Skip to content

Skip to table of contents

ਤੀਜਾ ਰਾਜ਼: ਮਿਲ ਕੇ ਕੰਮ ਕਰੋ

ਤੀਜਾ ਰਾਜ਼: ਮਿਲ ਕੇ ਕੰਮ ਕਰੋ

ਤੀਜਾ ਰਾਜ਼: ਮਿਲ ਕੇ ਕੰਮ ਕਰੋ

“ਇੱਕ ਨਾਲੋਂ ਦੋ ਚੰਗੇ ਹਨ . . . ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਉਪਦੇਸ਼ਕ ਦੀ ਪੋਥੀ 4:9, 10.

ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਪਰਮੇਸ਼ੁਰ ਦਾ ਇਹ ਕਹਿਣਾ ਮੰਨਦੇ ਹਨ ਕਿ ਪਤੀ ਪਤਨੀ ਦਾ ਸਿਰ ਹੈ। (ਅਫ਼ਸੀਆਂ 5:22-24) ਉਹ ਸਭ ਕੁਝ ਸਾਂਝਾ ਸਮਝਦੇ ਹਨ ਨਾ ਕਿ “ਤੇਰਾ” ਜਾਂ “ਮੇਰਾ।” ਪਤੀ-ਪਤਨੀ ਆਪੋ-ਆਪਣੀ ਮਰਜ਼ੀ ਨਹੀਂ ਕਰਦੇ, ਪਰ ਮਿਲ ਕੇ ਕੰਮ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਉਹ “ਇੱਕ ਸਰੀਰ” ਹਨ ਮਤਲਬ ਕਿ ਉਨ੍ਹਾਂ ਦਾ ਰਿਸ਼ਤਾ ਨਜ਼ਦੀਕ ਅਤੇ ਉਮਰ ਭਰ ਦਾ ਹੈ।—ਉਤਪਤ 2:24.

ਇਹ ਜ਼ਰੂਰੀ ਕਿਉਂ ਹੈ? ਜੇ ਤੁਸੀਂ ਮਿਲ ਕੇ ਕੰਮ ਨਾ ਕਰੋ, ਤਾਂ ਰਾਈ ਦਾ ਪਹਾੜ ਖੜ੍ਹਾ ਹੋ ਸਕਦਾ ਹੈ। ਇਸ ਤਰ੍ਹਾਂ ਮੁਸ਼ਕਲ ਸੁਲਝਾਉਣ ਦੀ ਬਜਾਇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਸਕਦੀ ਹੈ। ਇਸ ਦੇ ਉਲਟ ਜੇ ਤੁਸੀਂ ਮਿਲ ਕੇ ਕੰਮ ਕਰੋ, ਤਾਂ ਤੁਸੀਂ ਉਸ ਕਪਤਾਨ ਤੇ ਪਾਇਲਟ ਵਰਗੇ ਹੋਵੋਗੇ ਜੋ ਹਵਾਈ ਜਹਾਜ਼ ਚਲਾਉਣ ਲਈ ਮਿਲ ਕੇ ਕੰਮ ਕਰਦੇ ਹਨ ਨਾ ਕਿ ਇਕ-ਦੂਜੇ ਦੇ ਖ਼ਿਲਾਫ਼। ਜਦ ਤੁਸੀਂ ਕਿਸੇ ਗੱਲ ਵਿਚ ਸਹਿਮਤ ਨਹੀਂ ਹੁੰਦੇ, ਤਾਂ ਇਕ-ਦੂਜੇ ਵਿਚ ਕਸੂਰ ਕੱਢਣ ਤੇ ਝਗੜਨ ਦੀ ਬਜਾਇ ਤੁਸੀਂ ਮੁਸ਼ਕਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹੋ।

ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਮਿਲ ਕੇ ਕਿੰਨਾ ਕੁ ਕੰਮ ਕਰਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

ਕੀ ਮੈਂ ਆਪਣੇ ਕਮਾਏ ਹੋਏ ਪੈਸੇ “ਆਪਣੇ ਹੀ” ਸਮਝਦਾ ਹਾਂ?

ਕੀ ਮੈਂ ਆਪਣੇ ਸਾਥੀ ਦੇ ਰਿਸ਼ਤੇਦਾਰਾਂ ਤੋਂ ਦੂਰ ਹੀ ਰਹਿੰਦਾ ਹਾਂ ਭਾਵੇਂ ਮੇਰੇ ਸਾਥੀ ਦੀ ਉਨ੍ਹਾਂ ਨਾਲ ਚੰਗੀ ਬਣਦੀ ਹੈ?

ਕੀ ਮੈਨੂੰ ਆਪਣੇ ਸਾਥੀ ਤੋਂ ਦੂਰ ਰਹਿ ਕੇ ਹੀ ਚੈਨ ਆਉਂਦੀ ਹੈ?

ਪੱਕਾ ਫ਼ੈਸਲਾ ਕਰੋ। ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਨਾਲ ਮਿਲ ਕੇ ਕੰਮ ਕਰਦੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ।

ਕਿਉਂ ਨਾ ਆਪਣੇ ਸਾਥੀ ਦੀ ਵੀ ਰਾਇ ਲਓ? (g09 10)

[ਸਫ਼ਾ 5 ਉੱਤੇ ਤਸਵੀਰ]

ਮਿਲ ਕੇ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ ਇਸ ਕਪਤਾਨ ਤੇ ਪਾਇਲਟ ਵਰਗੇ ਹੋਵੋਗੇ