Skip to content

Skip to table of contents

ਯੁੱਧ ਦਾ ਨਵਾਂ ਰੂਪ

ਯੁੱਧ ਦਾ ਨਵਾਂ ਰੂਪ

ਯੁੱਧ ਦਾ ਨਵਾਂ ਰੂਪ

ਲੜਾਈ ਹਮੇਸ਼ਾ ਵਹਿਸ਼ੀ ਰਹੀ ਹੈ। ਇਸ ਨੇ ਹਮੇਸ਼ਾ ਫ਼ੌਜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ ਤੇ ਆਮ ਲੋਕਾਂ ਉੱਤੇ ਹਮੇਸ਼ਾ ਤੰਗੀਆਂ ਲਿਆਂਦੀਆਂ ਹਨ। ਪਰ ਸਾਡੇ ਜ਼ਮਾਨੇ ਵਿਚ ਲੜਾਈ ਪਹਿਲਾਂ ਵਰਗੀ ਨਹੀਂ ਰਹੀ। ਇਸ ਵਿਚ ਕੀ ਤਬਦੀਲੀ ਆਈ ਹੈ?

ਆਧੁਨਿਕ ਲੜਾਈਆਂ ਮੁੱਖ ਤੌਰ ਤੇ ਘਰੇਲੂ ਜੰਗਾਂ ਹਨ ਜੋ ਇੱਕੋ ਦੇਸ਼ ਦੇ ਲੋਕ ਆਪਸ ਵਿਚ ਲੜਦੇ ਹਨ। ਇਹ ਅਕਸਰ ਜ਼ਿਆਦਾ ਲੰਬੇ ਸਮੇਂ ਤਕ ਚੱਲਦੀਆਂ ਰਹਿੰਦੀਆਂ ਹਨ ਅਤੇ ਲੋਕਾਂ ਨੂੰ ਜ਼ਿਆਦਾ ਦੁਖੀ ਕਰਦੀਆਂ ਹਨ। ਕੌਮਾਂਤਰੀ ਜੰਗ ਦੀ ਤੁਲਨਾ ਵਿਚ ਘਰੇਲੂ ਜੰਗ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੀ ਹੈ। ਇਕ ਸਪੇਨੀ ਇਤਿਹਾਸਕਾਰ ਨੇ ਕਿਹਾ: “ਵਹਿਸ਼ੀ ਤੇ ਖ਼ੂਨੀ ਘਰੇਲੂ ਜੰਗਾਂ ਵਿਚ ਹਜ਼ਾਰਾਂ ਜਾਨਾਂ ਚਲੀਆਂ ਜਾਂਦੀਆਂ ਹਨ, ਤੀਵੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ, ਲੋਕਾਂ ਨੂੰ ਮਜਬੂਰਨ ਆਪਣਾ ਦੇਸ਼ ਛੱਡਣਾ ਪੈਂਦਾ ਅਤੇ ਕਈ ਵਾਰ ਪੂਰੀ ਦੀ ਪੂਰੀ ਨਸਲ ਦਾ ਕਤਲਾਮ ਕੀਤਾ ਜਾਂਦਾ ਹੈ।” ਜਦ ਗੁਆਂਢੀ ਹੀ ਇਸ ਤਰ੍ਹਾਂ ਜ਼ੁਲਮ ਕਰਦੇ ਹਨ, ਤਾਂ ਸਦੀਆਂ ਬੀਤ ਜਾਣ ਤੇ ਵੀ ਜ਼ਖ਼ਮ ਨਹੀਂ ਭਰਦੇ।

ਰੂਸ ਤੇ ਅਮਰੀਕਾ ਦਰਮਿਆਨ ਸੀਤ ਯੁੱਧ ਖ਼ਤਮ ਹੋਣ ਤੋਂ ਬਾਅਦ ਬਹੁਤ ਘੱਟ ਕੌਮਾਂਤਰੀ ਲੜਾਈਆਂ ਹੋਈਆਂ ਹਨ। ਸ਼ਾਂਤੀ ਕਾਇਮ ਕਰਨ ਲਈ ਇਕ ਅੰਤਰਰਾਸ਼ਟਰੀ ਸੰਸਥਾ ਦੀ ਰਿਪੋਰਟ ਮੁਤਾਬਕ “1990-2000 ਦੌਰਾਨ ਤਿੰਨ ਲੜਾਈਆਂ ਨੂੰ ਛੱਡ ਬਾਕੀ ਸਾਰੀਆਂ ਰਿਕਾਰਡ ਕੀਤੀਆਂ ਗਈਆਂ ਲੜਾਈਆਂ ਘਰੇਲੂ ਲੜਾਈਆਂ ਸਨ।”

ਭਾਵੇਂ ਘਰੇਲੂ ਲੜਾਈ ਇੰਨੀ ਖ਼ਤਰਨਾਕ ਨਾ ਜਾਪੇ ਅਤੇ ਹੋਰਨਾਂ ਦੇਸ਼ਾਂ ਦੀਆਂ ਖ਼ਬਰਾਂ ਵਿਚ ਇਸ ਦਾ ਜ਼ਿਕਰ ਨਾ ਵੀ ਕੀਤਾ ਜਾਵੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਲੜਾਈਆਂ ਵਿਚ ਦੁੱਖ-ਤਕਲੀਫ਼ ਅਤੇ ਤਬਾਹੀ ਨਹੀਂ ਹੁੰਦੀ। ਕਰੋੜਾਂ ਲੋਕ ਘਰੇਲੂ ਜੰਗਾਂ ਵਿਚ ਮਾਰੇ ਗਏ ਹਨ। ਦਰਅਸਲ, ਪਿਛਲੇ ਵੀਹਾਂ ਸਾਲਾਂ ਦੌਰਾਨ ਸਿਰਫ਼ ਤਿੰਨ ਯੁੱਧ-ਗ੍ਰਸਤ ਦੇਸ਼ਾਂ, ਅਫ਼ਗਾਨਿਸਤਾਨ, ਕਾਂਗੋ ਅਤੇ ਸੂਡਾਨ ਵਿਚ ਹੀ ਤਕਰੀਬਨ 50 ਲੱਖ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ। ਬਾਲਕਨ ਦੇਸ਼ਾਂ ਵਿਚ ਖ਼ੂਨੀ ਨਸਲੀ ਜੰਗ ਕਾਰਨ ਤਕਰੀਬਨ ਢਾਈ ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਕੋਲੰਬੀਆ ਵਿਚ ਲੰਮੇ ਸਮੇਂ ਤੋਂ ਹੋ ਰਹੇ ਗੁਰੀਲਾ ਯੁੱਧ ਵਿਚ ਇਕ ਲੱਖ ਲੋਕ ਮਾਰੇ ਜਾ ਚੁੱਕੇ ਹਨ।

ਘਰੇਲੂ ਜੰਗ ਦੀ ਵਹਿਸ਼ਤ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਤੇ ਪੈਂਦਾ ਹੈ। ਰਫਿਊਜੀਆਂ ਵਾਸਤੇ ਸੰਯੁਕਤ ਰਾਸ਼ਟਰ-ਸੰਘ ਦੇ ਹਾਈ ਕਮਿਸ਼ਨਰ ਮੁਤਾਬਕ ਪਿਛਲੇ ਦਸਾਂ ਸਾਲਾਂ ਦੌਰਾਨ ਘਰੇਲੂ ਜੰਗਾਂ ਨੇ 20 ਲੱਖ ਬੱਚਿਆਂ ਦੀਆਂ ਜਾਨਾਂ ਲਈਆਂ ਹਨ ਅਤੇ 60 ਲੱਖ ਬੱਚਿਆਂ ਨੂੰ ਜ਼ਖ਼ਮੀ ਕੀਤਾ ਹੈ। ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫ਼ੌਜੀਆਂ ਵਜੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਕ ਮੁੰਡਾ ਕਹਿੰਦਾ ਹੈ: ‘ਉਨ੍ਹਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਤੇ ਮੈਨੂੰ ਬੰਦੂਕ ਵੀ ਦਿੱਤੀ। ਮੈਂ ਨਸ਼ੇ ਕਰਨ ਲੱਗਾ। ਮੈਂ ਲੋਕਾਂ ਨੂੰ ਮਾਰਨ ਲੱਗਾ। ਮੈਂ ਬਹੁਤ ਸਾਰੇ ਲੋਕਾਂ ਨੂੰ ਮਾਰਿਆ। ਮੈਂ ਸੋਚਿਆ, ਇਹ ਸਿਰਫ਼ ਜੰਗ ਹੀ ਹੈ। ਮੈਂ ਕੇਵਲ ਹੁਕਮ ਹੀ ਮੰਨੇ। ਮੈਂ ਜਾਣਦਾ ਸੀ ਕਿ ਮੈਂ ਜੋ ਵੀ ਕਰ ਰਿਹਾ ਹਾਂ, ਉਹ ਗ਼ਲਤ ਹੈ, ਪਰ ਮੈਂ ਕਰ ਵੀ ਕੀ ਸਕਦਾ ਸੀ, ਇਹ ਮੇਰੀ ਮਰਜ਼ੀ ਨਹੀਂ ਸੀ।’

ਜਿਨ੍ਹਾਂ ਦੇਸ਼ਾਂ ਵਿਚ ਬਹੁਤ ਦੇਰ ਤੋਂ ਲੜਾਈ ਹੋ ਰਹੀ ਹੈ, ਉੱਥੇ ਦੇ ਬੱਚੇ ਤਾਂ ਜਾਣਦੇ ਵੀ ਨਹੀਂ ਕਿ ਸ਼ਾਂਤੀ ਹੁੰਦੀ ਕੀ ਹੈ। ਉੱਥੇ ਦੇ ਸਕੂਲ ਢਾਹ-ਢੇਰੀ ਹੋ ਚੁੱਕੇ ਹਨ ਅਤੇ ਉੱਥੇ ਮੂੰਹ ਨਾਲ ਗੱਲ-ਬਾਤ ਕਰਨ ਦੀ ਬਜਾਇ ਬੰਦੂਕਾਂ ਨਾਲ ਗੱਲ ਕੀਤੀ ਜਾਂਦੀ ਹੈ। ਚੌਦਾਂ ਸਾਲਾਂ ਦੀ ਡੂੰਜਾ ਕਹਿੰਦੀ ਹੈ: ‘ਕਿੰਨੇ ਸਾਰੇ ਲੋਕ ਮਰ ਚੁੱਕੇ ਹਨ। ਕਿਤੇ ਕਿਸੇ ਪੰਛੀ ਦੇ ਚਹਿਕਣ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਹਰ ਪਾਸੇ ਸਿਰਫ਼ ਬੱਚਿਆਂ ਦੇ ਰੋਣ ਦੀ ਆਵਾਜ਼ ਹੈ। ਕੋਈ ਆਪਣੀ ਮਾਂ ਲਈ ਰੋ ਰਿਹਾ ਹੈ ਤੇ ਕੋਈ ਆਪਣੇ ਪਿਉ ਲਈ ਅਤੇ ਦੂਸਰੇ ਆਪਣੇ ਭੈਣਾਂ-ਭਾਈਆਂ ਲਈ।’

ਘਰੇਲੂ ਜੰਗ ਦੇ ਕੀ ਕਾਰਨ ਹਨ?

ਨਸਲੀ ਤੇ ਕਬਾਇਲੀ ਨਫ਼ਰਤ, ਮਜ਼ਹਬੀ ਮਤਭੇਦ, ਬੇਇਨਸਾਫ਼ੀ ਅਤੇ ਸਿਆਸੀ ਗੜਬੜ ਵਰਗੀਆਂ ਚੀਜ਼ਾਂ ਲੜਾਈ ਦੀ ਅੱਗ ਵਿਚ ਬਾਲਣ ਦਾ ਕੰਮ ਕਰਦੀਆਂ ਹਨ। ਇਕ ਹੋਰ ਕਾਰਨ ਹੈ ਲਾਲਚ—ਸੱਤਾ ਦਾ ਲਾਲਚ ਤੇ ਪੈਸੇ ਦਾ ਲਾਲਚ। ਲਾਲਚੀ ਸਿਆਸੀ ਲੀਡਰ ਲੋਕਾਂ ਵਿਚ ਨਫ਼ਰਤ ਦੀ ਅੱਗ ਬਲ਼ਦੀ ਰੱਖ ਕੇ ਲੜਾਈ ਜਾਰੀ ਰੱਖਦੇ ਹਨ। ਸ਼ਾਂਤੀ ਕਾਇਮ ਕਰਨ ਲਈ ਇਕ ਅੰਤਰਰਾਸ਼ਟਰੀ ਸੰਸਥਾ ਦੀ ਇਕ ਰਿਪੋਰਟ ਮੁਤਾਬਕ ਲੜਾਈ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕ “ਆਪਣੇ ਮਤਲਬ” ਲਈ ਹੀ ਇਸ ਤਰ੍ਹਾਂ ਕਰਦੇ ਹਨ। ਰਿਪੋਰਟ ਅੱਗੇ ਕਹਿੰਦੀ ਹੈ: “ਲਾਲਚ ਕਈ ਤਰ੍ਹਾਂ ਨਜ਼ਰ ਆਉਂਦਾ ਹੈ। ਇਕ ਪਾਸੇ ਫ਼ੌਜੀ ਅਫ਼ਸਰ ਅਤੇ ਸਿਆਸੀ ਲੀਡਰ ਵੱਡੇ ਪੈਮਾਨੇ ਤੇ ਹੀਰਿਆਂ ਦਾ ਵਪਾਰ ਕਰਦੇ ਹਨ ਅਤੇ ਦੂਜੇ ਪਾਸੇ ਨੌਜਵਾਨ ਬੰਦੂਕਾਂ ਦੇ ਜ਼ੋਰ ਤੇ ਪਿੰਡਾਂ ਵਿਚ ਲੋਕਾਂ ਨੂੰ ਲੁੱਟਦੇ ਹਨ।”

ਕੌਡੀਆਂ ਦੇ ਭਾਅ ਵਿਕਣ ਵਾਲੇ ਹਥਿਆਰ ਵੀ ਖ਼ੂਨ-ਖ਼ਰਾਬੇ ਵਿਚ ਵਾਧਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਹਰ ਸਾਲ ਲਗਭਗ 5 ਲੱਖ ਲੋਕ ਖ਼ਾਸਕਰ ਔਰਤਾਂ ਤੇ ਬੱਚੇ ਪਿਸਤੌਲਾਂ ਵਰਗੇ ਛੋਟੇ ਹਥਿਆਰਾਂ ਨਾਲ ਮਾਰੇ ਜਾਂਦੇ ਹਨ। ਇਕ ਅਫ਼ਰੀਕੀ ਦੇਸ਼ ਵਿਚ AK-47 ਰਫਲ ਦਾ ਭਾਅ ਮਸੀਂ ਇਕ ਕੁੱਕੜ ਦੇ ਭਾਅ ਜਿੰਨਾ ਹੈ। ਅਫ਼ਸੋਸ ਦੀ ਗੱਲ ਹੈ ਕਿ ਕੁਝ ਮੁਲਕਾਂ ਵਿਚ ਰਫਲਾਂ ਕੁੱਕੜਾਂ ਜਿੰਨੀਆਂ ਆਮ ਹੋ ਗਈਆਂ ਹਨ। ਅਨੁਮਾਨ ਲਾਇਆ ਜਾਂਦਾ ਹੈ ਕਿ ਅੱਜ ਦੁਨੀਆਂ ਭਰ ਵਿਚ 50 ਕਰੋੜ ਬੰਦੂਕਾਂ ਤੇ ਪਿਸਤੌਲਾਂ ਹਨ। ਇਸ ਦਾ ਮਤਲਬ ਹੈ ਕਿ ਹਰ 12 ਇਨਸਾਨਾਂ ਵਿੱਚੋਂ ਇਕ ਵਿਅਕਤੀ ਹਥਿਆਰਬੰਦ ਹੋ ਸਕਦਾ ਹੈ।

ਕੀ 21ਵੀਂ ਸਦੀ ਨੂੰ ਵਹਿਸ਼ੀ ਘਰੇਲੂ ਲੜਾਈਆਂ ਦਾ ਯੁਗ ਸੱਦਿਆ ਜਾਵੇਗਾ? ਕੀ ਘਰੇਲੂ ਜੰਗਾਂ ਦੀ ਅੱਗ ਬੁਝਾਈ ਜਾ ਸਕਦੀ ਹੈ? ਕੀ ਲੋਕ ਕਿਸੇ ਦਿਨ ਖ਼ੂਨ-ਖ਼ਰਾਬਾ ਕਰਨ ਤੋਂ ਹਟ ਜਾਣਗੇ? ਅਗਲੇ ਲੇਖ ਵਿਚ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ।

[ਸਫ਼ੇ 4 ਉੱਤੇ ਡੱਬੀ]

ਘਰੇਲੂ ਜੰਗ ਦੀ ਭਾਰੀ ਕੀਮਤ

ਦੇਸ਼ ਵਿਚਲੀਆਂ ਲੜਾਈਆਂ ਆਮ ਤੌਰ ਤੇ ਮਾਮੂਲੀ ਜਿਹੇ ਛੋਟੇ-ਮੋਟੇ ਹਥਿਆਰਾਂ ਨਾਲ ਲੜੀਆਂ ਜਾਂਦੀਆਂ ਹਨ। ਇਨ੍ਹਾਂ ਲੜਾਈਆਂ ਵਿਚ ਮਰਨ ਜਾਂ ਫੱਟੜ ਹੋਣ ਵਾਲਿਆਂ ਵਿੱਚੋਂ 90 ਪ੍ਰਤਿਸ਼ਤ ਲੋਕ ਫ਼ੌਜੀ ਨਹੀਂ, ਸਗੋਂ ਆਮ ਨਾਗਰਿਕ ਹੁੰਦੇ ਹਨ। ਸੰਯੁਕਤ ਰਾਸ਼ਟਰ-ਸੰਘ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ‘ਇਹ ਗੱਲ ਸਪੱਸ਼ਟ ਹੈ ਕਿ ਆਮ ਤੌਰ ਤੇ ਜੰਗ ਵਿਚ ਬੱਚੇ ਗ਼ਲਤੀ ਨਾਲ ਹੀ ਨਹੀਂ ਮਾਰੇ ਜਾਂਦੇ, ਸਗੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।’

ਅੱਜ-ਕੱਲ੍ਹ ਬਲਾਤਕਾਰ ਜੰਗ ਦਾ ਹਿੱਸਾ ਬਣ ਗਿਆ ਹੈ। ਕੁਝ ਯੁੱਧ-ਗ੍ਰਸਤ ਇਲਾਕਿਆਂ ਵਿਚ ਵਿਦਰੋਹੀ ਜਿਸ ਪਿੰਡ ਪਹੁੰਚਦੇ ਹਨ, ਉਸ ਦੀਆਂ ਤਕਰੀਬਨ ਸਾਰੀਆਂ ਅੱਲੜ੍ਹ ਕੁੜੀਆਂ ਦੀ ਇੱਜ਼ਤ ਲੁੱਟ ਲੈਂਦੇ ਹਨ ਕਿਉਂਕਿ ਉਹ ਖ਼ੌਫ਼ ਫੈਲਾਉਣਾ ਅਤੇ ਰਿਸ਼ਤੇ-ਨਾਤੇ ਤੋੜਨੇ ਚਾਹੁੰਦੇ ਹਨ।

ਜੰਗ ਤੋਂ ਬਾਅਦ ਭੁੱਖਮਰੀ ਤੇ ਰੋਗ ਫੈਲਦੇ ਹਨ। ਘਰੇਲੂ ਜੰਗ ਦੇ ਕਾਰਨ ਨਾ ਫ਼ਸਲ ਬੀਜੀ ਜਾਂਦੀ ਹੈ ਤੇ ਨਾ ਹੀ ਵਾਢੀ ਕੀਤੀ ਜਾਂਦੀ ਹੈ। ਨਾ ਕੋਈ ਹਸਪਤਾਲ ਖੁੱਲ੍ਹਦਾ ਹੈ ਅਤੇ ਨਾ ਹੀ ਹੋਰਨਾਂ ਮੁਲਕਾਂ ਤੋਂ ਮਦਦ ਪਹੁੰਚਦੀ ਹੈ। ਇਕ ਅਫ਼ਰੀਕੀ ਘਰੇਲੂ ਜੰਗ ਦੀ ਜਾਂਚ ਤੋਂ ਪਤਾ ਲੱਗਾ ਕਿ ਸਿਰਫ਼ 2 ਪ੍ਰਤਿਸ਼ਤ ਲੋਕ ਹੀ ਲੜਾਈ ਵਿਚ ਮਾਰੇ ਗਏ ਸਨ, ਜਦ ਕਿ 20 ਪ੍ਰਤਿਸ਼ਤ ਲੋਕ ਬੀਮਾਰੀਆਂ ਨਾਲ ਤੇ 78 ਪ੍ਰਤਿਸ਼ਤ ਭੁੱਖੇ ਮਰੇ ਸਨ।

ਔਸਤਨ ਹਰ 22 ਮਿੰਟ ਬਾਅਦ ਬਾਰੂਦੀ ਸੁਰੰਗ ਫਟਣ ਨਾਲ ਕੋਈ ਆਪਣੀ ਲੱਤ-ਬਾਂਹ ਤੋਂ ਜਾਂ ਜਾਨ ਤੋਂ ਹੱਥ ਧੋ ਬੈਠਦਾ ਹੈ। ਅਨੁਮਾਨ ਲਾਇਆ ਜਾਂਦਾ ਹੈ ਕਿ 60 ਤੋਂ ਜ਼ਿਆਦਾ ਮੁਲਕਾਂ ਵਿਚ ਤਕਰੀਬਨ 6-7 ਕਰੋੜ ਬਾਰੂਦੀ ਸੁਰੰਗਾਂ ਹਨ।

ਲੋਕਾਂ ਨੂੰ ਮਜਬੂਰਨ ਆਪਣੇ ਘਰੋਂ ਦੌੜਨਾ ਪੈਂਦਾ ਹੈ। ਦੁਨੀਆਂ ਭਰ ਵਿਚ ਹੁਣ 5 ਕਰੋੜ ਲੋਕ ਬੇਘਰ ਹਨ ਜਿਨ੍ਹਾਂ ਵਿੱਚੋਂ ਅੱਧੇ ਤਾਂ ਬੱਚੇ ਹੀ ਹਨ।

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

COVER: Boy: Photo by Chris Hondros/Getty Images

[ਸਫ਼ੇ 3 ਉੱਤੇ ਤਸਵੀਰ]

Photo by Chris Hondros/Getty Images