ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ 15:1-47
15 ਸਵੇਰ ਹੁੰਦਿਆਂ ਹੀ ਮੁੱਖ ਪੁਜਾਰੀਆਂ, ਬਜ਼ੁਰਗਾਂ ਅਤੇ ਗ੍ਰੰਥੀਆਂ ਯਾਨੀ ਸਾਰੀ ਮਹਾਸਭਾ ਨੇ ਸਲਾਹ-ਮਸ਼ਵਰਾ ਕੀਤਾ ਅਤੇ ਉਹ ਯਿਸੂ ਦੇ ਹੱਥ ਬੰਨ੍ਹ ਕੇ ਲੈ ਗਏ ਤੇ ਉਸ ਨੂੰ ਪਿਲਾਤੁਸ ਦੇ ਹਵਾਲੇ ਕਰ ਦਿੱਤਾ।+
2 ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”+ ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+
3 ਪਰ ਮੁੱਖ ਪੁਜਾਰੀਆਂ ਨੇ ਉਸ ਉੱਤੇ ਕਈ ਇਲਜ਼ਾਮ ਲਾਏ।
4 ਪਿਲਾਤੁਸ ਨੇ ਫਿਰ ਉਸ ਨੂੰ ਪੁੱਛਿਆ: “ਕੀ ਤੂੰ ਕੁਝ ਨਹੀਂ ਕਹੇਂਗਾ?+ ਦੇਖ ਇਹ ਤੇਰੇ ਖ਼ਿਲਾਫ਼ ਕਿੰਨੀਆਂ ਗੱਲਾਂ ਕਹਿ ਰਹੇ ਹਨ।”+
5 ਪਰ ਯਿਸੂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਇਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।+
6 ਹਰ ਪਸਾਹ ਦੇ ਤਿਉਹਾਰ ’ਤੇ ਪਿਲਾਤੁਸ ਲੋਕਾਂ ਦੇ ਕਹਿਣ ਤੇ ਇਕ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ।+
7 ਉਸ ਵੇਲੇ ਬਰਬਾਸ ਨਾਂ ਦਾ ਆਦਮੀ ਕੁਝ ਬਾਗ਼ੀਆਂ ਨਾਲ ਜੇਲ੍ਹ ਵਿਚ ਬੰਦ ਸੀ ਜਿਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰ ਕੇ ਖ਼ੂਨ ਕੀਤਾ ਸੀ।
8 ਭੀੜ ਨੇ ਆ ਕੇ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਰੀਤ ਅਨੁਸਾਰ ਉਨ੍ਹਾਂ ਲਈ ਕਿਸੇ ਨੂੰ ਰਿਹਾ ਕਰੇ।
9 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਰਿਹਾ ਕਰਾਂ?”+
10 ਪਿਲਾਤੁਸ ਜਾਣਦਾ ਸੀ ਕਿ ਮੁੱਖ ਪੁਜਾਰੀ ਯਿਸੂ ਨਾਲ ਖਾਰ ਖਾਂਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਨੇ ਉਸ ਨੂੰ ਫੜਵਾਇਆ ਸੀ।+
11 ਪਰ ਮੁੱਖ ਪੁਜਾਰੀਆਂ ਨੇ ਭੀੜ ਨੂੰ ਚੁੱਕਿਆ ਕਿ ਉਹ ਯਿਸੂ ਦੀ ਬਜਾਇ ਬਰਬਾਸ ਨੂੰ ਰਿਹਾ ਕਰਨ ਦੀ ਮੰਗ ਕਰਨ।+
12 ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਕਿਹਾ: “ਤਾਂ ਫਿਰ ਮੈਂ ਇਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”+
13 ਉਹ ਦੁਬਾਰਾ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ’ਤੇ ਟੰਗ ਦਿਓ!”+
14 ਪਰ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਪਰ ਕਿਉਂ? ਉਸ ਨੇ ਕੀ ਬੁਰਾ ਕੰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ’ਤੇ ਟੰਗ ਦਿਓ।”+
15 ਭੀੜ ਨੂੰ ਖ਼ੁਸ਼ ਕਰਨ ਲਈ ਪਿਲਾਤੁਸ ਨੇ ਬਰਬਾਸ ਨੂੰ ਰਿਹਾ ਕਰ ਦਿੱਤਾ ਅਤੇ ਯਿਸੂ ਦੇ ਕੋਰੜੇ ਮਰਵਾ ਕੇ+ ਉਸ ਨੂੰ ਸੂਲ਼ੀ ’ਤੇ ਟੰਗਣ ਲਈ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।+
16 ਫਿਰ ਫ਼ੌਜੀ ਉਸ ਨੂੰ ਰਾਜਪਾਲ ਦੇ ਮਹਿਲ ਦੇ ਵਿਹੜੇ ਵਿਚ ਲੈ ਗਏ ਅਤੇ ਉਨ੍ਹਾਂ ਨੇ ਬਾਕੀ ਸਾਰੇ ਫ਼ੌਜੀਆਂ ਨੂੰ ਇਕੱਠਾ ਕਰ ਲਿਆ।+
17 ਉਨ੍ਹਾਂ ਨੇ ਉਸ ਨੂੰ ਬੈਂਗਣੀ* ਕੱਪੜਾ ਪੁਆਇਆ ਅਤੇ ਕੰਡਿਆਂ ਦਾ ਮੁਕਟ ਗੁੰਦ ਕੇ ਉਸ ਦੇ ਸਿਰ ’ਤੇ ਰੱਖਿਆ;
18 ਉਹ ਉਸ ਨੂੰ ਨਮਸਕਾਰ ਕਰ ਕੇ ਕਹਿਣ ਲੱਗੇ: “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!”+
19 ਨਾਲੇ ਉਨ੍ਹਾਂ ਨੇ ਕਈ ਵਾਰ ਉਸ ਦੇ ਸਿਰ ’ਤੇ ਕਾਨੇ ਮਾਰੇ ਅਤੇ ਉਸ ’ਤੇ ਥੁੱਕਿਆ ਅਤੇ ਝੁਕ ਕੇ ਉਸ ਨੂੰ ਨਮਸਕਾਰ ਕੀਤਾ।
20 ਅਖ਼ੀਰ ਵਿਚ, ਜਦ ਉਹ ਉਸ ਦਾ ਮਜ਼ਾਕ ਉਡਾ ਚੁੱਕੇ, ਤਾਂ ਉਨ੍ਹਾਂ ਨੇ ਉਸ ਤੋਂ ਬੈਂਗਣੀ ਕੱਪੜਾ ਲਾਹ ਕੇ ਉਸ ਦੇ ਆਪਣੇ ਕੱਪੜੇ ਪੁਆ ਦਿੱਤੇ। ਫਿਰ ਉਸ ਨੂੰ ਸੂਲ਼ੀ ’ਤੇ ਟੰਗਣ ਲਈ ਲੈ ਗਏ।+
21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+
22 ਉਹ ਉਸ ਨੂੰ “ਗਲਗਥਾ,” ਜਿਸ ਦਾ ਮਤਲਬ ਹੈ “ਖੋਪੜੀ ਦੀ ਜਗ੍ਹਾ”+ ਲੈ ਆਏ।
23 ਇੱਥੇ ਉਨ੍ਹਾਂ ਨੇ ਉਸ ਨੂੰ ਦਾਖਰਸ ਵਿਚ ਨਸ਼ੀਲਾ ਗੰਧਰਸ ਮਿਲਾ ਕੇ ਪਿਲਾਉਣ ਦੀ ਕੋਸ਼ਿਸ਼ ਕੀਤੀ।+ ਪਰ ਉਸ ਨੇ ਨਾ ਪੀਤਾ।
24 ਉਨ੍ਹਾਂ ਨੇ ਉਸ ਨੂੰ ਸੂਲ਼ੀ ’ਤੇ ਟੰਗ ਦਿੱਤਾ ਅਤੇ ਉਸ ਦੇ ਕੱਪੜਿਆਂ ’ਤੇ ਗੁਣੇ ਪਾਏ ਕਿ ਕਿਸ ਨੂੰ ਕੀ ਮਿਲੇਗਾ ਅਤੇ ਫਿਰ ਕੱਪੜੇ ਆਪਸ ਵਿਚ ਵੰਡ ਲਏ।+
25 ਉਨ੍ਹਾਂ ਨੇ ਸਵੇਰ ਦੇ 9 ਕੁ ਵਜੇ* ਉਸ ਨੂੰ ਸੂਲ਼ੀ ’ਤੇ ਟੰਗਿਆ ਸੀ।
26 ਅਤੇ ਉਨ੍ਹਾਂ ਨੇ ਉਸ ਦਾ ਜੁਰਮ ਇਕ ਫੱਟੀ ’ਤੇ ਲਿਖ ਕੇ ਸੂਲ਼ੀ ਉੱਤੇ ਲਾ ਦਿੱਤਾ: “ਯਹੂਦੀਆਂ ਦਾ ਰਾਜਾ।”+
27 ਉਨ੍ਹਾਂ ਨੇ ਉਸ ਦੇ ਨਾਲ ਦੋ ਲੁਟੇਰਿਆਂ ਨੂੰ ਵੀ ਸੂਲ਼ੀਆਂ ’ਤੇ ਟੰਗਿਆ ਸੀ, ਇਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ।+
28 *—
29 ਉੱਥੋਂ ਲੰਘਣ ਵਾਲੇ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ ਅਤੇ ਘਿਰਣਾ ਨਾਲ ਸਿਰ ਹਿਲਾ ਕੇ+ ਕਹਿੰਦੇ ਸਨ: “ਓਏ ਮੰਦਰ ਨੂੰ ਢਾਹੁਣ ਵਾਲਿਆ ਤੇ ਤਿੰਨਾਂ ਦਿਨਾਂ ਵਿਚ ਇਸ ਨੂੰ ਬਣਾਉਣ ਵਾਲਿਆ,+
30 ਹੁਣ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਕੇ ਦਿਖਾ।”
31 ਇਸੇ ਤਰ੍ਹਾਂ ਮੁੱਖ ਪੁਜਾਰੀ ਤੇ ਗ੍ਰੰਥੀ ਆਪਸ ਵਿਚ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ: “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ!+
32 ਹੁਣ ਜੇ ਇਜ਼ਰਾਈਲ ਦਾ ਰਾਜਾ ਤੇ ਮਸੀਹ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਉਸ ’ਤੇ ਵਿਸ਼ਵਾਸ ਕਰਾਂਗੇ।”+ ਇੱਥੋਂ ਤਕ ਕਿ ਉਸ ਦੇ ਨਾਲ ਸੂਲ਼ੀਆਂ ’ਤੇ ਟੰਗੇ ਬੰਦੇ ਵੀ ਉਸ ਦੀ ਬੇਇੱਜ਼ਤੀ ਕਰ ਰਹੇ ਸਨ।+
33 ਫਿਰ ਦੁਪਹਿਰ ਦੇ 12 ਕੁ ਵਜੇ* ਤੋਂ ਲੈ ਕੇ 3 ਕੁ ਵਜੇ* ਤਕ ਸਾਰੀ ਧਰਤੀ ’ਤੇ ਹਨੇਰਾ ਛਾਇਆ ਰਿਹਾ।+
34 ਯਿਸੂ ਨੇ 3 ਕੁ ਵਜੇ ਉੱਚੀ-ਉੱਚੀ ਕਿਹਾ: “ਏਲੀ ਏਲੀ ਲਾਮਾ ਸਬਕਤਾਨੀ?” ਜਿਸ ਦਾ ਮਤਲਬ ਹੈ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?”+
35 ਇਹ ਸੁਣ ਕੇ ਉੱਥੇ ਖੜ੍ਹੇ ਕੁਝ ਜਣੇ ਕਹਿਣ ਲੱਗੇ: “ਦੇਖੋ! ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।”
36 ਫਿਰ ਕਿਸੇ ਨੇ ਭੱਜ ਕੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੰਦੇ+ ਹੋਏ ਕਿਹਾ: “ਰਹਿਣ ਦੇ! ਚਲੋ ਦੇਖਦੇ ਹਾਂ ਕਿ ਏਲੀਯਾਹ ਉਸ ਨੂੰ ਸੂਲ਼ੀ ਤੋਂ ਉਤਾਰਨ ਆਉਂਦਾ ਹੈ ਜਾਂ ਨਹੀਂ।”
37 ਪਰ ਯਿਸੂ ਨੇ ਉੱਚੀ ਆਵਾਜ਼ ਕੱਢੀ ਅਤੇ ਦਮ ਤੋੜ ਦਿੱਤਾ।*+
38 ਤਦ ਮੰਦਰ ਦਾ ਪਰਦਾ*+ ਉੱਪਰੋਂ ਲੈ ਕੇ ਹੇਠਾਂ ਤਕ ਪਾਟ ਕੇ ਦੋ ਹਿੱਸੇ ਹੋ ਗਿਆ।+
39 ਜਦ ਉੱਥੇ ਖੜ੍ਹੇ ਫ਼ੌਜੀ ਅਫ਼ਸਰ* ਨੇ ਦੇਖਿਆ ਕਿ ਯਿਸੂ ਦੇ ਮਰਨ ਵੇਲੇ ਕੀ ਕੁਝ ਹੋਇਆ ਸੀ, ਤਾਂ ਉਸ ਨੇ ਕਿਹਾ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”+
40 ਉੱਥੇ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ* ਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਸਨ।+
41 ਉਹ ਸਭ ਉਸ ਦੇ ਨਾਲ ਹੁੰਦੀਆਂ ਸਨ ਅਤੇ ਉਨ੍ਹਾਂ ਨੇ ਗਲੀਲ ਵਿਚ ਉਸ ਦੀ ਸੇਵਾ ਕੀਤੀ ਸੀ+ ਅਤੇ ਕਈ ਹੋਰ ਔਰਤਾਂ ਵੀ ਸਨ ਜਿਹੜੀਆਂ ਉਸ ਨਾਲ ਯਰੂਸ਼ਲਮ ਨੂੰ ਆਈਆਂ ਸਨ।
42 ਦੁਪਹਿਰ ਢਲ਼ ਚੁੱਕੀ ਸੀ ਅਤੇ ਇਹ ਤਿਆਰੀ ਦਾ ਦਿਨ ਸੀ ਜੋ ਸਬਤ ਤੋਂ ਇਕ ਦਿਨ ਪਹਿਲਾਂ ਹੁੰਦਾ ਸੀ।
43 ਅਰਿਮਥੀਆ ਦਾ ਰਹਿਣ ਵਾਲਾ ਯੂਸੁਫ਼ ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।+
44 ਪਰ ਪਿਲਾਤੁਸ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਯਿਸੂ ਦੀ ਮੌਤ ਇੰਨੀ ਜਲਦੀ ਹੋ ਗਈ ਸੀ, ਇਸ ਲਈ ਉਸ ਨੇ ਫ਼ੌਜੀ ਅਫ਼ਸਰ ਨੂੰ ਬੁਲਾ ਕੇ ਇਸ ਬਾਰੇ ਪੁੱਛਿਆ।
45 ਫ਼ੌਜੀ ਅਫ਼ਸਰ ਤੋਂ ਪਤਾ ਕਰਨ ਤੋਂ ਬਾਅਦ ਉਸ ਨੇ ਯੂਸੁਫ਼ ਨੂੰ ਲਾਸ਼ ਲੈ ਜਾਣ ਦੀ ਇਜਾਜ਼ਤ ਦੇ ਦਿੱਤੀ।
46 ਯੂਸੁਫ਼ ਨੇ ਇਕ ਵਧੀਆ ਕੱਪੜਾ ਖ਼ਰੀਦਿਆ ਅਤੇ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਉਸ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ।+ ਫਿਰ ਉਸ ਨੇ ਕਬਰ ਦੇ ਮੂੰਹ ’ਤੇ ਵੱਡਾ ਸਾਰਾ ਪੱਥਰ ਰੱਖਿਆ।+
47 ਪਰ ਮਰੀਅਮ ਮਗਦਲੀਨੀ ਅਤੇ ਯੋਸੇਸ ਦੀ ਮਾਂ ਮਰੀਅਮ ਉਸ ਜਗ੍ਹਾ ਨੂੰ ਦੇਖਦੀਆਂ ਰਹੀਆਂ ਜਿੱਥੇ ਉਸ ਨੂੰ ਰੱਖਿਆ ਗਿਆ ਸੀ।+
ਫੁਟਨੋਟ
^ ਇਸ ਰੰਗ ਦੇ ਕੱਪੜੇ ਅਮੀਰ, ਇੱਜ਼ਤਦਾਰ ਅਤੇ ਸ਼ਾਹੀ ਘਰਾਣੇ ਦੇ ਲੋਕ ਪਾਉਂਦੇ ਸਨ।
^ ਯੂਨਾ, “ਤੀਸਰਾ ਘੰਟਾ।” ਦਿਨ ਦੇ ਘੰਟੇ ਸੂਰਜ ਚੜ੍ਹਨ ਦੇ ਸਮੇਂ ਤੋਂ ਗਿਣੇ ਜਾਂਦੇ ਸਨ।
^ ਵਧੇਰੇ ਜਾਣਕਾਰੀ 1.3 ਦੇਖੋ।
^ ਯੂਨਾ, “ਛੇਵਾਂ ਘੰਟਾ।”
^ ਯੂਨਾ, “ਨੌਵਾਂ ਘੰਟਾ।”
^ ਜਾਂ, “ਆਖ਼ਰੀ ਸਾਹ ਲਿਆ।”
^ ਇਹ ਪਰਦਾ ਮੰਦਰ ਵਿਚ ਅੱਤ ਪਵਿੱਤਰ ਕਮਰੇ ਤੇ ਪਵਿੱਤਰ ਕਮਰੇ ਵਿਚਕਾਰ ਲਾਇਆ ਹੋਇਆ ਸੀ।
^ ਉਹ ਫ਼ੌਜੀ ਅਫ਼ਸਰ ਜਿਸ ਦੇ ਅਧੀਨ 100 ਫ਼ੌਜੀ ਹੁੰਦੇ ਸਨ।
^ ਜਾਂ, “ਛੋਟਾ ਯਾਕੂਬ।” “ਛੋਟਾ” ਸ਼ਬਦ ਦਾ ਅਰਥ ਹੋ ਸਕਦਾ ਹੈ ਕਿ ਇਹ ਯਾਕੂਬ, ਦੂਸਰੇ ਰਸੂਲ ਯਾਕੂਬ, ਜੋ ਜ਼ਬਦੀ ਦਾ ਪੁੱਤਰ ਸੀ, ਨਾਲੋਂ ਉਮਰ ਵਿਚ ਜਾਂ ਕੱਦ ਵਿਚ ਛੋਟਾ ਸੀ।