Skip to content

Skip to table of contents

ਕੀ ਸੰਸਾਰ ਭੈੜੀਆਂ ਸ਼ਕਤੀਆਂ ਦੇ ਵੱਸ ਵਿਚ ਹੈ?

ਕੀ ਸੰਸਾਰ ਭੈੜੀਆਂ ਸ਼ਕਤੀਆਂ ਦੇ ਵੱਸ ਵਿਚ ਹੈ?

ਕੀ ਸੰਸਾਰ ਭੈੜੀਆਂ ਸ਼ਕਤੀਆਂ ਦੇ ਵੱਸ ਵਿਚ ਹੈ?

‘ਦੁਨੀਆਂ ਇੰਨੀਆਂ ਉਲਝਣਾਂ ਵਿਚ ਪਈ ਹੋਈ ਹੈ ਕਿ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਇਵੇਂ ਲੱਗਦਾ ਹੈ ਜਿਵੇਂ ਕਿ ਭੈੜੀਆਂ ਸ਼ਕਤੀਆਂ ਉਸ ਨੂੰ ਸੰਭਲ਼ਣ ਨਹੀਂ ਦਿੰਦੀਆਂ ਤੇ ਉਸ ਦੇ ਹਰ ਮਾਮਲੇ ਵਿਚ ਰੁਕਾਵਟ ਪਾ ਰਹੀਆਂ ਹਨ।’—ਜਰਨਲਿਸਟ ਜ਼ੌਂਨ-ਕਲੌਡ ਸੁਲੇਰੀ।

‘ਲੋਕ ਇੰਨੇ ਬੇਵੱਸ ਹਨ ਕਿ ਉਨ੍ਹਾਂ ਨੂੰ ਇਵੇਂ ਲੱਗਦਾ ਹੈ ਕਿ ਉਹ ਭੈੜੀਆਂ ਸ਼ਕਤੀਆਂ ਦੇ ਪੰਜੇ ਵਿਚ ਫਸੇ ਹੋਏ ਹਨ ਜਿਨ੍ਹਾਂ ਦੇ ਬੁਰੇ ਪ੍ਰਭਾਵਾਂ ਤੋਂ ਉਹ ਬਚ ਨਹੀਂ ਸਕਦੇ।’—ਇਤਿਹਾਸਕਾਰ ਜੋਸਫ਼ ਬਾਰਟਨ।

ਪਿਛਲੇ ਸਾਲ ਅਮਰੀਕਾ ਉੱਤੇ 11 ਸਤੰਬਰ ਦੇ ਦਹਿਸ਼ਤਨਾਕ ਹਮਲਿਆਂ ਨੇ ਲੋਕਾਂ ਨੂੰ ਗਹਿਰੀ ਤਰ੍ਹਾਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇੰਗਲੈਂਡ ਦੇ ਫਾਈਨੈਂਸ਼ਲ ਟਾਈਮਜ਼ ਅਖ਼ਬਾਰ ਵਿਚ ਮਾਈਕਲ ਪ੍ਰਾਉਸ ਨੇ ਲਿਖਿਆ: “ਅਜਿਹਾ ਕੰਮ ਕਰਨ ਵਾਲੇ ਲੋਕ ਇਨਸਾਨ ਨਹੀਂ ਹੈਵਾਨ ਹਨ।” ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਕਿਹਾ ਕਿ ਹਮਲਾ ਕਰਨ ਵਾਲਿਆਂ ਦੀਆਂ ਯੋਜਨਾਵਾਂ ਉੱਤੇ ਗੌਰ ਕਰਦਿਆਂ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ‘ਅਜਿਹੀ ਕਾਰਵਾਈ ਕਰਨ ਵਾਲਿਆਂ ਦੀਆਂ ਰਗਾਂ ਨਫ਼ਰਤ ਦੀ ਜ਼ਹਿਰ ਨਾਲ ਭਰੀਆਂ ਹੋਈਆਂ ਹਨ। ਇਹ ਨਫ਼ਰਤ ਉਸ ਨਫ਼ਰਤ ਤੋਂ ਵੀ ਭੈੜੀ ਹੈ ਜਿਸ ਕਾਰਨ ਲੜਾਈਆਂ ਕੀਤੀਆਂ ਜਾਂਦੀਆਂ ਹਨ। ਇਸ ਦੀ ਨਾ ਕੋਈ ਸੀਮਾ ਹੈ ਤੇ ਨਾ ਹੀ ਇਸ ਦੇ ਕੋਈ ਅਸੂਲ ਹਨ।’

ਵੱਖਰੇ-ਵੱਖਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਉੱਤੇ ਗੌਰ ਕੀਤਾ ਹੈ ਕਿ ਸ਼ਾਇਦ ਇਹ ਸੰਸਾਰ ਘਾਤਕ ਸ਼ਕਤੀਆਂ ਦੇ ਵੱਸ ਵਿਚ ਹੈ। ਸਾਰਾਯੇਵੋ ਤੋਂ ਇਕ ਵਪਾਰੀ ਨੇ ਬੋਸਨੀਆ ਵਿਚ ਨਸਲੀ ਭੇਦ-ਭਾਵ ਦੇ ਬੁਰੇ ਨਤੀਜੇ ਦੇਖਣ ਤੋਂ ਬਾਅਦ ਕਿਹਾ: “ਬੋਸਨੀਆ ਵਿਚ ਇਕ ਸਾਲ ਤਕ ਲੜਾਈ ਦੇਖਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਸਭ ਕੁਝ ਸ਼ਤਾਨ ਹੀ ਕਰਵਾ ਰਿਹਾ ਹੈ। ਇਹ ਸਭ ਪਾਗਲਪਣ ਹੈ।”

ਇਤਿਹਾਸਕਾਰ ਜ਼ੌਂਨ ਡੁਲਿਮੋ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਦੇ ਅਨੁਸਾਰ ਕੀ ਸ਼ਤਾਨ ਵਰਗੀ ਕੋਈ ਹਸਤੀ ਹੈ, ਤਾਂ ਉਸ ਨੇ ਉੱਤਰ ਦਿੱਤਾ: “ਮੈਂ ਦੁਸ਼ਟਤਾ ਦੀ ਇਸ ਸ਼ਕਤੀ ਦਾ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੇ ਜਨਮ ਤੋਂ ਹੀ ਇਸ ਧਰਤੀ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਦੇਖਦਾ ਆਇਆ ਹਾਂ ਜਿਵੇਂ ਕਿ ਦੂਜੇ ਮਹਾਂ ਯੁੱਧ ਵਿਚ 4 ਕਰੋੜ ਲੋਕਾਂ ਦੀ ਮੌਤ; ਆਉਸ਼ਵਿਟਸ ਵਰਗੇ ਮੌਤ ਦੇ ਕੈਂਪ; ਕੰਬੋਡੀਆ ਵਿਚ ਕਤਲੇਆਮ; ਚਾਈਚੈਸਕੂ ਦੀ ਹਕੂਮਤ ਦੌਰਾਨ ਹੱਦੋਂ ਵੱਧ ਅਤਿਆਚਾਰ; ਸੰਸਾਰ ਦੇ ਕਈ ਹਿੱਸਿਆਂ ਵਿਚ ਅਜਿਹੀਆਂ ਸਰਕਾਰਾਂ ਜੋ ਆਪਣੀ ਹਕੂਮਤ ਚਲਾਉਣ ਲਈ ਲੋਕਾਂ ਨੂੰ ਤਸੀਹੇ ਦਿੰਦੀਆਂ ਹਨ। ਬਹੁਤ ਹੀ ਦਹਿਸ਼ਤ ਭਰੀਆਂ ਘਟਨਾਵਾਂ ਹੋ ਰਹੀਆਂ ਹਨ। . . . ਸੋ ਮੇਰੇ ਖ਼ਿਆਲ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ‘ਸ਼ਤਾਨੀ ਘਟਨਾਵਾਂ’ ਕਹਿਣਾ ਸਹੀ ਹੈ। ਮੈਂ ਉਸ ਸਿੰਗਾਂ ਅਤੇ ਖੁਰਾਂ ਵਾਲੇ ਸ਼ਤਾਨ ਦੀ ਗੱਲ ਨਹੀਂ ਕਰ ਰਿਹਾ ਜਿਸ ਦੀ ਲੋਕ ਕਲਪਨਾ ਕਰਦੇ ਹਨ, ਸਗੋਂ ਉਸ ਸ਼ਤਾਨ ਦੀ ਗੱਲ ਕਰ ਰਿਹਾ ਹਾਂ ਜੋ ਇਸ ਧਰਤੀ ਉੱਤੇ ਛਾਈ ਹੋਈ ਦੁਸ਼ਟਤਾ ਦੀ ਜੜ੍ਹ ਹੈ।”

ਜ਼ੌਂਨ ਡੁਲਿਮੋ ਵਾਂਗ ਕਈ ਲੋਕ ਸੰਸਾਰ ਵਿਚ ਹੋ ਰਹੀਆਂ ਡਰਾਉਣੀਆਂ ਘਟਨਾਵਾਂ ਨੂੰ “ਸ਼ਤਾਨੀ” ਘਟਨਾਵਾਂ ਸਮਝਦੇ ਹਨ, ਚਾਹੇ ਇਹ ਪਰਿਵਾਰ ਵਿਚ ਹੋਣ ਜਾਂ ਅੰਤਰਰਾਸ਼ਟਰੀ ਪੈਮਾਨੇ ਤੇ। ਪਰ ਇਸ ਦਾ ਕੀ ਮਤਲਬ ਹੈ? ਕੀ ਇਹ ਦੁਸ਼ਟਤਾ ਸਿਰਫ਼ ਡਰਾਉਣੀਆਂ ਘਟਨਾਵਾਂ ਹੀ ਹਨ ਜਾਂ ਕੀ ਉਨ੍ਹਾਂ ਦੇ ਪਿੱਛੇ ਅਜਿਹੀਆਂ ਅਸਲੀ ਸ਼ਕਤੀਆਂ ਹਨ ਜੋ ਇਨਸਾਨਾਂ ਤੋਂ ਘਿਣਾਉਣੇ ਕੰਮ ਕਰਾਉਂਦੀਆਂ ਹਨ ਜਿਸ ਕਰਕੇ ਉਹ ਬੁਰਾਈ ਦੀ ਹੱਦ ਪਾਰ ਕਰ ਜਾਂਦੇ ਹਨ? ਕੀ ਅਜਿਹੀਆਂ ਸ਼ਕਤੀਆਂ ਦਾ ਸਰਦਾਰ ਸ਼ਤਾਨ ਯਾਨੀ ਇਬਲੀਸ ਹੈ?

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਬੱਚੇ: U.S. Coast Guard photo