Skip to content

Skip to table of contents

ਤਣਾਅ ਤੋਂ ਰਾਹਤ

ਤਣਾਅ ਕੀ ਹੈ?

ਤਣਾਅ ਕੀ ਹੈ?

ਕਿਸੇ ਵੀ ਹਾਲਾਤ ਦਾ ਸਾਮ੍ਹਣਾ ਕਰਦਿਆਂ ਤੁਹਾਡੇ ਸਰੀਰ ਅੰਦਰ ਜੋ ਵੀ ਹੁੰਦਾ ਹੈ, ਉਸ ਨੂੰ ਤਣਾਅ ਕਹਿੰਦੇ ਹਨ। ਦਿਮਾਗ਼ ਸਰੀਰ ਵਿਚ ਬਹੁਤ ਸਾਰੇ ਹਾਰਮੋਨ ਭੇਜਦਾ ਹੈ ਜਿਨ੍ਹਾਂ ਕਰਕੇ ਦਿਲ ਦੀ ਧੜਕਣ ਵਧ ਜਾਂਦੀ ਹੈ, ਬਲੱਡ-ਪ੍ਰੈਸ਼ਰ ਸਹੀ ਹੁੰਦਾ ਹੈ, ਫੇਫੜੇ ਜਲਦੀ ਨਾਲ ਸੁੰਗੜਦੇ ਤੇ ਖੁੱਲ੍ਹਦੇ ਹਨ ਅਤੇ ਮਾਸ-ਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ। ਚਾਹੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡੇ ਸਰੀਰ ਅੰਦਰ ਕੀ ਹੁੰਦਾ ਹੈ, ਪਰ ਤੁਹਾਡਾ ਸਰੀਰ ਕਿਸੇ ਹਾਲਾਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਤਣਾਅ ਖ਼ਤਮ ਹੋ ਜਾਂਦਾ ਹੈ, ਤਾਂ ਤੁਹਾਡਾ ਸਰੀਰ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਚੰਗਾ ਤਣਾਅ ਅਤੇ ਮਾੜਾ ਤਣਾਅ

ਤਣਾਅ ਹੋਣਾ ਕੁਦਰਤੀ ਹੈ। ਇਸ ਕਰਕੇ ਅਸੀਂ ਔਖੀਆਂ ਤੇ ਖ਼ਤਰਨਾਕ ਸਥਿਤੀਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਤਣਾਅ ਦਾ ਸਭ ਤੋਂ ਪਹਿਲਾਂ ਦਿਮਾਗ਼ ʼਤੇ ਅਸਰ ਪੈਂਦਾ ਹੈ। ਚੰਗਾ ਤਣਾਅ ਹੋਣ ਕਰਕੇ ਤੁਸੀਂ ਜਲਦੀ ਅਤੇ ਸਹੀ ਤਰੀਕੇ ਨਾਲ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੇ ਹੋ। ਕੁਝ ਹੱਦ ਤਕ ਤਣਾਅ ਹੋਣ ਕਰਕੇ ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹੋ ਜਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਜਿਵੇਂ ਕਿ ਪੇਪਰਾਂ ਵੇਲੇ, ਕੰਮ ਲਈ ਇੰਟਰਵਿਊ ਦਿੰਦੇ ਵੇਲੇ ਜਾਂ ਖੇਡਾਂ ਖੇਡਦੇ ਵੇਲੇ।

ਪਰ ਲੰਬੇ ਸਮੇਂ ਤਕ ਜਾਂ ਹੱਦੋਂ ਵੱਧ ਤਣਾਅ ਹੋਣ ਕਰਕੇ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ। ਲਗਾਤਾਰ ਤਣਾਅ ਹੋਣ ਕਰਕੇ ਤੁਹਾਨੂੰ ਸਰੀਰਕ, ਮਾਨਸਿਕ ਤੇ ਜਜ਼ਬਾਤੀ ਤੌਰ ʼਤੇ ਨੁਕਸਾਨ ਪਹੁੰਚ ਸਕਦਾ ਹੈ। ਸ਼ਾਇਦ ਤੁਹਾਡਾ ਰਵੱਈਆ ਯਾਨੀ ਦੂਜਿਆਂ ਨਾਲ ਪੇਸ਼ ਆਉਣ ਦਾ ਤਰੀਕਾ ਬਦਲ ਜਾਵੇ। ਕੁਝ ਲੋਕ ਤਣਾਅ ਤੋਂ ਰਾਹਤ ਪਾਉਣ ਲਈ ਸ਼ਾਇਦ ਬਹੁਤ ਜ਼ਿਆਦਾ ਸ਼ਰਾਬ ਪੀਣੀ, ਨਸ਼ੇ ਕਰਨੇ ਅਤੇ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਬੁਰੀਆਂ ਆਦਤਾਂ ਪੈਦਾ ਕਰ ਲੈਂਦੇ ਹਨ। ਇੱਦਾਂ ਕਰਨ ਕਰਕੇ ਡਿਪਰੈਸ਼ਨ ਹੋ ਸਕਦਾ ਹੈ, ਸਰੀਰ ਥਕਾਵਟ ਨਾਲ ਚੂਰ ਹੋ ਸਕਦਾ ਹੈ ਜਾਂ ਇੱਥੋਂ ਤਕ ਕਿ ਆਤਮ-ਹੱਤਿਆ ਕਰਨ ਦੇ ਖ਼ਿਆਲ ਆ ਸਕਦੇ ਹਨ।

ਚਾਹੇ ਤਣਾਅ ਦਾ ਅਸਰ ਸਾਰਿਆਂ ʼਤੇ ਇੱਕੋ ਜਿਹਾ ਨਹੀਂ ਹੁੰਦਾ, ਪਰ ਇਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਨਾਲੇ ਇਸ ਦਾ ਅਸਰ ਸਰੀਰ ਦੇ ਹਰੇਕ ਹਿੱਸੇ ʼਤੇ ਪੈਂਦਾ ਹੈ।