠੀ ਲਿਖੀ। ਮੇਰੇ ਮੰਮੀ ਜੀ ਨੇ ਟਿਕਟ ਲੈਣ ਲਈ ਮੈਨੂੰ ਰੁਪਏ-ਪੈਸੇ ਦੀ ਮਦਦ ਦਿੱਤੀ। ਲੋਇਡ ਤੇ ਮੈਂ ਦੋਵੇਂ ਹੀ ਆਪਣੀਆਂ ਕਾਰਜ-ਨਿਯੁਕਤੀਆਂ ਵਿਚ ਰੁੱਝੇ ਹੋਏ ਸਾਂ, ਇਸ ਲਈ ਸਾਡੇ ਕੋਲ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਪੈਸੇ ਨਹੀਂ ਸਨ। ਸੋ ਇਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਸੀ। ਤੁਸੀਂ ਸੋਚ ਸਕਦੇ ਹੋ ਕਿ ਮੰਮੀ ਜੀ ਨੇ ਜਦੋਂ ਮੈਨੂੰ ਦੇਖਿਆ, ਤਾਂ ਉਨ੍ਹਾਂ ਕੋਲੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਉਨ੍ਹਾਂ ਨੇ ਕਿਹਾ: “ਖ਼ੈਰ ਹੁਣ ਤੋਂ ਮੈਂ ਪੈਸਿਆਂ ਦੀ ਬਚਤ ਕਰਿਆ ਕਰਾਂਗੀ ਤਾਂਕਿ ਤੂੰ ਤਿੰਨਾਂ ਸਾਲਾਂ ਬਾਅਦ ਸਾਨੂੰ ਫੇਰ ਮਿਲਣ ਆ ਸਕੇ।” ਇਸ ਖ਼ਿਆਲ ਨਾਲ ਅਸੀਂ ਵਿਛੜ ਗਏ, ਪਰ ਦੁੱਖ ਦੀ ਗੱਲ ਹੈ ਕਿ ਮੇਰੇ ਮੰਮੀ ਜੀ ਅਗਲੀ ਜੁਲਾਈ ਵਿਚ ਗੁਜ਼ਰ ਗਏ। ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਮੈਂ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਦੁਬਾਰਾ ਮਿਲਾਂਗੀ ਤਾਂ ਮੈਂ ਫੁੱਲੀ ਨਹੀਂ ਸਮਾਂਵਾਂਗੀ!

ਸਾਲ 1960 ਤਕ ਮੇਰਾ ਇੱਕੋ-ਇਕ ਕੰਮ ਸੀ—ਮਿਸ਼ਨਰੀ ਸੇਵਾ। ਪਰ ਫਿਰ ਮੈਨੂੰ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ: “ਹੁਣ ਤੋਂ ਪੂਰੇ ਬੈਥਲ ਪਰਿਵਾਰ ਦੇ ਕੱਪੜੇ ਧੋਣਾ ਤੇ ਉਨ੍ਹਾਂ ਨੂੰ ਪ੍ਰੈੱਸ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।” ਉਸ ਵੇਲੇ ਸਾਡੇ ਬੈਥਲ ਪਰਿਵਾਰ ਵਿਚ ਸਿਰਫ਼ ਦਰਜਨ ਕੁ ਭੈਣ-ਭਰਾ ਸਨ, ਸੋ ਮੈਂ ਮਿਸ਼ਨਰੀ ਸੇਵਾ ਦੇ ਨਾਲ-ਨਾਲ ਇਸ ਜ਼ਿੰਮੇਵਾਰੀ ਦੀ ਵੀ ਦੇਖ-ਰੇਖ ਕੀਤੀ।

ਸਾਲ 1962 ਵਿਚ ਸਾਡੇ ਜਪਾਨੀ-ਸ਼ੈਲੀ ਦੇ ਘਰ ਨੂੰ ਢਾਹ ਕੇ ਉਸ ਦੀ ਥਾਂ ਤੇ ਅਗਲੇ ਸਾਲ ਇਕ ਨਵਾਂ ਛੇ-ਮੰਜ਼ਲਾਂ ਬੈਥਲ ਘਰ ਬਣਾ ਦਿੱਤਾ ਗਿਆ। ਮੈਨੂੰ ਬੈਥਲ ਵਿਚ ਆਏ ਨਵੇਂ ਨੌਜਵਾਨ ਭਰਾਵਾਂ ਨੂੰ ਆਪਣੇ ਕਮਰਿਆਂ ਦੀ ਸਾਫ਼-ਸਫ਼ਾਈ ਅਤੇ ਹੋਰ ਕਈ ਘਰੇਲੂ ਕੰਮ-ਕਾਰ ਸਿਖਾਉਣ ਵਿਚ ਮਦਦ ਦੇਣ ਲਈ ਕਿਹਾ ਗਿਆ। ਉੱਥੇ ਮੁੰਡਿਆਂ ਨੂੰ ਆਮ ਤੌਰ ਤੇ ਘਰਾਂ ਵਿਚ ਇਹ ਕੰਮ-ਕਾਰ ਕਰਨੇ ਨਹੀਂ ਸਿਖਾਏ ਜਾਂਦੇ ਸਨ। ਸਿਰਫ਼ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਕਰਨ ਤੇ ਹੀ ਜ਼ੋਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਾਰੇ ਕੰਮ ਉਨ੍ਹਾਂ ਦੀਆਂ ਮਾਵਾਂ ਹੀ ਕਰਦੀਆਂ ਸਨ। ਛੇਤੀ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੈਂ ਉਨ੍ਹਾਂ ਦੀਆਂ ਮਾਵਾਂ ਵਾਂਗ ਉਨ੍ਹਾਂ ਦੇ ਸਾਰੇ ਕੰਮ ਨਹੀਂ ਕਰਾਂਗੀ। ਕੁਝ ਸਮੇਂ ਬਾਅਦ ਕਈਆਂ ਨੇ ਐਨੀ ਤਰੱਕੀ ਕੀਤੀ ਕਿ ਉਨ੍ਹਾਂ ਨੂੰ ਸੰਗਠਨ ਵਿਚ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ।

ਅੱਤ ਗਰਮੀ ਦੇ ਇਕ ਦਿਨ ਇਕ ਬਾਈਬਲ ਵਿਦਿਆਰਥਣ ਬੈਥਲ ਵੇਖਣ ਆਈ ਤੇ ਉਸ ਨੇ ਮੈਨੂੰ ਬਾਥਰੂਮ ਰਗੜਦੇ ਹੋਏ ਦੇਖਿਆ। ਉਸ ਨੇ ਕਿਹਾ: “ਕਿਰਪਾ ਕਰਕੇ ਆਪਣੇ ਮੈਨੇਜਰ ਨੂੰ ਕਹਿ ਕਿ ਉਹ ਤੁਹਾਡੇ ਬਦਲੇ ਕੰਮ ਕਰਨ ਲਈ ਇਕ ਨੌਕਰਾਨੀ ਰੱਖ ਲਵੇ, ਉਸ ਦੀ ਤਨਖ਼ਾਹ ਮੈਂ ਦੇ ਦਿਆਂਗੀ।” ਮੈਂ ਉਸ ਨੂੰ ਸਮਝਾਇਆ ਕਿ ਮੇਰੀ ਐਨੀ ਚਿੰਤਾ ਕਰਨ ਲਈ ਮੈਂ ਉਸ ਦੀ ਧੰਨਵਾਦੀ ਹਾਂ, ਪਰ ਜੇ ਮੈਨੂੰ ਯਹੋਵਾਹ ਦੇ ਸੰਗਠਨ ਵਿਚ ਕੋਈ ਵੀ ਕੰਮ ਦਿੱਤਾ ਜਾਂਦਾ ਹੈ, ਤਾਂ ਮੈਂ ਉਸ ਨੂੰ ਖਿੜੇ ਮੱਥੇ ਕਰਾਂਗੀ।

ਤਕਰੀਬਨ ਇਸੇ ਸਮੇਂ ਮੈਨੂੰ ਤੇ ਲੋਇਡ ਨੂੰ ਗਿਲਿਅਡ ਦੀ 39ਵੀਂ ਕਲਾਸ ਵਿਚ ਆਉਣ ਦਾ ਸੱਦਾ ਮਿਲਿਆ! ਮੇਰੇ ਲਈ ਕਿੰਨੇ ਵੱਡੇ ਵਿਸ਼ੇਸ਼-ਸਨਮਾਨ ਦੀ ਗੱਲ ਸੀ ਕਿ 1964 ਵਿਚ 46 ਸਾਲਾਂ ਦੀ ਹੋ ਕੇ ਮੈਂ ਦੁਬਾਰਾ ਸਕੂਲ ਜਾ ਰਹੀ ਸੀ! ਇਹ ਕੋਰਸ ਖ਼ਾਸ ਕਰਕੇ ਉਨ੍ਹਾਂ ਦੀ ਮਦਦ ਲਈ ਸੀ ਜੋ ਸ਼ਾਖ਼ਾ ਦਫ਼ਤਰਾਂ ਵਿਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦੇ ਸਨ। ਦਸ ਮਹੀਨਿਆਂ ਦੇ ਕੋਰਸ ਤੋਂ ਬਾਅਦ ਸਾਨੂੰ ਦੁਬਾਰਾ ਤੋਂ ਜਪਾਨ ਵਾਪਸ ਜਾਣ ਲਈ ਕਿਹਾ ਗਿਆ। ਇਸ ਸਮੇਂ, ਜਪਾਨ ਦੇਸ਼ ਵਿਚ ਰਾਜ ਘੋਸ਼ਕਾਂ ਦੀ ਗਿਣਤੀ 3,000 ਤੋਂ ਵੀ ਜ਼ਿਆਦਾ ਹੋ ਚੁੱਕੀ ਸੀ।

ਇੱਥੇ ਐਨੀ ਤੇਜ਼ੀ ਨਾਲ ਵਾਧਾ ਹੋਇਆ ਕਿ ਸਾਲ 1972 ਵਿਚ ਗਵਾਹਾਂ ਦੀ ਗਿਣਤੀ 14,000 ਤੋਂ ਜ਼ਿਆਦਾ ਹੋ ਗਈ ਜਿਸ ਕਰਕੇ ਟੋਕੀਓ ਦੇ ਦੱਖਣ ਵਿਚ ਨੁਮਾਜ਼ੂ ਵਿਖੇ ਨਵਾਂ ਪੰਜ-ਮੰਜ਼ਲਾ ਸ਼ਾਖ਼ਾ ਦਫ਼ਤਰ ਬਣਾਇਆ ਗਿਆ। ਸਾਡੇ ਬੈਥਲ ਤੋਂ ਫ਼ੂਜੀ ਪਹਾੜ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਸੀ। ਇਕ ਮਹੀਨੇ ਵਿਚ 10 ਲੱਖ ਤੋਂ ਵੀ ਜ਼ਿਆਦਾ ਰਸਾਲੇ ਜਪਾਨੀ ਭਾਸ਼ਾ ਵਿਚ ਨਵੀਂ ਵੱਡੀ ਰੋਟਰੀ ਮਸ਼ੀਨ ਤੇ ਛਪਣ ਲੱਗੇ। ਪਰ ਨੇੜਲੇ ਭਵਿੱਖ ਵਿਚ ਸਾਡੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਣ ਵਾਲਾ ਸੀ।

ਸਾਲ 1974 ਦੇ ਅਖ਼ੀਰ ਵਿਚ, ਲੋਇਡ ਨੂੰ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਬਰੁਕਲਿਨ ਤੋਂ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਪਹਿਲਾਂ ਤਾਂ ਮੈਂ ਸੋਚਿਆ: ‘ਹੁਣ ਮੇਰਾ ਲੋਇਡ ਨਾਲੋਂ ਵਿਛੜਨ ਦਾ ਵੇਲਾ ਆ ਗਿਆ ਹੈ। ਕਿਉਂਕਿ ਲੋਇਡ ਦੀ ਸਵਰਗ ਜਾਣ ਦੀ ਉਮੀਦ ਸੀ ਤੇ ਮੇਰੀ ਧਰਤੀ ਤੇ ਰਹਿਣ ਦੀ। ਇਸ ਲਈ ਅੱਜ ਨਹੀਂ ਤਾਂ ਕੱਲ੍ਹ ਸਾਨੂੰ ਵਿਛੜਨਾ ਤੇ ਪੈਣਾ ਹੀ ਹੈ। ਸ਼ਾਇਦ ਲੋਇਡ ਨੂੰ ਮੇਰੇ ਬਗੈਰ ਹੀ ਬਰੁਕਲਿਨ ਚਲੇ ਜਾਣਾ ਚਾਹੀਦਾ ਹੈ।’ ਪਰ ਮੈਂ ਛੇਤੀ ਹੀ ਆਪਣੀ ਸੋਚਣੀ ਨੂੰ ਸੁਧਾਰਿਆ ਤੇ ਮਾਰਚ 1975 ਵਿਚ ਖ਼ੁਸ਼ੀ-ਖ਼ੁਸ਼ੀ ਲੋਇਡ ਨਾਲ ਜਾਣ ਲਈ ਤਿਆਰ ਹੋ ਗਈ।

ਮੁੱਖ ਦਫ਼ਤਰ ਵਿਚ ਬਰਕਤਾਂ

ਬਰੁਕਲਿਨ ਵਿਚ ਆ ਕੇ ਵੀ ਲੋਇਡ ਦਾ ਧਿਆਨ ਹਮੇਸ਼ਾ ਜਪਾਨ ਦੇ ਪ੍ਰਚਾਰ ਕੰਮ ਵਿਚ ਹੀ ਰਹਿੰਦਾ ਸੀ ਤੇ ਉਹ ਉੱਥੇ ਦੇ ਤਜਰਬਿਆਂ ਬਾਰੇ ਹਮੇਸ਼ਾ ਗੱਲ ਕਰਦੇ ਰਹਿੰਦੇ ਸਨ। ਪਰ ਹੁਣ ਸਾਡੇ ਕੋਲ ਭੈਣ-ਭਰਾਵਾਂ ਨੂੰ ਮਿਲਣ ਦੇ ਹੋਰ ਵੀ ਜ਼ਿਆਦਾ ਮੌਕੇ ਸਨ। ਆਪਣੀ ਜ਼ਿੰਦਗੀ ਦੇ ਆਖ਼ਰੀ 24 ਸਾਲਾਂ ਦੌਰਾਨ ਲੋਇਡ ਨੇ ਵੱਡੀ ਪੱਧਰ ਤੇ ਜ਼ੋਨ ਨਿਗਾਹਬਾਨ ਵਜੋਂ ਕੰਮ ਕੀਤਾ। ਇਸ ਵਿਚ ਪੂਰੀ ਦੁਨੀਆਂ ਦਾ ਦੌਰਾ ਕਰਨਾ ਸ਼ਾਮਲ ਸੀ। ਮੈਂ ਇਸ ਕੰਮ ਵਿਚ ਉਨ੍ਹਾਂ ਦਾ ਕਈ ਵਾਰੀ ਸਾਥ ਦਿੱਤਾ।

ਦੂਜੇ ਦੇਸ਼ਾਂ ਦੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕਿਨ੍ਹਾਂ-ਕਿਨ੍ਹਾਂ ਹਾਲਾਤਾਂ ਵਿਚ ਰਹਿਣਾ ਪੈਂਦਾ ਤੇ ਕੰਮ ਕਰਨਾ ਪੈਂਦਾ ਹੈ। ਮੈਂ ਦਸਾਂ ਸਾਲਾਂ ਦੀ ਐਨਟੀਲੀਆ ਨਾਂ ਦੀ ਕੁੜੀ ਨੂੰ ਕਦੇ ਨਹੀਂ ਭੁੱਲਾਂਗੀ ਜਿਸ ਨੂੰ ਮੈਂ ਉੱਤਰੀ ਅਫ਼ਰੀਕਾ ਵਿਚ ਮਿਲੀ ਸਾਂ। ਉਸ ਨੂੰ ਪਰਮੇਸ਼ੁਰ ਦੇ ਨਾਂ ਨਾਲ ਐਨਾ ਮੋਹ ਸੀ ਕਿ ਉਹ ਡੇਢ ਘੰਟਾ ਪੈਦਲ ਤੁਰ ਕੇ ਮਸੀਹੀ ਸਭਾਵਾਂ ਲਈ ਆਉਂਦੀ ਸੀ। ਪਰਿਵਾਰ ਵੱਲੋਂ ਸਖ਼ਤ ਵਿਰੋਧ ਦੇ ਬਾਵਜੂਦ ਐਨਟੀਲੀਆ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਸੀ। ਜਦੋਂ ਅਸੀਂ ਉਸ ਦੀ ਕਲੀਸਿਯਾ ਵਿਚ ਗਏ, ਤਾਂ ਭਾਸ਼ਣ ਦੇਣ ਵਾਲੀ ਥਾਂ ਤੇ ਇਕ ਬੜੀ ਘੱਟ ਰੌਸ਼ਨੀ ਵਾਲਾ ਬੱਲਬ ਲਟਕਿਆ ਹੋਇਆ ਸੀ ਤੇ ਬਾਕੀ ਥਾਂ ਤੇ ਘੁੱਪ ਹਨੇਰਾ ਸੀ। ਹਨੇਰੇ ਦੇ ਬਾਵਜੂਦ ਭੈਣਾਂ-ਭਰਾਵਾਂ ਨੂੰ ਦਿਲਕਸ਼ ਆਵਾਜ਼ ਵਿਚ ਗਾਉਂਦੇ ਹੋਏ ਦੇਖ ਕੇ ਅਸੀਂ ਹੈਰਾਨ ਹੋ ਗਏ ਸਾਂ।

ਸਾਡੀ ਜ਼ਿੰਦਗੀ ਦਾ ਉਹ ਵੀ ਇਕ ਯਾਦਗਾਰ ਸਮਾਂ ਸੀ ਜਦੋਂ ਦਸੰਬਰ 1998 ਵਿਚ ਮੈਂ ਤੇ ਲੋਇਡ ਕਿਊਬਾ ਵਿਚ ਹੋ ਰਹੇ “ਈਸ਼ਵਰੀ ਜੀਵਨ ਦਾ ਰਾਹ” ਨਾਮਕ ਸੰਮੇਲਨ ਵਿਚ ਗਏ ਸਾਂ। ਉਦੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਜਦੋਂ ਬਰੁਕਲਿਨ ਮੁੱਖ ਦਫ਼ਤਰ ਤੋਂ ਆਏ ਕੁਝ ਭੈਣ-ਭਰਾਵਾਂ ਪ੍ਰਤੀ ਕਿਊਬਾ ਦੇ ਭੈਣ-ਭਰਾਵਾਂ ਨੇ ਹੱਦੋਂ ਵੱਧ ਧੰਨਵਾਦ ਤੇ ਖ਼ੁਸ਼ੀ ਜ਼ਾਹਰ ਕੀਤੀ! ਮੈਂ ਆਪਣੇ ਉਨ੍ਹਾਂ ਪਿਆਰੇ ਭੈਣਾਂ-ਭਰਾਵਾਂ ਦੀਆਂ ਬਹੁਤ ਸਾਰੀਆਂ ਅਨਮੋਲ ਯਾਦਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਜੋ ਬੜੇ ਜੋਸ਼ ਨਾਲ ਯਹੋਵਾਹ ਦੀ ਵਡਿਆਈ ਕਰ ਰਹੇ ਹਨ।

ਪਰਮੇਸ਼ੁਰ ਦੇ ਲੋਕਾਂ ਨਾਲ ਅਪਣਾਪਣ

ਹਾਲਾਂਕਿ ਮੇਰਾ ਜੱਦੀ ਦੇਸ਼ ਆਸਟ੍ਰੇਲੀਆ ਹੈ, ਪਰ ਮੈਨੂੰ ਯਹੋਵਾਹ ਦੇ ਸੰਗਠਨ ਨੇ ਜਿੱਥੇ ਕਿਤੇ ਭੇਜਿਆ ਮੈਂ ਉੱਥੇ ਦੇ ਲੋਕਾਂ ਨੂੰ ਪਿਆਰ ਕੀਤਾ। ਇਹ ਜਪਾਨ ਬਾਰੇ ਵੀ ਬਿਲਕੁਲ ਸੱਚ ਹੈ ਅਤੇ ਹੁਣ ਮੈਂ 25 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹਾਂ ਜੋ ਮੈਨੂੰ ਆਪਣੇ ਘਰ ਜਿਹਾ ਲੱਗਦਾ ਹੈ। ਜਦੋਂ ਮੇਰੇ ਪਤੀ ਗੁਜ਼ਰ ਗਏ, ਤਾਂ ਮੈਂ ਆਸਟ੍ਰੇਲੀਆ ਵਾਪਸ ਜਾਣ ਦੀ ਨਹੀਂ ਸੋਚੀ, ਸਗੋਂ ਬਰੁਕਲਿਨ ਬੈਥਲ ਵਿਚ ਹੀ ਰਹਿਣ ਦੀ ਸੋਚੀ ਜਿੱਥੇ ਮੈਨੂੰ ਯਹੋਵਾਹ ਨੇ ਨਿਯੁਕਤ ਕੀਤਾ ਹੈ।

ਹੁਣ ਮੇਰੀ ਉਮਰ 80 ਸਾਲਾਂ ਦੀ ਹੈ। ਪੂਰਣ ਕਾਲੀ ਸੇਵਾ ਦੇ 61 ਸਾਲਾਂ ਬਾਅਦ ਵੀ ਮੈਂ ਅਜੇ ਉੱਥੇ ਸੇਵਾ ਕਰਨ ਨੂੰ ਤਿਆਰ ਹਾਂ ਜਿੱਥੇ ਯਹੋਵਾਹ ਨੂੰ ਲੱਗਦਾ ਹੈ ਕਿ ਮੇਰੀ ਲੋੜ ਹੈ। ਉਸ ਨੇ ਸੱਚੀਂ ਬੜੇ ਪਿਆਰ ਨਾਲ ਮੇਰੀ ਦੇਖ-ਭਾਲ ਕੀਤੀ ਹੈ। ਮੈਂ 57 ਤੋਂ ਵੀ ਜ਼ਿਆਦਾ ਸਾਲਾਂ ਦੀਆਂ ਯਾਦਾਂ ਆਪਣੇ ਦਿਲ ਵਿਚ ਸੰਭਾਲ ਕੇ ਰੱਖੀਆਂ ਹਨ ਜਿਸ ਦੌਰਾਨ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਪਿਆਰ ਕਰਨ ਵਾਲੇ ਆਪਣੇ ਜੀਵਨ-ਸਾਥੀ ਨਾਲ ਬਿਤਾਈ। ਮੈਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਨੂੰ ਬਰਕਤਾਂ ਦਿੰਦਾ ਰਹੇਗਾ ਤੇ ਮੈਂ ਜਾਣਦੀ ਹਾਂ ਕਿ ਉਹ ਸਾਡੇ ਕੰਮ ਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਅਸੀਂ ਉਸ ਦੇ ਨਾਂ ਲਈ ਦਿਖਾਇਆ ਹੈ।—ਇਬਰਾਨੀਆਂ 6:10.

[ਫੁਟਨੋਟ]

^ ਪੈਰਾ 4 1 ਅਕਤੂਬਰ 1999 ਦੇ ਪਹਿਰਾਬੁਰਜ ਦੇ ਸਫ਼ੇ 16-17 ਦੇਖੋ।

[ਸਫ਼ੇ 25 ਉੱਤੇ ਤਸਵੀਰ]

ਸਾਲ 1956 ਵਿਚ ਆਪਣੀ ਮੰਮੀ ਨਾਲ

[ਸਫ਼ੇ 26 ਉੱਤੇ ਤਸਵੀਰ]

ਸਾਲ 1950 ਦੇ ਦਹਾਕੇ ਦੇ ਸ਼ੁਰੂ ਵਿਚ ਲੋਇਡ ਤੇ ਜਪਾਨੀ ਪ੍ਰਕਾਸ਼ਕਾਂ ਦੇ ਗਰੁੱਪ ਨਾਲ

[ਸਫ਼ੇ 26 ਉੱਤੇ ਤਸਵੀਰਾਂ]

ਮੇਰੀ ਪਹਿਲੀ ਬਾਈਬਲ ਵਿਦਿਆਰਥਣ ਮੀਓ ਤਕਾਜੀ ਨਾਲ 1950 ਦੇ ਦਹਾਕੇ ਦੇ ਸ਼ੁਰੂ ਵਿਚ ਤੇ 1999 ਵਿਚ

[ਸਫ਼ੇ 28 ਉੱਤੇ ਤਸਵੀਰ]

ਜਪਾਨ ਵਿਚ ਲੋਇਡ ਨਾਲ ਰਸਾਲੇ ਵੰਡਦੇ ਹੋਏ