Skip to content

ਸਕੂਲਾਂ ਵਿਚ ਪਹੁੰਚੀ ਬਾਈਬਲ ਕਹਾਣੀਆਂ ਦੀ ਕਿਤਾਬ

ਸਕੂਲਾਂ ਵਿਚ ਪਹੁੰਚੀ ਬਾਈਬਲ ਕਹਾਣੀਆਂ ਦੀ ਕਿਤਾਬ

ਸਾਲ 2012 ਵਿਚ ਫ਼ਿਲਪੀਨ ਵਿਖੇ ਬਾਈਬਲ ਕਹਾਣੀਆਂ ਦੀ ਕਿਤਾਬ ਪੰਗਾਸੀਨਨ ਭਾਸ਼ਾ ਵਿਚ ਰਿਲੀਜ਼ ਕੀਤੀ ਗਈ ਅਤੇ ਸਕੂਲੀ ਬੱਚਿਆਂ ਨੂੰ ਇਸ ਤੋਂ ਬਹੁਤ ਮਦਦ ਮਿਲ ਰਹੀ ਹੈ। ਫ਼ਿਲਪੀਨ ਦੇ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਕਿਤਾਬ ਉਨ੍ਹਾਂ ਬੱਚਿਆਂ ਲਈ ਬਿਲਕੁਲ ਢੁਕਵੀਂ ਹੈ।

ਫ਼ਿਲਪੀਨ ਵਿਚ 100 ਤੋਂ ਵੀ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਸਕੂਲਾਂ ਵਿਚ ਕਿਹੜੀ ਭਾਸ਼ਾ ਵਰਤੀ ਜਾਣੀ ਚਾਹੀਦੀ ਹੈ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ। ਸਾਲ 2012 ਵਿਚ ਸਿੱਖਿਆ ਵਿਭਾਗ ਤੋਂ ਹਿਦਾਇਤ ਮਿਲੀ ਕਿ “ਘਰ ਵਿਚ ਬੋਲੀ ਜਾਂਦੀ ਭਾਸ਼ਾ” ਨਾਲ “ਬੱਚੇ ਜਲਦੀ ਸਿੱਖਦੇ ਹਨ।” ਨਤੀਜੇ ਵਜੋਂ, ਇਸ ਵਿਭਾਗ ਨੇ ਮਾਂ-ਬੋਲੀ ਵਿਚ ਸਿੱਖਿਆ ਦੇਣ ਦਾ ਪ੍ਰੋਗ੍ਰਾਮ ਸ਼ੁਰੂ ਕੀਤਾ।

ਚੁਣੀਆਂ ਗਈਆਂ ਭਾਸ਼ਾਵਾਂ ਵਿੱਚੋਂ ਪੰਗਾਸੀਨਨ ਭਾਸ਼ਾ ਇਕ ਸੀ। ਪਰ ਇਕ ਸਮੱਸਿਆ ਸੀ। ਇਕ ਸਕੂਲ ਦੇ ਪ੍ਰਿੰਸੀਪਲ ਨੇ ਮੰਨਿਆ ਕਿ ਪੰਗਾਸੀਨਨ ਭਾਸ਼ਾ ਵਿਚ ਪੜ੍ਹਨ ਲਈ ਬਹੁਤ ਘੱਟ ਕਿਤਾਬਾਂ ਹਨ। ਯਹੋਵਾਹ ਦੇ ਗਵਾਹਾਂ ਨੇ ਨਵੰਬਰ 2012 ਦੇ ਜ਼ਿਲ੍ਹਾ ਸੰਮੇਲਨਾਂ ਵਿਚ ਐਨ ਸਹੀ ਸਮੇਂ ਤੇ ਪੰਗਾਸੀਨਨ ਭਾਸ਼ਾ ਵਿਚ ਬਾਈਬਲ ਕਹਾਣੀਆਂ ਦੀ ਕਿਤਾਬ ਰਿਲੀਜ਼ ਕੀਤੀ।

ਸੰਮੇਲਨਾਂ ਵਿਚ ਵੰਡਣ ਲਈ ਇਸ ਕਿਤਾਬ ਦੀਆਂ 10,000 ਕਾਪੀਆਂ ਛਾਪੀਆਂ ਗਈਆਂ। ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਕਿਤਾਬ ਨੂੰ ਆਪਣੀ ਭਾਸ਼ਾ ਵਿਚ ਦੇਖ ਕੇ ਬਹੁਤ ਖ਼ੁਸ਼ ਹੋਏ। ਇਕ ਮਾਤਾ-ਪਿਤਾ ਨੇ ਕਿਹਾ: “ਸਾਡੇ ਬੱਚਿਆਂ ਨੂੰ ਇਹ ਕਿਤਾਬ ਬਹੁਤ ਪਸੰਦ ਹੈ ਕਿਉਂਕਿ ਉਹ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।”

ਸੰਮੇਲਨ ਤੋਂ ਬਾਅਦ ਕੁਝ ਗਵਾਹ ਬੱਚੇ ਆਪਣੀਆਂ ਇਹ ਕਿਤਾਬਾਂ ਡਾਗੂਪਾਨ ਸ਼ਹਿਰ ਦੇ ਇਕ ਸਕੂਲ ਨੂੰ ਲੈ ਗਏ। ਪੰਗਾਸੀਨਨ ਭਾਸ਼ਾ ਵਿਚ ਘੱਟ ਕਿਤਾਬਾਂ ਹੋਣ ਕਾਰਨ ਜਦੋਂ ਉੱਥੇ ਦੇ ਟੀਚਰਾਂ ਨੇ ਇਸ ਕਿਤਾਬ ਨੂੰ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਏ। 340 ਤੋਂ ਜ਼ਿਆਦਾ ਕਿਤਾਬਾਂ ਵੰਡੀਆਂ ਗਈਆਂ। ਟੀਚਰਾਂ ਨੇ ਝੱਟ ਹੀ ਇਹ ਕਿਤਾਬ ਇਸਤੇਮਾਲ ਕਰਨੀ ਸ਼ੁਰੂ ਕਰ ਦਿੱਤੀ ਤਾਂਕਿ ਬੱਚੇ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਣ।

ਯਹੋਵਾਹ ਦੇ ਗਵਾਹ ਖ਼ੁਸ਼ ਹਨ ਕਿ ਛੋਟੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਇਹ ਪ੍ਰਕਾਸ਼ਨ ਵਰਤਿਆ ਜਾ ਰਿਹਾ ਹੈ। ਬਾਈਬਲ ਕਹਾਣੀਆਂ ਦੀ ਕਿਤਾਬ ਦੇ ਇਕ ਅਨੁਵਾਦਕ ਨੇ ਕਿਹਾ: “ਅਸੀਂ ਕਾਫ਼ੀ ਸਮੇਂ ਤੋਂ ਜਾਣਦੇ ਹਾਂ ਕਿ ਲੋਕਾਂ ਕੋਲ ਆਪਣੀ ਮਾਂ-ਬੋਲੀ ਵਿਚ ਪ੍ਰਕਾਸ਼ਨ ਹੋਣੇ ਕਿੰਨੇ ਜ਼ਰੂਰੀ ਹਨ ਕਿਉਂਕਿ ਇਹ ਉਨ੍ਹਾਂ ਦੇ ਦਿਲਾਂ ਨੂੰ ਛੂੰਹਦੇ ਹਨ। ਇਸੇ ਕਰਕੇ ਯਹੋਵਾਹ ਦੇ ਗਵਾਹ ਸੈਂਕੜੇ ਭਾਸ਼ਾਵਾਂ ਵਿਚ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਲਈ ਮਿਹਨਤ ਕਰਦੇ ਹਨ।”