ਚਿੱਲੀ ਵਿਚ ਸੱਚਾਈ ਦੇ ਬੀਜਾਂ ਨੂੰ ਪਾਣੀ ਦੇਣਾ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਚਿੱਲੀ ਵਿਚ ਸੱਚਾਈ ਦੇ ਬੀਜਾਂ ਨੂੰ ਪਾਣੀ ਦੇਣਾ
ਕਈ ਸਾਲਾਂ ਤਕ ਉੱਤਰੀ ਚਿੱਲੀ ਦੇ ਰੇਗਿਸਤਾਨ ਵਿਚ ਵਰਖਾ ਨਹੀਂ ਹੁੰਦੀ। ਪਰ ਜਦੋਂ ਵਰਖਾ ਹੁੰਦੀ ਹੈ, ਤਾਂ ਸਾਰੀ ਝੁਲਸੀ ਤੇ ਪਥਰੀਲੀ ਧਰਤੀ ਰੰਗ-ਬਰੰਗੇ ਫੁੱਲਾਂ ਨਾਲ ਭਰ ਜਾਂਦੀ ਹੈ। ਇਹ ਸੁੰਦਰ ਨਜ਼ਾਰਾ ਦੇਸ਼ ਭਰ ਦੇ ਸੈਲਾਨੀਆਂ ਨੂੰ ਬਦੋਬਦੀ ਆਪਣੇ ਵੱਲ ਖਿੱਚਦਾ ਹੈ।
ਪਰ ਇਸ ਤੋਂ ਇਲਾਵਾ ਚਿੱਲੀ ਦੇ ਲੋਕਾਂ ਵਿਚ ਇਕ ਹੋਰ ਰੋਮਾਂਚਕਾਰੀ ਕ੍ਰਿਸ਼ਮਾ ਹੋ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਤਕ ਬਾਈਬਲ ਸੱਚਾਈ ਦਾ ਪਾਣੀ ਵਹਿ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਚੰਗੇ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਫੁੱਲ “ਖਿੜ ਰਹੇ” ਹਨ ਤੇ ਉਹ ਯਿਸੂ ਮਸੀਹ ਦੇ ਚੇਲੇ ਬਣ ਰਹੇ ਹਨ। ਸੱਚਾਈ ਦਾ ਪਾਣੀ ਪਹੁੰਚਾਉਣ ਦਾ ਇਕ ਜ਼ਰੀਆ ਹੈ—ਟੈਲੀਫ਼ੋਨ। ਹੇਠ ਲਿਖੇ ਤਜਰਬੇ ਟੈਲੀਫ਼ੋਨ ਦੁਆਰਾ ਗਵਾਹੀ ਦੇਣ ਨਾਲ ਮਿਲੇ ਚੰਗੇ ਨਤੀਜਿਆਂ ਬਾਰੇ ਦੱਸਦੇ ਹਨ।
• ਕਾਰੀਨਾ ਨਾਮਕ ਇਕ ਪਾਇਨੀਅਰ ਨੂੰ ਸਰਕਟ ਅਸੈਂਬਲੀ ਪ੍ਰੋਗ੍ਰਾਮ ਵਿਚ ਟੈਲੀਫ਼ੋਨ ਦੁਆਰਾ ਗਵਾਹੀ ਦੇਣ ਦਾ ਇਕ ਪ੍ਰਦਰਸ਼ਨ ਦਿਖਾਉਣ ਲਈ ਕਿਹਾ ਗਿਆ। ਪਰ ਕਾਰੀਨਾ ਨੇ ਪਹਿਲਾਂ ਕਦੀ ਵੀ ਟੈਲੀਫ਼ੋਨ ਰਾਹੀਂ ਗਵਾਹੀ ਨਹੀਂ ਦਿੱਤੀ ਸੀ। ਅਸੈਂਬਲੀ ਦੇ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਸਤੇ ਕਾਰੀਨਾ ਨੂੰ ਉਤਸ਼ਾਹਿਤ ਕਰਨ ਲਈ ਇਕ ਬਜ਼ੁਰਗ ਅਤੇ ਉਸ ਦੀ ਪਤਨੀ ਨੇ ਉਸ ਨੂੰ ਦਿਖਾਇਆ ਕਿ ਟੈਲੀਫ਼ੋਨ ਦੁਆਰਾ ਗਵਾਹੀ ਕਿਵੇਂ ਦੇਣੀ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਉਸ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਵੀ ਕਿਹਾ। ਉਸ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਅਖ਼ੀਰ ਫ਼ੋਨ ਕਰਨ ਦਾ ਫ਼ੈਸਲਾ ਕੀਤਾ।
ਕਾਰੀਨਾ ਨੇ ਆਪਣੇ ਨੇੜੇ ਦੇ ਪਿੰਡ ਦਾ ਇਕ ਟੈਲੀਫ਼ੋਨ ਨੰਬਰ ਘੁੰਮਾਇਆ। ਇਕ ਟੈਲੀਫ਼ੋਨ ਓਪਰੇਟਰ ਨੇ ਫ਼ੋਨ ਚੁੱਕਿਆ ਤੇ ਕਾਰੀਨਾ ਨੇ ਉਸ ਨੂੰ ਫ਼ੋਨ ਕਰਨ ਦਾ ਮਕਸਦ ਦੱਸਿਆ। ਓਪਰੇਟਰ ਨੇ ਕਾਰੀਨਾ ਦੀ ਗੱਲ ਸੁਣੀ ਤੇ ਉਸ ਨੇ ਤਿੰਨਾਂ ਦਿਨਾਂ ਬਾਅਦ ਫਿਰ ਫ਼ੋਨ ਕਰਨ ਲਈ ਕਿਹਾ। ਦੁਬਾਰਾ ਟੈਲੀਫ਼ੋਨ ਕਰਨ ਨਾਲ ਕਾਰੀਨਾ ਨੇ ਓਪਰੇਟਰ ਨਾਲ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਤੋਂ ਸਟੱਡੀ ਸ਼ੁਰੂ ਕੀਤੀ। ਉਦੋਂ ਤੋਂ ਇਸ ਨੇ ਟੈਲੀਫ਼ੋਨ ਰਾਹੀਂ ਦਿਲਚਸਪ ਅਤੇ ਜੋਸ਼ੀਲੀਆਂ ਸਟੱਡੀਆਂ ਦਾ ਆਨੰਦ ਮਾਣਿਆ ਹੈ। ਕਾਰੀਨਾ ਨੇ ਉਸ ਤੀਵੀਂ ਦੇ ਸਵਾਲਾਂ ਦੇ ਜਵਾਬ ਲਈ ਉਸ ਨੂੰ ਸਾਹਿੱਤ ਵੀ ਭੇਜਿਆ ਹੈ।
• ਇਕ ਆਦਮੀ ਨੇ ਗ਼ਲਤੀ ਨਾਲ ਸਾਡੀ ਇਕ ਭੈਣ ਬਰਨਾਡਾ ਦਾ ਫ਼ੋਨ ਨੰਬਰ ਲਗਾ ਦਿੱਤਾ। ਬਰਨਾਡਾ ਨੇ ਨਾਰਾਜ਼ ਹੋਣ ਦੀ ਬਜਾਇ, ਉਸ ਆਦਮੀ ਨੂੰ ਗਵਾਹੀ ਦੇਣ ਦੀ ਪਹਿਲ ਕੀਤੀ। ਉਸ ਨੇ ਆਪਣੀ ਪਛਾਣ ਯਹੋਵਾਹ ਦੀ ਗਵਾਹ ਵਜੋਂ ਕਰਾਈ ਤੇ ਉਸ ਆਦਮੀ ਨੂੰ ਪੁੱਛਿਆ ਕਿ ਕੀ ਉਹ ਉਸ ਦੀ ਕੋਈ ਮਦਦ ਕਰ ਸਕਦੀ ਹੈ। ਗੱਲਬਾਤ ਚੱਲਦੀ ਰਹੀ ਤੇ ਉਸ ਆਦਮੀ ਨੇ ਬੜੇ ਧਿਆਨ ਨਾਲ ਬਰਨਾਡਾ ਦੀ ਗੱਲ ਸੁਣੀ ਕਿ ਪਰਮੇਸ਼ੁਰ ਦਾ ਰਾਜ ਕਿਸ ਤਰ੍ਹਾਂ ਜਲਦੀ ਹੀ ਬੇਇਨਸਾਫ਼ੀ ਨੂੰ ਖ਼ਤਮ ਕਰ ਦੇਵੇਗਾ। ਉਸ ਆਦਮੀ ਨੇ ਬਰਨਾਡਾ ਨੂੰ ਆਪਣਾ ਫ਼ੋਨ ਨੰਬਰ ਦਿੱਤਾ ਜਿਸ ਤੋਂ ਬਾਅਦ ਬਰਨਾਡਾ ਨੇ ਕਈ ਵਾਰੀ ਉਸ ਨਾਲ ਗੱਲ ਕੀਤੀ। ਇਕ ਗੱਲਬਾਤ ਦੌਰਾਨ ਬਰਨਾਡਾ ਨੇ ਉਸ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਕਿਤਾਬ ਦਾ ਕੁਝ ਹਿੱਸਾ ਪੜ੍ਹ ਕੇ ਸੁਣਾਇਆ। ਉਸ ਆਦਮੀ ਨੇ ਪੁੱਛਿਆ ਕਿ ਉਸ ਨੂੰ ਇਹ ਕਿਤਾਬ ਕਿਸ ਤਰ੍ਹਾਂ ਮਿਲ ਸਕਦੀ ਹੈ। ਬਰਨਾਡਾ ਨੇ ਉਸ ਨੂੰ ਬਾਈਬਲ ਦੇ ਨਾਲ ਇਹ ਕਿਤਾਬ ਭੇਜ ਦਿੱਤੀ। ਉਸ ਆਦਮੀ ਨੂੰ ਮਿਲਣ ਲਈ ਇਕ ਭਰਾ ਨੂੰ ਭੇਜਿਆ ਗਿਆ ਜੋ ਹੁਣ ਇਸ ਫਲ-ਫੁੱਲ ਰਹੇ “ਪੌਦੇ” ਨੂੰ “ਪਾਣੀ” ਦੇ ਰਿਹਾ ਹੈ।
ਜੀ ਹਾਂ, ਇਸ ਸੰਸਾਰ ਦੀ ਖ਼ੁਸ਼ਕ ਅਧਿਆਤਮਿਕ ਮਿੱਟੀ ਵਿਚ ਦੱਬੇ ਬੀਜ ਪੁੰਗਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਸੱਚਾਈ ਦਾ ਜੀਵਨਦਾਇਕ ਪਾਣੀ ਦੇਣ ਦੀ ਲੋੜ ਹੈ। ਹਜ਼ਾਰਾਂ ਹੀ ਪਿਆਸੇ ਪੌਦੇ ਯਾਨੀ ਲੋਕ ‘ਉਪਜ’ ਰਹੇ ਹਨ ਅਤੇ “ਖਿੜ” ਕੇ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਬਣ ਰਹੇ ਹਨ।—ਯਸਾਯਾਹ 44:3, 4.