Skip to content

Skip to table of contents

“ਵਿਸ਼ਵ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਸਿੱਖਣ ਵਾਲੀ ਮਸ਼ੀਨ”

“ਵਿਸ਼ਵ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਸਿੱਖਣ ਵਾਲੀ ਮਸ਼ੀਨ”

“ਵਿਸ਼ਵ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਸਿੱਖਣ ਵਾਲੀ ਮਸ਼ੀਨ”

ਬੱਚੇ ਦੇ ਦਿਮਾਗ਼ ਨੂੰ “ਵਿਸ਼ਵ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਸਿੱਖਣ ਵਾਲੀ ਮਸ਼ੀਨ” ਕਿਹਾ ਜਾਂਦਾ ਹੈ ਅਤੇ ਇੱਦਾਂ ਕਹਿਣ ਦਾ ਵਧੀਆ ਕਾਰਨ ਹੈ। ਜਦੋਂ ਬੱਚਾ ਦੁਨੀਆਂ ਵਿਚ ਜਨਮ ਲੈਂਦਾ ਹੈ, ਤਾਂ ਉਹ ਉਸ ਸਮੇਂ ਤੋਂ ਹੀ ਦੇਖ ਕੇ, ਸੁਣ ਕੇ ਅਤੇ ਛੋਹ ਕੇ ਸਿੱਖਣਾ ਸ਼ੁਰੂ ਕਰ ਦਿੰਦਾ ਹੈ।

ਇਸ ਤੋਂ ਵੀ ਵਧ ਕੇ ਬੱਚਾ ਇਨਸਾਨਾਂ ਵਿਚ ਦਿਲਚਸਪੀ ਲੈਂਦਾ ਹੈ। ਉਸ ਨੂੰ ਉਨ੍ਹਾਂ ਦੇ ਚਿਹਰੇ, ਉਨ੍ਹਾਂ ਦੀਆਂ ਆਵਾਜ਼ਾਂ ਤੇ ਉਨ੍ਹਾਂ ਦੀ ਛੋਹ ਚੰਗੀ ਲੱਗਦੀ ਹੈ। ਬਚਪਨ ਨਾਂ ਦੀ ਆਪਣੀ ਕਿਤਾਬ ਵਿਚ ਪਨੈਲਪੀ ਲੀਚ ਕਹਿੰਦੀ ਹੈ: “ਇਸ ਬਾਰੇ ਕਾਫ਼ੀ ਖੋਜ ਕੀਤੀ ਗਈ ਹੈ ਕਿ ਬੱਚਾ ਸਭ ਤੋਂ ਵਧ ਕਿਹੜੇ ਨਜ਼ਾਰੇ ਦੇਖਣੇ ਪਸੰਦ ਕਰਦਾ ਹੈ, ਕਿਹੜੀਆਂ ਆਵਾਜ਼ਾਂ ਧਿਆਨ ਨਾਲ ਸੁਣਦਾ ਹੈ ਅਤੇ ਕਿਹੜੀ ਚੀਜ਼ ਉਹ ਵਾਰ-ਵਾਰ ਛੋਹਣੀ ਚਾਹੁੰਦਾ ਹੈ। ਦੇਖਿਆ ਗਿਆ ਹੈ ਕਿ ਬੱਚੇ ਨੂੰ ਸਭ ਤੋਂ ਜ਼ਿਆਦਾ ਉਹ ਇਨਸਾਨ ਪਸੰਦ ਹੁੰਦਾ ਹੈ ਜੋ ਉਸ ਦੀ ਦੇਖ-ਭਾਲ ਕਰਦਾ ਹੈ।” ਇਸ ਲਈ ਕਿਹਾ ਜਾ ਸਕਦਾ ਹੈ ਕਿ ਬੱਚੇ ਦੇ ਵਧਣ-ਫੁੱਲਣ ਵਿਚ ਮਾਪਿਆਂ ਦਾ ਵੱਡਾ ਹੱਥ ਹੁੰਦਾ ਹੈ!

‘ਮੈਂ ਨਿਆਣੇ ਵਾਂਙੁ ਬੋਲਦਾ ਸਾਂ’

ਮਾਪੇ ਅਤੇ ਬੱਚਿਆਂ ਦੇ ਡਾਕਟਰ ਹੈਰਾਨ ਹਨ ਕਿ ਨਵ-ਜੰਮਿਆ ਬੱਚਾ ਸੁਣ ਕੇ ਹੀ ਕੋਈ ਭਾਸ਼ਾ ਸਿੱਖ ਲੈਂਦਾ ਹੈ। ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਕੁਝ ਹੀ ਦਿਨਾਂ ਵਿਚ ਬੱਚਾ ਆਪਣੀ ਮਾਂ ਦੀ ਆਵਾਜ਼ ਪਛਾਣਨ ਲੱਗ ਪੈਂਦਾ ਹੈ ਤੇ ਕਿਸੇ ਅਜਨਬੀ ਨਾਲੋਂ ਆਪਣੀ ਮਾਂ ਦੀ ਆਵਾਜ਼ ਸੁਣਨੀ ਪਸੰਦ ਕਰਦਾ ਹੈ। ਕੁਝ ਹੀ ਹਫ਼ਤਿਆਂ ਵਿਚ ਉਹ ਆਪਣੇ ਮਾਪਿਆਂ ਦੀ ਬੋਲੀ ਅਤੇ ਹੋਰ ਬੋਲੀਆਂ ਵਿਚ ਫ਼ਰਕ ਪਛਾਣ ਸਕਦਾ ਹੈ। ਨਾਲੇ ਕੁਝ ਹੀ ਮਹੀਨਿਆਂ ਵਿਚ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸ਼ਬਦ ਸ਼ੁਰੂ ਅਤੇ ਖ਼ਤਮ ਕਿੱਥੇ ਹੁੰਦੇ ਹਨ ਜਿਸ ਕਰਕੇ ਉਹ ਸਮਝ ਜਾਂਦਾ ਹੈ ਕਿ ਕੌਣ ਬੋਲਦਾ ਹੈ ਤੇ ਕੌਣ ਸਿਰਫ਼ ਆਵਾਜ਼ਾਂ ਕੱਢਦਾ ਹੈ।

ਪੌਲੁਸ ਰਸੂਲ ਨੇ ਲਿਖਿਆ: ‘ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ ਸਾਂ।’ (1 ਕੁਰਿੰਥੀਆਂ 13:11) ਇਕ ਨਿਆਣਾ ਕਿਵੇਂ ਬੋਲਦਾ ਹੈ? ਆਮ ਕਰ ਕੇ ਉਹ ਸਿਰਫ਼ ਆਵਾਜ਼ਾਂ ਹੀ ਕੱਢਦਾ ਹੈ। ਭਾਵੇਂ ਸਾਨੂੰ ਇਨ੍ਹਾਂ ਆਵਾਜ਼ਾਂ ਦੀ ਕੋਈ ਸਮਝ ਨਹੀਂ ਆਉਂਦੀ, ਫਿਰ ਵੀ ਇਹ ਜ਼ਰੂਰੀ ਹੁੰਦੀਆਂ ਹਨ। ਡਾਕਟਰ ਲੀਸਾ ਐਲੀਅਟ ਆਪਣੀ ਕਿਤਾਬ ਵਿਚ ਦੱਸਦੀ ਹੈ ਕਿ ਬੋਲਣਾ “ਇਕ ਕਲਾ ਹੈ ਜਿਸ ਵਿਚ ਬੁੱਲ੍ਹਾਂ, ਜੀਭ, ਤਾਲੂ ਅਤੇ ਘੰਡੀ ਦੀਆਂ ਬਹੁਤ ਸਾਰੀਆਂ ਮਾਸ-ਪੇਸ਼ੀਆਂ ਤੇਜ਼ੀ ਨਾਲ ਮਿਲ ਕੇ ਕੰਮ ਕਰਦੀਆਂ ਹਨ।” ਉਹ ਅੱਗੇ ਦੱਸਦੀ ਹੈ: “ਭਾਵੇਂ ਸਾਨੂੰ ਲੱਗਦਾ ਹੈ ਕਿ ਬੱਚਾ ਆਪਣੇ ਵੱਲ ਧਿਆਨ ਖਿੱਚਣ ਲਈ ਸਿਰਫ਼ ਆਵਾਜ਼ਾਂ ਕੱਢਦਾ ਹੈ, ਪਰ ਅਸਲ ਵਿਚ ਉਹ ਬੋਲਣਾ ਸਿੱਖ ਰਿਹਾ ਹੁੰਦਾ ਹੈ।”

ਜਦ ਬੱਚਾ ਆਵਾਜ਼ਾਂ ਕੱਢਦਾ ਹੈ, ਤਾਂ ਮਾਪੇ ਵੀ ਹੱਸ ਕੇ ਉਸ ਨਾਲ ਗੱਲਾਂ ਕਰਦੇ ਹਨ। ਫਿਰ ਬੱਚਾ ਵੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਖ਼ੁਸ਼ ਹੁੰਦਾ ਹੈ ਤੇ ਹੋਰ ਆਵਾਜ਼ਾਂ ਕੱਢਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਗੱਲਾਂ-ਬਾਤਾਂ ਕਰਨੀਆਂ ਸਿੱਖ ਰਿਹਾ ਹੁੰਦਾ ਹੈ। ਇਹ ਅਜਿਹੀ ਕਲਾ ਹੈ ਜੋ ਪੂਰੀ ਜ਼ਿੰਦਗੀ ਉਸ ਦੇ ਕੰਮ ਆਵੇਗੀ।

ਮਾਪਿਆਂ ਦੀਆਂ ਬਦਲਦੀਆਂ ਜ਼ਿੰਮੇਵਾਰੀਆਂ

ਨਵ-ਜੰਮੇ ਬੱਚੇ ਦੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਾਪੇ ਅਕਸਰ ਬਿਜ਼ੀ ਰਹਿੰਦੇ ਹਨ। ਜਦੋਂ ਨਿਆਣਾ ਰੋਂਦਾ ਹੈ, ਤਾਂ ਕੋਈ-ਨਾ-ਕੋਈ ਉਸ ਨੂੰ ਦੁੱਧ ਦੇ ਦਿੰਦਾ ਹੈ। ਜਦੋਂ ਉਹ ਰੋਂਦਾ ਹੈ, ਤਾਂ ਕੋਈ-ਨਾ-ਕੋਈ ਉਸ ਦਾ ਡਾਈਪਰ ਬਦਲ ਦਿੰਦਾ ਹੈ ਜਾਂ ਉਸ ਨੂੰ ਚੁੱਕ ਲੈਂਦਾ ਹੈ। ਇਸ ਤਰ੍ਹਾਂ ਨਿਆਣੇ ਦੀ ਦੇਖ-ਭਾਲ ਕਰਨੀ ਠੀਕ ਹੈ ਤੇ ਜ਼ਰੂਰੀ ਵੀ। ਇਹ ਨਿਆਣੇ ਦੀ ਦੇਖ-ਭਾਲ ਕਰਨ ਵਿਚ ਮਾਪਿਆਂ ਦੀ ਮੁੱਖ ਜ਼ਿੰਮੇਵਾਰੀ ਹੈ।—1 ਥੱਸਲੁਨੀਕੀਆਂ 2:7.

ਜਦੋਂ ਬੱਚੇ ਦੀਆਂ ਲੋੜਾਂ ਇਸ ਤਰ੍ਹਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਤਾਂ ਉਹ ਸੋਚਦਾ ਹੈ ਕਿ ਉਹੀ ਵਿਸ਼ਵ ਦਾ ਰਾਜਾ ਹੈ ਅਤੇ ਦੂਸਰੇ, ਖ਼ਾਸ ਕਰਕੇ ਉਸ ਦੇ ਮਾਪੇ, ਸਿਰਫ਼ ਉਸ ਦੀ ਸੇਵਾ ਕਰਨ ਲਈ ਹਨ। ਇਹ ਸੋਚ ਭਾਵੇਂ ਗ਼ਲਤ ਹੈ, ਪਰ ਅਸੀਂ ਸਮਝ ਸਕਦੇ ਹਾਂ ਕਿ ਬੱਚਾ ਇਸ ਤਰ੍ਹਾਂ ਕਿਉਂ ਸੋਚਦਾ ਹੈ। ਯਾਦ ਰੱਖੋ ਕਿ ਇਕ ਸਾਲ ਤੋਂ ਉੱਪਰ ਤੁਸੀਂ ਬੱਚੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਆਏ ਹੋ। ਉਸ ਦੇ ਭਾਣੇ ਉਹੀ ਘਰ ਦਾ ਰਾਜਾ ਹੈ ਅਤੇ ਘਰ ਦੇ ਜਿੰਨੇ ਮੈਂਬਰ ਹਨ ਉਸ ਦੇ ਨੌਕਰ ਹਨ! ਪਰਿਵਾਰਾਂ ਦਾ ਇਕ ਸਲਾਹਕਾਰ ਜੌਨ ਰੋਜ਼ਮੌਂਡ ਲਿਖਦਾ ਹੈ: “ਦੋ ਸਾਲਾਂ ਦੇ ਵਿਚ-ਵਿਚ ਮਾਪੇ ਆਪਣੇ ਬੱਚਿਆਂ ਨੂੰ ਇਹ ਗੱਲ ਸਿਖਾਉਂਦੇ ਹਨ ਕਿ ਉਨ੍ਹਾਂ ਦੀ ਚੱਲਦੀ ਹੈ, ਪਰ ਇਸ ਗ਼ਲਤਫ਼ਹਿਮੀ ਨੂੰ ਦੂਰ ਕਰਨ ਲਈ ਸੋਲਾਂ ਸਾਲ ਲੱਗ ਜਾਂਦੇ ਹਨ! ਪਹਿਲਾਂ ਮਾਪੇ ਆਪਣੇ ਬੱਚੇ ਨੂੰ ਅਹਿਸਾਸ ਕਰਾਉਂਦੇ ਹਨ ਕਿ ਉਹੀ ਰਾਜਾ ਹੈ ਅਤੇ ਬਾਅਦ ਵਿਚ ਉਹੀ ਮਾਪੇ ਇਹ ਸਿਖਾਉਂਦੇ ਹਨ ਕਿ ਇਹ ਸੱਚ ਨਹੀਂ ਹੈ।”

ਜਦ ਬੱਚਾ ਲਗਭਗ ਦੋ ਸਾਲਾਂ ਦਾ ਹੋ ਜਾਂਦਾ ਹੈ, ਤਾਂ ਮਾਪੇ ਉਸ ਦੀ ਸਿਰਫ਼ ਦੇਖ-ਭਾਲ ਹੀ ਨਹੀਂ ਕਰਦੇ ਬਲਕਿ ਉਸ ਨੂੰ ਕਈ ਗੱਲਾਂ ਸਿਖਾਉਣ ਵੀ ਲੱਗ ਪੈਂਦੇ ਹਨ। ਹੁਣ ਨਿਆਣਾ ਇਸ ਗੱਲ ਨੂੰ ਸਮਝਣ ਲੱਗਦਾ ਹੈ ਕਿ ਉਸ ਦੇ ਮਾਪੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਹੀਂ ਕਰ ਰਹੇ ਹਨ। ਇਸ ਦੀ ਬਜਾਇ ਮਾਪੇ ਉਸ ਕੋਲੋਂ ਉਮੀਦ ਰੱਖਦੇ ਹਨ ਕਿ ਉਹ ਉਨ੍ਹਾਂ ਦੀ ਗੱਲ ਸੁਣੇ। ਹੁਣ ਬੱਚੇ ਦਾ ਰਾਜ ਖ਼ਤਮ ਹੋ ਗਿਆ ਹੈ ਅਤੇ ਸ਼ਾਇਦ ਉਹ ਇਸ ਬਾਰੇ ਖ਼ੁਸ਼ ਨਾ ਹੋਵੇ। ਗੁੱਸੇ ਨਾਲ ਭਰਿਆ ਉਹ ਆਪਣੇ ਮਾਪਿਆਂ ਉੱਤੇ ਦੁਬਾਰਾ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਿਵੇਂ?

ਬਦਤਮੀਜ਼ੀ ਨਾਲ ਨਿਪਟਣਾ

ਜਦ ਬੱਚਾ ਦੋ ਕੁ ਸਾਲਾਂ ਦਾ ਹੋ ਜਾਂਦਾ ਹੈ, ਤਾਂ ਕਈ ਵਾਰ ਉਸ ਦੇ ਸੁਭਾਅ ਵਿਚ ਤਬਦੀਲੀ ਆ ਜਾਂਦੀ ਹੈ ਜਿਸ ਕਰਕੇ ਉਹ ਗੁੱਸੇ ਹੋਣ ਅਤੇ ਬਦਤਮੀਜ਼ੀਆਂ ਕਰਨ ਲੱਗ ਪੈਂਦਾ ਹੈ। ਇਹ ਸਮਾਂ ਮਾਪਿਆਂ ਲਈ ਬਹੁਤ ਔਖਾ ਹੁੰਦਾ ਹੈ। ਹੁਣ ਬੱਚੇ ਦੇ ਮੂੰਹ ਵਿੱਚੋਂ “ਨਹੀਂ” ਜਾਂ “ਮੈਂ ਨਹੀਂ ਕਰਨਾ” ਵਰਗੇ ਸ਼ਬਦ ਹੀ ਨਿਕਲਦੇ ਹਨ। ਉਹ ਆਪਣੇ ਨਾਲ ਅਤੇ ਆਪਣੇ ਮਾਪਿਆਂ ਨਾਲ ਖਿੱਝਦਾ ਰਹਿੰਦਾ ਹੈ। ਉਹ ਤੁਹਾਡੇ ਤੋਂ ਦੂਰ ਵੀ ਹੋਣਾ ਚਾਹੁੰਦਾ ਹੈ, ਪਰ ਨੇੜੇ ਵੀ ਰਹਿਣਾ ਚਾਹੁੰਦਾ ਹੈ। ਮਾਪਿਆਂ ਨੂੰ ਸਮਝ ਨਹੀਂ ਲੱਗਦੀ ਕਿ ਉਨ੍ਹਾਂ ਦੇ ਬੱਚੇ ਨਾਲ ਕੀ ਹੋ ਰਿਹਾ ਹੈ ਤੇ ਉਹ ਕੀ ਕਰਨ।

ਜ਼ਰਾ ਸੋਚੋ ਕਿ ਬੱਚੇ ਦੀ ਜ਼ਿੰਦਗੀ ਵਿਚ ਕਿੰਨੀ ਵੱਡੀ ਤਬਦੀਲੀ ਆਈ ਹੈ। ਹੁਣ ਤਕ ਉਸ ਨੂੰ ਸਿਰਫ਼ ਰਊਂ-ਰਊਂ ਹੀ ਕਰਨਾ ਪੈਂਦਾ ਸੀ ਤੇ ਕੋਈ ਜਣਾ ਭੱਜ ਕੇ ਉਸ ਨੂੰ ਚੁੱਕ ਲੈਂਦਾ ਸੀ। ਹੁਣ ਉਸ ਨੂੰ ਅਹਿਸਾਸ ਹੋਣ ਲੱਗ ਪਿਆ ਹੈ ਕਿ ਉਸ ਦਾ ਰਾਜ ਥੋੜ੍ਹੇ ਸਮੇਂ ਲਈ ਹੀ ਸੀ ਤੇ ਉਸ ਨੂੰ ਹੁਣ ਕੁਝ ਕੰਮ ਆਪ ਵੀ ਕਰਨੇ ਪੈਣੇ ਹਨ। ਸਹਿਜੇ-ਸਹਿਜੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਉਹ ਆਪਣੇ ਮਾਪਿਆਂ ਦੇ ਅਧੀਨ ਹੈ ਜਿਵੇਂ ਬਾਈਬਲ ਕਹਿੰਦੀ ਹੈ: “ਬਾਲਕੋ, ਤੁਸੀਂ ਸਭਨੀਂ ਗੱਲੀਂ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ।”—ਕੁਲੁੱਸੀਆਂ 3:20.

ਇਸ ਔਖੇ ਸਮੇਂ ਦੌਰਾਨ ਮਾਪਿਆਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਘਰ ਵਿਚ ਉਨ੍ਹਾਂ ਦਾ ਰਾਜ ਚੱਲਦਾ ਹੈ ਨਾ ਕਿ ਬੱਚੇ ਦਾ। ਜੇ ਮਾਪੇ ਆਪਣੀ ਗੱਲ ’ਤੇ ਪੱਕੇ ਰਹਿ ਕੇ ਪਿਆਰ ਨਾਲ ਬੱਚੇ ਨਾਲ ਪੇਸ਼ ਆਉਣਗੇ, ਤਾਂ ਬੱਚਾ ਉਨ੍ਹਾਂ ਦੇ ਅਧੀਨ ਰਹਿਣਾ ਸਿੱਖ ਲਵੇਗਾ। ਜਿਹੜੀਆਂ ਗੱਲਾਂ ਬੱਚਾ ਇਸ ਉਮਰ ਵਿਚ ਸਿੱਖੇਗਾ, ਇਹ ਪੂਰੀ ਜ਼ਿੰਦਗੀ ਉਸ ਦੇ ਕੰਮ ਆਉਣਗੀਆਂ।

ਸਹੀ-ਗ਼ਲਤ ਦੀ ਪਛਾਣ

ਜਾਨਵਰ ਤੇ ਇੱਥੋਂ ਤਕ ਕੰਪਿਊਟਰ ਵੀ ਸ਼ਬਦ ਪਛਾਣ ਕੇ ਉਨ੍ਹਾਂ ਦੀ ਨਕਲ ਕਰ ਸਕਦੇ ਹਨ। ਪਰ ਸਿਰਫ਼ ਇਨਸਾਨ ਹੀ ਸਹੀ-ਗ਼ਲਤ ਦੀ ਪਛਾਣ ਕਰ ਸਕਦਾ ਹੈ। ਇਸ ਲਈ ਲਗਭਗ 2-3 ਸਾਲ ਦੇ ਬੱਚੇ ਵਿਚ ਘਮੰਡ, ਸ਼ਰਮਿੰਦਗੀ ਤੇ ਦੋਸ਼ ਵਰਗੀਆਂ ਭਾਵਨਾਵਾਂ ਸ਼ੁਰੂ ਹੁੰਦੀਆਂ ਹਨ। ਜੇ ਉਹ ਇਸ ਉਮਰ ਵਿਚ ਸਹੀ-ਗ਼ਲਤ ਦੀ ਪਛਾਣ ਕਰਨੀ ਸਿੱਖੇਗਾ, ਤਾਂ ਵੱਡਾ ਹੋ ਕੇ ਉਹ ਸਹੀ ਕੰਮ ਕਰ ਸਕੇਗਾ, ਭਾਵੇਂ ਦੂਸਰੇ ਗ਼ਲਤ ਕੰਮ ਕਿਉਂ ਨਾ ਕਰਨ।

ਇਸ ਸਮੇਂ ਮਾਪੇ ਆਪਣੇ ਬੱਚੇ ਵਿਚ ਇਕ ਹੋਰ ਤਬਦੀਲੀ ਵੀ ਦੇਖਦੇ ਹਨ। ਉਨ੍ਹਾਂ ਦਾ ਬੱਚਾ ਹੁਣ ਦੂਸਰਿਆਂ ਦੀਆਂ ਭਾਵਨਾਵਾਂ ਸਮਝਣ ਲੱਗ ਪੈਂਦਾ ਹੈ। ਦੋ ਸਾਲਾਂ ਦੀ ਉਮਰ ਤਕ ਉਹ ਦੂਸਰਿਆਂ ਨਾਲ ਬੈਠਾ ਆਪ ਖੇਡਦਾ ਸੀ, ਹੁਣ ਉਹ ਦੂਸਰਿਆਂ ਨਾਲ ਖੇਡਣਾ ਸਿੱਖਦਾ ਹੈ। ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਾਪੇ ਕਦੋਂ ਖ਼ੁਸ਼ ਹੁੰਦੇ ਹਨ ਤੇ ਉਹ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। ਇਸ ਲਈ ਬੱਚੇ ਨੂੰ ਸਿਖਾਉਣਾ ਸੌਖਾ ਹੋ ਜਾਂਦਾ ਹੈ।

ਹੁਣ ਪਹਿਲਾਂ ਨਾਲੋਂ ਜ਼ਿਆਦਾ ਤਿੰਨ ਸਾਲ ਦਾ ਬੱਚਾ ਸਹੀ-ਗ਼ਲਤ ਅਤੇ ਚੰਗੇ-ਮਾੜੇ ਵਿਚ ਫ਼ਰਕ ਸਮਝਣਾ ਸ਼ੁਰੂ ਕਰਦਾ ਹੈ। ਸੋ ਮਾਪਿਆਂ ਲਈ ਆਪਣੇ ਬੱਚੇ ਨੂੰ ਸਿਖਾਉਣ ਦਾ ਇਹੀ ਵਧੀਆ ਸਮਾਂ ਹੁੰਦਾ ਹੈ ਤਾਂਕਿ ਉਹ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਇਨਸਾਨ ਬਣਾ ਸਕਣ। (g11-E 10)

[ਸਫ਼ਾ 5 ਉੱਤੇ ਸੁਰਖੀ]

ਕੁਝ ਹੀ ਦਿਨਾਂ ਵਿਚ ਬੱਚਾ ਆਪਣੀ ਮਾਂ ਦੀ ਆਵਾਜ਼ ਪਛਾਣਦਾ ਤੇ ਅਜਨਬੀ ਨਾਲੋਂ ਉਸ ਦੀ ਆਵਾਜ਼ ਸੁਣਨੀ ਪਸੰਦ ਕਰਦਾ ਹੈ

[ਸਫ਼ਾ 6 ਉੱਤੇ ਸੁਰਖੀ]

ਤਿੰਨ ਸਾਲ ਦਾ ਬੱਚਾ ਸਹੀ-ਗ਼ਲਤ ਅਤੇ ਚੰਗੇ-ਮਾੜੇ ਵਿਚ ਫ਼ਰਕ ਸਮਝਣਾ ਸ਼ੁਰੂ ਕਰਦਾ ਹੈ

[ਸਫ਼ਾ 6 ਉੱਤੇ ਡੱਬੀ]

ਬੱਚੇ ਬਦਤਮੀਜ਼ੀ ਕਿਉਂ ਕਰਦੇ ਰਹਿੰਦੇ ਹਨ

ਮਾਪਿਆਂ ਦਾ ਅਧਿਕਾਰ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ ਲਿਖਾਰੀ ਜੌਨ ਰੋਜ਼ਮੌਂਡ ਕਹਿੰਦਾ ਹੈ: “ਕਈ ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗ਼ਲਤੀ ਕਰਕੇ ਉਨ੍ਹਾਂ ਦੇ ਬੱਚੇ ਬਦਤਮੀਜ਼ ਹਨ, ਇਸ ਲਈ ਉਹ ਇਸ ਬਾਰੇ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਉਨ੍ਹਾਂ ਨੇ ਬੱਚਿਆਂ ਨੂੰ ਕਿਸੇ ਗੱਲ ਲਈ ਨਾਂਹ ਕਹੀ ਸੀ, ਤਾਂ ਉਹ ਉਨ੍ਹਾਂ ਨੂੰ ਹਾਂ ਕਹਿ ਦਿੰਦੇ ਹਨ। ਜਾਂ ਉਹ ਬੱਚੇ ਦੇ ਛਿੱਤਰ ਮਾਰਦੇ ਹਨ, ਪਰ ਬਾਅਦ ਵਿਚ ਉਹ ਪਛਤਾ ਕੇ ਬੱਚੇ ਨੂੰ ਉਹ ਚੀਜ਼ ਦੇ ਦਿੰਦੇ ਹਨ ਜਿਸ ਦੀ ਲੈਣ ਦੀ ਉਹ ਜ਼ਿੱਦ ਕਰ ਰਿਹਾ ਸੀ। ਜਦੋਂ ਚੀਜ਼ ਮਿਲ ਜਾਂਦੀ ਹੈ, ਤਾਂ ਬੱਚੇ ਬਦਤਮੀਜ਼ੀ ਕਰਨ ਤੋਂ ਹਟ ਜਾਂਦੇ ਹਨ ਤੇ ਮਾਪੇ ਸੁੱਖ ਦਾ ਸਾਹ ਲੈਂਦੇ ਹਨ। ਪਰ ਇਸ ਦਾ ਨਤੀਜਾ ਕੀ ਨਿਕਲਦਾ ਹੈ? ਬੱਚੇ ਇਹੀ ਸਿੱਖਦੇ ਹਨ ਕਿ ਕੋਈ ਚੀਜ਼ ਲੈਣ ਲਈ ਜ਼ਿੱਦ ਤੇ ਬਦਤਮੀਜ਼ੀ ਕਰਨੀ ਸਹੀ ਹੈ।”