Skip to content

Skip to table of contents

ਬਾਈਬਲ ਕੀ ਕਹਿੰਦੀ ਹੈ | ਚਿੰਤਾ

ਚਿੰਤਾ

ਚਿੰਤਾ

ਚਿੰਤਾ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਫ਼ਾਇਦੇਮੰਦ ਤੇ ਦੂਸਰੀ ਨੁਕਸਾਨਦੇਹ। ਬਾਈਬਲ ਸਾਡੀ ਦੋਵੇਂ ਤਰ੍ਹਾਂ ਦੀ ਚਿੰਤਾ ਨੂੰ ਜਾਣਨ ਵਿਚ ਮਦਦ ਕਰਦੀ ਹੈ।

ਕੀ ਚਿੰਤਾ ਕਰਨੀ ਆਮ ਗੱਲ ਹੈ?

ਅਸਲੀਅਤ

ਚਿੰਤਾ ਕਰਨ ਦਾ ਮਤਲਬ ਹੈ ਬੇਚੈਨੀ, ਘਬਰਾਹਟ ਹੋਣੀ ਜਾਂ ਧੁਖਧੁਖੀ ਲੱਗਣੀ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ, ਇਸ ਲਈ ਸਾਡੇ ਵਿੱਚੋਂ ਕੋਈ ਵੀ ਚਿੰਤਾ ਦਾ ਸ਼ਿਕਾਰ ਹੋ ਸਕਦਾ ਹੈ।

ਬਾਈਬਲ ਕੀ ਕਹਿੰਦੀ ਹੈ

ਰਾਜਾ ਦਾਊਦ ਨੇ ਲਿਖਿਆ: “ਮੈਂ ਕਦੋਂ ਤਕ ਆਪਣੇ ਮਨ ਦੀਆਂ ਸੋਚਾਂ ਵਿਚ ਖੁਬਿਆ ਰਹਾਂਗਾ? ਕਦੋਂ ਤਕ ਮੇਰਾ ਮਨ ਰਾਤ ਦਿਨ ਪੀੜਾਂ ਨਾਲ ਭਰਿਆ ਰਹੇਗਾ?” (ਭਜਨ 13:2, CL) ਕਿਹੜੀ ਗੱਲ ਨੇ ਦਾਊਦ ਦੀ ਮਦਦ ਕੀਤੀ? ਉਸ ਨੇ ਪ੍ਰਾਰਥਨਾ ਵਿਚ ਰੱਬ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਸੱਚੇ ਪਿਆਰ ’ਤੇ ਪੂਰਾ ਭਰੋਸਾ ਸੀ। (ਜ਼ਬੂਰਾਂ ਦੀ ਪੋਥੀ 13:5; 62:8) ਅਸਲ ਵਿਚ ਪਰਮੇਸ਼ੁਰ ਕਹਿੰਦਾ ਹੈ ਕਿ ਅਸੀਂ ਆਪਣਾ ਸਾਰਾ ਬੋਝ ਉਸ ’ਤੇ ਸੁੱਟ ਕੇ ਆਪਣਾ ਮਨ ਹਲਕਾ ਕਰੀਏ। 1 ਪਤਰਸ 5:7 ਕਹਿੰਦਾ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਰੱਬ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”

ਆਪਣੇ ਪਿਆਰਿਆਂ ਲਈ ਕੁਝ ਕਰ ਕੇ ਅਸੀਂ ਉਨ੍ਹਾਂ ਬਾਰੇ ਆਪਣੀ ਚਿੰਤਾ ਘਟਾ ਸਕਦੇ ਹਾਂ

ਪਰ ਅਸੀਂ ਆਪ ਵੀ ਆਪਣੀ ਚਿੰਤਾ ਘਟਾਉਣ ਲਈ ਕੁਝ ਕਰ ਸਕਦੇ ਹਾਂ। ਮਿਸਾਲ ਲਈ, ਬਾਈਬਲ ਦੇ ਲਿਖਾਰੀ ਪੌਲੁਸ ਨੂੰ ਜਦੋਂ “ਸਾਰੀਆਂ ਮੰਡਲੀਆਂ ਦੀ ਚਿੰਤਾ” ਸਤਾ ਰਹੀ ਸੀ, ਤਾਂ ਉਸ ਨੇ ਮੰਡਲੀਆਂ ਦੇ ਮੈਂਬਰਾਂ ਨੂੰ ਦਿਲਾਸਾ ਅਤੇ ਹੱਲਾਸ਼ੇਰੀ ਦੇਣ ਲਈ ਬਹੁਤ ਮਿਹਨਤ ਕੀਤੀ। (2 ਕੁਰਿੰਥੀਆਂ 11:28) ਇਸ ਮਾਮਲੇ ਵਿਚ ਚਿੰਤਾ ਕਰਨੀ ਉਸ ਲਈ ਫ਼ਾਇਦੇਮੰਦ ਸੀ ਕਿਉਂਕਿ ਇਸ ਤਰ੍ਹਾਂ ਉਹ ਉਨ੍ਹਾਂ ਦੀ ਮਦਦ ਕਰ ਸਕਿਆ ਜਿਨ੍ਹਾਂ ਦੀ ਉਸ ਨੂੰ ਚਿੰਤਾ ਸੀ। ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਪਰ ਜੇ ਅਸੀਂ ਇਸ ਤੋਂ ਵੱਖਰਾ ਰਵੱਈਆ ਦਿਖਾਉਂਦੇ ਹਾਂ, ਮਤਲਬ ਕਿ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ, ਤਾਂ ਇਸ ਤੋਂ ਪਤਾ ਲੱਗੇਗਾ ਕਿ ਸਾਨੂੰ ਦੂਜਿਆਂ ਦੀ ਕੋਈ ਪਰਵਾਹ ਨਹੀਂ ਹੈ।ਕਹਾਉਤਾਂ 17:17.

“ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”ਫ਼ਿਲਿੱਪੀਆਂ 2:4.

ਤੁਸੀਂ ਕੀ ਕਰ ਸਕਦੇ ਹੋ ਜਦੋਂ ਤੁਹਾਨੂੰ ਹੱਦੋਂ ਵਧ ਚਿੰਤਾ ਸਤਾਉਂਦੀ ਹੈ?

ਅਸਲੀਅਤ

ਲੋਕਾਂ ਨੂੰ ਸ਼ਾਇਦ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ, ਭਵਿੱਖ ਜਾਂ ਪੈਸੇ ਦੀ ਚਿੰਤਾ ਸਤਾਵੇ। *

ਬਾਈਬਲ ਕੀ ਕਹਿੰਦੀ ਹੈ

ਬੀਤੇ ਸਮੇਂ ਵਿਚ ਹੋਈਆਂ ਗ਼ਲਤੀਆਂ ਦੀ ਚਿੰਤਾ: ਪਹਿਲੀ ਸਦੀ ਵਿਚ ਕੁਝ ਲੋਕ ਮਸੀਹੀ ਬਣਨ ਤੋਂ ਪਹਿਲਾਂ ਸ਼ਰਾਬੀ, ਲੁਟੇਰੇ, ਹਰਾਮਕਾਰ ਅਤੇ ਚੋਰ ਸਨ। (1 ਕੁਰਿੰਥੀਆਂ 6:9-11) ਅਤੀਤ ਬਾਰੇ ਸੋਚੀ ਜਾਣ ਦੀ ਬਜਾਇ ਉਨ੍ਹਾਂ ਨੇ ਆਪਣੇ ਤੌਰ-ਤਰੀਕਿਆਂ ਨੂੰ ਬਦਲਿਆ ਅਤੇ ਰੱਬ ’ਤੇ ਭਰੋਸਾ ਰੱਖਿਆ ਜੋ ਖੁੱਲ੍ਹੇ ਦਿਲ ਨਾਲ ਦਇਆ ਕਰਦਾ ਹੈ। ਜ਼ਬੂਰਾਂ ਦੀ ਪੋਥੀ 130:4 ਵਿਚ ਲਿਖਿਆ ਹੈ: “ਤੇਰੇ [ਰੱਬ] ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।”

ਕੱਲ੍ਹ ਦੀ ਚਿੰਤਾ: ਯਿਸੂ ਮਸੀਹ ਨੇ ਕਿਹਾ ਸੀ ਕਿ “ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।” (ਮੱਤੀ 6:25, 34) ਉਸ ਦੇ ਕਹਿਣ ਦਾ ਕੀ ਮਤਲਬ ਸੀ? ਸਿਰਫ਼ ਅੱਜ ਦੀਆਂ ਮੁਸ਼ਕਲਾਂ ਬਾਰੇ ਸੋਚੋ। ਕੱਲ੍ਹ ਬਾਰੇ ਸੋਚ-ਸੋਚ ਕੇ ਅੱਜ ਦੀਆਂ ਪਰੇਸ਼ਾਨੀਆਂ ਨੂੰ ਹੋਰ ਨਾ ਵਧਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਚੰਗੀ ਤਰ੍ਹਾਂ ਸੋਚ-ਸਮਝ ਨਹੀਂ ਪਾਵਾਂਗੇ ਤੇ ਜਲਦਬਾਜ਼ੀ ਵਿਚ ਫ਼ੈਸਲੇ ਕਰਾਂਗੇ। ਇਹ ਵੀ ਯਾਦ ਰੱਖੋ ਕਿ ਕਈ ਚਿੰਤਾਵਾਂ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਇਹ ਬੇਕਾਰ ਦੀਆਂ ਚਿੰਤਾਵਾਂ ਸਨ।

ਪੈਸੇ ਦੀ ਚਿੰਤਾ: ਇਕ ਸਮਝਦਾਰ ਆਦਮੀ ਨੇ ਇਕ ਵਾਰ ਪ੍ਰਾਰਥਨਾ ਕੀਤੀ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ।” (ਕਹਾਉਤਾਂ 30:8) ਇਸ ਦੀ ਬਜਾਇ, ਉਹ ਸੰਤੁਸ਼ਟ ਰਹਿਣਾ ਚਾਹੁੰਦਾ ਸੀ ਕਿਉਂਕਿ ਰੱਬ ਦੀਆਂ ਨਜ਼ਰਾਂ ਵਿਚ ਇਹ ਸਹੀ ਸੀ। ਇਬਰਾਨੀਆਂ 13:5 ਵਿਚ ਲਿਖਿਆ ਹੈ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’” ਪੈਸਾ ਸਾਨੂੰ ਧੋਖਾ ਦੇ ਸਕਦਾ ਹੈ ਤੇ ਦਿੰਦਾ ਵੀ ਹੈ। ਇਸ ਦੇ ਉਲਟ, ਰੱਬ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਛੱਡਦਾ ਜੋ ਉਸ ’ਤੇ ਭਰੋਸਾ ਰੱਖਦੇ ਅਤੇ ਸਾਦੀ ਜ਼ਿੰਦਗੀ ਜੀਉਂਦੇ ਹਨ।

“ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।”ਜ਼ਬੂਰਾਂ ਦੀ ਪੋਥੀ 37:25.

ਕੀ ਅਸੀਂ ਕਦੇ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਹੋਵਾਂਗੇ?

ਲੋਕੀ ਕੀ ਕਹਿੰਦੇ ਹਨ

2008 ਵਿਚ ਪੱਤਰਕਾਰ ਹੈਰਿਅਟ ਗ੍ਰੀਨ ਨੇ ਦ ਗਾਰਡੀਅਨ ਨਾਂ ਦੀ ਅਖ਼ਬਾਰ ਦੇ ਇਕ ਲੇਖ ਵਿਚ ਕਿਹਾ: “ਅਸੀਂ ਚਿੰਤਾ ਦੇ ਇਕ ਨਵੇਂ ਦੌਰ ਵਿਚ ਦਾਖ਼ਲ ਹੋ ਰਹੇ ਹਾਂ।” 2014 ਵਿਚ ਪੈਟਰਿਕ ਓਕੌਂਨਰ ਨੇ ਦ ਵੌਲ ਸਟ੍ਰੀਟ ਜਰਨਲ ਵਿਚ ਲਿਖਿਆ: “ਅਮਰੀਕਾ ਦੇ ਲੋਕ ਹੁਣ ਪਹਿਲਾਂ ਨਾਲੋਂ ਜ਼ਿਆਦਾ ਚਿੰਤਾ ਕਰਨ ਲੱਗ ਪਏ ਹਨ।”

ਬਾਈਬਲ ਕੀ ਕਹਿੰਦੀ ਹੈ

“ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾਉਤਾਂ 12:25) “ਚੰਗਾ ਬਚਨ” ਖ਼ਾਸ ਕਰਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵਿਚ ਮਿਲ ਸਕਦਾ ਹੈ। (ਮੱਤੀ 24:14) ਇਹ ਰਾਜ ਯਾਨੀ ਰੱਬ ਦੀ ਸਰਕਾਰ ਉਹ ਕੰਮ ਕਰੇਗੀ ਜੋ ਅਸੀਂ ਆਪ ਕਦੇ ਵੀ ਨਹੀਂ ਕਰ ਸਕਦੇ। ਇਹ ਸਰਕਾਰ ਚਿੰਤਾ ਦੇ ਮੁੱਖ ਕਾਰਨਾਂ ਦੇ ਨਾਲ-ਨਾਲ ਬੀਮਾਰੀਆਂ ਅਤੇ ਮੌਤ ਨੂੰ ਖ਼ਤਮ ਕਰ ਕੇ ਹਰ ਤਰ੍ਹਾਂ ਦੀ ਚਿੰਤਾ ਨੂੰ ਮਿਟਾ ਦੇਵੇਗੀ! “[ਰੱਬ ਸਾਡੀਆਂ] ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”ਪ੍ਰਕਾਸ਼ ਦੀ ਕਿਤਾਬ 21:4. ▪ (g16-E No. 2)

“ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ, ਜਿਸ ਉੱਤੇ ਤੁਸੀਂ ਨਿਹਚਾ ਕਰਦੇ ਹੋ, ਤੁਹਾਨੂੰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ।”ਰੋਮੀਆਂ 15:13.

^ ਪੈਰਾ 10 ਜਿਨ੍ਹਾਂ ਲੋਕਾਂ ਨੂੰ ਚਿੰਤਾ ਰੋਗ ਹੁੰਦਾ ਹੈ, ਉਨ੍ਹਾਂ ਲਈ ਵਧੀਆ ਹੋਵੇਗਾ ਕਿ ਉਹ ਕਿਸੇ ਡਾਕਟਰ ਦੀ ਸਲਾਹ ਲੈਣ। ਜਾਗਰੂਕ ਬਣੋ! ਕੋਈ ਖ਼ਾਸ ਇਲਾਜ ਕਰਾਉਣ ਦੀ ਸਲਾਹ ਨਹੀਂ ਦਿੰਦਾ।