Skip to content

Skip to table of contents

ਬੇਇਨਸਾਫ਼ੀ ਦੀਆਂ ਜੜ੍ਹਾਂ

ਬੇਇਨਸਾਫ਼ੀ ਦੀਆਂ ਜੜ੍ਹਾਂ

ਬੇਇਨਸਾਫ਼ੀ ਦੀਆਂ ਜੜ੍ਹਾਂ

ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਬਾਈਬਲ ਨੇ ਸਾਡੇ ਜ਼ਮਾਨੇ ਦੇ ਲੋਕਾਂ ਦੇ ਸੁਭਾਅ ਬਾਰੇ ਦੱਸਿਆ ਸੀ। ਇਸ ਵਿਚ ਕਿਹਾ ਗਿਆ ਸੀ: “ਇਹ ਜਾਣ ਲੈ ਕਿ ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, . . . ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ’ਤੇ ਰਾਜ਼ੀ ਨਾ ਹੋਣ ਵਾਲੇ, . . . ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”—2 ਤਿਮੋਥਿਉਸ 3:1-4.

ਅੱਜ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਇਹ ਔਗੁਣ ਹਰ ਪਾਸੇ ਦੇਖਣ ਨੂੰ ਮਿਲਦੇ ਹਨ। ਇਹ ਕਈ ਰੂਪਾਂ ਵਿਚ ਦੇਖੇ ਜਾਂਦੇ ਹਨ ਜਿਵੇਂ ਕਿ ਲਾਲਚ, ਪੱਖਪਾਤ, ਸਮਾਜ-ਵਿਰੋਧੀ ਰਵੱਈਆ, ਭ੍ਰਿਸ਼ਟਾਚਾਰ ਅਤੇ ਅਮੀਰ-ਗ਼ਰੀਬ ਵਿਚ ਜ਼ਮੀਨ-ਆਸਮਾਨ ਦਾ ਫ਼ਰਕ। ਆਓ ਆਪਾਂ ਇਨ੍ਹਾਂ ਔਗੁਣਾਂ ਨੂੰ ਇਕ-ਇਕ ਕਰ ਕੇ ਦੇਖੀਏ।

ਲਾਲਚ। ਕਿਹਾ ਜਾਂਦਾ ਹੈ ਕਿ “ਲਾਲਚ ਕਰਨਾ ਫ਼ਾਇਦੇਮੰਦ ਹੈ” ਅਤੇ “ਲਾਲਚ ਕਰਨਾ ਚੰਗਾ ਹੈ।” ਪਰ ਇਹ ਸਭ ਝੂਠ ਹੈ। ਲਾਲਚ ਕਰਨ ਨਾਲ ਨੁਕਸਾਨ ਹੁੰਦਾ ਹੈ! ਮਿਸਾਲ ਲਈ, ਪੈਸੇ ਦੇ ਲਾਲਚ ਕਰਕੇ ਲੋਕ ਇਕ-ਦੂਜੇ ਨਾਲ ਧੋਖਾ-ਧੜੀ ਕਰਦੇ ਹਨ, ਅਮੀਰ ਹੋਣ ਦਾ ਝਾਂਸਾ ਦੇਣ ਦੀਆਂ ਸਕੀਮਾਂ ਚਲਾਉਂਦੇ ਹਨ ਅਤੇ ਬਿਨਾਂ ਸੋਚੇ-ਸਮਝੇ ਉਧਾਰ ਲੈਂਦੇ-ਦਿੰਦੇ ਹਨ। ਨਤੀਜੇ ਵਜੋਂ, ਜਦੋਂ ਆਰਥਿਕ ਗਿਰਾਵਟ ਆਈ, ਤਾਂ ਬਹੁਤ ਸਾਰੇ ਲੋਕੀ ਦੁਖੀ ਹੋਏ। ਦਰਅਸਲ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ, ਉਨ੍ਹਾਂ ਵਿੱਚੋਂ ਕੁਝ ਆਪ ਲਾਲਚੀ ਸਨ। ਪਰ ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਮਿਹਨਤੀ ਹਨ ਤੇ ਜਿਨ੍ਹਾਂ ਨੇ ਆਪਣੇ ਘਰ ਅਤੇ ਪੈਨਸ਼ਨਾਂ ਗੁਆ ਲਈਆਂ।

ਪੱਖਪਾਤ। ਪੱਖਪਾਤ ਕਰਨ ਵਾਲੇ ਲੋਕ ਦੂਜਿਆਂ ਦੀ ਜਾਤ, ਰੰਗ-ਰੂਪ, ਹੈਸੀਅਤ, ਧਰਮ ਜਾਂ ਕੁੜੀ-ਮੁੰਡੇ ਦੇ ਆਧਾਰ ’ਤੇ ਉਨ੍ਹਾਂ ਨਾਲ ਫ਼ਰਕ ਕਰਦੇ ਹਨ। ਮਿਸਾਲ ਲਈ, ਸੰਯੁਕਤ ਰਾਸ਼ਟਰ-ਸੰਘ ਦੀ ਕਮੇਟੀ ਨੇ ਦੇਖਿਆ ਕਿ ਦੱਖਣੀ ਅਮਰੀਕਾ ਦੇ ਇਕ ਦੇਸ਼ ਵਿਚ ਇਕ ਗਰਭਵਤੀ ਔਰਤ ਹਸਪਤਾਲ ਵਿਚ ਮਰ ਗਈ। ਇਸ ਤੋਂ ਪਹਿਲਾਂ ਉਹ ਜਿਹੜੇ ਹਸਪਤਾਲ ਵਿਚ ਗਈ ਸੀ, ਉੱਥੇ ਉਸ ਨਾਲ ਪੱਖਪਾਤ ਕੀਤਾ ਗਿਆ ਕਿਉਂਕਿ ਉਹ ਗ਼ਰੀਬ ਤੇ ਨੀਵੀਂ ਜਾਤ ਦੀ ਸੀ। ਪੱਖਪਾਤ ਕਰਕੇ ਲੋਕਾਂ ਨੇ ਹੱਦੋਂ ਵੱਧ ਨਸਲੀ ਕਤਲਾਮ ਕੀਤਾ।

ਸਮਾਜ-ਵਿਰੋਧੀ ਰਵੱਈਆ। ਹੈਂਡਬੁੱਕ ਆਫ਼ ਐਂਟੀਸੋਸ਼ਲ ਬੀਹੇਵੀਅਰ ਨਾਂ ਦੀ ਕਿਤਾਬ ਵਿਚ ਲਿਖਿਆ ਹੈ: “ਸਮਾਜ-ਵਿਰੋਧੀ ਰਵੱਈਏ ਕਰਕੇ ਹਰ ਸਾਲ ਹਜ਼ਾਰਾਂ ਹੀ ਪਰਿਵਾਰ ਟੁੱਟ ਜਾਂਦੇ ਹਨ, ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਅਤੇ ਅਰਬਾਂ-ਖਰਬਾਂ ਦੀ ਜਾਇਦਾਦ ਦਾ ਨੁਕਸਾਨ ਹੋ ਜਾਂਦਾ ਹੈ। ਅੱਜ ਹਿੰਸਾ ਅਤੇ ਗੁੱਸਾ ਸਾਡੇ ਸਮਾਜ ਵਿਚ ਹਰ ਪਾਸੇ ਦੇਖਣ ਨੂੰ ਮਿਲਦਾ ਹੈ ਜਿਸ ਕਰਕੇ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਵੇਗਾ ਕਿ ਭਵਿੱਖ ਵਿਚ ਇਤਿਹਾਸਕਾਰ ਵੀਹਵੀਂ ਸਦੀ ਦੇ ਅਖ਼ੀਰਲੇ ਸਮੇਂ ਨੂੰ ‘ਤਕਨਾਲੋਜੀ ਦਾ ਯੁਗ’ ਜਾਂ ‘ਜਾਣਕਾਰੀ ਦਾ ਯੁਗ’ ਨਹੀਂ, ਸਗੋਂ ‘ਸਮਾਜ-ਵਿਰੋਧੀ ਯੁਗ’ ਕਹਿਣਗੇ—ਅਜਿਹਾ ਯੁਗ ਜਿਸ ਵਿਚ ਸਮਾਜ ਨੇ ਆਪਣੇ ਆਪ ਨੂੰ ਹੀ ਤਬਾਹ ਕੀਤਾ।” ਭਾਵੇਂ ਇਹ ਕਿਤਾਬ 1997 ਵਿਚ ਛਾਪੀ ਗਈ ਸੀ, ਪਰ ਫਿਰ ਵੀ ਲੋਕਾਂ ਦੇ ਰਵੱਈਏ ਵਿਚ ਕੋਈ ਸੁਧਾਰ ਨਹੀਂ ਆਇਆ।

ਭ੍ਰਿਸ਼ਟਾਚਾਰ। ਦੱਖਣੀ ਅਫ਼ਰੀਕਾ ਵਿਚ ਹੋ ਰਹੇ ਭ੍ਰਿਸ਼ਟਾਚਾਰ ਬਾਰੇ ਇਕ ਰਿਪੋਰਟ ਵਿਚ ਲਿਖਿਆ ਗਿਆ ਕਿ ਸੱਤਾਂ ਸਾਲਾਂ ਦੌਰਾਨ 25.2 ਅਰਬ ਰੈਂਡ (ਉਸ ਸਮੇਂ 2 ਖਰਬ 14 ਅਰਬ 45 ਕਰੋੜ 60 ਲੱਖ 24 ਹਜ਼ਾਰ 6 ਸੌ 68 ਰੁਪਏ) ਸਿਹਤ ਵਿਭਾਗ ਨੂੰ ਦਿੱਤੇ ਗਏ। ਪਰ 81% ਤੋਂ ਜ਼ਿਆਦਾ ਰਕਮ ਦਾ ਗ਼ਲਤ ਇਸਤੇਮਾਲ ਕੀਤਾ ਗਿਆ। ਦ ਪਬਲਿਕ ਮੈਨੇਜਰ ਨਾਂ ਦੇ ਰਸਾਲੇ ਨੇ ਦੱਸਿਆ ਕਿ ਜਿਹੜੇ ਪੈਸੇ “ਉਸ ਜਗ੍ਹਾ ਦੇ ਹਸਪਤਾਲਾਂ, ਕਲਿਨਿਕਾਂ ਅਤੇ ਸਿਹਤ ਸੈਂਟਰਾਂ ਦੀ ਸਾਂਭ-ਸੰਭਾਲ ’ਤੇ ਲਾਏ ਜਾਣੇ ਚਾਹੀਦੇ ਸੀ,” ਉਹ ਨਹੀਂ ਲਾਏ ਗਏ।

ਅਮੀਰ-ਗ਼ਰੀਬ ਵਿਚ ਜ਼ਮੀਨ-ਆਸਮਾਨ ਦਾ ਫ਼ਰਕ। ਟਾਈਮ ਨਾਂ ਦੇ ਰਸਾਲੇ ਦੀ ਇਕ ਰਿਪੋਰਟ ਮੁਤਾਬਕ 2005 ਵਿਚ ਬਰਤਾਨੀਆ ਦੀ ਕੁੱਲ ਸਾਲਾਨਾ ਆਮਦਨ ਦਾ ਲਗਭਗ 30% ਹਿੱਸਾ “ਸਿਰਫ਼ 5% ਲੋਕਾਂ ਦੇ ਹੱਥਾਂ ਵਿਚ ਗਿਆ।” ਦੂਜੇ ਪਾਸੇ “ਅਮਰੀਕਾ ਦੀ ਆਮਦਨ ਦਾ 33% ਤੋਂ ਜ਼ਿਆਦਾ ਹਿੱਸਾ 5% ਲੋਕਾਂ ਦੇ ਹੱਥਾਂ ਵਿਚ ਗਿਆ।” ਦੁਨੀਆਂ ਭਰ ਵਿਚ ਲਗਭਗ 1.4 ਅਰਬ ਲੋਕ 67.12 ਰੁਪਏ ਜਾਂ ਇਸ ਤੋਂ ਵੀ ਘੱਟ ਪੈਸਿਆਂ ਨਾਲ ਇਕ ਦਿਨ ਦਾ ਗੁਜ਼ਾਰਾ ਤੋਰਦੇ ਹਨ ਅਤੇ ਭੁੱਖ ਦੇ ਮਾਰੇ ਹਰ ਰੋਜ਼ 25,000 ਬੱਚੇ ਮਰਦੇ ਹਨ।

ਕੀ ਬੇਇਨਸਾਫ਼ੀ ਦਾ ਕੋਈ ਹੱਲ ਹੈ?

1987 ਵਿਚ ਉਸ ਸਮੇਂ ਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹ ਟੀਚਾ ਰੱਖਿਆ ਸੀ ਕਿ 1990 ਤੋਂ ਆਸਟ੍ਰੇਲੀਆ ਦਾ ਕੋਈ ਵੀ ਬੱਚਾ ਗ਼ਰੀਬੀ ਵਿਚ ਨਹੀਂ ਰਹੇਗਾ। ਇੱਦਾਂ ਕਦੇ ਨਹੀਂ ਹੋਇਆ। ਦਰਅਸਲ ਬਾਅਦ ਵਿਚ ਪ੍ਰਧਾਨ ਮੰਤਰੀ ਇਹ ਟੀਚਾ ਰੱਖਣ ਕਾਰਨ ਪਛਤਾਇਆ।

ਜੀ ਹਾਂ, ਇਨਸਾਨ ਭਾਵੇਂ ਕਿੰਨਾ ਹੀ ਸ਼ਕਤੀਸ਼ਾਲੀ, ਅਮੀਰ ਜਾਂ ਦਬਦਬਾ ਰੱਖਣ ਵਾਲਾ ਕਿਉਂ ਨਾ ਹੋਵੇ, ਫਿਰ ਵੀ ਉਹ ਇਨਸਾਨ ਹੈ ਅਤੇ ਬੇਇਨਸਾਫ਼ੀ ਨੂੰ ਖ਼ਤਮ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ। ਸ਼ਕਤੀਸ਼ਾਲੀ ਇਨਸਾਨ ਵੀ ਬੇਇਨਸਾਫ਼ੀ ਦਾ ਸ਼ਿਕਾਰ ਹੁੰਦਾ ਹੈ, ਬੁੱਢਾ ਹੁੰਦਾ ਹੈ ਤੇ ਅਖ਼ੀਰ ਵਿਚ ਮਰ ਜਾਂਦਾ ਹੈ। ਇਹ ਸੱਚਾਈਆਂ ਸਾਨੂੰ ਬਾਈਬਲ ਦੀਆਂ ਦੋ ਗੱਲਾਂ ਯਾਦ ਕਰਾਉਂਦੀਆਂ ਹਨ:

“ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”ਯਿਰਮਿਯਾਹ 10:23.

“ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, . . . ਜਿਹ ਦੇ ਕੋਲ ਬਚਾਓ ਹੈ ਨਹੀਂ।”ਜ਼ਬੂਰਾਂ ਦੀ ਪੋਥੀ 146:3.

ਜੇ ਅਸੀਂ ਇਨ੍ਹਾਂ ਗੱਲਾਂ ’ਤੇ ਵਿਸ਼ਵਾਸ ਕਰਦੇ ਹਾਂ, ਤਾਂ ਮਨੁੱਖਾਂ ਦੇ ਕੀਤੇ ਅਸਫ਼ਲ ਜਤਨਾਂ ਤੋਂ ਸਾਨੂੰ ਨਿਰਾਸ਼ਾ ਨਹੀਂ ਹੋਵੇਗੀ। ਤਾਂ ਫਿਰ ਕੀ ਸਾਨੂੰ ਹਾਰ ਮੰਨ ਲੈਣੀ ਚਾਹੀਦੀ ਹੈ? ਬਿਲਕੁਲ ਨਹੀਂ! ਇਨ੍ਹਾਂ ਲੜੀਵਾਰ ਲੇਖਾਂ ਦੇ ਆਖ਼ਰੀ ਲੇਖ ਵਿਚ ਅਸੀਂ ਦੇਖਾਂਗੇ ਕਿ ਇਕ ਅਜਿਹਾ ਸਮਾਂ ਜਲਦੀ ਹੀ ਆਉਣ ਵਾਲਾ ਹੈ ਜਦੋਂ ਹਰ ਪਾਸੇ ਇਨਸਾਫ਼ ਦਾ ਬੋਲਬਾਲਾ ਹੋਵੇਗਾ। ਉਸ ਸਮੇਂ ਦੇ ਆਉਣ ਤੋਂ ਪਹਿਲਾਂ ਅਸੀਂ ਹੁਣ ਵੀ ਕੁਝ ਕਰ ਸਕਦੇ ਹਾਂ। ਅਸੀਂ ਆਪਣੀ ਜਾਂਚ ਕਰ ਸਕਦੇ ਹਾਂ। ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਦੂਜਿਆਂ ਨਾਲ ਹੋਰ ਇਨਸਾਫ਼ ਕਰ ਸਕਦਾ ਹਾਂ? ਕੀ ਮੈਂ ਕੁਝ ਗੱਲਾਂ ਵਿਚ ਸੁਧਾਰ ਕਰ ਸਕਦਾ ਹਾਂ?’ ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ। (g12-E 05)

[ਸਫ਼ੇ 10, 11 ਉੱਤੇ ਤਸਵੀਰਾਂ]

ੳ. ਚੀਨ ਵਿਚ ਨਸਲੀ ਦੰਗਿਆਂ ਵਿਚ ਹਿੱਸਾ ਲੈਂਦੇ ਆਦਮੀ ਨੂੰ ਪੁਲਸ ਫੜ ਕੇ ਲੈ ਜਾਂਦੀ ਹੋਈ

ਅ. ਲੰਡਨ, ਇੰਗਲੈਂਡ ਵਿਚ ਦੁਕਾਨਾਂ ਵਿਚ ਲੁੱਟ-ਮਾਰ

ੲ. ਰਵਾਂਡਾ ਦੇ ਇਕ ਰਫਿਊਜੀ ਕੈਂਪ ਵਿਚ ਅੱਤ ਦੀ ਗ਼ਰੀਬੀ

[ਕ੍ਰੈਡਿਟ ਲਾਈਨਾਂ]

Top left: © Adam Dean/Panos Pictures; top center: © Matthew Aslett/Demotix/CORBIS; top right: © David Turnley/CORBIS