Skip to content

Skip to table of contents

ਸਵਾਲ 4

ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਮੈਂ ਕੀ ਕਰਾਂ?

ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਮੈਂ ਕੀ ਕਰਾਂ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਆਪਣੀਆਂ ਗ਼ਲਤੀਆਂ ਮੰਨ ਲੈਣ ਨਾਲ ਤੁਸੀਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਜ਼ਿਆਦਾ ਜ਼ਿੰਮੇਵਾਰ ਅਤੇ ਭਰੋਸੇਮੰਦ ਇਨਸਾਨ ਬਣੋਗੇ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਆਪਣੇ ਦੋਸਤਾਂ ਨਾਲ ਖੇਡਦੇ-ਖੇਡਦੇ ਟਿਮ ਗੇਂਦ ਸੁੱਟਦਾ ਹੈ ਜੋ ਗੁਆਂਢੀ ਦੀ ਕਾਰ ਦੇ ਸ਼ੀਸ਼ੇ ਵਿਚ ਵੱਜਦੀ ਹੈ ਅਤੇ ਸ਼ੀਸ਼ਾ ਟੁੱਟ ਜਾਂਦਾ ਹੈ।

ਜੇ ਤੁਸੀਂ ਟਿਮ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਤੁਹਾਡੇ ਸਾਮ੍ਹਣੇ ਇਹ ਤਿੰਨ ਰਾਹ ਹਨ:

  1. ਭੱਜ ਜਾਓ।

  2. ਦੋਸ਼ ਦੂਸਰੇ ਦੇ ਸਿਰ ਲਾ ਦਿਓ।

  3. ਗੁਆਂਢੀ ਨੂੰ ਦੱਸੋ ਕਿ ਤੁਹਾਡੇ ਤੋਂ ਗ਼ਲਤੀ ਹੋਈ ਅਤੇ ਕਹੋ ਕਿ ਤੁਸੀਂ ਨੁਕਸਾਨ ਦਾ ਖ਼ਰਚਾ ਚੁੱਕੋਗੇ।

ਤੁਹਾਡਾ ਸ਼ਾਇਦ ਉੱਥੋਂ ਭੱਜ ਜਾਣ ਨੂੰ ਦਿਲ ਕਰੇ। ਪਰ ਵਧੀਆ ਹੋਵੇਗਾ ਜੇ ਤੁਸੀਂ ਆਪਣੀਆਂ ਗ਼ਲਤੀਆਂ ਮੰਨੋ, ਚਾਹੇ ਤੁਸੀਂ ਕਿਸੇ ਦਾ ਸ਼ੀਸ਼ਾ ਤੋੜਿਆ ਹੋਵੇ ਜਾਂ ਕੋਈ ਹੋਰ ਗ਼ਲਤੀ ਕੀਤੀ ਹੋਵੇ।

ਆਪਣੀਆਂ ਗ਼ਲਤੀਆਂ ਮੰਨਣ ਦੇ ਤਿੰਨ ਕਾਰਨ

  1. ਇਸ ਤਰ੍ਹਾਂ ਕਰਨਾ ਸਹੀ ਹੈ।

    ਬਾਈਬਲ ਕਹਿੰਦੀ ਹੈ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”ਇਬਰਾਨੀਆਂ 13:18.

  2. ਜੇ ਅਸੀਂ ਆਪਣੀਆਂ ਗ਼ਲਤੀਆਂ ਮੰਨਾਂਗੇ, ਤਾਂ ਸੰਭਵ ਹੈ ਕਿ ਦੂਸਰੇ ਸਾਨੂੰ ਮਾਫ਼ ਕਰਨਗੇ।

    ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।”ਕਹਾਉਤਾਂ 28:13.

  3. ਸਭ ਤੋਂ ਜ਼ਰੂਰੀ ਕਾਰਨ ਇਹ ਹੈ ਕਿ ਇਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।

    ਬਾਈਬਲ ਕਹਿੰਦੀ ਹੈ: “ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”ਕਹਾਉਤਾਂ 3:32.

ਅਮਰੀਕਾ ਵਿਚ ਰਹਿਣ ਵਾਲੀ 20 ਸਾਲ ਦੀ ਕਰੀਨਾ ਦਾ ਕਾਰ ਤੇਜ਼ ਚਲਾਉਣ ਕਰਕੇ ਚਲਾਨ ਕੱਟਿਆ ਗਿਆ, ਪਰ ਉਸ ਨੇ ਆਪਣੇ ਡੈਡੀ ਨੂੰ ਨਹੀਂ ਦੱਸਿਆ। ਪਰ ਇਹ ਗੱਲ ਲੁਕੀ ਨਹੀਂ ਰਹੀ। ਕਰੀਨਾ ਦੱਸਦੀ ਹੈ: “ਤਕਰੀਬਨ ਇਕ ਸਾਲ ਬਾਅਦ ਮੇਰੇ ਡੈਡੀ ਨੇ ਉਹ ਚਲਾਨ ਦੇਖ ਲਿਆ ਤੇ ਮੇਰੀ ਗ਼ਲਤੀ ਫੜੀ ਗਈ।”

ਕਰੀਨਾ ਨੇ ਕੀ ਸਬਕ ਸਿੱਖਿਆ? ਉਹ ਕਹਿੰਦੀ ਹੈ: “ਗ਼ਲਤੀਆਂ ਲੁਕਾਉਣ ਨਾਲ ਮਾਮਲਾ ਹੋਰ ਵਿਗੜ ਜਾਂਦਾ ਹੈ। ਬਾਅਦ ਵਿਚ ਤੁਹਾਨੂੰ ਉਨ੍ਹਾਂ ਦਾ ਅੰਜਾਮ ਭੁਗਤਣਾ ਹੀ ਪਵੇਗਾ!”

ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੇ ਤਰੀਕੇ

ਬਾਈਬਲ ਕਹਿੰਦੀ ਹੈ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2) ਪਰ ਗ਼ਲਤੀਆਂ ਨੂੰ ਤੁਰੰਤ ਮੰਨ ਕੇ ਅਸੀਂ ਆਪਣੀ ਨਿਮਰਤਾ ਅਤੇ ਸਮਝਦਾਰੀ ਦਾ ਸਬੂਤ ਦਿੰਦੇ ਹਾਂ।

ਪਰ ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ। ਵੀਰਾ ਨਾਂ ਦੀ ਕੁੜੀ ਕਹਿੰਦੀ ਹੈ: “ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਹਰ ਗ਼ਲਤੀ ਤੋਂ ਕੁਝ-ਨਾ-ਕੁਝ ਸਿੱਖਾਂ ਤਾਂਕਿ ਮੈਂ ਆਪਣੇ ਵਿਚ ਹੋਰ ਸੁਧਾਰ ਕਰ ਸਕਾਂ ਅਤੇ ਅਗਲੀ ਵਾਰ ਦੁਬਾਰਾ ਉਹੀ ਹਾਲਾਤ ਪੈਦਾ ਹੋਣ ਤੇ ਕੋਈ ਹੋਰ ਕਦਮ ਚੁੱਕਾਂ।” ਆਓ ਦੇਖੀਏ ਕਿ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ।

ਤੁਸੀਂ ਆਪਣੇ ਡੈਡੀ ਦਾ ਮੋਟਰ-ਸਾਈਕਲ ਲੈ ਕੇ ਜਾਂਦੇ ਹੋ ਅਤੇ ਕਿਸੇ ਵਿਚ ਮਾਰ ਦਿੰਦੇ ਹੋ। ਤੁਸੀਂ ਕੀ ਕਰੋਗੇ?

  • ਤੁਸੀਂ ਕੁਝ ਨਹੀਂ ਦੱਸਦੇ ਅਤੇ ਉਮੀਦ ਰੱਖਦੇ ਹੋ ਕਿ ਡੈਡੀ ਨੂੰ ਇਸ ਦਾ ਪਤਾ ਨਹੀਂ ਲੱਗੇਗਾ।

  • ਤੁਸੀਂ ਆਪਣੇ ਡੈਡੀ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੰਦੇ ਹੋ।

  • ਤੁਸੀਂ ਆਪਣੇ ਡੈਡੀ ਨੂੰ ਦੱਸ ਦਿੰਦੇ ਹੋ, ਪਰ ਦੋਸ਼ ਕਿਸੇ ਹੋਰ ਦੇ ਸਿਰ ਲਾ ਦਿੰਦੇ ਹੋ।

ਤੁਸੀਂ ਪੜ੍ਹਾਈ ਨਾ ਕਰਨ ਕਰਕੇ ਪੇਪਰਾਂ ਵਿਚ ਫੇਲ੍ਹ ਹੋ ਜਾਂਦੇ ਹੋ। ਤੁਸੀਂ ਕੀ ਕਰੋਗੇ?

  • ਤੁਸੀਂ ਕਹਿੰਦੇ ਹੋ ਕਿ ਸਵਾਲ ਬਹੁਤ ਔਖੇ ਸਨ।

  • ਤੁਸੀਂ ਮੰਨ ਲੈਂਦੇ ਹੋ ਕਿ ਤੁਸੀਂ ਆਪਣੀ ਗ਼ਲਤੀ ਕਰਕੇ ਫੇਲ੍ਹ ਹੋਏ ਹੋ।

  • ਤੁਸੀਂ ਕਹਿੰਦੇ ਹੋ ਕਿ ਟੀਚਰ ਤੁਹਾਨੂੰ ਪਸੰਦ ਨਹੀਂ ਕਰਦੀ।

ਜਿਸ ਤਰ੍ਹਾਂ ਡ੍ਰਾਈਵਰ ਕਾਰ ਚਲਾਉਣ ਵੇਲੇ ਸ਼ੀਸ਼ੇ ਵਿੱਚੋਂ ਦੀ ਪਿੱਛੇ ਨਹੀਂ ਦੇਖਦਾ ਰਹਿੰਦਾ, ਉਸੇ ਤਰ੍ਹਾਂ ਸਾਨੂੰ ਆਪਣੀਆਂ ਪਿਛਲੀਆਂ ਗ਼ਲਤੀਆਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ

ਹੁਣ ਇਨ੍ਹਾਂ ਦੋ ਉਦਾਹਰਣਾਂ ’ਤੇ ਗੌਰ ਕਰੋ ਅਤੇ ਮੰਨ ਲਓ ਕਿ ਤੁਸੀਂ (1) ਆਪਣੇ ਡੈਡੀ ਅਤੇ (2) ਟੀਚਰ ਦੀ ਜਗ੍ਹਾ ਹੋ। ਜੇ ਤੁਸੀਂ ਤੁਰੰਤ ਆਪਣੀਆਂ ਗ਼ਲਤੀਆਂ ਮੰਨ ਲੈਂਦੇ ਹੋ, ਤਾਂ ਤੁਹਾਡਾ ਡੈਡੀ ਜਾਂ ਟੀਚਰ ਤੁਹਾਡੇ ਬਾਰੇ ਕੀ ਸੋਚਣਗੇ? ਜੇ ਤੁਸੀਂ ਆਪਣੀਆਂ ਗ਼ਲਤੀਆਂ ਲੁਕਾਉਂਦੇ ਹੋ, ਤਾਂ ਉਹ ਤੁਹਾਡੇ ਬਾਰੇ ਕੀ ਸੋਚਣਗੇ?

ਹੁਣ ਤੁਸੀਂ ਪਿਛਲੇ ਸਾਲ ਕੀਤੀ ਕਿਸੇ ਗ਼ਲਤੀ ਬਾਰੇ ਸੋਚੋ ਅਤੇ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਦਿਓ।

ਗ਼ਲਤੀ ਕੀ ਸੀ? ਗ਼ਲਤੀ ਹੋਣ ਤੇ ਤੁਸੀਂ ਕੀ ਕੀਤਾ?

  • ਮੈਂ ਲੁਕਾ ਲਈ।

  • ਮੈਂ ਇਸ ਦਾ ਦੋਸ਼ ਕਿਸੇ ਹੋਰ ਦੇ ਸਿਰ ਲਾ ਦਿੱਤਾ।

  • ਮੈਂ ਤੁਰੰਤ ਆਪਣੀ ਗ਼ਲਤੀ ਮੰਨ ਲਈ।

ਜੇ ਤੁਸੀਂ ਆਪਣੀ ਗ਼ਲਤੀ ਨਹੀਂ ਮੰਨੀ, ਤਾਂ ਤੁਹਾਨੂੰ ਬਾਅਦ ਵਿਚ ਕਿਵੇਂ ਮਹਿਸੂਸ ਹੋਇਆ?

  • ਬਹੁਤ ਵਧੀਆ। ਮੇਰੀ ਗ਼ਲਤੀ ਫੜੀ ਨਹੀਂ ਗਈ!

  • ਬਹੁਤ ਘਟੀਆ। ਮੈਨੂੰ ਸੱਚ-ਸੱਚ ਦੱਸ ਦੇਣਾ ਚਾਹੀਦਾ ਸੀ।

ਤੁਸੀਂ ਉਸ ਸਮੱਸਿਆ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਨਜਿੱਠ ਸਕਦੇ ਸੀ?

ਤੁਸੀਂ ਆਪਣੀ ਗ਼ਲਤੀ ਤੋਂ ਕੀ ਸਿੱਖਿਆ?

ਤੁਸੀਂ ਕੀ ਸੋਚਦੇ ਹੋ?

ਕੁਝ ਲੋਕ ਆਪਣੀਆਂ ਗ਼ਲਤੀਆਂ ਮੰਨਣ ਤੋਂ ਕਿਉਂ ਕਤਰਾਉਂਦੇ ਹਨ?

ਜੇ ਤੁਸੀਂ ਹਮੇਸ਼ਾ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਲੋਕ ਤੁਹਾਡੇ ਬਾਰੇ ਕੀ ਸੋਚਣਗੇ? ਪਰ ਜੇ ਤੁਸੀਂ ਆਪਣੀਆਂ ਗ਼ਲਤੀਆਂ ਮੰਨਦੇ ਹੋ, ਤਾਂ ਉਹ ਤੁਹਾਡੇ ਬਾਰੇ ਕੀ ਸੋਚਣਗੇ?ਲੂਕਾ 16:10.