Skip to content

Skip to table of contents

ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ

ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ

ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ

ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਭਾਰਤ ਦੇ ਉੱਤਰ ਵਿਚ ਲੱਦਾਖ ਜ਼ਿਲ੍ਹੇ ਦੇ ਬੰਜਰ ਇਲਾਕਿਆਂ ਨੂੰ ਕਿੱਦਾਂ ਉਪਜਾਊ ਬਣਾਇਆ ਜਾ ਸਕਦਾ ਹੈ? ਇਹੀ ਸਵਾਲ ਇਕ ਰਿਟਾਇਰ ਹੋ ਚੁੱਕੇ ਸਿਵਲ ਇੰਜੀਨੀਅਰ ਟਸੀਵੌਂਗ ਨਾਰਫਲ ਦੇ ਮਨ ਵਿਚ ਖਟਕ ਰਿਹਾ ਸੀ। ਹਿਮਾਲਾ ਪਰਬਤ ਦੀ ਉਚਾਈ ਉੱਤੇ ਬਣੇ ਕੁਦਰਤੀ ਗਲੇਸ਼ੀਅਰਾਂ ਵਿੱਚੋਂ ਜੂਨ ਦੇ ਮਹੀਨੇ ਵਿਚ ਪਾਣੀ ਵਹਿਣ ਲੱਗ ਪੈਂਦਾ ਹੈ। ਇਹ ਪਾਣੀ ਅਪ੍ਰੈਲ ਵਿਚ ਨਹੀਂ ਵਹਿੰਦਾ ਜਦ ਕਿ ਇਸ ਮਹੀਨੇ ਬਹੁਤ ਘੱਟ ਵਰਖਾ ਪੈਣ ਕਰਕੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਸਿੰਜਾਈ ਕਰਨ ਲਈ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ। ਇਸ ਦੇ ਲਈ ਨਾਰਫਲ ਨੇ ਇਕ ਵਧੀਆ ਕਾਢ ਕੱਢੀ: ਨੀਵੀਆਂ ਢਲਾਣਾਂ ਤੇ ਨਕਲੀ ਗਲੇਸ਼ੀਅਰ ਬਣਾਏ ਜਾਣ ਜਿੱਥੇ ਜੰਮੀ ਹੋਈ ਬਰਫ਼ ਜੂਨ ਮਹੀਨੇ ਤੋਂ ਪਹਿਲਾਂ ਹੀ ਪਿਘਲਣੀ ਸ਼ੁਰੂ ਹੋ ਜਾਵੇਗੀ।

ਭਾਰਤੀ ਨਿਊਜ਼ ਮੈਗਜ਼ੀਨ ਦ ਵੀਕ ਮੁਤਾਬਕ ਨਾਰਫਲ ਤੇ ਉਸ ਦੇ ਸਾਥੀਆਂ ਨੇ ਇਕ ਪਰਬਤੀ ਨਦੀ ਨੂੰ ਇਨਸਾਨਾਂ ਦੁਆਰਾ ਬਣਾਈ ਗਈ ਇਕ 70 ਨਿਕਾਸਾਂ ਵਾਲੀ 700 ਫੁੱਟ ਲੰਮੀ ਨਦੀ ਵਿਚ ਵਹਾ ਦਿੱਤਾ। ਇਨ੍ਹਾਂ ਨਿਕਾਸਾਂ ਵਿੱਚੋਂ ਦੀ ਪਾਣੀ ਹੌਲੀ ਤੇ ਸਹੀ ਰਫ਼ਤਾਰ ਨਾਲ ਵਹੇਗਾ ਤੇ ਇਹ ਪਾਣੀ ਢਲਾਣ ਦੇ ਹੇਠਲੇ ਹਿੱਸੇ ਉੱਤੇ ਬਣੀਆਂ ਬਰਫ਼ ਰੋਕੂ ਕੰਧਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਜੰਮ ਜਾਵੇਗਾ। ਇਹ ਬਰਫ਼ ਹੌਲੀ-ਹੌਲੀ ਨਕਲੀ ਗਲੇਸ਼ੀਅਰ ਬਣ ਜਾਵੇਗੀ ਤੇ ਆਖ਼ਰਕਾਰ ਕੰਧਾਂ ਨੂੰ ਢੱਕ ਲਵੇਗੀ। ਪਰਬਤ ਦੀ ਛਾਂਵੇਂ ਹੋਣ ਕਰਕੇ ਇਹ ਗਲੇਸ਼ੀਅਰ ਸਿਰਫ਼ ਉਦੋਂ ਹੀ ਪਿਘਲੇਗਾ ਜਦੋਂ ਅਪ੍ਰੈਲ ਵਿਚ ਤਾਪਮਾਨ ਵਧੇਗਾ। ਇਸ ਤਰ੍ਹਾਂ ਕਿਸਾਨਾਂ ਨੂੰ ਅਪ੍ਰੈਲ ਮਹੀਨੇ ਵਿਚ ਸਿੰਜਾਈ ਲਈ ਲੋੜੀਂਦਾ ਪਾਣੀ ਮੁਹੱਈਆ ਹੋਵੇਗਾ।

ਕੀ ਨਕਲੀ ਗਲੇਸ਼ੀਅਰ ਬਣਾਉਣ ਦੀ ਇਹ ਸਕੀਮ ਕਾਮਯਾਬ ਰਹੀ? ਦਰਅਸਲ ਨਾਰਫਲ ਦੀ ਇਹ ਸਕੀਮ ਐਨੀ ਕਾਮਯਾਬ ਰਹੀ ਕਿ ਲੱਦਾਖ ਵਿਚ ਪਹਿਲਾਂ ਹੀ ਅਜਿਹੇ 10 ਗਲੇਸ਼ੀਅਰ ਬਣਾਏ ਜਾ ਚੁੱਕੇ ਹਨ ਤੇ ਹੋਰ ਗਲੇਸ਼ੀਅਰ ਬਣਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇਕ 4,500 ਫੁੱਟ ਦੀ ਉਚਾਈ ਤੇ ਬਣਾਇਆ ਗਿਆ ਗਲੇਸ਼ੀਅਰ ਲਗਭਗ 3,40,00,000 ਲੀਟਰ ਪਾਣੀ ਮੁਹੱਈਆ ਕਰਦਾ ਹੈ। ਇਸ ਉੱਤੇ ਕਿੰਨੀ ਲਾਗਤ ਆਈ? ਦ ਵੀਕ ਰਸਾਲਾ ਕਹਿੰਦਾ ਹੈ: “ਇਕ ਨਕਲੀ ਗਲੇਸ਼ੀਅਰ ਬਣਾਉਣ ਵਿਚ ਲਗਭਗ ਦੋ ਮਹੀਨੇ ਲੱਗਦੇ ਹਨ ਤੇ ਇਸ ਉੱਤੇ ਤਕਰੀਬਨ 80 ਹਜ਼ਾਰ ਰੁਪਏ [1,860 ਡਾਲਰ] ਦੀ ਲਾਗਤ ਆਉਂਦੀ ਹੈ ਜਿਹੜੀ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਦਿਹਾੜੀ ਹੀ ਹੁੰਦੀ ਹੈ।”

ਜਦੋਂ ਇਨਸਾਨ ਦੀ ਬੁੱਧੀ ਤੇ ਕੁਸ਼ਲਤਾ ਨੂੰ ਸਹੀ ਢੰਗ ਨਾਲ ਵਰਤਿਆ ਜਾਂਦਾ ਹੈ, ਤਾਂ ਇਹ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਸੇਧ ਵਿਚ ਇਨਸਾਨ ਕੀ-ਕੀ ਕਰਨ ਦੇ ਕਾਬਲ ਹੋ ਜਾਵੇਗਾ! ਬਾਈਬਲ ਵਾਅਦਾ ਕਰਦੀ ਹੈ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।” (ਯਸਾਯਾਹ 35:1, 6) ਉਦੋਂ ਆਪਾਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਆਪਾਂ ਆਪਣੀ ਧਰਤੀ ਦੀ ਸੁੰਦਰਤਾ ਵਧਾਉਣ ਵਿਚ ਹਿੱਸਾ ਲਵਾਂਗੇ!

[ਸਫ਼ਾ 30 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Mountain High Maps® Copyright © 1997 Digital Wisdom, Inc.

Arvind Jain, The Week Magazine