Skip to content

Skip to table of contents

ਯਿਸੂ ਦੇ ਜੀ ਉੱਠਣ ਬਾਰੇ ਸ਼ੱਕ

ਯਿਸੂ ਦੇ ਜੀ ਉੱਠਣ ਬਾਰੇ ਸ਼ੱਕ

ਯਿਸੂ ਦੇ ਜੀ ਉੱਠਣ ਬਾਰੇ ਸ਼ੱਕ

ਚਰਚ ਆਫ਼ ਇੰਗਲੈਂਡ ਦੇ ਮੁੱਖ ਪਾਦਰੀ, ਆਰਚਬਿਸ਼ਪ ਆਫ਼ ਕੈਂਟ੍ਰਬਰੀ ਨੇ ਕਿਹਾ: “ਮੈਂ ਸਾਫ਼-ਸਾਫ਼ ਕਹਿ ਸਕਦਾ ਹਾਂ ਕਿ ਯਿਸੂ ਮਸੀਹ ਇਸ ਧਰਤੀ ਤੇ ਜ਼ਰੂਰ ਆਇਆ ਸੀ . . . , ਪਰ ਅਸੀਂ ਇੰਨੇ ਪੱਕੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਉਹ ਪਰਮੇਸ਼ੁਰ ਦੁਆਰਾ ਮੁੜ ਕੇ ਜੀਉਂਦਾ ਕੀਤਾ ਗਿਆ ਸੀ।”

ਪੌਲੁਸ ਰਸੂਲ ਨੂੰ ਇਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ। ਪੁਰਾਣੇ ਸਮਿਆਂ ਦੇ ਕੁਰਿੰਥੁਸ ਸ਼ਹਿਰ ਵਿਚ ਰਹਿਣ ਵਾਲੇ ਆਪਣੇ ਸੰਗੀ ਮਸੀਹੀਆਂ ਨੂੰ ਉਸ ਨੇ ਆਪਣੀ ਪਹਿਲੀ ਚਿੱਠੀ ਦੇ 15ਵੇਂ ਅਧਿਆਇ ਵਿਚ ਲਿਖਿਆ: “ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ। ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ।”—1 ਕੁਰਿੰਥੀਆਂ 15:3, 4.

ਯਿਸੂ ਮਸੀਹ ਦੇ ਚੇਲਿਆਂ ਨੇ ਪੂਰੇ ਯੂਨਾਨੀ-ਰੋਮੀ ਸੰਸਾਰ ਵਿਚ, ਯਾਨੀ ਕਿ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਉਸ ਦੇ ਜੀ ਉੱਠਣ ਬਾਰੇ ਪ੍ਰਚਾਰ ਕੀਤਾ ਸੀ, ਕਿਉਂਕਿ ਉਹ ਇਸ ਗੱਲ ਵਿਚ ਪੂਰਾ ਵਿਸ਼ਵਾਸ ਰੱਖਦੇ ਸਨ। (ਕੁਲੁੱਸੀਆਂ 1:23) ਅਸਲ ਵਿਚ, ਮਸੀਹੀ ਧਰਮ ਯਿਸੂ ਦੇ ਮੁੜ ਜੀਉਂਦਾ ਕੀਤੇ ਜਾਣ ਤੇ ਆਧਾਰਿਤ ਹੈ।

ਪਰ ਸ਼ੁਰੂ ਤੋਂ ਹੀ ਯਿਸੂ ਮਸੀਹ ਦੇ ਜੀ ਉੱਠਣ ਬਾਰੇ ਲੋਕਾਂ ਨੇ ਇਤਬਾਰ ਕਰਨ ਦੀ ਬਜਾਇ ਸ਼ੱਕ ਕੀਤਾ ਹੈ। ਆਮ ਯਹੂਦੀਆਂ ਅਨੁਸਾਰ ਯਿਸੂ ਦੇ ਚੇਲਿਆਂ ਲਈ ਇਹ ਕਹਿਣਾ ਕੁਫ਼ਰ ਸੀ ਕਿ ਸੂਲੀ ਤੇ ਟੰਗਿਆ ਗਿਆ ਇਹ ਆਦਮੀ ਮਸੀਹਾ ਸੀ। ਅਤੇ ਪੜ੍ਹੇ-ਲਿਖੇ ਯੂਨਾਨੀਆਂ ਨੂੰ ਮੁਰਦਿਆਂ ਵਿੱਚੋਂ ਜੀ ਉਠਾਏ ਜਾਣ ਦੀ ਗੱਲ ਘਿਣਾਉਣੀ ਲੱਗਦੀ ਸੀ ਕਿਉਂਕਿ ਉਹ ਵਿਸ਼ਵਾਸ ਰੱਖਦੇ ਸਨ ਕਿ ਆਤਮਾ ਅਮਰ ਹੈ।—ਰਸੂਲਾਂ ਦੇ ਕਰਤੱਬ 17:32-34.

ਅੱਜ-ਕੱਲ੍ਹ ਦੇ ਸ਼ੱਕ ਕਰਨ ਵਾਲੇ ਲੋਕ

ਹਾਲ ਹੀ ਦੇ ਸਾਲਾਂ ਵਿਚ, ਆਪਣੇ ਆਪ ਨੂੰ ਮਸੀਹੀ ਕਹਾਉਣ ਵਾਲੇ ਕੁਝ ਵਿਦਵਾਨਾਂ ਨੇ ਅਜਿਹੀਆਂ ਕਿਤਾਬਾਂ ਅਤੇ ਲੇਖ ਲਿਖੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਯਿਸੂ ਦੇ ਜੀ ਉੱਠਣ ਨੂੰ ਇਕ ਕਥਾ ਸੱਦ ਕੇ ਰੱਦ ਕੀਤਾ ਹੈ। ਇਸ ਕਰਕੇ, ਇਸ ਵਿਸ਼ੇ ਉੱਤੇ ਇਕ ਬਹਿਸ ਸ਼ੁਰੂ ਹੋਈ ਹੈ। ‘ਅਸਲੀ ਯਿਸੂ ਮਸੀਹ’ ਦੀ ਭਾਲ ਵਿਚ ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਇੰਜੀਲਾਂ ਵਿਚ ਖਾਲੀ ਕਬਰ ਬਾਰੇ ਗੱਲ ਅਤੇ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦਾ ਦਿਖਾਈ ਦੇਣਾ ਸਿਰਫ਼ ਘਾੜਤਾਂ ਹਨ ਸੱਚਾਈ ਨਹੀਂ। ਉਹ ਕਹਿੰਦੇ ਹਨ ਕਿ ਇਹ ਗੱਲਾਂ ਯਿਸੂ ਦੀ ਮੌਤ ਤੋਂ ਬਾਅਦ ਘੜ ਕੇ ਲਿਖੀਆਂ ਗਈਆਂ ਸਨ ਤਾਂਕਿ ਇਹ ਦਾਅਵਾ ਸੱਚ ਮੰਨਿਆ ਜਾਵੇ ਕਿ ਯਿਸੂ ਨੂੰ ਪਰਮੇਸ਼ੁਰ ਤੋਂ ਸ਼ਕਤੀ ਮਿਲੀ ਸੀ।

ਉਦਾਹਰਣ ਲਈ, ਜਰਮਨੀ ਤੋਂ ਗੈਰਟ ਲੂਡਾਮਨ ਨਾਂ ਦੇ ਇਕ ਵਿਦਵਾਨ ਦੀਆਂ ਸੋਚਾਂ ਉੱਤੇ ਗੌਰ ਕਰੋ। ਉਹ ਨਵੇਂ ਨੇਮ ਦਾ ਪ੍ਰੋਫ਼ੈਸਰ ਹੈ ਅਤੇ ਯਿਸੂ ਨੂੰ ਕੀ ਹੋਇਆ ਸੀ—ਇਤਿਹਾਸ ਪੱਖੋਂ ਪੁਨਰ-ਉਥਾਨ ਦੀ ਜਾਂਚ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦਾ ਲੇਖਕ ਹੈ। ਲੂਡਾਮਨ ਵਿਚਾਰਦਾ ਹੈ ਕਿ ਯਿਸੂ ਦਾ ਜੀ ਉੱਠਣਾ ਇਕ “ਬਿਨਾਂ ਆਧਾਰ ਵਾਲੀ ਗੱਲ ਹੈ,” ਅਤੇ “ਅੱਜ-ਕੱਲ੍ਹ ਆਧੁਨਿਕ ਖ਼ਿਆਲ ਰੱਖਣ ਵਾਲਿਆਂ ਨੂੰ” ਇਸ ਨੂੰ ਰੱਦ ਕਰਨਾ ਚਾਹੀਦਾ ਹੈ।

ਪ੍ਰੋਫ਼ੈਸਰ ਲੂਡਾਮਨ ਦਾਅਵਾ ਕਰਦਾ ਹੈ ਕਿ ਜਦ ਪਤਰਸ ਰਸੂਲ ਨੇ ਕਿਹਾ ਕਿ ਉਸ ਨੇ ਮੁੜ ਜੀਉਂਦੇ ਯਿਸੂ ਨੂੰ ਦੇਖਿਆ ਤਾਂ ਇਹ ਸਿਰਫ਼ ਇਕ ਦਰਸ਼ਣ ਹੀ ਸੀ। ਲੂਡਾਮਨ ਅਨੁਸਾਰ, ਯਿਸੂ ਦਾ ਇਨਕਾਰ ਕਰਨ ਕਰਕੇ ਪਤਰਸ ਬਹੁਤ ਹੀ ਗਮ ਅਤੇ ਦੋਸ਼ ਮਹਿਸੂਸ ਕਰ ਰਿਹਾ ਸੀ ਇਸ ਲਈ ਉਸ ਨੇ ਇਹ ਦਰਸ਼ਣ ਦੇਖਿਆ। ਇਸ ਪ੍ਰੋਫ਼ੈਸਰ ਦਾ ਇਹ ਵੀ ਖ਼ਿਆਲ ਹੈ ਕਿ ਯਿਸੂ ਦੇ ਜੀ ਉੱਠਣ ਤੋਂ ਬਾਅਦ ਜਦ ਉਹ ਇਕ ਸਮੇਂ ਤੇ 500 ਚੇਲਿਆਂ ਨੂੰ ਦਿਖਾਈ ਦਿੱਤਾ, ਤਾਂ ਇਹ ਸਿਰਫ਼ ‘ਉਨ੍ਹਾਂ ਚੇਲਿਆਂ ਦੇ ਮਨਾਂ ਵਿਚ ਵੱਡੀ ਖ਼ੁਸ਼ੀ’ ਹੀ ਸੀ। (1 ਕੁਰਿੰਥੀਆਂ 15:5, 6) ਇਸ ਹੀ ਤਰ੍ਹਾਂ, ਬਹੁਤ ਹੀ ਵਿਦਵਾਨ ਬਾਈਬਲ ਵਿਚ ਯਿਸੂ ਦੇ ਮੁੜ ਜੀਉਂਦੇ ਕੀਤੇ ਜਾਣ ਦੇ ਬਿਰਤਾਂਤਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੰਦੇ। ਅਸਲ ਵਿਚ ਵਿਦਵਾਨਾਂ ਦੇ ਮੁਤਾਬਕ ਇਹ ਗੱਲਾਂ ਸਿਰਫ਼ ਚੇਲਿਆਂ ਦੇ ਮਨਾਂ ਵਿਚ ਹੋਈਆਂ ਸਨ ਜਿਸ ਕਰਕੇ ਉਹ ਰੂਹਾਨੀ ਤੌਰ ਤੇ ਮਜ਼ਬੂਤ ਹੋਏ ਅਤੇ ਪ੍ਰਚਾਰ ਕਰਨ ਵਿਚ ਜੋਸ਼ੀਲੇ ਬਣੇ।

ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਡੂੰਘੀਆਂ ਗੱਲਾਂ-ਬਾਤਾਂ ਵਿਚ ਫਸਣਾ ਨਹੀਂ ਚਾਹੁੰਦੇ ਹਨ। ਲੇਕਿਨ, ਯਿਸੂ ਦੇ ਜੀ ਉਠਾਏ ਜਾਣ ਦੇ ਬਿਰਤਾਂਤਾਂ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਕਿਉਂ? ਕਿਉਂਕਿ ਜੇਕਰ ਯਿਸੂ ਮੁੜ ਜੀਉਂਦਾ ਨਹੀਂ ਕੀਤਾ ਗਿਆ ਸੀ ਤਾਂ ਇਸ ਦਾ ਮਤਲਬ ਹੈ ਕਿ ਮਸੀਹੀ ਧਰਮ ਝੂਠੇ ਆਧਾਰ ਤੇ ਸਥਾਪਿਤ ਹੈ। ਦੂਜੇ ਪਾਸੇ, ਜੇਕਰ ਯਿਸੂ ਸੱਚੀ-ਮੁੱਚੀ ਜੀਉਂਦਾ ਕੀਤਾ ਗਿਆ ਸੀ ਤਾਂ ਮਸੀਹੀ ਧਰਮ ਸੱਚੇ ਆਧਾਰ ਤੇ ਸਥਾਪਿਤ ਹੈ। ਇਸ ਦਾ ਮਤਲਬ ਹੋਵੇਗਾ ਕਿ ਯਿਸੂ ਨੇ ਜੋ ਵੀ ਦਾਅਵੇ ਅਤੇ ਵਾਅਦੇ ਕੀਤੇ ਉਹ ਸਭ ਸੱਚ ਹਨ। ਇਸ ਦੇ ਨਾਲ-ਨਾਲ ਜੇਕਰ ਉਹ ਮੁੜ ਜੀਉਂਦਾ ਕੀਤਾ ਗਿਆ ਸੀ ਤਾਂ ਮੌਤ ਮਹਾਨ ਜੇਤੂ ਹੋਣ ਦੀ ਬਜਾਇ ਸਿਰਫ਼ ਇਕ ਦੁਸ਼ਮਣ ਹੈ ਜਿਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।—1 ਕੁਰਿੰਥੀਆਂ 15:55.

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the Self-Pronouncing Edition of the Holy Bible, containing the King James and the Revised versions