Skip to content

Skip to table of contents

ਮੌਤ ਨੂੰ ਖ਼ਤਮ ਕਰਨ ਵਾਸਤੇ ਕੀਤੀਆਂ ਜਾਂਦੀਆਂ ਖੋਜਾਂ

ਮੌਤ ਨੂੰ ਖ਼ਤਮ ਕਰਨ ਵਾਸਤੇ ਕੀਤੀਆਂ ਜਾਂਦੀਆਂ ਖੋਜਾਂ

ਮੌਤ ਨੂੰ ਖ਼ਤਮ ਕਰਨ ਵਾਸਤੇ ਕੀਤੀਆਂ ਜਾਂਦੀਆਂ ਖੋਜਾਂ

ਸਦੀਆਂ ਤੋਂ ਇਨਸਾਨ ਦਾ ਇਹੀ ਸੁਪਨਾ ਰਿਹਾ ਹੈ ਕਿ ਉਹ ਹਮੇਸ਼ਾ ਲਈ ਜ਼ਿੰਦਾ ਰਹੇ। ਪਰ ਉਸ ਦਾ ਇਹ ਸੁਪਨਾ ਅਜੇ ਤਕ ਅਧੂਰਾ ਹੈ ਕਿਉਂਕਿ ਕੋਈ ਵੀ ਮੌਤ ਨੂੰ ਖ਼ਤਮ ਕਰਨ ਦਾ ਤਰੀਕਾ ਨਹੀਂ ਲੱਭ ਸਕਿਆ। ਪਰ ਹਾਲ ਹੀ ਵਿਚ ਡਾਕਟਰੀ ਖੋਜਾਂ ਕਰਕੇ ਲੋਕਾਂ ਨੂੰ ਇਹ ਆਸ ਮਿਲੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਲੰਬੀ ਹੋ ਸਕਦੀ ਹੈ। ਧਿਆਨ ਦਿਓ ਕਿ ਇਸ ਵਾਸਤੇ ਸਾਇੰਸ ਦੇ ਵੱਖੋ-ਵੱਖਰੇ ਖੇਤਰਾਂ ਵਿਚ ਕਿਹੜੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ।

ਅਸੀਂ ਜਾਣਦੇ ਹਾਂ ਕਿ ਸੈੱਲ ਖ਼ੁਦ-ਬ-ਖ਼ੁਦ ਆਪਣੇ ਆਪ ਨੂੰ ਨਵਿਆਉਂਦੇ ਰਹਿੰਦੇ ਹਨ। ਪਰ ਨਿਸ਼ਚਿਤ ਗਿਣਤੀ ਵਿਚ ਨਵੇਂ ਸੈੱਲ ਬਣਨ ਤੋਂ ਬਾਅਦ ਇਹ ਸਿਲਸਿਲਾ ਬੰਦ ਹੋ ਜਾਂਦਾ ਹੈ। ਇਸ ਲਈ ਜੀਵ-ਵਿਗਿਆਨੀ ਮਨੁੱਖੀ ਸਰੀਰ ਦੇ ਇਕ ਐਨਜ਼ਾਈਮ ਵਿਚ ਫੇਰ-ਬਦਲ ਕਰਨ ਲਈ ਤਜਰਬੇ ਕਰ ਰਹੇ ਹਨ ਜਿਸ ਦੀ ਮਦਦ ਨਾਲ ਸੈੱਲ ਹਮੇਸ਼ਾ ਲਈ ਆਪਣੇ ਆਪ ਨੂੰ ਨਵਿਆਉਂਦੇ ਰਹਿ ਸਕਣਗੇ। ਵਿਗਿਆਨੀ ਜਾਣਦੇ ਹਨ ਕਿ ਪੁਰਾਣੇ ਟੁੱਟੇ-ਭੱਜੇ ਸੈੱਲ ਮਰ ਜਾਂਦੇ ਹਨ ਤੇ ਉਨ੍ਹਾਂ ਦੀ ਥਾਂ ਨਵੇਂ ਸੈੱਲ ਬਣਦੇ ਹਨ। ਦਰਅਸਲ ਇਨਸਾਨ ਦੇ ਪੂਰੇ ਜੀਵਨ-ਕਾਲ ਦੌਰਾਨ ਨਵੇਂ ਸੈੱਲ ਬਣਦੇ ਰਹਿਣ ਨਾਲ ਇਨਸਾਨ ਦਾ ਸਾਰਾ ਸਰੀਰ ਕਈ ਵਾਰ ਨਵਾਂ ਬਣਦਾ ਹੈ। ਵਿਗਿਆਨੀ ਸੋਚਦੇ ਹਨ ਕਿ ਜੇ ਸੈੱਲਾਂ ਦੀ ਆਪਣੇ ਆਪ ਨੂੰ ਨਵਿਆਉਣ ਦੀ ਸਮਰੱਥਾ ਵਧਾ ਦਿੱਤੀ ਜਾਵੇ, ਤਾਂ “ਮਨੁੱਖੀ ਸਰੀਰ ਆਪਣੇ ਆਪ ਨੂੰ ਲੰਬੇ ਸਮੇਂ ਤਕ, ਇੱਥੋਂ ਤਕ ਕਿ ਹਮੇਸ਼ਾ ਲਈ ਨਵਾਂ ਬਣਾਉਣਾ ਜਾਰੀ ਰੱਖ ਸਕਦਾ ਹੈ।”

ਅੱਜ-ਕੱਲ੍ਹ ਕਲੋਨਿੰਗ ਰਾਹੀਂ ਇਲਾਜ ਕਰਾਉਣ ਦੀ ਵਿਧੀ ਵਾਦ-ਵਿਵਾਦ ਦਾ ਵਿਸ਼ਾ ਬਣੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿਧੀ ਨਾਲ ਜਿਨ੍ਹਾਂ ਮਰੀਜ਼ਾਂ ਦੇ ਜਿਗਰ, ਗੁਰਦੇ ਜਾਂ ਦਿਲ ਟ੍ਰਾਂਸਪਲਾਂਟ ਕਰਨ ਦੀ ਲੋੜ ਹੁੰਦੀ ਹੈ, ਉਨ੍ਹਾਂ ਦੇ ਹੀ ਸਟੈੱਮ ਸੈੱਲ ਲੈ ਕੇ ਨਵੇਂ ਜਿਗਰ, ਗੁਰਦੇ ਜਾਂ ਦਿਲ ਬਣਾਏ ਜਾ ਸਕਣਗੇ ਅਤੇ ਮਰੀਜ਼ਾਂ ਵਿਚ ਟ੍ਰਾਂਸਪਲਾਂਟ ਕੀਤੇ ਜਾ ਸਕਣਗੇ।

ਨੈਨੋਤਕਨਾਲੋਜੀ ਦੇ ਵਿਗਿਆਨੀ ਕਹਿੰਦੇ ਹਨ ਕਿ ਇਕ ਦਿਨ ਡਾਕਟਰ ਸੈੱਲ ਜਿੱਡੇ ਛੋਟੇ-ਛੋਟੇ ਰੋਬੋਟ ਬਣਾਉਣਗੇ ਜਿਨ੍ਹਾਂ ਨੂੰ ਲਹੂ ਵਹਿਣੀਆਂ ਵਿਚ ਭੇਜ ਕੇ ਕੈਂਸਰ ਫੈਲਾਉਣ ਵਾਲੇ ਸੈੱਲਾਂ ਅਤੇ ਨੁਕਸਾਨਦੇਹ ਬੈਕਟੀਰੀਆ ਨੂੰ ਲੱਭ ਕੇ ਖ਼ਤਮ ਕੀਤਾ ਜਾ ਸਕੇਗਾ। ਕੁਝ ਮੰਨਦੇ ਹਨ ਕਿ ਇਸ ਵਿਧੀ ਤੋਂ ਇਲਾਵਾ ਜੀਨ ਥੈਰੇਪੀ ਵੀ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਵਿਧੀ ਮੁਤਾਬਕ ਸਰੀਰ ਹਮੇਸ਼ਾ ਲਈ ਬੀਮਾਰੀਆਂ ਤੋਂ ਆਪਣਾ ਬਚਾਅ ਖ਼ੁਦ ਕਰ ਸਕੇਗਾ।

ਕ੍ਰਾਇਓਨਿਕਸ ਵਿਧੀ ਦੇ ਹਿਮਾਇਤੀ ਮੁਰਦਾ ਸਰੀਰਾਂ ਨੂੰ ਬਰਫ਼ ਵਿਚ ਜਮਾ ਕੇ ਰੱਖਦੇ ਹਨ। ਮੁਰਦਾ ਸਰੀਰਾਂ ਨੂੰ ਇਸ ਉਮੀਦ ਨਾਲ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂਕਿ ਜਦੋਂ ਡਾਕਟਰਾਂ ਨੂੰ ਬੀਮਾਰੀਆਂ ਅਤੇ ਬੁਢਾਪੇ ਨੂੰ ਖ਼ਤਮ ਕਰਨ ਦਾ ਇਲਾਜ ਮਿਲ ਜਾਵੇਗਾ, ਤਾਂ ਮੁਰਦਾ ਸਰੀਰਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਚੰਗੀ ਸਿਹਤ ਬਖ਼ਸ਼ੀ ਜਾ ਸਕੇਗੀ। ਬੁਢਾਪੇ ਦੇ ਰੋਗਾਂ ਬਾਰੇ ਇਕ ਅਮਰੀਕੀ ਰਸਾਲਾ ਇਸ ਵਿਧੀ ਦੀ ਤੁਲਨਾ ‘ਪੁਰਾਣੇ ਜ਼ਮਾਨੇ ਵਿਚ ਮਿਸਰੀ ਲੋਕਾਂ ਦੁਆਰਾ ਮੁਰਦਾ ਸਰੀਰਾਂ ਨੂੰ ਮਸਾਲੇ ਲਾ ਕੇ ਸੰਭਾਲਣ ਦੀ ਵਿਧੀ’ ਨਾਲ ਕਰਦਾ ਹੈ।

ਹਮੇਸ਼ਾ ਵਾਸਤੇ ਜੀਣ ਲਈ ਮਨੁੱਖਾਂ ਦੁਆਰਾ ਕੀਤੀਆਂ ਜਾਂਦੀਆਂ ਇਨ੍ਹਾਂ ਵੱਖੋ-ਵੱਖਰੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਉਸ ਲਈ ਇਹ ਮੰਨਣਾ ਬਹੁਤ ਔਖਾ ਹੈ ਕਿ ਮੌਤ ਕਾਰਨ ਉਸ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਕੀ ਇਨਸਾਨ ਹਮੇਸ਼ਾ ਵਾਸਤੇ ਜੀ ਸਕਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ।