Skip to content

Skip to table of contents

ਜੀਵਨੀ

ਦੂਜਿਆਂ ਵਿਚ ਦਿਲਚਸਪੀ ਲੈਣ ਨਾਲ ਮਿਲਦੀਆਂ ਬੇਸ਼ੁਮਾਰ ਬਰਕਤਾਂ

ਦੂਜਿਆਂ ਵਿਚ ਦਿਲਚਸਪੀ ਲੈਣ ਨਾਲ ਮਿਲਦੀਆਂ ਬੇਸ਼ੁਮਾਰ ਬਰਕਤਾਂ

1948 ਵਿਚ ਆਪਣੇ ਮੰਮੀ ਅਤੇ ਆਪਣੀ ਭੈਣ ਪੈਟ ਨਾਲ

“ਐਂਗਲੀਕਨ ਚਰਚ ਸੱਚਾਈ ਨਹੀਂ ਸਿਖਾਉਂਦਾ। ਤੂੰ ਸੱਚਾਈ ਨੂੰ ਲੱਭਦੀ ਰਹਿ।” ਇਹ ਗੱਲ ਮੇਰੇ ਨਾਨੀ ਨੇ ਕਹੀ ਸੀ ਜੋ ਐਂਗਲੀਕਨ ਚਰਚ ਵਿਚ ਜਾਂਦੇ ਸਨ। ਇਸ ਲਈ ਮੇਰੇ ਮੰਮੀ ਨੇ ਸੱਚੇ ਧਰਮ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਯਹੋਵਾਹ ਦੇ ਗਵਾਹ ਸਾਡੇ ਘਰ ਆਏ, ਤਾਂ ਮੰਮੀ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਅਤੇ ਮੈਨੂੰ ਲੁਕ ਜਾਣ ਲਈ ਕਿਹਾ। ਉਸ ਵੇਲੇ ਅਸੀਂ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ ਰਹਿੰਦੇ ਸੀ। ਪਰ 1950 ਵਿਚ ਜਦੋਂ ਮੇਰੇ ਛੋਟੇ ਮਾਸੀ ਨੇ ਗਵਾਹਾਂ ਤੋਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ, ਤਾਂ ਮੰਮੀ ਵੀ ਉਨ੍ਹਾਂ ਨਾਲ ਬੈਠਦੇ ਸਨ। ਉਹ ਮੇਰੇ ਮਾਸੀ ਦੇ ਘਰ ਹੀ ਸਟੱਡੀ ਕਰਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ।

ਮੇਰੇ ਡੈਡੀ ਕੈਨੇਡਾ ਦੇ ਯੂਨਾਇਟਿਡ ਚਰਚ ਵਿਚ ਪਾਦਰੀ ਸਨ। ਉਸ ਚਰਚ ਵਿਚ ਹਰ ਐਤਵਾਰ ਸਵੇਰੇ ਬੱਚਿਆਂ ਲਈ ਬਾਈਬਲ ਕਲਾਸਾਂ ਲੱਗਦੀਆਂ ਸਨ। ਇਸ ਲਈ ਡੈਡੀ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਉਨ੍ਹਾਂ ਕਲਾਸਾਂ ਵਿਚ ਭੇਜਦੇ ਸਨ। ਕਲਾਸ ਤੋਂ ਬਾਅਦ ਸਵੇਰੇ 11 ਵਜੇ ਅਸੀਂ ਡੈਡੀ ਨਾਲ ਚਰਚ ਦੀ ਸਭਾ ਵਿਚ ਜਾਂਦੇ ਸੀ। ਫਿਰ ਦੁਪਹਿਰ ਨੂੰ ਅਸੀਂ ਮੰਮੀ ਨਾਲ ਕਿੰਗਡਮ ਹਾਲ ਵਿਚ ਜਾਂਦੇ ਸੀ। ਅਸੀਂ ਇਨ੍ਹਾਂ ਦੋਹਾਂ ਧਰਮਾਂ ਵਿਚ ਫ਼ਰਕ ਸਾਫ਼-ਸਾਫ਼ ਦੇਖ ਸਕਦੇ ਸੀ।

1958 ਵਿਚ ਪਰਮੇਸ਼ੁਰੀ ਇੱਛਾ ਨਾਂ ਦੇ ਅੰਤਰ-ਰਾਸ਼ਟਰੀ ਸੰਮੇਲਨ ਵਿਚ ਹਚਸਨ ਦੇ ਪਰਿਵਾਰ ਨਾਲ

ਮੇਰੇ ਮੰਮੀ ਬੌਬ ਅਤੇ ਮੈਰੀਅਨ ਹਚਸਨ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਸਨ। ਮੰਮੀ ਬਾਈਬਲ ਤੋਂ ਜੋ ਸਿੱਖ ਰਹੇ ਸਨ, ਉਨ੍ਹਾਂ ਨੇ ਉਸ ਬਾਰੇ ਉਨ੍ਹਾਂ ਦੋਹਾਂ ਨੂੰ ਵੀ ਦੱਸਿਆ ਅਤੇ ਉਹ ਦੋਵੇਂ ਵੀ ਸੱਚਾਈ ਵਿਚ ਆ ਗਏ। 1958 ਵਿਚ ਨਿਊਯਾਰਕ ਸਿਟੀ ਵਿਚ ‘ਪਰਮੇਸ਼ੁਰੀ ਇੱਛਾ’ ਨਾਂ ਦਾ ਅੰਤਰ-ਰਾਸ਼ਟਰੀ ਸੰਮੇਲਨ ਹੋਇਆ ਤੇ ਇਹ ਸੰਮੇਲਨ ਅੱਠ ਦਿਨਾਂ ਦਾ ਸੀ। ਭਰਾ ਬੌਬ ਤੇ ਉਨ੍ਹਾਂ ਦੀ ਪਤਨੀ ਆਪਣੇ ਤਿੰਨਾਂ ਮੁੰਡਿਆਂ ਨਾਲ ਮੈਨੂੰ ਵੀ ਉਸ ਸੰਮੇਲਨ ਵਿਚ ਲੈ ਕੇ ਗਏ। ਉਸ ਸਮੇਂ ਨੂੰ ਯਾਦ ਕਰਦਿਆਂ ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਲਈ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਸੌਖਾ ਨਹੀਂ ਰਿਹਾ ਹੋਣਾ। ਪਰ ਉਸ ਸੰਮੇਲਨ ਦੀਆਂ ਮਿੱਠੀਆਂ ਯਾਦਾਂ ਹਾਲੇ ਵੀ ਮੇਰੇ ਮਨ ਵਿਚ ਤਾਜ਼ਾ ਹਨ।

ਦੂਜਿਆਂ ਨੇ ਲਈ ਮੇਰੇ ਵਿਚ ਦਿਲਚਸਪੀ, ਇਸ ਦਾ ਪਿਆ ਮੇਰੇ ਭਵਿੱਖ ʼਤੇ ਚੰਗਾ ਅਸਰ

ਜਦੋਂ ਮੈਂ ਜਵਾਨ ਸੀ, ਤਾਂ ਅਸੀਂ ਥੋੜ੍ਹੇ ਸਮੇਂ ਲਈ ਇਕ ਫਾਰਮ ਵਿਚ ਰਹਿੰਦੇ ਸੀ। ਉੱਥੇ ਅਸੀਂ ਅਲੱਗ-ਅਲੱਗ ਜਾਨਵਰਾਂ ਦੀ ਦੇਖ-ਭਾਲ ਕਰਦੇ ਸੀ। ਇੱਦਾਂ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ, ਇਸ ਕਰਕੇ ਮੈਂ ਸੋਚਿਆ ਕਿ ਮੈਂ ਜਾਨਵਰਾਂ ਦਾ ਡਾਕਟਰ ਬਣਾਂਗਾ। ਮੇਰੇ ਮੰਮੀ ਨੇ ਇਸ ਬਾਰੇ ਮੰਡਲੀ ਦੇ ਬਜ਼ੁਰਗ ਨੂੰ ਦੱਸਿਆ। ਉਸ ਭਰਾ ਨੇ ਬੜੇ ਪਿਆਰ ਨਾਲ ਮੈਨੂੰ ਯਾਦ ਕਰਾਇਆ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਕਈ ਸਾਲ ਯੂਨੀਵਰਸਿਟੀ ਵਿਚ ਜਾਣ ਕਰਕੇ ਯਹੋਵਾਹ ਨਾਲ ਮੇਰੇ ਰਿਸ਼ਤੇ ʼਤੇ ਕੀ ਅਸਰ ਪਵੇਗਾ। (2 ਤਿਮੋ. 3:1) ਇਸ ਕਰਕੇ ਮੈਂ ਯੂਨੀਵਰਸਿਟੀ ਨਾ ਜਾਣ ਦਾ ਫ਼ੈਸਲਾ ਕੀਤਾ।

ਫਿਰ ਵੀ ਮੈਂ ਸੋਚਦਾ ਹੁੰਦਾ ਸੀ ਕਿ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਂ ਕੀ ਕਰਾਂਗਾ। ਭਾਵੇਂ ਕਿ ਮੈਂ ਹਰ ਸ਼ਨੀ-ਐਤਵਾਰ ਪ੍ਰਚਾਰ ʼਤੇ ਜਾਂਦਾ ਸੀ, ਪਰ ਮੈਨੂੰ ਪ੍ਰਚਾਰ ਕਰ ਕੇ ਮਜ਼ਾ ਨਹੀਂ ਸੀ ਆਉਂਦਾ। ਨਾਲੇ ਮੈਨੂੰ ਲੱਗਦਾ ਸੀ ਕਿ ਪਾਇਨੀਅਰਿੰਗ ਕਰਨੀ ਮੇਰੇ ਬੱਸ ਦੀ ਗੱਲ ਨਹੀਂ ਹੈ। ਇਸ ਸਮੇਂ ਦੌਰਾਨ ਮੇਰੇ ਡੈਡੀ ਅਤੇ ਮੇਰੇ ਚਾਚੇ ਨੇ ਮੈਨੂੰ ਟੋਰੌਂਟੋ ਦੀ ਇਕ ਵੱਡੀ ਬੀਮਾ ਕੰਪਨੀ ਵਿਚ ਪੂਰਾ ਸਮਾਂ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ। ਉਹ ਦੋਵੇਂ ਯਹੋਵਾਹ ਦੇ ਗਵਾਹ ਨਹੀਂ ਸਨ। ਮੇਰਾ ਚਾਚਾ ਉਸ ਕੰਪਨੀ ਵਿਚ ਇਕ ਖ਼ਾਸ ਅਹੁਦੇ ʼਤੇ ਸੀ। ਇਸ ਕਰਕੇ ਮੈਂ ਉੱਥੇ ਕੰਮ ਕਰਨ ਲੱਗ ਪਿਆ।

ਟੋਰੌਂਟੋ ਵਿਚ ਹੁੰਦਿਆਂ ਮੈਂ ਲਗਾਤਾਰ ਓਵਰਟਾਈਮ ਕੰਮ ਕਰਦਾ ਸੀ ਅਤੇ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਣ ਲੱਗ ਪਿਆ ਜੋ ਯਹੋਵਾਹ ਦੇ ਗਵਾਹ ਨਹੀਂ ਸਨ। ਇਸ ਕਰਕੇ ਮੇਰੇ ਕੋਲ ਬਾਕਾਇਦਾ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਣ ਲਈ ਸਮਾਂ ਹੀ ਨਹੀਂ ਸੀ ਬਚਦਾ। ਸ਼ੁਰੂ-ਸ਼ੁਰੂ ਵਿਚ ਮੈਂ ਆਪਣੇ ਦਾਦੇ ਨਾਲ ਰਹਿੰਦਾ ਸੀ ਜੋ ਗਵਾਹ ਨਹੀਂ ਸਨ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਮੈਨੂੰ ਰਹਿਣ ਲਈ ਕਿਤੇ ਹੋਰ ਜਗ੍ਹਾ ਲੱਭਣੀ ਪੈਣੀ ਸੀ।

ਭਰਾ ਬੌਬ ਅਤੇ ਉਨ੍ਹਾਂ ਦੀ ਪਤਨੀ ਮੇਰੇ ਲਈ ਮੇਰੇ ਮਾਪਿਆਂ ਵਾਂਗ ਸਨ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਘਰ ਰਹਿਣ ਲਈ ਕਿਹਾ। ਉਹ 1958 ਵਿਚ ਮੈਨੂੰ ਆਪਣੇ ਨਾਲ ਸੰਮੇਲਨ ʼਤੇ ਲੈ ਕੇ ਗਏ ਸਨ। ਉਨ੍ਹਾਂ ਨੇ ਯਹੋਵਾਹ ਨਾਲ ਮੇਰੀ ਦੋਸਤੀ ਗੂੜ੍ਹੀ ਕਰਨ ਵਿਚ ਮੇਰੀ ਮਦਦ ਕੀਤੀ। 1960 ਵਿਚ ਉਨ੍ਹਾਂ ਦੇ ਮੁੰਡੇ ਜੌਨ ਨਾਲ ਮੈਂ ਵੀ ਬਪਤਿਸਮਾ ਲੈ ਲਿਆ। ਜੌਨ ਨੇ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਦੇਖ ਕੇ ਮੈਂ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਲੱਗ ਪਿਆ। ਮੰਡਲੀ ਦੇ ਭਰਾਵਾਂ ਨੇ ਦੇਖਿਆ ਕਿ ਮੈਂ ਸਮਝਦਾਰ ਮਸੀਹੀ ਬਣ ਰਿਹਾ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ‘ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ’ ਦਾ ਨਿਗਾਹਬਾਨ ਬਣਾ ਦਿੱਤਾ। a

ਮਿਲਿਆ ਇਕ ਵਧੀਆ ਸਾਥੀ ਤੇ ਸ਼ੁਰੂ ਕੀਤੀ ਪਾਇਨੀਅਰਿੰਗ

1966 ਵਿਚ ਆਪਣੇ ਵਿਆਹ ਵਾਲੇ ਦਿਨ

1966 ਵਿਚ ਮੇਰਾ ਵਿਆਹ ਰੈਂਡੀ ਬਰਗ ਨਾਲ ਹੋਇਆ। ਉਹ ਇਕ ਜੋਸ਼ੀਲੀ ਪਾਇਨੀਅਰ ਸੀ ਅਤੇ ਉੱਥੇ ਜਾ ਕੇ ਸੇਵਾ ਕਰਨ ਲਈ ਬੇਤਾਬ ਸੀ ਜਿੱਥੇ ਜ਼ਿਆਦਾ ਲੋੜ ਸੀ। ਸਾਡੇ ਸਫ਼ਰੀ ਨਿਗਾਹਬਾਨ ਨੇ ਸਾਡੇ ਵਿਚ ਦਿਲਚਸਪੀ ਲਈ ਅਤੇ ਸਾਨੂੰ ਆਂਟੇਰੀਓ ਓਰੀਲੀਆ ਦੀ ਮੰਡਲੀ ਵਿਚ ਜਾ ਕੇ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਅਸੀਂ ਫ਼ੌਰਨ ਆਪਣਾ ਸਾਮਾਨ ਪੈਕ ਕੀਤਾ ਅਤੇ ਉੱਥੇ ਚਲੇ ਗਏ।

ਅਸੀਂ ਜਿੱਦਾਂ ਹੀ ਓਰੀਲੀਆ ਪਹੁੰਚੇ, ਮੈਂ ਰੈਂਡੀ ਨਾਲ ਮਿਲ ਕੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਨ ਲੱਗ ਪਿਆ। ਉਸ ਦੇ ਜੋਸ਼ ਨੇ ਮੇਰੇ ਵਿਚ ਵੀ ਜੋਸ਼ ਭਰ ਦਿੱਤਾ। ਮੈਂ ਦਿਲ ਲਾ ਕੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਪ੍ਰਚਾਰ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਜਦੋਂ ਮੈਂ ਬਾਈਬਲ ਦਾ ਇਸਤੇਮਾਲ ਕਰਦਾ ਸੀ ਅਤੇ ਦੇਖਦਾ ਸੀ ਕਿ ਲੋਕ ਬਾਈਬਲ ਦੀਆਂ ਸੱਚਾਈਆਂ ਸਮਝ ਰਹੇ ਸਨ। ਅਸੀਂ ਓਰੀਲੀਆ ਵਿਚ ਇਕ ਜੋੜੇ ਦੀ ਮਦਦ ਕਰ ਸਕੇ ਜਿਸ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਅਤੇ ਉਹ ਯਹੋਵਾਹ ਦੀ ਸੇਵਾ ਕਰਨ ਲੱਗ ਪਏ। ਉਨ੍ਹਾਂ ਦੀ ਮਦਦ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ।

ਨਵੀਂ ਭਾਸ਼ਾ, ਨਵੀਂ ਸੋਚ

ਜਦੋਂ ਅਸੀਂ ਟੋਰੌਂਟੋ ਘੁੰਮਣ ਗਏ ਹੋਏ ਸੀ, ਤਾਂ ਅਸੀਂ ਆਰਨਲਡ ਮੈਕਨਾਮਾਰਾ ਨੂੰ ਮਿਲੇ। ਉਹ ਬੈਥਲ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਵਿੱਚੋਂ ਸੀ। ਉਸ ਨੇ ਸਾਨੂੰ ਪੁੱਛਿਆ, ‘ਕੀ ਤੁਸੀਂ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨੀ ਚਾਹੋਗੇ?’ ਮੈਂ ਫ਼ੌਰਨ ਉਸ ਨੂੰ ਕਿਹਾ: “ਹਾਂ ਬਿਲਕੁਲ ਜਿੱਥੇ ਮਰਜ਼ੀ ਭੇਜ ਦਿਓ, ਪਰ ਕਿਊਬੈੱਕ ਵਿਚ ਨਹੀਂ।” ਗੱਲ ਇਹ ਸੀ ਕਿ ਉਸ ਵੇਲੇ ਕਿਊਬੈੱਕ ਵਿਚ ਫ਼੍ਰੈਂਚ ਭਾਸ਼ਾ ਬੋਲਣ ਵਾਲੇ ਲੋਕ ਸਰਕਾਰ ਖ਼ਿਲਾਫ਼ ਧਰਨੇ ਲਾ ਰਹੇ ਸਨ ਅਤੇ ਉਹ ਚਾਹੁੰਦੇ ਸਨ ਕਿ ਕਿਊਬੈੱਕ ਪ੍ਰਾਂਤ ਕੈਨੇਡਾ ਤੋਂ ਵੱਖਰਾ ਕੀਤਾ ਜਾਵੇ। ਇਸ ਕਰਕੇ ਕੈਨੇਡਾ ਦੇ ਜਿਨ੍ਹਾਂ ਇਲਾਕਿਆਂ ਵਿਚ ਅੰਗ੍ਰੇਜ਼ੀ ਭਾਸ਼ਾ ਬੋਲੀ ਜਾਂਦੀ ਸੀ, ਉੱਥੇ ਦੇ ਲੋਕ ਕਿਊਬੈੱਕ ਦੇ ਫ਼੍ਰੈਂਚ ਭਾਸ਼ਾ ਬੋਲਣ ਵਾਲਿਆਂ ਬਾਰੇ ਬੁਰੀਆਂ ਗੱਲਾਂ ਕਹਿੰਦੇ ਸਨ। ਮੈਂ ਵੀ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਵਾਂਗ ਸੋਚਣ ਲੱਗ ਪਿਆ ਸੀ, ਇਸ ਲਈ ਮੈਂ ਇੱਦਾਂ ਕਿਹਾ ਸੀ।

ਆਰਨਲਡ ਨੇ ਜਵਾਬ ਦਿੱਤਾ: “ਇਸ ਵੇਲੇ ਬ੍ਰਾਂਚ ਸਿਰਫ਼ ਕਿਊਬੈੱਕ ਵਿਚ ਹੀ ਸਪੈਸ਼ਲ ਪਾਇਨੀਅਰਾਂ ਨੂੰ ਭੇਜ ਰਹੀ ਹੈ।” ਇਹ ਸੁਣ ਕੇ ਮੈਂ ਫ਼ੌਰਨ ਉੱਥੇ ਜਾਣ ਲਈ ਤਿਆਰ ਹੋ ਗਿਆ। ਮੈਨੂੰ ਪਤਾ ਸੀ ਕਿ ਰੈਂਡੀ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੀ ਹੈ। ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ।

ਅਸੀਂ ਪੰਜ ਹਫ਼ਤਿਆਂ ਲਈ ਫ਼੍ਰੈਂਚ ਕਲਾਸ ਵਿਚ ਹਾਜ਼ਰ ਹੋਏ। ਇਸ ਤੋਂ ਬਾਅਦ ਮੈਂ ਅਤੇ ਰੈਂਡੀ ਇਕ ਜੋੜੇ ਦੇ ਨਾਲ ਰਿਮੁਸਕੀ ਚਲੇ ਗਏ। ਇਹ ਉੱਤਰੀ-ਪੂਰਬੀ ਮਾਂਟ੍ਰੀਆਲ ਤੋਂ 540 ਕਿਲੋਮੀਟਰ (336 ਮੀਲ) ਦੂਰ ਸੀ। ਸਾਨੂੰ ਅਜੇ ਭਾਸ਼ਾ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ ਅਤੇ ਮੈਂ ਇਹ ਗੱਲ ਉਦੋਂ ਸਾਫ਼-ਸਾਫ਼ ਦੇਖ ਸਕਿਆ ਜਦੋਂ ਮੈਂ ਮੀਟਿੰਗ ਵਿਚ ਇਕ ਘੋਸ਼ਣਾ ਪੜ੍ਹੀ। ਮੈਂ ਕਿਹਾ ਕਿ ਆਉਣ ਵਾਲੇ ਸੰਮੇਲਨ ਵਿਚ ਬਹੁਤ ਸਾਰੇ ਔਸਟ੍ਰੇਚ ਭੈਣ-ਭਰਾ (ਸ਼ੁਤਰਮੁਰਗ ਭੈਣ-ਭਰਾ) ਆਉਣਗੇ, ਜਦ ਕਿ ਮੈਂ ਕਹਿਣਾ ਸੀ: “ਬਹੁਤ ਸਾਰੇ ਆਸਟ੍ਰੀਅਨ ਭੈਣ-ਭਰਾ ਆਉਣਗੇ।”

ਰਿਮੁਸਕੀ ਵਿਚ “ਵਾਈਟ ਹਾਊਸ”

ਰਿਮੁਸਕੀ ਸ਼ਹਿਰ ਵਿਚ ਸਾਡੇ ਚਾਰਾਂ ਨਾਲ ਚਾਰ ਕੁਆਰੀਆਂ ਜੋਸ਼ੀਲੀਆਂ ਭੈਣਾਂ ਅਤੇ ਭਰਾ ਹਿਊਬਰਡੋ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀਆਂ ਦੋ ਕੁੜੀਆਂ ਵੀ ਆ ਕੇ ਸੇਵਾ ਕਰਨ ਲੱਗ ਪਏ। ਭਰਾ ਹਿਊਬਰਡੋ ਨੇ ਇਕ ਵੱਡਾ ਘਰ ਕਿਰਾਏ ʼਤੇ ਲੈ ਲਿਆ। ਇਸ ਘਰ ਵਿਚ ਸੱਤ ਕਮਰੇ ਸਨ ਅਤੇ ਸਾਰੇ ਪਾਇਨੀਅਰ ਜੋ ਉੱਥੇ ਰਹਿੰਦੇ ਸਨ, ਉਹ ਕਿਰਾਇਆ ਦੇਣ ਵਿਚ ਉਨ੍ਹਾਂ ਦੀ ਮਦਦ ਕਰਦੇ ਸਨ। ਅਸੀਂ ਇਸ ਘਰ ਨੂੰ ਵਾਈਟ ਹਾਊਸ ਕਹਿੰਦੇ ਸੀ ਕਿਉਂਕਿ ਘਰ ਦੇ ਬਾਹਰਲੇ ਹਿੱਸੇ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ ਅਤੇ ਪੀਲਰ ਵੀ ਚਿੱਟੇ ਰੰਗ ਦੇ ਸਨ। ਉੱਥੇ ਅਕਸਰ 12 ਤੋਂ 14 ਲੋਕ ਰਹਿੰਦੇ ਸਨ। ਸਪੈਸ਼ਲ ਪਾਇਨੀਅਰ ਵਜੋਂ ਮੈਂ ਅਤੇ ਰੈਂਡੀ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਪ੍ਰਚਾਰ ʼਤੇ ਜਾਂਦੇ ਸੀ। ਇਸ ਲਈ ਅਸੀਂ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਸੀ ਕਿ ਸਾਡੇ ਨਾਲ ਪ੍ਰਚਾਰ ʼਤੇ ਜਾਣ ਲਈ ਹਮੇਸ਼ਾ ਕੋਈ-ਨਾ-ਕੋਈ ਹੁੰਦਾ ਸੀ, ਖ਼ਾਸ ਕਰਕੇ ਸ਼ਾਮ ਨੂੰ ਸਰਦੀਆਂ ਵਿਚ ਵੀ।

ਸਾਡਾ ਇਨ੍ਹਾਂ ਵਫ਼ਾਦਾਰ ਪਾਇਨੀਅਰਾਂ ਨਾਲ ਵਧੀਆ ਰਿਸ਼ਤਾ ਬਣ ਗਿਆ ਤੇ ਸਾਨੂੰ ਲੱਗਦਾ ਸੀ ਕਿ ਅਸੀਂ ਇਕ ਹੀ ਪਰਿਵਾਰ ਦੇ ਮੈਂਬਰ ਹਾਂ। ਅਸੀਂ ਕਈ ਵਾਰ ਅੱਗ ਬਾਲ਼ ਕੇ ਇਕੱਠਿਆਂ ਬੈਠਦੇ ਸੀ ਅਤੇ ਅਸੀਂ ਇਕ ਦਿਨ ਰੱਖਿਆ ਸੀ ਜਦੋਂ ਅਸੀਂ ਸਾਰੇ ਮਿਲ ਕੇ ਖਾਣਾ ਬਣਾਉਂਦੇ ਹੁੰਦੇ ਸੀ। ਸਾਡੇ ਵਿੱਚੋਂ ਇਕ ਭਰਾ ਸਾਜ਼ ਵਜਾ ਲੈਂਦਾ ਸੀ। ਇਸ ਲਈ ਅਸੀਂ ਹਰ ਸ਼ਨੀਵਾਰ ਰਾਤ ਨੂੰ ਅਕਸਰ ਗਾਉਂਦੇ ਅਤੇ ਨੱਚਦੇ ਹੁੰਦੇ ਸੀ।

ਰਿਮੁਸਕੀ ਵਿਚ ਬਹੁਤ ਸਾਰੇ ਲੋਕ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਸਨ। ਪੰਜ ਸਾਲਾਂ ਦੇ ਅੰਦਰ-ਅੰਦਰ ਕਈ ਬਾਈਬਲ ਵਿਦਿਆਰਥੀਆਂ ਨੇ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ ਅਤੇ ਮੰਡਲੀ ਵਿਚ ਵੀ ਵਾਧਾ ਹੋਇਆ। ਉੱਥੇ ਲਗਭਗ 35 ਪਬਲੀਸ਼ਰ ਹੋ ਗਏ। ਇਹ ਸਭ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ।

ਕਿਊਬੈੱਕ ਵਿਚ ਸਾਨੂੰ ਪ੍ਰਚਾਰਕਾਂ ਵਜੋਂ ਬਹੁਤ ਵਧੀਆ ਸਿਖਲਾਈ ਮਿਲੀ। ਅਸੀਂ ਦੇਖਿਆ ਕਿ ਯਹੋਵਾਹ ਨੇ ਪ੍ਰਚਾਰ ਅਤੇ ਹਰ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਕਿਵੇਂ ਮਦਦ ਕੀਤੀ। ਨਾਲੇ ਅਸੀਂ ਫ਼੍ਰੈਂਚ ਭਾਸ਼ਾ ਬੋਲਣ ਵਾਲੇ ਲੋਕਾਂ, ਉਨ੍ਹਾਂ ਦੀ ਭਾਸ਼ਾ ਅਤੇ ਸਭਿਆਚਾਰ ਨੂੰ ਪਸੰਦ ਕਰਨਾ ਵੀ ਸਿੱਖਿਆ। ਇਸ ਕਰਕੇ ਅਸੀਂ ਹੋਰ ਸਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਵੀ ਪਸੰਦ ਕਰਨ ਲੱਗ ਪਏ।​—2 ਕੁਰਿੰ. 6:13.

ਫਿਰ ਬ੍ਰਾਂਚ ਨੇ ਸਾਨੂੰ ਟਰਾਕੈਡੀ ਨਾਂ ਦੇ ਕਸਬੇ ਵਿਚ ਜਾਣ ਲਈ ਕਿਹਾ ਜੋ ਨਿਊ ਬਰੰਸਵਿਕ ਦੇ ਪੂਰਬੀ ਤਟ ʼਤੇ ਸੀ। ਬ੍ਰਾਂਚ ਨੇ ਅਚਾਨਕ ਸਾਨੂੰ ਇੱਦਾਂ ਕਰਨ ਲਈ ਕਿਹਾ ਸੀ। ਇਸ ਕਰਕੇ ਸਾਡੇ ਲਈ ਇੱਦਾਂ ਕਰਨ ਔਖਾ ਸੀ। ਅਸੀਂ ਉਦੋਂ ਹੀ ਇਕ ਘਰ ਕਿਰਾਏ ʼਤੇ ਲਿਆ ਸੀ ਤੇ ਉਸ ਦਾ ਕਾਨਟ੍ਰੈਕਟ ਸਾਈਨ ਕੀਤਾ ਸੀ। ਮੈਂ ਇਕ ਸਕੂਲ ਵਿਚ ਪਾਰਟ-ਟਾਈਮ ਪੜ੍ਹਾਉਣ ਦਾ ਵੀ ਕਾਨਟ੍ਰੈਕਟ ਸਾਈਨ ਕੀਤਾ ਸੀ। ਨਾਲੇ ਸਾਡੇ ਕੁਝ ਬਾਈਬਲ ਵਿਦਿਆਰਥੀ ਹੁਣੇ-ਹੁਣੇ ਪ੍ਰਚਾਰਕ ਬਣੇ ਸਨ ਅਤੇ ਅਸੀਂ ਇਕ ਕਿੰਗਡਮ ਹਾਲ ਵੀ ਬਣਾ ਰਹੇ ਸੀ।

ਅਸੀਂ ਸ਼ਨੀ-ਐਤਵਾਰ ਟਰਾਕੈਡੀ ਜਾ ਕੇ ਰਹਿਣ ਬਾਰੇ ਪ੍ਰਾਰਥਨਾ ਕੀਤੀ ਅਤੇ ਅਸੀਂ ਇਹ ਸ਼ਹਿਰ ਦੇਖਣ ਵੀ ਗਏ। ਇਹ ਸ਼ਹਿਰ ਰਿਮੁਸਕੀ ਤੋਂ ਬਹੁਤ ਵੱਖਰਾ ਸੀ। ਪਰ ਅਸੀਂ ਫ਼ੈਸਲਾ ਕੀਤਾ ਕਿ ਜੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉੱਥੇ ਜਾਈਏ, ਤਾਂ ਅਸੀਂ ਜ਼ਰੂਰ ਜਾਵਾਂਗੇ। ਅਸੀਂ ਯਹੋਵਾਹ ਨੂੰ ਪਰਖਿਆ ਅਤੇ ਦੇਖਿਆ ਕਿ ਉਸ ਨੇ ਸਾਡੇ ਰਾਹ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਕਿਵੇਂ ਹਟਾਇਆ। (ਮਲਾ. 3:10) ਰੈਂਡੀ ਦਾ ਯਹੋਵਾਹ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ। ਉਹ ਕਦੇ ਵੀ ਆਪਣੇ ਬਾਰੇ ਨਹੀਂ ਸੋਚਦੀ ਅਤੇ ਖ਼ੁਸ਼-ਮਿਜ਼ਾਜ ਹੈ ਜਿਸ ਕਰਕੇ ਸਾਡੇ ਲਈ ਉੱਥੇ ਜਾਣਾ ਸੌਖਾ ਹੋ ਗਿਆ।

ਸਾਡੀ ਨਵੀਂ ਮੰਡਲੀ ਵਿਚ ਸਿਰਫ਼ ਇਕ ਹੀ ਬਜ਼ੁਰਗ ਸੀ। ਉਸ ਦਾ ਨਾਂ ਰੌਬਰਟ ਰੋਸ ਸੀ। ਉਹ ਆਪਣੀ ਪਤਨੀ ਲਿੰਡਾ ਨਾਲ ਉੱਥੇ ਪਾਇਨੀਅਰ ਵਜੋਂ ਸੇਵਾ ਕਰਦਾ ਸੀ। ਜਦੋਂ ਉਨ੍ਹਾਂ ਦਾ ਪਹਿਲਾ ਬੱਚਾ ਪੈਦਾ ਹੋਇਆ, ਤਾਂ ਉਨ੍ਹਾਂ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਮੁੰਡਾ ਬਹੁਤ ਛੋਟਾ ਸੀ। ਪਰ ਫਿਰ ਵੀ ਉਹ ਸਾਡੀ ਪਰਾਹੁਣਚਾਰੀ ਕਰਦੇ ਸਨ ਅਤੇ ਜੋਸ਼ ਨਾਲ ਪ੍ਰਚਾਰ ਕਰਦੇ ਸਨ। ਇਨ੍ਹਾਂ ਗੱਲਾਂ ਕਰਕੇ ਸਾਨੂੰ ਬਹੁਤ ਹੌਸਲਾ ਮਿਲਿਆ।

ਜਿੱਥੇ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰਨ ਨਾਲ ਮਿਲੀਆਂ ਬਰਕਤਾਂ

ਸਰਦੀਆਂ ਵਿਚ ਪਹਿਲਾ ਸਰਕਟ ਦੌਰਾ

ਟਰਾਕੈਡੀ ਵਿਚ ਪਾਇਨੀਅਰਿੰਗ ਕਰਦਿਆਂ ਸਾਨੂੰ ਦੋ ਸਾਲ ਹੋ ਗਏ ਸਨ। ਫਿਰ ਸਾਡੀ ਜ਼ਿੰਦਗੀ ਵਿਚ ਇਕ ਹੋਰ ਨਵਾਂ ਮੋੜ ਆਇਆ। ਮੈਨੂੰ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਅਸੀਂ ਸੱਤ ਸਾਲ ਅੰਗ੍ਰੇਜ਼ੀ ਸਰਕਟ ਵਿਚ ਸੇਵਾ ਕੀਤੀ। ਫਿਰ ਸਾਨੂੰ ਕਿਊਬੈੱਕ ਦੇ ਫ਼੍ਰੈਂਚ ਸਰਕਟ ਵਿਚ ਸੇਵਾ ਕਰਨ ਲਈ ਵਾਪਸ ਭੇਜਿਆ ਗਿਆ। ਕਿਊਬੈੱਕ ਵਿਚ ਸਾਡਾ ਜ਼ਿਲ੍ਹਾ ਨਿਗਾਹਬਾਨ ਭਰਾ ਲੀਓਂਸ ਕ੍ਰੇਪੋ ਮੇਰੇ ਭਾਸ਼ਣਾਂ ਤੋਂ ਬਾਅਦ ਮੇਰੀ ਤਾਰੀਫ਼ ਕਰਦਾ ਹੁੰਦਾ ਸੀ। ਪਰ ਬਾਅਦ ਵਿਚ ਉਹ ਹਮੇਸ਼ਾ ਮੈਨੂੰ ਪੁੱਛਦਾ ਸੀ: “ਤੂੰ ਆਪਣੇ ਭਾਸ਼ਣਾਂ ਰਾਹੀਂ ਦੂਜਿਆਂ ਦੀ ਕਦਮ ਚੁੱਕਣ ਵਿਚ ਹੋਰ ਮਦਦ ਕਿਵੇਂ ਕਰ ਸਕਦਾ ਹੈਂ?” b ਇਸ ਤਰ੍ਹਾਂ ਜਦੋਂ ਭਰਾ ਨੇ ਮੇਰੇ ਵਿਚ ਦਿਲਚਸਪੀ ਲਈ, ਤਾਂ ਮੈਂ ਆਪਣਾ ਸਿਖਾਉਣ ਦਾ ਹੁਨਰ ਹੋਰ ਵੀ ਨਿਖਾਰ ਸਕਿਆ। ਨਾਲੇ ਮੈਂ ਇਹ ਵੀ ਦੇਖ ਸਕਿਆ ਕਿ ਮੈਂ ਹੋਰ ਸੌਖੇ ਤਰੀਕੇ ਨਾਲ ਕਿਵੇਂ ਸਿਖਾ ਸਕਦਾ ਹਾਂ ਤਾਂਕਿ ਦੂਜਿਆਂ ਦੇ ਦਿਲਾਂ ਤਕ ਪਹੁੰਚ ਸਕਾਂ।

1978 ਵਿਚ ਸਾਨੂੰ ਇਕ ਅਜਿਹੀ ਜ਼ਿੰਮੇਵਾਰੀ ਦਿੱਤੀ ਗਈ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਸਾਨੂੰ ਮਾਂਟ੍ਰੀਆਲ ਵਿਚ “ਜੇਤੂ ਨਿਹਚਾ” ਨਾਂ ਦੇ ਅੰਤਰ-ਰਾਸ਼ਟਰੀ ਸੰਮੇਲਨ ਵਿਚ ਸੇਵਾ ਕਰਨ ਲਈ ਕਿਹਾ ਗਿਆ। ਮੈਂ ਭੋਜਨ ਸੇਵਾ ਵਿਭਾਗ ਵਿਚ ਕੰਮ ਕਰਨਾ ਸੀ। ਸਾਨੂੰ ਉਮੀਦ ਸੀ ਕਿ ਉੱਥੇ ਲਗਭਗ 80 ਹਜ਼ਾਰ ਲੋਕ ਆਉਣਗੇ ਅਤੇ ਪਹਿਲੀ ਵਾਰ ਭੈਣਾਂ-ਭਰਾਵਾਂ ਨੂੰ ਸੰਮੇਲਨ ਵਿਚ ਖਾਣ ਦੇਣ ਦਾ ਪ੍ਰਬੰਧ ਕੀਤਾ ਗਿਆ। ਸਾਰਾ ਕੁਝ ਨਵਾਂ ਸੀ: ਨਵੇਂ ਭਾਂਡੇ, ਨਵੀਆਂ ਮਸ਼ੀਨਾਂ ਅਤੇ ਅਸੀਂ ਫ਼ੈਸਲਾ ਕਰਨਾ ਸੀ ਕਿ ਅਸੀਂ ਖਾਣ ਲਈ ਕੀ-ਕੀ ਬਣਾਉਣਾ ਸੀ ਤੇ ਕਿਵੇਂ ਬਣਾਉਣਾ ਸੀ। ਸਾਡੇ ਕੋਲ 20 ਵੱਡੇ-ਵੱਡੇ ਫਰਿੱਜ ਸਨ। ਪਰ ਕਦੀ-ਕਦਾਈਂ ਉਹ ਚੱਲਦੇ ਨਹੀਂ ਸਨ। ਜਿਸ ਦਿਨ ਸੰਮੇਲਨ ਹੋਣਾ ਸੀ, ਉਸ ਤੋਂ ਇਕ ਦਿਨ ਪਹਿਲਾਂ ਸਟੇਡੀਅਮ ਵਿਚ ਇਕ ਖੇਡ ਪ੍ਰੋਗ੍ਰਾਮ ਚੱਲ ਰਿਹਾ ਸੀ ਜਿਸ ਕਰਕੇ ਸਾਨੂੰ ਰਾਤ ਦੇ 12 ਵਜੇ ਉੱਥੇ ਜਾਣ ਦੀ ਇਜਾਜ਼ਤ ਮਿਲੀ। ਅਸੀਂ ਸੂਰਜ ਨਿਕਲਣ ਤੋਂ ਪਹਿਲਾਂ ਓਵਨ ਚਲਾਉਣੇ ਸਨ ਤਾਂਕਿ ਅਸੀਂ ਨਾਸ਼ਤਾ ਬਣਾ ਸਕੀਏ। ਭਾਵੇਂ ਅਸੀਂ ਬਹੁਤ ਥੱਕੇ ਹੋਏ ਸੀ, ਪਰ ਭੈਣਾਂ-ਭਰਾਵਾਂ ਨੇ ਸਖ਼ਤ ਮਿਹਨਤ ਕੀਤੀ, ਉਨ੍ਹਾਂ ਨੇ ਸਮਝਦਾਰੀ ਨਾਲ ਕੰਮ ਕੀਤਾ ਅਤੇ ਕੰਮ ਕਰਦਿਆਂ ਉਹ ਮਜ਼ਾਕ ਕਰ ਰਹੇ ਸਨ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਤੇ ਇਹ ਦੋਸਤੀ ਅੱਜ ਤਕ ਕਾਇਮ ਹੈ। ਕਿਊਬੈੱਕ ਵਿਚ ਇਸ ਇਤਿਹਾਸਕ ਸੰਮੇਲਨ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਇਹ ਉਹੀ ਪ੍ਰਾਂਤ ਸੀ ਜਿੱਥੇ 1940 ਤੋਂ 1960 ਤਕ ਭੈਣਾਂ-ਭਰਾਵਾਂ ਨੂੰ ਬਹੁਤ ਜ਼ਿਆਦਾ ਅਜ਼ਮਾਇਸ਼ਾਂ ਝੱਲਣੀਆਂ ਪਈਆਂ ਸਨ।

1985 ਵਿਚ ਮਾਂਟ੍ਰੀਆਲ ਵਿਚ ਸੰਮੇਲਨ ਤੋਂ ਪਹਿਲਾਂ ਰੈਂਡੀ ਨਾਲ ਕੰਮ ਕਰਦਿਆਂ

ਮਾਂਟ੍ਰੀਆਲ ਦੇ ਵੱਡੇ-ਵੱਡੇ ਸੰਮੇਲਨਾਂ ਦੌਰਾਨ ਮੈਂ ਆਪਣੇ ਸਾਥੀ ਨਿਗਾਹਬਾਨਾਂ ਤੋਂ ਬਹੁਤ ਕੁਝ ਸਿੱਖਿਆ। ਇਕ ਸਾਲ ਭਰਾ ਡੇਵਿਡ ਸਪਲੇਨ, ਜੋ ਹੁਣ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰਦੇ ਹਨ, ਨੇ ਸੰਮੇਲਨ ਦੇ ਨਿਗਾਹਬਾਨ ਵਜੋਂ ਜ਼ਿੰਮੇਵਾਰੀ ਸੰਭਾਲੀ। ਫਿਰ ਬਾਅਦ ਵਿਚ ਜਦੋਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ, ਤਾਂ ਭਰਾ ਡੇਵਿਡ ਨੇ ਮੇਰਾ ਪੂਰਾ-ਪੂਰਾ ਸਾਥ ਦਿੱਤਾ।

2011 ਵਿਚ ਸਾਨੂੰ ਸਰਕਟ ਦਾ ਕੰਮ ਕਰਦਿਆਂ 36 ਸਾਲ ਹੋ ਗਏ ਸਨ। ਫਿਰ ਮੈਨੂੰ ‘ਮੰਡਲੀ ਦੇ ਬਜ਼ੁਰਗਾਂ ਲਈ ਸਕੂਲ’ ਵਿਚ ਸਿਖਲਾਈ ਦੇਣ ਦਾ ਸੱਦਾ ਮਿਲਿਆ। ਮੈਂ ਤੇ ਰੈਂਡੀ ਦੋ ਸਾਲਾਂ ਦੌਰਾਨ 75 ਵੱਖੋ-ਵੱਖਰੇ ਮੰਜਿਆਂ ʼਤੇ ਸੁੱਤੇ। ਭਾਵੇਂ ਥੋੜ੍ਹਾ ਔਖਾ ਤਾਂ ਹੁੰਦਾ ਸੀ, ਪਰ ਇਸ ਕਰਕੇ ਭਰਾਵਾਂ ਨੂੰ ਜੋ ਫ਼ਾਇਦਾ ਹੁੰਦਾ ਸੀ, ਉਸ ਕਰਕੇ ਅਸੀਂ ਆਪਣੀਆਂ ਤਕਲੀਫ਼ਾਂ ਭੁੱਲ ਜਾਂਦੇ ਸੀ। ਹਫ਼ਤੇ ਦੇ ਅਖ਼ੀਰ ਵਿਚ ਜਦੋਂ ਬਜ਼ੁਰਗਾਂ ਨੂੰ ਅਹਿਸਾਸ ਹੁੰਦਾ ਸੀ ਕਿ ਪ੍ਰਬੰਧਕ ਸਭਾ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੀ ਹੈ ਅਤੇ ਚਾਹੁੰਦੀ ਹੈ ਕਿ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਬਣਿਆ ਰਹੇ, ਤਾਂ ਉਨ੍ਹਾਂ ਦੇ ਦਿਲ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਸਨ।

ਬਾਅਦ ਵਿਚ ਮੈਂ ‘ਰਾਜ ਦੇ ਪ੍ਰਚਾਰਕਾਂ ਲਈ ਸਕੂਲ’ ਵਿਚ ਸਿਖਲਾਈ ਦਿੱਤੀ। ਵਿਦਿਆਰਥੀਆਂ ਨੂੰ ਹਰ ਰੋਜ਼ ਸੱਤ ਘੰਟੇ ਕਲਾਸ ਵਿਚ ਬੈਠਣਾ ਪੈਂਦਾ ਸੀ, ਹਰ ਸ਼ਾਮ ਤਿੰਨ ਘੰਟੇ ਹੋਮਵਰਕ ਕਰਨਾ ਪੈਂਦਾ ਸੀ ਅਤੇ ਹਰ ਹਫ਼ਤੇ ਚਾਰ ਜਾਂ ਪੰਜ ਭਾਗ ਪੇਸ਼ ਕਰਨੇ ਪੈਂਦੇ ਸਨ। ਇੰਨੇ ਬਿਜ਼ੀ ਸ਼ਡਿਉਲ ਕਰਕੇ ਅਕਸਰ ਉਹ ਬਹੁਤ ਜ਼ਿਆਦਾ ਥੱਕ ਜਾਂਦੇ ਸਨ ਅਤੇ ਚਿੰਤਾ ਕਰਦੇ ਸਨ। ਮੈਂ ਅਤੇ ਮੇਰੇ ਨਾਲ ਸਿਖਲਾਈ ਦੇਣ ਵਾਲੇ ਭਰਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਯਹੋਵਾਹ ਦੀ ਮਦਦ ਤੋਂ ਬਗੈਰ ਇਹ ਸਭ ਕੁਝ ਨਹੀਂ ਕਰ ਸਕਣਗੇ। ਮੈਂ ਇਹ ਗੱਲ ਕਦੇ ਨਹੀਂ ਭੁੱਲਾਂਗਾ ਕਿ ਵਿਦਿਆਰਥੀ ਉਦੋਂ ਕਿੰਨੇ ਹੈਰਾਨ ਹੁੰਦੇ ਸਨ ਜਦੋਂ ਉਹ ਦੇਖਦੇ ਸਨ ਕਿ ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਉਹ ਸਾਰਾ ਕੁਝ ਕਰ ਸਕੇ ਜੋ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਕਰ ਹੀ ਨਹੀਂ ਸਕਦੇ।

ਦੂਜਿਆਂ ਵਿਚ ਦਿਲਚਸਪੀ ਲੈਣ ਨਾਲ ਮਿਲਦੀਆਂ ਬੇਸ਼ੁਮਾਰ ਬਰਕਤਾਂ

ਮੇਰੇ ਮੰਮੀ ਬਾਈਬਲ ਵਿਦਿਆਰਥੀਆਂ ਵਿਚ ਦਿਲਚਸਪੀ ਲੈਂਦੇ ਸਨ। ਇਹ ਦੇਖ ਕੇ ਉਨ੍ਹਾਂ ਨੇ ਤਰੱਕੀ ਕੀਤੀ, ਇੱਥੋਂ ਤਕ ਕਿ ਮੇਰੇ ਡੈਡੀ ਦਾ ਸੱਚਾਈ ਪ੍ਰਤੀ ਰਵੱਈਆ ਬਦਲ ਗਿਆ। ਮੇਰੇ ਮੰਮੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਡੈਡੀ ਕਿੰਗਡਮ ਹਾਲ ਵਿਚ ਜਨਤਕ ਭਾਸ਼ਣ ਸੁਣਨ ਆਏ। ਇਹ ਦੇਖ ਕੇ ਅਸੀਂ ਹੈਰਾਨ ਰਹਿ ਗਏ। ਉਹ ਅਗਲੇ 26 ਸਾਲਾਂ ਤਕ ਲਗਾਤਾਰ ਮੀਟਿੰਗਾਂ ਵਿਚ ਆਉਂਦੇ ਰਹੇ। ਬਜ਼ੁਰਗਾਂ ਨੇ ਮੈਨੂੰ ਦੱਸਿਆ ਕਿ ਚਾਹੇ ਕਿ ਮੇਰੇ ਡੈਡੀ ਨੇ ਬਪਤਿਸਮਾ ਨਹੀਂ ਲਿਆ ਸੀ, ਫਿਰ ਵੀ ਉਹ ਹਰ ਹਫ਼ਤੇ ਮੀਟਿੰਗਾਂ ਵਿਚ ਸਭ ਤੋਂ ਪਹਿਲਾਂ ਆਉਂਦੇ ਸਨ।

ਮੇਰੇ ਮੰਮੀ ਮੇਰੇ ਲਈ ਅਤੇ ਮੇਰੀਆਂ ਭੈਣਾਂ ਲਈ ਬਹੁਤ ਵਧੀਆ ਮਿਸਾਲ ਸਨ। ਮੇਰੀਆਂ ਤਿੰਨ ਭੈਣਾਂ ਅਤੇ ਉਨ੍ਹਾਂ ਦੇ ਪਤੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ। ਮੇਰੀਆਂ ਦੋ ਭੈਣਾਂ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੀਆਂ ਹਨ। ਇਕ ਭੈਣ ਪੁਰਤਗਾਲ ਵਿਚ ਅਤੇ ਦੂਜੀ ਹੈਤੀ ਵਿਚ।

ਮੈਂ ਅਤੇ ਰੈਂਡੀ ਹੁਣ ਆਂਟੇਰੀਓ ਦੇ ਹੈਮਿਲਟਨ ਸ਼ਹਿਰ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਾਂ। ਸਫ਼ਰੀ ਕੰਮ ਕਰਦਿਆਂ ਸਾਨੂੰ ਦੂਜੇ ਭੈਣਾਂ-ਭਰਾਵਾਂ ਦੀਆਂ ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ ʼਤੇ ਜਾ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਪਰ ਹੁਣ ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਯਹੋਵਾਹ ਨਾਲ ਪਿਆਰ ਕਰਦਿਆਂ ਦੇਖ ਕੇ ਖ਼ੁਸ਼ੀ ਹੁੰਦੀ ਹੈ। ਨਾਲੇ ਨਵੀਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਾਡੀ ਗੂੜ੍ਹੀ ਦੋਸਤੀ ਹੋ ਗਈ ਹੈ। ਸਾਨੂੰ ਇਹ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਯਹੋਵਾਹ ਕਿਵੇਂ ਚੰਗੇ-ਮਾੜੇ ਟਾਈਮ ਵਿਚ ਇਨ੍ਹਾਂ ਭੈਣਾਂ-ਭਰਾਵਾਂ ਦਾ ਸਾਥ ਦਿੰਦਾ ਹੈ।

ਬੀਤੇ ਦਿਨਾਂ ਨੂੰ ਯਾਦ ਕਰਦਿਆਂ ਅਸੀਂ ਇਸ ਗੱਲੋਂ ਦਿਲੋਂ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਸਾਡੇ ਵਿਚ ਦਿਲਚਸਪੀ ਲਈ। ਇਸ ਕਰਕੇ ਅਸੀਂ ਵੀ ਦੂਜਿਆਂ ਨੂੰ ਦੱਸਦੇ ਹਾਂ ਕਿ ਅਸੀਂ ਉਨ੍ਹਾਂ ਦੀ “ਫ਼ਿਕਰ” ਕਰਦੇ ਹਾਂ। ਨਾਲੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨ। (2 ਕੁਰਿੰ. 7:6, 7) ਉਦਾਹਰਣ ਲਈ, ਅਸੀਂ ਇਕ ਪਰਿਵਾਰ ਨੂੰ ਮਿਲੇ ਸੀ ਜਿਸ ਵਿਚ ਭਰਾ ਦੀ ਪਤਨੀ, ਮੁੰਡਾ ਅਤੇ ਕੁੜੀ ਪੂਰੇ ਸਮੇਂ ਦੇ ਸੇਵਕ ਹਨ। ਮੈਂ ਭਰਾ ਨੂੰ ਪੁੱਛਿਆ, ‘ਕੀ ਤੂੰ ਕਦੇ ਪਾਇਨੀਅਰਿੰਗ ਕਰਨ ਬਾਰੇ ਸੋਚਿਆ?’ ਉਸ ਨੇ ਜਵਾਬ ਦਿੱਤਾ ਕਿ ਉਹ ਇਨ੍ਹਾਂ ਤਿੰਨਾਂ ਦੀ ਮਦਦ ਕਰ ਰਿਹਾ ਹੈ ਤਾਂਕਿ ਉਹ ਪਾਇਨੀਅਰਿੰਗ ਕਰ ਸਕਣ। ਫਿਰ ਮੈਂ ਉਸ ਨੂੰ ਪੁੱਛਿਆ, “ਕੀ ਤੂੰ ਯਹੋਵਾਹ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰ ਸਕਦਾ ਹੈਂ?” ਮੈਂ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਵੀ ਉਹ ਖ਼ੁਸ਼ੀ ਹਾਸਲ ਕਰੇ ਜੋ ਉਨ੍ਹਾਂ ਤਿੰਨਾਂ ਨੂੰ ਮਿਲ ਰਹੀ ਹੈ। ਉਹ ਛੇ ਮਹੀਨਿਆਂ ਦੇ ਅੰਦਰ-ਅੰਦਰ ਪਾਇਨੀਅਰ ਬਣ ਗਿਆ।

ਮੈਂ ਅਤੇ ਰੈਂਡੀ “ਅਗਲੀ ਪੀੜ੍ਹੀ ਨੂੰ” ਯਹੋਵਾਹ ਦੇ “ਹੈਰਾਨੀਜਨਕ ਕੰਮਾਂ” ਬਾਰੇ ਦੱਸਦੇ ਰਹਾਂਗੇ। ਨਾਲੇ ਸਾਡੀ ਦੁਆ ਹੈ ਕਿ ਉਨ੍ਹਾਂ ਨੂੰ ਵੀ ਯਹੋਵਾਹ ਦੀ ਸੇਵਾ ਵਿਚ ਉਹੀ ਖ਼ੁਸ਼ੀ ਮਿਲੇ ਜੋ ਸਾਨੂੰ ਮਿਲੀ ਹੈ।​—ਜ਼ਬੂ. 71:17, 18.

a ਇਸ ਨੂੰ ਹੁਣ ‘ਜ਼ਿੰਦਗੀ ਅਤੇ ਸੇਵਾ ਸਭਾ’ ਦਾ ਨਿਗਾਹਬਾਨ ਕਿਹਾ ਜਾਂਦਾ ਹੈ।

b ਭਰਾ ਲੀਓਂਸ ਕ੍ਰੇਪੋ ਦੀ ਜੀਵਨੀ ਪੜ੍ਹਨ ਲਈ ਫਰਵਰੀ 2020 ਦੇ ਪਹਿਰਾਬੁਰਜ ਦੇ ਸਫ਼ੇ 26-30 ਦੇਖੋ।