Skip to content

Skip to table of contents

ਪਾਠ 2

ਰਿਬਕਾਹ ਯਹੋਵਾਹ ਦਾ ਦਿਲ ਖ਼ੁਸ਼ ਕਰਨਾ ਚਾਹੁੰਦੀ ਸੀ

ਰਿਬਕਾਹ ਯਹੋਵਾਹ ਦਾ ਦਿਲ ਖ਼ੁਸ਼ ਕਰਨਾ ਚਾਹੁੰਦੀ ਸੀ

ਰਿਬਕਾਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ। ਉਸ ਦੇ ਪਤੀ ਦਾ ਨਾਂ ਸੀ ਇਸਹਾਕ। ਉਹ ਵੀ ਯਹੋਵਾਹ ਨੂੰ ਪਿਆਰ ਕਰਦਾ ਸੀ। ਰਿਬਕਾਹ ਤੇ ਇਸਹਾਕ ਇਕ-ਦੂਜੇ ਨੂੰ ਕਿੱਦਾਂ ਮਿਲੇ ਸੀ? ਰਿਬਕਾਹ ਨੇ ਕਿੱਦਾਂ ਦਿਖਾਇਆ ਕਿ ਉਹ ਯਹੋਵਾਹ ਦਾ ਦਿਲ ਖ਼ੁਸ਼ ਕਰਨਾ ਚਾਹੁੰਦੀ ਸੀ? ਆਓ ਆਪਾਂ ਉਸ ਬਾਰੇ ਹੋਰ ਜਾਣੀਏ।

ਇਸਹਾਕ ਦੇ ਮੰਮੀ-ਡੈਡੀ ਦਾ ਨਾਂ ਸੀ ਸਾਰਾਹ ਤੇ ਅਬਰਾਹਾਮ। ਉਹ ਕਨਾਨ ਦੇਸ਼ ਵਿਚ ਰਹਿੰਦੇ ਸੀ ਜਿੱਥੇ ਲੋਕ ਯਹੋਵਾਹ ਦੀ ਪੂਜਾ ਨਹੀਂ ਸੀ ਕਰਦੇ। ਪਰ ਅਬਰਾਹਾਮ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਯਹੋਵਾਹ ਦੀ ਭਗਤਣ ਨਾਲ ਵਿਆਹ ਕਰਾਏ। ਇਸ ਲਈ ਉਸ ਨੇ ਸੋਚਿਆ ਕਿ ਉਹ ਹਾਰਾਨ ਸ਼ਹਿਰ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਇਸਹਾਕ ਲਈ ਕੁੜੀ ਲੱਭੇਗਾ। ਪਰ ਅਬਰਾਹਾਮ ਖ਼ੁਦ ਨਹੀਂ ਗਿਆ, ਸਗੋਂ ਲੱਗਦਾ ਹੈ ਕਿ ਉਹ ਨੇ ਆਪਣੇ ਖ਼ਾਸ ਨੌਕਰ ਅਲੀਅਜ਼ਰ ਨੂੰ ਇਹ ਕੰਮ ਕਰਨ ਲਈ ਭੇਜਿਆ।

ਰਿਬਕਾਹ ਊਠਾਂ ਵਾਸਤੇ ਖੂਹ ਤੋਂ ਵਾਰ-ਵਾਰ ਪਾਣੀ ਲਿਆਉਣ ਲਈ ਤਿਆਰ ਸੀ

ਹਾਰਾਨ ਸ਼ਹਿਰ ਬਹੁਤ ਦੂਰ ਸੀ। ਅਲੀਅਜ਼ਰ ਨਾਲ ਅਬਰਾਹਾਮ ਦੇ ਹੋਰ ਨੌਕਰ ਵੀ ਗਏ ਅਤੇ ਉਹ ਆਪਣੇ ਨਾਲ ਦਸ ਊਠ ਲੈ ਗਏ ਜਿਨ੍ਹਾਂ ਉੱਤੇ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਤੋਹਫ਼ੇ ਲੱਦੇ ਹੋਏ ਸਨ। ਅਲੀਅਜ਼ਰ ਨੂੰ ਕਿੱਦਾਂ ਪਤਾ ਲੱਗੇਗਾ ਕਿ ਇਸਹਾਕ ਲਈ ਕਿਹੜੀ ਕੁੜੀ ਚੰਗੀ ਹੋਵੇਗੀ? ਅਲੀਅਜ਼ਰ ਤੇ ਬਾਕੀ ਨੌਕਰ ਹਾਰਾਨ ਪਹੁੰਚ ਕੇ ਇਕ ਖੂਹ ’ਤੇ ਰੁਕ ਗਏ। ਕਿਉਂ? ਕਿਉਂਕਿ ਅਲੀਅਜ਼ਰ ਨੂੰ ਪਤਾ ਸੀ ਕਿ ਤੀਵੀਆਂ ਇਸ ਸਮੇਂ ਖੂਹ ਤੋਂ ਪਾਣੀ ਲੈਣ ਆਉਣਗੀਆਂ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: ‘ਮੈਂ ਜਿਸ ਕੁੜੀ ਨੂੰ ਕਹਾਂ ਕਿ “ਤੂੰ ਮੈਨੂੰ ਪਾਣੀ ਪਿਲਾ,” ਤਾਂ ਉਹ ਮੈਨੂੰ ਪਾਣੀ ਪਿਲਾਉਣ ਦੇ ਨਾਲ-ਨਾਲ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਵੇ, ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਇਹੀ ਕੁੜੀ ਚੁਣੀ ਹੈ।’

ਉਸੇ ਪਲ ਖੂਹ ’ਤੇ ਰਿਬਕਾਹ ਆਈ। ਬਾਈਬਲ ਦੱਸਦੀ ਹੈ ਕਿ ਉਹ ਬਹੁਤ ਸੋਹਣੀ ਸੀ। ਅਲੀਅਜ਼ਰ ਨੇ ਉਸ ਕੋਲੋਂ ਪਾਣੀ ਮੰਗਿਆ ਤੇ ਉਹ ਬੋਲੀ: ‘ਹਾਂਜੀ, ਮੈਂ ਤੁਹਾਨੂੰ ਪਾਣੀ ਦਿੰਦੀ ਹਾਂ ਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਉਂਦੀ ਹਾਂ।’ ਜ਼ਰਾ ਸੋਚ! ਕਈ ਦਿਨਾਂ ਤੋਂ ਪਿਆਸੇ ਊਠ ਕਿੰਨਾ ਸਾਰਾ ਪਾਣੀ ਪੀ ਸਕਦੇ ਹਨ! ਇਸ ਲਈ ਰਿਬਕਾਹ ਵਾਰ-ਵਾਰ ਭੱਜ ਕੇ ਖੂਹ ’ਤੇ ਪਾਣੀ ਲੈਣ ਗਈ। ਕੀ ਤੂੰ ਤਸਵੀਰ ਵਿਚ ਦੇਖਦਾਂ ਕਿ ਉਹ ਕਿੰਨੀ ਮਿਹਨਤ ਕਰ ਰਹੀ ਹੈ?— ਅਲੀਅਜ਼ਰ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਯਹੋਵਾਹ ਨੇ ਉੱਦਾਂ ਹੀ ਕੀਤਾ ਜਿੱਦਾਂ ਉਸ ਨੇ ਪ੍ਰਾਰਥਨਾ ਕੀਤੀ ਸੀ।

ਅਲੀਅਜ਼ਰ ਨੇ ਰਿਬਕਾਹ ਨੂੰ ਬਹੁਤ ਸਾਰੇ ਸੋਹਣੇ-ਸੋਹਣੇ ਤੋਹਫ਼ੇ ਦਿੱਤੇ। ਰਿਬਕਾਹ ਨੇ ਅਲੀਅਜ਼ਰ ਅਤੇ ਬਾਕੀ ਨੌਕਰਾਂ ਨੂੰ ਆਪਣੇ ਘਰ ਆਉਣ ਲਈ ਕਿਹਾ। ਅਲੀਅਜ਼ਰ ਨੇ ਰਿਬਕਾਹ ਦੇ ਮੰਮੀ-ਡੈਡੀ ਨੂੰ ਦੱਸਿਆ ਕਿ ਉਹ ਉੱਥੇ ਕਿਉਂ ਆਇਆ ਸੀ ਤੇ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਕਿੱਦਾਂ ਦਿੱਤਾ ਸੀ। ਰਿਬਕਾਹ ਦੇ ਮੰਮੀ-ਡੈਡੀ ਉਸ ਦਾ ਵਿਆਹ ਇਸਹਾਕ ਨਾਲ ਕਰਨ ਲਈ ਮੰਨ ਗਏ।

ਰਿਬਕਾਹ ਨੇ ਅਲੀਅਜ਼ਰ ਨਾਲ ਕਨਾਨ ਜਾ ਕੇ ਇਸਹਾਕ ਨਾਲ ਵਿਆਹ ਕਰਾ ਲਿਆ

ਪਰ ਤੇਰੇ ਖ਼ਿਆਲ ਵਿਚ ਕੀ ਰਿਬਕਾਹ ਇਸਹਾਕ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ?— ਰਿਬਕਾਹ ਨੂੰ ਪਤਾ ਸੀ ਕਿ ਯਹੋਵਾਹ ਨੇ ਅਲੀਅਜ਼ਰ ਨੂੰ ਉੱਥੇ ਭੇਜਿਆ ਸੀ। ਇਸ ਲਈ ਜਦੋਂ ਰਿਬਕਾਹ ਦੇ ਮੰਮੀ-ਡੈਡੀ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਕਨਾਨ ਦੇਸ਼ ਜਾ ਕੇ ਇਸਹਾਕ ਨਾਲ ਵਿਆਹ ਕਰਾਉਣਾ ਚਾਹੁੰਦੀ ਹੈਂ? ਤਾਂ ਰਿਬਕਾਹ ਨੇ ਕਿਹਾ: ‘ਹਾਂ, ਮੈਂ ਜਾਣਾ ਚਾਹੁੰਦੀ।’ ਤਦ ਉਹ ਉਦੋਂ ਹੀ ਅਲੀਅਜ਼ਰ ਨਾਲ ਚਲੀ ਗਈ ਅਤੇ ਕਨਾਨ ਪਹੁੰਚ ਕੇ ਉਸ ਨੇ ਇਸਹਾਕ ਨਾਲ ਵਿਆਹ ਕਰਾ ਲਿਆ।

ਰਿਬਕਾਹ ਨੇ ਉਹੀ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। ਬਹੁਤ ਸਾਲ ਬਾਅਦ ਯਿਸੂ ਮਸੀਹ ਉਸ ਦੇ ਪਰਿਵਾਰ ਵਿਚ ਪੈਦਾ ਹੋਇਆ! ਜੇ ਤੂੰ ਰਿਬਕਾਹ ਵਰਗਾ ਹੈਂ ਤੇ ਯਹੋਵਾਹ ਨੂੰ ਖ਼ੁਸ਼ ਕਰਦਾ ਹੈਂ, ਤਾਂ ਉਹ ਤੈਨੂੰ ਵੀ ਅਸੀਸ ਦੇਵੇਗਾ।

ਆਪਣੀ ਬਾਈਬਲ ਵਿੱਚੋਂ ਪੜ੍ਹੋ