ਸ਼ਬਦਾਂ ਦੀ ਸਮਝ

ਯਿਸੂ ਨੇ “ਆਗਿਆਕਾਰੀ ਸਿੱਖੀ”

ਯਿਸੂ ਨੇ “ਆਗਿਆਕਾਰੀ ਸਿੱਖੀ”

ਯਿਸੂ ਹਮੇਸ਼ਾ ਯਹੋਵਾਹ ਦਾ ਆਗਿਆਕਾਰ ਰਿਹਾ। (ਯੂਹੰ. 8:29) ਤਾਂ ਫਿਰ ਬਾਈਬਲ ਵਿਚ ਇੱਦਾਂ ਕਿਉਂ ਲਿਖਿਆ ਹੈ ਕਿ ‘ਉਸ ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ’?​—ਇਬ. 5:8.

ਧਰਤੀ ʼਤੇ ਹੁੰਦਿਆਂ ਯਿਸੂ ਨੇ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਦਾ ਉਸ ਨੇ ਸਵਰਗ ਵਿਚ ਕਦੇ ਸਾਮ੍ਹਣਾ ਨਹੀਂ ਕੀਤਾ ਸੀ। ਮਿਸਾਲ ਲਈ, ਉਸ ਦੀ ਪਰਵਰਿਸ਼ ਅਜਿਹੇ ਮਾਪਿਆਂ ਨੇ ਕੀਤੀ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ, ਪਰ ਨਾਮੁਕੰਮਲ ਸਨ। (ਲੂਕਾ 2:51) ਉਸ ਨੂੰ ਦੁਸ਼ਟ ਧਾਰਮਿਕ ਗੁਰੂਆਂ ਅਤੇ ਅਧਿਕਾਰੀਆਂ ਹੱਥੋਂ ਬੁਰਾ ਸਲੂਕ ਝੱਲਣਾ ਪਿਆ। (ਮੱਤੀ 26:59; ਮਰ. 15:15) ਅਖ਼ੀਰ ਉਸ ਨੂੰ ਦਰਦਨਾਕ ਮੌਤ ਸਹਿਣੀ ਪਈ। ਬਾਈਬਲ ਦੱਸਦੀ ਹੈ ਕਿ ‘ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ ਆਗਿਆਕਾਰ ਰਿਹਾ।’​—ਫ਼ਿਲਿ. 2:8.

ਇਸ ਤਰ੍ਹਾਂ ਧਰਤੀ ʼਤੇ ਹੁੰਦਿਆਂ ਯਿਸੂ ਨੇ ਨਵੇਂ ਤਰੀਕੇ ਨਾਲ ਆਗਿਆਕਾਰੀ ਸਿੱਖੀ ਜੋ ਉਹ ਕਦੇ ਵੀ ਸਵਰਗ ਵਿਚ ਨਹੀਂ ਸਿੱਖ ਸਕਦਾ ਸੀ। ਇਸ ਕਰਕੇ ਉਹ ਮੁਕੰਮਲ ਰਾਜਾ ਅਤੇ ਮਹਾਂ ਪੁਜਾਰੀ ਬਣਿਆ ਜੋ ਸਾਡੇ ਨਾਲ ਹਮਦਰਦੀ ਰੱਖ ਸਕਦਾ ਹੈ। (ਇਬ. 4:15; 5:9) ਉਸ ਨੇ ਦੁੱਖ ਸਹਿ ਕੇ ਜੋ ਆਗਿਆਕਾਰੀ ਸਿੱਖੀ, ਉਸ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਹੋਰ ਵੀ ਅਨਮੋਲ ਹੋ ਗਿਆ ਅਤੇ ਉਹ ਕੰਮ ਕਰਨ ਦੇ ਯੋਗ ਬਣ ਸਕਿਆ ਜੋ ਯਹੋਵਾਹ ਨੇ ਉਸ ਨੂੰ ਦਿੱਤਾ ਸੀ। ਜਦੋਂ ਅਸੀਂ ਵੀ ਔਖੇ ਹਾਲਾਤਾਂ ਵਿਚ ਯਹੋਵਾਹ ਦੇ ਆਗਿਆਕਾਰ ਰਹਾਂਗੇ, ਤਾਂ ਅਸੀਂ ਵੀ ਉਸ ਦੀਆਂ ਨਜ਼ਰਾਂ ਵਿਚ ਹੋਰ ਅਨਮੋਲ ਬਣਾਂਗੇ ਅਤੇ ਉਸ ਵੱਲੋਂ ਮਿਲਦੀ ਹਰ ਜ਼ਿੰਮੇਵਾਰੀ ਪੂਰੀ ਕਰ ਸਕਾਂਗੇ।​—ਯਾਕੂ. 1:4.