Skip to content

Skip to table of contents

ਸਾਦੀ ਜ਼ਿੰਦਗੀ ਲਿਆਈ ਖ਼ੁਸ਼ੀਆਂ

ਸਾਦੀ ਜ਼ਿੰਦਗੀ ਲਿਆਈ ਖ਼ੁਸ਼ੀਆਂ

ਡਾਨੀਏਲ ਅਤੇ ਮੀਰੀਅਮ ਦਾ ਵਿਆਹ ਸਤੰਬਰ 2000 ਵਿਚ ਹੋਇਆ ਸੀ। ਉਨ੍ਹਾਂ ਦੀ ਬਾਰਸੇਲੋਨਾ, ਸਪੇਨ ਵਿਚ ਐਸ਼ੋ-ਅਰਾਮ ਦੀ ਜ਼ਿੰਦਗੀ ਸੀ। ਡਾਨੀਏਲ ਦੱਸਦਾ ਹੈ: “ਸਾਡੀਆਂ ਨੌਕਰੀਆਂ ਇੰਨੀਆਂ ਵਧੀਆ ਸਨ ਕਿ ਅਸੀਂ ਮਹਿੰਗੇ ਹੋਟਲਾਂ ਵਿਚ ਖਾਣਾ ਖਾਂਦੇ, ਦੂਸਰੇ ਦੇਸ਼ਾਂ ਵਿਚ ਘੁੰਮਣ-ਫਿਰਨ ਜਾਂਦੇ ਅਤੇ ਮਹਿੰਗੇ-ਮਹਿੰਗੇ ਕੱਪੜੇ ਪਾਉਂਦੇ ਸੀ। ਇਸ ਦੇ ਨਾਲ-ਨਾਲ ਅਸੀਂ ਲਗਾਤਾਰ ਪ੍ਰਚਾਰ ਤੇ ਵੀ ਜਾਂਦੇ ਸੀ।” ਪਰ ਇਕ ਦਿਨ ਉਨ੍ਹਾਂ ਦੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ।

2006 ਦੇ ਵੱਡੇ ਸੰਮੇਲਨ ਵਿਚ ਡਾਨੀਏਲ ਨੇ ਭਾਸ਼ਣ ਸੁਣਿਆ ਜਿਸ ਵਿਚ ਇਹ ਸਵਾਲ ਪੁੱਛਿਆ ਗਿਆ ਸੀ: “ਕੀ ਅਸੀਂ ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਦੇ ਰਸਤੇ ’ਤੇ ਲੈ ਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ‘ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ?’” (ਕਹਾ. 24:11) ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਪ੍ਰਚਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਪ੍ਰਚਾਰ ਕਰਨ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਹਨ। (ਰਸੂ. 20:26, 27) ਡਾਨੀਏਲ ਯਾਦ ਕਰਦਾ ਹੈ: “ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਮੇਰੇ ਨਾਲ ਗੱਲ ਕਰ ਰਿਹਾ ਸੀ।” ਭਾਸ਼ਣ ਵਿਚ ਇਹ ਵੀ ਦੱਸਿਆ ਗਿਆ ਕਿ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਨਾਲ ਖ਼ੁਸ਼ੀਆਂ ਹੀ ਖ਼ੁਸ਼ੀਆਂ ਮਿਲਦੀਆਂ ਹਨ। ਡਾਨੀਏਲ ਜਾਣਦਾ ਸੀ ਕਿ ਇਹ ਗੱਲ ਸੱਚ ਹੈ ਕਿਉਂਕਿ ਮੀਰੀਅਮ ਨੇ ਪਹਿਲਾਂ ਤੋਂ ਹੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਬਹੁਤ ਖ਼ੁਸ਼ ਸੀ।

ਇਸ ਭਾਸ਼ਣ ਦਾ ਡਾਨੀਏਲ ’ਤੇ ਇੰਨਾ ਜ਼ਬਰਦਸਤ ਅਸਰ ਪਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕੁਝ ਬਦਲਾਅ ਕੀਤੇ। ਉਸ ਨੇ ਆਪਣੇ ਕੰਮ ਦੇ ਘੰਟੇ ਘਟਾ ਦੇਣ ਦੇ ਨਾਲ-ਨਾਲ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਨਾਲੇ ਉਸ ਨੇ ਸੋਚਿਆ ਕਿ ਉਨ੍ਹਾਂ ਦੀ ਖ਼ੁਸ਼ੀ ਹੋਰ ਕਿੰਨੀ ਵਧ ਜਾਵੇਗੀ ਜੇਕਰ ਉਹ ਉੱਥੇ ਜਾ ਕੇ ਸੇਵਾ ਕਰਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।

ਉਦਾਸੀ ਖ਼ੁਸ਼ੀ ਵਿਚ ਬਦਲੀ

ਮਈ 2007 ਵਿਚ ਡਾਨੀਏਲ ਅਤੇ ਮੀਰੀਅਮ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ। ਫਿਰ ਉਹ ਪਨਾਮਾ ਦੇਸ਼ ਚਲੇ ਗਏ ਜਿੱਥੇ ਉਹ ਪਹਿਲਾਂ ਵੀ ਘੁੰਮਣ ਗਏ ਸਨ। ਉਨ੍ਹਾਂ ਨੂੰ ਕੈਰੀਬੀਅਨ ਸਾਗਰ ਵਿਚ ਬੋਕਾਸ ਡੇਲ ਟੋਰੋ ਦੀਪ-ਸਮੂਹ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ। ਉਨ੍ਹਾਂ ਟਾਪੂਆਂ ’ਤੇ ਜ਼ਿਆਦਾਤਰ ਲੋਕ ਨਗਾਬੇ ਸਨ। ਡਾਨੀਏਲ ਅਤੇ ਮੀਰੀਅਮ ਨੇ ਹਿਸਾਬ ਲਾਇਆ ਕਿ ਉਨ੍ਹਾਂ ਕੋਲ ਪਨਾਮਾ ਵਿਚ ਅੱਠ ਮਹੀਨੇ ਰਹਿਣ ਜੋਗੇ ਪੈਸੇ ਸਨ।

ਇਕ ਤੋਂ ਦੂਜੇ ਟਾਪੂ ’ਤੇ ਜਾਣ ਲਈ ਉਹ ਕਿਸ਼ਤੀਆਂ ਰਾਹੀਂ ਅਤੇ ਟਾਪੂਆਂ ’ਤੇ ਉਹ ਸਾਈਕਲਾਂ ਰਾਹੀਂ ਸਫ਼ਰ ਕਰਦੇ ਸਨ। ਉਨ੍ਹਾਂ ਨੂੰ ਉਹ ਦਿਨ ਯਾਦ ਹੈ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸਿੱਧੀਆਂ ਢਲਾਣਾਂ ਵਾਲੇ ਪਹਾੜਾਂ ’ਤੇ ਲਗਭਗ 32 ਕਿਲੋਮੀਟਰ (20 ਮੀਲ) ਸਾਈਕਲ ਚਲਾਏ ਸਨ। ਉੱਥੇ ਇੰਨੀ ਗਰਮੀ ਸੀ ਕਿ ਥੱਕ ਕੇ ਡਾਨੀਏਲ ਦੀ ਹਾਲਾਤ ਬੇਹੋਸ਼ ਹੋਣ ਵਾਲੀ ਹੋ ਗਈ। ਪਰ ਗੂਆਮੀ ਲੋਕ ਬਹੁਤ ਆਉ-ਭਗਤ ਕਰਨ ਵਾਲੇ ਸਨ। ਉਹ ਬਹੁਤ ਖ਼ੁਸ਼ ਹੁੰਦੇ ਸਨ ਜਦੋਂ ਡਾਨੀਏਲ ਅਤੇ ਮੀਰੀਅਮ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਦੇ ਸਨ। ਜਲਦੀ ਹੀ ਡਾਨੀਏਲ ਅਤੇ ਮੀਰੀਅਮ 23 ਬਾਈਬਲ ਸਟੱਡੀਆਂ ਕਰਾਉਣ ਲੱਗੇ।

ਪਰ ਪੈਸੇ ਖ਼ਤਮ ਹੋਣ ਤੇ ਉਨ੍ਹਾਂ ਨੇ ਕੀ ਕੀਤਾ? ਡਾਨੀਏਲ ਦੱਸਦਾ ਹੈ: “ਅਸੀਂ ਇੰਨੇ ਉਦਾਸ ਹੋ ਗਏ ਕਿ ਸਾਡੀਆਂ ਅੱਖਾਂ ਵਿਚ ਅੰਝੂ ਆ ਗਏ। ਅਸੀਂ ਸਪੇਨ ਵਾਪਸ ਜਾਣ ਦਾ ਫ਼ੈਸਲਾ ਕੀਤਾ। ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਤੋਂ ਵਿੱਛੜਨ ਕਰਕੇ ਬਹੁਤ ਦੁਖੀ ਸੀ।” ਪਰ ਇਕ ਮਹੀਨੇ ਬਾਅਦ ਉਨ੍ਹਾਂ ਨੂੰ ਇਕ ਖ਼ੁਸ਼ੀ ਦੀ ਖ਼ਬਰ ਮਿਲੀ। ਮੀਰੀਅਮ ਦੱਸਦੀ ਹੈ: “ਸਾਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਆਪਣੀ ਸੇਵਾ ਬਰਕਰਾਰ ਰੱਖਣ ਦੀ ਸਾਨੂੰ ਕਿੰਨੀ ਖ਼ੁਸ਼ੀ ਮਿਲੀ!”

ਸਭ ਤੋਂ ਵੱਡੀ ਖ਼ੁਸ਼ੀ

ਸੰਗਠਨ ਵਿਚ ਤਬਦੀਲੀਆਂ ਹੋਣ ਕਰਕੇ ਡਾਨੀਏਨ ਅਤੇ ਮੀਰੀਅਮ ਨੂੰ 2015 ਵਿਚ ਸਪੈਸ਼ਲ ਪਾਇਨੀਅਰਿੰਗ ਛੱਡਣੀ ਪਈ। ਉਨ੍ਹਾਂ ਨੇ ਫਿਰ ਕੀ ਕੀਤਾ? ਉਨ੍ਹਾਂ ਨੇ ਜ਼ਬੂਰ 37:5 ਵਿਚ ਦੱਸੇ ਵਾਅਦੇ ’ਤੇ ਪੂਰਾ ਭਰੋਸਾ ਰੱਖਿਆ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” ਉਨ੍ਹਾਂ ਨੂੰ ਨੌਕਰੀ ਮਿਲ ਗਈ। ਉਹ ਆਪਣਾ ਗੁਜ਼ਾਰਾ ਤੋਰਨ ਦੇ ਨਾਲ-ਨਾਲ ਰੈਗੂਲਰ ਪਾਇਨੀਅਰਿੰਗ ਵੀ ਕਰ ਸਕੇ। ਅੱਜ ਉਹ ਪਨਾਮਾ ਦੀ ਵੈਰਾਗੁਆਸ ਮੰਡਲੀ ਵਿਚ ਸੇਵਾ ਕਰ ਰਹੇ ਹਨ।

ਡਾਨੀਏਲ ਦੱਸਦਾ ਹੈ: “ਸਪੇਨ ਛੱਡਣ ਤੋਂ ਪਹਿਲਾਂ ਸਾਨੂੰ ਨਹੀਂ ਸੀ ਲੱਗਦਾ ਕਿ ਅਸੀਂ ਸਾਦੀ ਜ਼ਿੰਦਗੀ ਜੀ ਸਕਦੇ ਸੀ। ਪਰ ਅੱਜ ਅਸੀਂ ਸਾਦੀ ਜ਼ਿੰਦਗੀ ਜੀ ਰਹੇ ਹਾਂ ਅਤੇ ਸਾਨੂੰ ਕਿਸੇ ਵੀ ਜ਼ਰੂਰੀ ਚੀਜ਼ ਦੀ ਥੁੜ੍ਹ ਨਹੀਂ।” ਉਨ੍ਹਾਂ ਦੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਉਹ ਕਹਿੰਦੇ ਹਨ: “ਇਸ ਤੋਂ ਵੱਡੀ ਖ਼ੁਸ਼ੀ ਹੋਰ ਕਿਹੜੀ ਹੋ ਸਕਦੀ ਹੈ, ਕਿ ਅਸੀਂ ਨਿਮਰ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਈਏ।”