Skip to content

Skip to table of contents

‘ਯੂਕਲ ਦੀ ਮੁਹਰ’

‘ਯੂਕਲ ਦੀ ਮੁਹਰ’

‘ਯੂਕਲ ਦੀ ਮੁਹਰ’

ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਸੱਤਵੀਂ ਸਦੀ ਈਸਵੀ ਪੂਰਵ ਵਿਚ ਯਰੂਸ਼ਲਮ ਸ਼ਹਿਰ ਉੱਤੇ ਧਾਵਾ ਬੋਲ ਕੇ ਉਸ ਦੀਆਂ ਕੰਧਾਂ ਢਾਹ ਦਿੱਤੀਆਂ ਤੇ ਪੂਰੇ ਸ਼ਹਿਰ ਨੂੰ ਫੂਕ ਦਿੱਤਾ। ਉਸ ਨੇ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੂੰ ਬੰਦੀ ਬਣਾ ਲਿਆ ਤੇ ਉਸ ਨੂੰ ਅੰਨ੍ਹਾ ਕਰ ਦਿੱਤਾ। ਇਸ ਤੋਂ ਇਲਾਵਾ, “ਬਾਬਲ ਦੇ ਪਾਤਸ਼ਾਹ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ।”—ਯਿਰਮਿਯਾਹ 39:1-8.

ਬਾਬਲੀਆਂ ਦੇ ਹੱਥੋਂ ਮਾਰੇ ਗਏ ਯਹੂਦਾਹ ਦੇ “ਸ਼ਰੀਫਾਂ” ਯਾਨੀ ਰਾਜਕੁਮਾਰਾਂ ਵਿੱਚੋਂ ਇਕ ਯੂਕਲ ਵੀ ਸੀ। ਯੂਕਲ ਸ਼ਲਮਯਾਹ ਦਾ ਪੁੱਤਰ ਸੀ। ਹਾਲ ਹੀ ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਯੂਕਲ ਬਾਰੇ ਨਵੀਂ ਜਾਣਕਾਰੀ ਮਿਲੀ ਹੈ। ਪਰ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਬਾਈਬਲ ਉਸ ਬਾਰੇ ਅਤੇ ਉਸ ਦੇ ਜ਼ਮਾਨੇ ਬਾਰੇ ਕੀ ਦੱਸਦੀ ਹੈ।

‘ਉਹ ਤੈਨੂੰ ਜਿੱਤ ਨਾ ਸੱਕਣਗੇ’

ਇਸਰਾਏਲ ਕੌਮ ਦੇ ਘੋਰ ਪਾਪਾਂ ਕਰਕੇ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਵਿਰੁੱਧ ਆਪਣਾ ਫ਼ੈਸਲਾ ਸੁਣਾਉਣ ਲਈ ਆਪਣੇ ਨਬੀ ਯਿਰਮਿਯਾਹ ਨੂੰ ਘੱਲਿਆ। ਪਰਮੇਸ਼ੁਰ ਨੇ ਯਿਰਮਿਯਾਹ ਨੂੰ ਦੱਸਿਆ ਕਿ ਯਹੂਦਾਹ ਦੇ ਪਾਤਸ਼ਾਹ, ਸਰਦਾਰ, ਜਾਜਕ ਅਤੇ ਲੋਕ ‘ਉਸ ਨਾਲ ਲੜਨਗੇ।’ ਪਰ ਯਹੋਵਾਹ ਨੇ ਯਿਰਮਿਯਾਹ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਵੈਰੀ ‘ਉਸ ਨੂੰ ਜਿੱਤ ਨਾ ਸੱਕਣਗੇ, ਕਿਉਂਕਿ ਯਹੋਵਾਹ ਉਸ ਦੇ ਸੰਗ ਹੋਵੇਗਾ।’—ਯਿਰਮਿਯਾਹ 1:17-19.

ਜਦੋਂ ਬਾਬਲ ਦੀਆਂ ਫ਼ੌਜਾਂ ਨੇ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ, ਉਦੋਂ ਪਾਤਸ਼ਾਹ ਸਿਦਕੀਯਾਹ ਨੇ ਦੋ ਵਾਰ ਯਿਰਮਿਯਾਹ ਕੋਲ ਆਪਣੇ ਦੂਤ ਘੱਲੇ। ਉਹ ਪਤਾ ਕਰਾਉਣਾ ਚਾਹੁੰਦਾ ਸੀ ਕਿ ਰਾਜਾ ਨਬੂਕਦਨੱਸਰ ਯਰੂਸ਼ਲਮ ਉੱਤੇ ਚੜ੍ਹਾਈ ਕਰੇਗਾ ਜਾਂ ਨਹੀਂ। ਉਸ ਨੇ ਯਿਰਮਿਯਾਹ ਨੂੰ ਯਰੂਸ਼ਲਮ ਦੀ ਖੈਰੀਅਤ ਲਈ ਪ੍ਰਾਰਥਨਾ ਕਰਨ ਲਈ ਕਿਹਾ। ਸਿਦਕੀਯਾਹ ਦੇ ਦੂਤਾਂ ਵਿੱਚੋਂ ਇਕ ਯੂਕਲ ਉਰਫ਼ ਯਹੂਕਲ ਸੀ। ਯਿਰਮਿਯਾਹ ਨੇ ਪਾਤਸ਼ਾਹ ਨੂੰ ਪਰਮੇਸ਼ੁਰ ਦਾ ਸੁਨੇਹਾ ਘੱਲਿਆ ਕਿ ਬਾਬਲੀ ਫ਼ੌਜਾਂ ਉਸ ਦੇ ਸ਼ਹਿਰ ਨੂੰ ਤਬਾਹ ਕਰ ਦੇਣਗੀਆਂ। ਉਹ ਵਾਸੀ ਜੋ ਬਾਬਲੀਆਂ ਦਾ ਟਾਕਰਾ ਕਰਨਗੇ ਕਾਲ, ਬਵਾ ਅਤੇ ਤਲਵਾਰ ਦੀ ਬਲੀ ਚੜ੍ਹ ਜਾਣਗੇ। ਪਰ ਜਿਹੜੇ ਲੋਕ ਆਪਣੇ ਆਪ ਨੂੰ ਬਾਬਲੀਆਂ ਦੇ ਹਵਾਲੇ ਕਰ ਦੇਣਗੇ, ਉਹ ਜੀਉਂਦੇ ਰਹਿਣਗੇ। ਯਿਰਮਿਯਾਹ ਦਾ ਇਹ ਸੰਦੇਸ਼ ਸੁਣ ਕੇ ਯਹੂਦਾਹ ਦੇ ਰਾਜਕੁਮਾਰ ਲੋਹਾ-ਲਾਖਾ ਹੋ ਉੱਠੇ!—ਯਿਰਮਿਯਾਹ 21:1-10; 37:3-10; 38:1-3.

ਕਈ ਰਾਜਕੁਮਾਰਾਂ ਨੇ ਸਿਦਕੀਯਾਹ ਨੂੰ ਸਲਾਹ ਦਿੱਤੀ ਕਿ “ਏਸ ਮਨੁੱਖ ਨੂੰ ਮਾਰ ਹੀ ਸੁੱਟੋ, ਏਸ ਲਈ ਜੋ ਉਹ ਜੋਧਿਆਂ ਦੇ ਹੱਥ . . . ਢਿੱਲੇ ਕਰਦਾ ਹੈ।” ਇਨ੍ਹਾਂ ਵਿੱਚੋਂ ਇਕ ਖੁਣਸੀ ਰਾਜਕੁਮਾਰ ਯੂਕਲ ਸੀ। ਪਹਿਲਾਂ ਵੀ ਇਕ ਮੌਕੇ ਤੇ ਉਸ ਨੇ ਹੋਰਨਾਂ ਰਾਜਕੁਮਾਰਾਂ ਦੀ ਮਿਲੀ-ਭਗਤ ਨਾਲ ਯਿਰਮਿਯਾਹ ਨੂੰ ਚਿੱਕੜ ਨਾਲ ਭਰੇ ਭੋਰੇ ਵਿਚ ਸੁੱਟ ਦਿੱਤਾ ਸੀ, ਪਰ ਉਦੋਂ ਯਿਰਮਿਯਾਹ ਬਚ ਨਿਕਲਿਆ ਸੀ। (ਯਿਰਮਿਯਾਹ 37:15; 38:4-6) ਹੁਣ ਬਾਬਲੀਆਂ ਦੀ ਘੇਰਾਬੰਦੀ ਦੌਰਾਨ ਯਿਰਮਿਯਾਹ ਨੇ ਯਹੋਵਾਹ ਦਾ ਕਹਿਣਾ ਮੰਨਿਆ ਅਤੇ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਨਿਕਲਿਆ। ਪਰ ਯੂਕਲ ਨੂੰ ਆਪਣੀ ਜਾਨ ਗੁਆਉਣੀ ਪਈ ਕਿਉਂਕਿ ਉਸ ਨੇ ਯਹੋਵਾਹ ਦੀ ਬਜਾਇ ਯਹੂਦੀ ਫ਼ੌਜੀ ਤਾਕਤ ਉੱਤੇ ਜ਼ਿਆਦਾ ਭਰੋਸਾ ਰੱਖਿਆ ਸੀ।

ਯੂਕਲ ਬਾਰੇ ਨਵੀਂ ਜਾਣਕਾਰੀ

ਸਾਲ 2005 ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਯੂਕਲ ਬਾਰੇ ਹੋਰ ਜਾਣਕਾਰੀ ਹਾਸਲ ਹੋਈ। ਰਾਜਾ ਦਾਊਦ ਦੇ ਮਹਿਲ ਦੀ ਭਾਲ ਵਿਚ ਖੁਦਾਈ ਕਰਦਿਆਂ ਇਨ੍ਹਾਂ ਵਿਗਿਆਨੀਆਂ ਨੂੰ ਇਕ ਵੱਡੀ ਸਾਰੀ ਇਮਾਰਤ ਦੇ ਖੰਡਰ ਮਿਲੇ। ਉਨ੍ਹਾਂ ਮੁਤਾਬਕ ਇਹ ਇਮਾਰਤ ਸ਼ਾਇਦ ਯਿਰਮਿਯਾਹ ਦੇ ਦਿਨਾਂ ਵਿਚ ਬਾਬਲੀਆਂ ਦੁਆਰਾ ਯਰੂਸ਼ਲਮ ਉੱਤੇ ਕਬਜ਼ਾ ਕਰਨ ਵੇਲੇ ਤਬਾਹ ਕੀਤੀ ਗਈ ਸੀ।

ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਖੰਡਰ ਦਾਊਦ ਦੇ ਮਹਿਲ ਦੇ ਹਨ ਜਾਂ ਨਹੀਂ। ਪਰ ਵਿਗਿਆਨੀਆਂ ਨੂੰ ਉੱਥੋਂ ਇਕ ਚੀਜ਼ ਲੱਭੀ ਹੈ ਜਿਸ ਦੀ ਉਹ ਪਛਾਣ ਕਰ ਸਕੇ ਹਨ। ਇਹ 0.4 ਇੰਚ ਚੌੜੀ ਮੁਹਰ ਹੈ ਜਿਸ ਦੀ ਤਸਵੀਰ ਸਫ਼ਾ 14 ਉੱਤੇ ਦਿਖਾਈ ਗਈ ਹੈ। ਜਿਸ ਦਸਤਾਵੇਜ਼ ਤੇ ਇਹ ਮੁਹਰ ਲੱਗੀ ਹੋਈ ਸੀ ਉਹ ਤਾਂ ਕਦੋਂ ਦੇ ਗਲ-ਸੜ ਚੁੱਕੇ ਸਨ, ਪਰ ਮੁਹਰ ਦੇ ਸ਼ਬਦ ਸਾਫ਼ ਪੜ੍ਹੇ ਜਾ ਸਕਦੇ ਸਨ। ਇਹ ਸ਼ਬਦ ਹਨ: “ਯਹੂਕਲ ਪੁੱਤਰ ਸ਼ਲੇਮਯਾਹੂ ਪੁੱਤਰ ਸ਼ੋਵੀ, ਦੀ ਮੁਹਰ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਮੁਹਰ ਯਹੂਕਲ ਉਰਫ਼ ਯੂਕਲ ਦੀ ਸੀਲ ਨਾਲ ਲਾਈ ਗਈ ਸੀ ਜੋ ਸ਼ਲਮਯਾਹ ਦਾ ਪੁੱਤਰ ਅਤੇ ਯਿਰਮਿਯਾਹ ਦਾ ਜਾਨੀ ਦੁਸ਼ਮਣ ਸੀ।

ਇਸ ਮੁਹਰ ਦੇ ਸ਼ਬਦਾਂ ਦਾ ਅਨੁਵਾਦ ਪੁਰਾਤੱਤਵ-ਵਿਗਿਆਨੀ ਏਲਾਤ ਮਾਸਾਰ ਨੇ ਕੀਤਾ ਸੀ। ਉਹ ਲਿਖਦਾ ਹੈ ਕਿ ਯਹੂਕਲ “ਦੂਜਾ ਵਜ਼ੀਰ” ਹੈ ਜਿਸ ਦੀ ਮੁਹਰ ਵਿਗਿਆਨੀਆਂ ਨੂੰ ਲੱਭੀ। ਪਹਿਲਾ ਵਜ਼ੀਰ ਸ਼ਾਫ਼ਾਨ ਦਾ ਪੁੱਤਰ ਗਮਰਯਾਹ ਸੀ ਜਿਸ ਦੇ ਨਾਂ ਦੀ ਮੁਹਰ ਦਾਊਦ ਦੇ ਨਗਰ ਵਿੱਚੋਂ ਮਿਲੀ ਸੀ। *

ਇਹ ਸੱਚ ਹੈ ਕਿ ਪ੍ਰਾਚੀਨ ਖੰਡਰਾਂ ਵਿੱਚੋਂ ਮਿਲੀਆਂ ਚੀਜ਼ਾਂ ਬਾਈਬਲ ਨੂੰ ਸੱਚ ਸਾਬਤ ਕਰਦੀਆਂ ਹਨ। ਲੇਕਿਨ ਬਾਈਬਲ ਤੇ ਸਾਡਾ ਵਿਸ਼ਵਾਸ ਇਨ੍ਹਾਂ ਗੱਲਾਂ ਤੇ ਨਿਰਭਰ ਨਹੀਂ ਕਰਦਾ, ਸਗੋਂ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਜਦ ਅਸੀਂ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਦੀ ਪੂਰਤੀ ਦੇਖਦੇ ਹਾਂ। ਇਤਿਹਾਸ ਗਵਾਹ ਹੈ ਕਿ ਯਿਰਮਿਯਾਹ ਨੇ ਯਰੂਸ਼ਲਮ ਦੀ ਤਬਾਹੀ ਦੀ ਜੋ ਭਵਿੱਖਬਾਣੀ ਕੀਤੀ ਸੀ, ਉਹ ਹੂ-ਬਹੂ ਪੂਰੀ ਹੋਈ ਸੀ। ਉਸ ਦੇ ਵੈਰੀਆਂ ਦੀ ਸ਼ਰਮਨਾਕ ਮੌਤ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਵੀ ਯਿਰਮਿਯਾਹ ਵਾਂਗ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ, ਤਾਂ ਸਾਡੇ ਵੈਰੀ ਸਾਨੂੰ ‘ਜਿੱਤ ਨਾ ਸੱਕਣਗੇ ਕਿਉਂਕਿ ਯਹੋਵਾਹ ਸਾਡੇ ਸੰਗ ਹੋਵੇਗਾ।’

[ਫੁਟਨੋਟ]

^ ਪੈਰਾ 11 ਗਮਰਯਾਹ ਤੇ ਸ਼ਾਫ਼ਾਨ ਬਾਰੇ ਹੋਰ ਜਾਣਕਾਰੀ ਲਈ 15 ਦਸੰਬਰ 2002 ਦੇ ਪਹਿਰਾਬੁਰਜ ਦੇ ਸਫ਼ੇ 19-22 ਉੱਤੇ “ਕੀ ਤੁਸੀਂ ਸ਼ਾਫਾਨ ਤੇ ਉਸ ਦੇ ਖ਼ਾਨਦਾਨ ਨੂੰ ਜਾਣਦੇ ਹੋ?” ਨਾਮਕ ਲੇਖ ਪੜ੍ਹੋ।

[ਸਫ਼ਾ 15 ਉੱਤੇ ਤਸਵੀਰ]

ਵੈਰੀਆਂ ਦੇ ਡਰਾਵਿਆਂ ਦੇ ਬਾਵਜੂਦ ਯਿਰਮਿਯਾਹ ਪਰਮੇਸ਼ੁਰ ਦਾ ਬਚਨ ਸੁਣਾਉਂਦਾ ਰਿਹਾ

[ਸਫ਼ਾ 14 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Gabi Laron/Institute of Archaeology/ Hebrew University ©Eilat Mazar