Skip to content

Skip to table of contents

ਚੌਥਾ ਰਾਜ਼: ਆਦਰ ਕਰੋ

ਚੌਥਾ ਰਾਜ਼: ਆਦਰ ਕਰੋ

ਚੌਥਾ ਰਾਜ਼: ਆਦਰ ਕਰੋ

‘ਸਭ ਰੌਲਾ ਅਤੇ ਦੁਰਬਚਨ ਤੁਹਾਥੋਂ ਦੂਰ ਹੋਵੇ।’—ਅਫ਼ਸੀਆਂ 4:31.

ਇਸ ਦਾ ਕੀ ਮਤਲਬ ਹੈ? ਦੋਵੇਂ ਦੁਖੀ ਤੇ ਸੁਖੀ ਪਰਿਵਾਰਾਂ ਵਿਚ ਅਣਬਣ ਹੁੰਦੀ ਹੈ। ਪਰ ਸੁਖੀ ਪਰਿਵਾਰ ਤਾਅਨੇ ਮਾਰਨ, ਬੇਇੱਜ਼ਤੀ ਕਰਨ ਤੇ ਗਾਲਾਂ ਕੱਢਣ ਤੋਂ ਬਿਨਾਂ ਠੰਢੇ ਦਿਮਾਗ਼ ਨਾਲ ਗੱਲ ਕਰਦੇ ਹਨ। ਪਰਿਵਾਰ ਦੇ ਜੀਅ ਇਕ-ਦੂਜੇ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨਾਲ ਪੇਸ਼ ਆਉਣ।—ਮੱਤੀ 7:12.

ਇਹ ਜ਼ਰੂਰੀ ਕਿਉਂ ਹੈ? ਸਾਡੇ ਸ਼ਬਦ ਹਥਿਆਰ ਬਣ ਕੇ ਬਹੁਤ ਨੁਕਸਾਨ ਕਰ ਸਕਦੇ ਹਨ। ਬਾਈਬਲ ਦੀ ਇਕ ਕਹਾਵਤ ਮੁਤਾਬਕ “ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।” (ਕਹਾਉਤਾਂ 21:19) ਇਹੀ ਗੱਲ ਇਕ ਝਗੜਾਲੂ ਆਦਮੀ ਬਾਰੇ ਵੀ ਕਹੀ ਜਾ ਸਕਦੀ ਹੈ। ਮਾਪਿਆਂ ਨੂੰ ਬਾਈਬਲ ਸਲਾਹ ਦਿੰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਜੇ ਬੱਚਿਆਂ ਵਿਚ ਹਮੇਸ਼ਾ ਨੁਕਸ ਕੱਢਿਆ ਜਾਵੇ, ਤਾਂ ਉਹ ਸ਼ਾਇਦ ਸੋਚਣਗੇ ਕਿ ਉਹ ਆਪਣੇ ਮਾਪਿਆਂ ਨੂੰ ਕਦੀ ਖ਼ੁਸ਼ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਉਹ ਹਿੰਮਤ ਹਾਰ ਜਾਣ।

ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਹਾਡੇ ਪਰਿਵਾਰ ਵਿਚ ਇਕ-ਦੂਜੇ ਦਾ ਕਿੰਨਾ ਕੁ ਆਦਰ ਕੀਤਾ ਜਾਂਦਾ ਹੈ ਹੇਠਲੇ ਸਵਾਲਾਂ ਦੇ ਜਵਾਬ ਦਿਓ।

ਸਾਡੇ ਪਰਿਵਾਰ ਵਿਚ ਜਦ ਝਗੜਾ ਹੁੰਦਾ ਹੈ, ਤਾਂ ਕੀ ਇਕ ਜਣਾ ਅਕਸਰ ਗੁੱਸੇ ਹੋ ਕੇ ਉੱਠ ਕੇ ਚਲਾ ਜਾਂਦਾ ਹੈ?

ਜਦ ਮੈਂ ਆਪਣੇ ਸਾਥੀ ਜਾਂ ਬੱਚਿਆਂ ਨਾਲ ਗੱਲ ਕਰਦਾ ਹਾਂ, ਤਾਂ ਕੀ ਮੈਂ “ਬੇਵਕੂਫ਼” ਅਤੇ “ਮੂਰਖ” ਵਰਗੇ ਸ਼ਬਦ ਵਰਤਦਾ ਹਾਂ?

ਕੀ ਮੈਂ ਅਜਿਹੇ ਘਰ ਵਿਚ ਵੱਡਾ ਹੋਇਆ ਹਾਂ ਜਿੱਥੇ ਗਾਲਾਂ ਕੱਢਣੀਆਂ ਆਮ ਸਨ?

ਪੱਕਾ ਫ਼ੈਸਲਾ ਕਰੋ। ਤੁਸੀਂ ਆਪਣੀ ਬੋਲੀ ਵਿਚ ਦੂਸਰਿਆਂ ਦਾ ਆਦਰ ਕਿਵੇਂ ਕਰ ਸਕਦੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ। (ਸੁਝਾਅ: ਦੂਸਰੇ ਨੂੰ ਉਲਾਹਮਾ ਦੇਣ ਦੀ ਬਜਾਇ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ। ਮਿਸਾਲ ਲਈ, ਇਹ ਕਹਿਣ ਦੀ ਬਜਾਇ ਕਿ “ਤੂੰ ਹਮੇਸ਼ਾ . . . ” ਇੱਦਾਂ ਕਹੋ ਕਿ “ਮੈਨੂੰ ਦੁੱਖ ਲੱਗਦਾ ਹੈ ਜਦ ਤੁਸੀਂ . . .।”)

ਕਿਉਂ ਨਾ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ? ਤਿੰਨ ਮਹੀਨਿਆਂ ਬਾਅਦ ਉਸ ਨੂੰ ਪੁੱਛੋ ਜੇ ਉਸ ਨੇ ਤੁਹਾਡੇ ਵਿਚ ਕੋਈ ਤਬਦੀਲੀ ਦੇਖੀ ਹੈ।

ਇਸ ਬਾਰੇ ਸੋਚੋ ਕਿ ਗਾਲਾਂ ਕੱਢਣ ਤੋਂ ਬਿਨਾਂ ਤੁਸੀਂ ਆਪਣੇ ਬੱਚਿਆਂ ਨਾਲ ਕਿੱਦਾਂ ਗੱਲ ਕਰ ਸਕਦੇ ਹੋ।

ਕਿਉਂ ਨਾ ਆਪਣੇ ਬੱਚਿਆਂ ਤੋਂ ਉਨ੍ਹਾਂ ਸਮਿਆਂ ਲਈ ਮਾਫ਼ੀ ਮੰਗੋ ਜਦ ਤੁਸੀਂ ਉਨ੍ਹਾਂ ਨਾਲ ਰੁੱਖੇ ਹੋ ਕੇ ਬੋਲੇ ਸੀ? (g09 10)

[ਸਫ਼ਾ 6 ਉੱਤੇ ਤਸਵੀਰ]

ਜਿਵੇਂ ਸਮੁੰਦਰ ਦੀਆਂ ਲਹਿਰਾਂ ਪੱਥਰ ਨਾਲ ਟਕਰਾ ਕੇ ਉਸ ਨੂੰ ਖੋਰ ਦਿੰਦੀਆਂ ਹਨ, ਤਿਵੇਂ ਹੀ ਕੌੜੇ ਸ਼ਬਦ ਪਰਿਵਾਰ ਨੂੰ ਕਮਜ਼ੋਰ ਕਰ ਸਕਦੇ ਹਨ