Skip to content

Skip to table of contents

“ਅਤਿਆਚਾਰ ਦੇ ਸ਼ਿਕਾਰ ਲੋਕਾਂ” ਦੀ ਯਾਦ ਵਿਚ

“ਅਤਿਆਚਾਰ ਦੇ ਸ਼ਿਕਾਰ ਲੋਕਾਂ” ਦੀ ਯਾਦ ਵਿਚ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

“ਅਤਿਆਚਾਰ ਦੇ ਸ਼ਿਕਾਰ ਲੋਕਾਂ” ਦੀ ਯਾਦ ਵਿਚ

ਸਾਲ 2001 ਵਿਚ ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਵਿਚ ਨਾਜ਼ੀ ਸਰਕਾਰ ਦੇ ਅਤਿਆਚਾਰ ਦੇ ਸ਼ਿਕਾਰ ਯਹੋਵਾਹ ਦੇ ਗਵਾਹਾਂ ਦੀ ਯਾਦ ਵਿਚ ਇਕ ਪ੍ਰਦਰਸ਼ਨੀ ਲਾਈ ਗਈ ਸੀ। ਪੰਦਰਾਂ ਸਾਲਾਂ ਦਾ ਨੌਜਵਾਨ ਗਵਾਹ ਹਾਈਗਾਜ਼ ਇਹ ਪ੍ਰਦਰਸ਼ਨੀ ਦੇਖਣ ਗਿਆ ਸੀ। ਪ੍ਰਦਰਸ਼ਨੀ ਦੇਖਣ ਤੋਂ ਬਾਅਦ ਉਸ ਨੇ ਕਿਹਾ: “ਮੈਂ ਸੁਣਿਆ ਸੀ ਕਿ ਯਹੋਵਾਹ ਦੇ ਗਵਾਹਾਂ ਨੂੰ ਨਾਜ਼ੀ ਸਰਕਾਰ ਦੇ ਹੱਥੋਂ ਅਣ-ਮਨੁੱਖੀ ਅਤਿਆਚਾਰ ਸਹਿਣੇ ਪਏ ਸਨ। ਪਰ ਅੱਜ ਪਹਿਲੀ ਵਾਰ ਮੈਂ ਉਸ ਸਮੇਂ ਦੇ ਦਸਤਾਵੇਜ਼ਾਂ ਅਤੇ ਫੋਟੋਆਂ ਰਾਹੀਂ ਆਪਣੀ ਅੱਖੀਂ ਇਸ ਦਾ ਸਬੂਤ ਦੇਖਿਆ। ਪ੍ਰਦਰਸ਼ਨੀ ਵਿਚ ਦਿਖਾਈਆਂ ਗਈਆਂ ਫੋਟੋਆਂ, ਚਸ਼ਮਦੀਦ ਗਵਾਹਾਂ ਦੀਆਂ ਰਿਪੋਰਟਾਂ ਅਤੇ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਨੇ ਮੇਰੇ ਦਿਲ-ਦਿਮਾਗ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।”

ਕੁਝ ਸਮੇਂ ਬਾਅਦ ਹਾਈਗਾਜ਼ ਨੂੰ ਆਪਣੀ ਕਲਾਸ ਲਈ ਕਿਸੇ ਇਕ ਵਿਸ਼ੇ ਉੱਤੇ ਰਿਪੋਰਟ ਲਿਖਣ ਲਈ ਕਿਹਾ ਗਿਆ। ਉਸ ਨੇ ਆਪਣੀ ਰਿਪੋਰਟ ਦਾ ਵਿਸ਼ਾ ਚੁਣਿਆ, “ਯਹੋਵਾਹ ਦੇ ਗਵਾਹ—ਨਾਜ਼ੀ ਅਤਿਆਚਾਰ ਦੇ ਸ਼ਿਕਾਰ।” ਉਸ ਦੇ ਟੀਚਰ ਨੇ ਉਸ ਨੂੰ ਇਸ ਵਿਸ਼ੇ ਉੱਤੇ ਲਿਖਣ ਦੀ ਮਨਜ਼ੂਰੀ ਦੇ ਦਿੱਤੀ, ਪਰ ਇਹ ਵੀ ਕਿਹਾ ਕਿ ਉਹ ਆਪਣੀ ਰਿਪੋਰਟ ਵਿਚ ਵਿਦਵਾਨਾਂ ਜਾਂ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਵੀ ਸ਼ਾਮਲ ਕਰੇ। ਹਾਈਗਾਜ਼ ਇਸ ਤਰ੍ਹਾਂ ਕਰਨ ਲਈ ਮੰਨ ਗਿਆ। “ਮੈਂ ਨਾਜ਼ੀ ਸਰਕਾਰ ਦੇ ਸਮੇਂ ਦੇ ਯਹੋਵਾਹ ਦੇ ਗਵਾਹਾਂ ਸੰਬੰਧੀ ਕੁਝ ਕਿਤਾਬਾਂ ਦਾ ਸਾਰ ਦਿੱਤਾ। ਮੈਂ ਇਹ ਵੀ ਲਿਖਿਆ ਕਿ ਪ੍ਰਦਰਸ਼ਨੀ ਦਾ ਮੇਰੇ ਉੱਤੇ ਕੀ ਅਸਰ ਪਿਆ। ਮੈਂ 43 ਸਫ਼ਿਆਂ ਦੀ ਆਪਣੀ ਰਿਪੋਰਟ ਵਿਚ ਕਈ ਚਿੱਤਰ ਤੇ ਫੋਟੋਆਂ ਵੀ ਪਾਈਆਂ।

ਨਵੰਬਰ 2002 ਵਿਚ ਹਾਈਗਾਜ਼ ਨੇ ਇਕ ਫੰਕਸ਼ਨ ਵਿਚ ਆਪਣੀ ਕਲਾਸ, ਟੀਚਰਾਂ, ਪਰਿਵਾਰ ਅਤੇ ਦੋਸਤਾਂ ਸਾਮ੍ਹਣੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਲੋਕਾਂ ਨੂੰ ਉਸ ਨੂੰ ਸਵਾਲ-ਜਵਾਬ ਕਰਨ ਦਾ ਮੌਕਾ ਦਿੱਤਾ ਗਿਆ ਸੀ ਜਿਸ ਦਾ ਲਾਭ ਉਠਾਉਂਦਿਆਂ ਹਾਈਗਾਜ਼ ਨੇ ਆਪਣੇ ਬਾਈਬਲ ਆਧਾਰਿਤ ਵਿਸ਼ਵਾਸਾਂ ਬਾਰੇ ਦੱਸਿਆ। ਜਦੋਂ ਇਕ ਕੁੜੀ ਨੇ ਪੁੱਛਿਆ ਕਿ ਉਸ ਨੇ ਇਹ ਵਿਸ਼ਾ ਕਿਉਂ ਚੁਣਿਆ, ਤਾਂ ਹਾਈਗਾਜ਼ ਨੇ ਦੱਸਿਆ ਕਿ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਬਾਰੇ ਜਾਣਕਾਰੀ ਨਹੀਂ ਦਿੰਦੀਆਂ ਅਤੇ ਉਹ ਚਾਹੁੰਦਾ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਗਵਾਹਾਂ ਨੇ ਕਿੰਨੀ ਦਲੇਰੀ ਨਾਲ ਆਪਣੇ ਧਰਮ ਦੀ ਰੱਖਿਆ ਕੀਤੀ। ਉਸ ਦੀ ਰਿਪੋਰਟ ਦਾ ਨਤੀਜਾ ਕੀ ਨਿਕਲਿਆ?

ਹਾਈਗਾਜ਼ ਨੇ ਦੱਸਿਆ: “ਮੇਰੀ ਕਲਾਸ ਦੇ ਸਾਰੇ ਵਿਦਿਆਰਥੀ ਹੈਰਾਨ ਰਹਿ ਗਏ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਯਹੋਵਾਹ ਦੇ ਗਵਾਹਾਂ ਉੱਤੇ ਇੰਨੀ ਬੇਰਹਿਮੀ ਨਾਲ ਅਤਿਆਚਾਰ ਕੀਤੇ ਗਏ ਸਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਇਹ ਵੀ ਨਹੀਂ ਜਾਣਦੇ ਸਨ ਕਿ ਨਾਜ਼ੀਆਂ ਦੇ ਕੈਦਖ਼ਾਨਿਆਂ ਵਿਚ ਗਵਾਹਾਂ ਨੂੰ ਪਛਾਣ ਵਜੋਂ ਜਾਮਣੀ ਰੰਗ ਦਾ ਤਿਕੋਣ ਬਿੱਲਾ ਆਪਣੇ ਕੱਪੜਿਆਂ ਤੇ ਲਾਉਣਾ ਪੈਂਦਾ ਸੀ।”

ਆਪਣੀ ਰਿਪੋਰਟ ਦੇਣ ਤੋਂ ਬਾਅਦ ਹਾਈਗਾਜ਼ ਨੂੰ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਬਾਈਬਲ-ਆਧਾਰਿਤ ਸਿੱਖਿਆਵਾਂ ਬਾਰੇ ਹੋਰ ਵੀ ਦੱਸਣ ਦੇ ਮੌਕੇ ਮਿਲੇ। ਉਸ ਨੇ ਖ਼ੂਨ ਲੈਣ, ਸ਼ਰਾਬ ਅਤੇ ਨੈਤਿਕਤਾ ਸੰਬੰਧੀ ਬਾਈਬਲ ਦੇ ਵਿਚਾਰ ਉਨ੍ਹਾਂ ਨੂੰ ਦੱਸੇ। ਹਾਈਗਾਜ਼ ਨੇ ਅੱਗੇ ਕਿਹਾ, “ਕਿਸੇ ਵੀ ਵਿਦਿਆਰਥੀ ਨੇ ਮੇਰਾ ਮਜ਼ਾਕ ਨਹੀਂ ਉਡਾਇਆ।” ਇਸ ਤੋਂ ਇਲਾਵਾ, ਉਸ ਦੀ ਰਿਪੋਰਟ ਨੂੰ ਹੁਣ ਸਕੂਲ ਦੀ ਲਾਇਬ੍ਰੇਰੀ ਵਿਚ ਰੱਖ ਦਿੱਤਾ ਗਿਆ ਹੈ। ਇਹ ਰਿਪੋਰਟ ਯਹੋਵਾਹ ਦੇ ਗਵਾਹਾਂ ਦੇ ਸੰਘਰਸ਼ ਨੂੰ ਯਾਦ ਰੱਖਣ ਵਿਚ ਲੋਕਾਂ ਦੀ ਮਦਦ ਕਰੇਗੀ।