ਜ਼ਬੂਰ 71:1-24
71 ਹੇ ਯਹੋਵਾਹ, ਮੈਂ ਤੇਰੇ ਕੋਲ ਪਨਾਹ ਲਈ ਹੈ।
ਮੈਨੂੰ ਕਦੀ ਸ਼ਰਮਿੰਦਾ ਨਾ ਹੋਣ ਦੇਈਂ।+
2 ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਬਚਾ ਅਤੇ ਮੈਨੂੰ ਛੁਡਾ।
ਮੇਰੇ ਵੱਲ ਕੰਨ ਲਾ* ਅਤੇ ਮੈਨੂੰ ਬਚਾ।+
3 ਮੇਰੇ ਲਈ ਇਕ ਪਹਾੜੀ ਕਿਲਾ ਬਣਜਿਸ ਵਿਚ ਜਾ ਕੇ ਮੈਂ ਕਦੀ ਵੀ ਸ਼ਰਨ ਲੈ ਸਕਾਂ।
ਮੈਨੂੰ ਬਚਾਉਣ ਦਾ ਹੁਕਮ ਦੇਕਿਉਂਕਿ ਤੂੰ ਮੇਰੀ ਚਟਾਨ ਅਤੇ ਮਜ਼ਬੂਤ ਪਨਾਹ ਹੈਂ।+
4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਬਚਾ,+ਅਨਿਆਂ ਤੇ ਜ਼ੁਲਮ ਕਰਨ ਵਾਲੇ ਇਨਸਾਨ ਦੇ ਪੰਜੇ ਤੋਂ ਛੁਡਾ।
5 ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਹੀ ਮੇਰੀ ਉਮੀਦ ਹੈਂ;ਮੈਂ ਜਵਾਨੀ ਤੋਂ ਹੀ ਤੇਰੇ ’ਤੇ ਭਰੋਸਾ ਰੱਖਿਆ ਹੈ।+
6 ਮੈਂ ਜਨਮ ਤੋਂ ਹੀ ਤੇਰੇ ’ਤੇ ਨਿਰਭਰ ਰਿਹਾ;ਤੂੰ ਹੀ ਮੈਨੂੰ ਮਾਂ ਦੀ ਕੁੱਖ ਵਿੱਚੋਂ ਬਾਹਰ ਲਿਆਇਆਂ।+
ਮੈਂ ਹਮੇਸ਼ਾ ਤੇਰੀ ਵਡਿਆਈ ਕਰਦਾ ਹਾਂ।
7 ਮੇਰੇ ਨਾਲ ਜੋ ਕੁਝ ਹੋਇਆ, ਉਹ ਬਹੁਤਿਆਂ ਲਈ ਚਮਤਕਾਰ ਹੈ,ਪਰ ਤੂੰ ਮੇਰੀ ਮਜ਼ਬੂਤ ਪਨਾਹ ਹੈਂ।
8 ਮੇਰੀ ਜ਼ਬਾਨ ਤੇਰੇ ਹੀ ਜਸ ਗਾਉਂਦੀ ਹੈ;+ਮੈਂ ਸਾਰਾ-ਸਾਰਾ ਦਿਨ ਤੇਰੀ ਮਹਿਮਾ ਬਿਆਨ ਕਰਦਾ ਹਾਂ।
9 ਬੁਢਾਪੇ ਵਿਚ ਮੈਨੂੰ ਨਾ ਤਿਆਗੀਂ;+ਜਦੋਂ ਮੇਰੇ ਵਿਚ ਤਾਕਤ ਨਾ ਰਹੇ, ਤਾਂ ਮੈਨੂੰ ਬੇਸਹਾਰਾ ਨਾ ਛੱਡੀਂ।+
10 ਮੇਰੇ ਦੁਸ਼ਮਣ ਮੇਰੇ ਖ਼ਿਲਾਫ਼ ਬੋਲਦੇ ਹਨਅਤੇ ਮੇਰੇ ਖ਼ੂਨ ਦੇ ਪਿਆਸੇ ਲੋਕ ਇਕੱਠੇ ਹੋ ਕੇ ਸਾਜ਼ਸ਼ਾਂ ਘੜਦੇ ਹਨ,+
11 ਉਹ ਕਹਿੰਦੇ ਹਨ: “ਪਰਮੇਸ਼ੁਰ ਨੇ ਉਸ ਨੂੰ ਤਿਆਗ ਦਿੱਤਾ ਹੈ।
ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਓ ਕਿਉਂਕਿ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ।”+
12 ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।
ਹੇ ਮੇਰੇ ਪਰਮੇਸ਼ੁਰ, ਛੇਤੀ-ਛੇਤੀ ਮੇਰੀ ਮਦਦ ਕਰ।+
13 ਜਿਹੜੇ ਮੇਰਾ ਵਿਰੋਧ ਕਰਦੇ ਹਨ,ਉਹ ਸ਼ਰਮਿੰਦੇ ਕੀਤੇ ਜਾਣ ਅਤੇ ਖ਼ਤਮ ਹੋ ਜਾਣ।+
ਜਿਹੜੇ ਮੇਰੇ ’ਤੇ ਬਿਪਤਾ ਲਿਆਉਣੀ ਚਾਹੁੰਦੇ ਹਨ,ਉਹ ਬੇਇੱਜ਼ਤੀ ਅਤੇ ਨਿਰਾਦਰ ਨਾਲ ਢਕੇ ਜਾਣ।+
14 ਪਰ ਮੈਂ ਤੇਰੀ ਉਡੀਕ ਕਰਦਾ ਰਹਾਂਗਾ;ਮੈਂ ਤੇਰੀ ਹੋਰ ਵੀ ਵਡਿਆਈ ਕਰਾਂਗਾ।
15 ਮੇਰੀ ਜ਼ਬਾਨ ਤੇਰੇ ਨਿਆਂ ਬਾਰੇ ਦੱਸੇਗੀ+ਅਤੇ ਸਾਰਾ-ਸਾਰਾ ਦਿਨ ਤੇਰੇ ਮੁਕਤੀ ਦੇ ਕੰਮਾਂ ਬਾਰੇ ਦੱਸੇਗੀ,ਭਾਵੇਂ ਕਿ ਇਹ ਇੰਨੇ ਜ਼ਿਆਦਾ ਹਨ ਕਿ ਇਹ ਮੇਰੀ ਸਮਝ ਤੋਂ ਬਾਹਰ ਹਨ।*+
16 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,ਮੈਂ ਆ ਕੇ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਾਂਗਾ,ਮੈਂ ਸਿਰਫ਼ ਤੇਰੇ ਨਿਆਂ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+
18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+
19 ਹੇ ਪਰਮੇਸ਼ੁਰ, ਤੇਰੇ ਕੰਮ ਕਿੰਨੇ ਖਰੇ ਅਤੇ ਮਹਾਨ ਹਨ;+ਤੂੰ ਵੱਡੇ-ਵੱਡੇ ਕੰਮ ਕੀਤੇ ਹਨ;ਹੇ ਪਰਮੇਸ਼ੁਰ, ਤੇਰੇ ਵਰਗਾ ਕੌਣ ਹੈ?+
20 ਭਾਵੇਂ ਤੂੰ ਮੈਨੂੰ ਬਹੁਤ ਕਸ਼ਟ ਅਤੇ ਮੁਸੀਬਤਾਂ ਸਹਿਣ ਦਿੱਤੀਆਂ ਹਨ,+ਪਰ ਹੁਣ ਮੇਰੇ ਵਿਚ ਦੁਬਾਰਾ ਜਾਨ ਪਾ;ਮੈਨੂੰ ਧਰਤੀ ਦੀਆਂ ਡੂੰਘਾਈਆਂ* ਵਿੱਚੋਂ ਕੱਢ।+
21 ਮੇਰਾ ਇੱਜ਼ਤ-ਮਾਣ ਵਧਾਅਤੇ ਮੈਨੂੰ ਆਪਣੇ ਕਲਾਵੇ ਵਿਚ ਲੈ ਅਤੇ ਦਿਲਾਸਾ ਦੇ।
22 ਫਿਰ ਹੇ ਮੇਰੇ ਪਰਮੇਸ਼ੁਰ, ਤੇਰੀ ਵਫ਼ਾਦਾਰੀ ਕਰਕੇ,ਮੈਂ ਤਾਰਾਂ ਵਾਲਾ ਸਾਜ਼ ਵਜਾ ਕੇ ਤੇਰੇ ਜਸ ਗਾਵਾਂਗਾ।+
ਹੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ,ਮੈਂ ਰਬਾਬ ਵਜਾ ਕੇ ਤੇਰਾ ਗੁਣਗਾਨ ਕਰਾਂਗਾ।*
23 ਮੇਰੇ ਬੁੱਲ੍ਹ ਖ਼ੁਸ਼ੀ ਨਾਲ ਉੱਚੀ-ਉੱਚੀ ਤੇਰਾ ਗੁਣਗਾਨ ਕਰਨਗੇ+ਕਿਉਂਕਿ ਤੂੰ ਮੇਰੀ ਜਾਨ ਬਚਾਈ ਹੈ।+
24 ਮੇਰੀ ਜ਼ਬਾਨ ਸਾਰਾ-ਸਾਰਾ ਦਿਨ ਤੇਰੇ ਨਿਆਂ ਬਾਰੇ ਦੱਸੇਗੀ*+ਕਿਉਂਕਿ ਮੇਰੀ ਬਰਬਾਦੀ ਚਾਹੁਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+
ਫੁਟਨੋਟ
^ ਜਾਂ, “ਝੁਕ ਕੇ ਮੇਰੀ ਸੁਣ।”
^ ਜਾਂ, “ਇਨ੍ਹਾਂ ਦੀ ਗਿਣਤੀ ਕਰਨੀ ਮੇਰੇ ਵੱਸੋਂ ਬਾਹਰ ਹੈ।”
^ ਇਬ, “ਬਾਂਹ।”
^ ਜਾਂ, “ਦੇ ਡੂੰਘੇ ਪਾਣੀਆਂ।”
^ ਜਾਂ, “ਸੰਗੀਤ ਵਜਾ ਕੇ ਤੇਰਾ ਗੁਣਗਾਨ ਕਰਾਂਗਾ।”
^ ਜਾਂ, “ਉੱਤੇ ਮਨਨ ਕਰੇਗੀ।”